ਪੱਤਰ ਪ੍ਰੇਰਕ
ਟੋਹਾਣਾ, 27 ਅਕਤੂਬਰ
ਕਸਬਾ ਭੂਨਾ ਦੇ ਇਕ ਮਕਾਨ ਅੰਦਰ ਦੀਵਾਲੀ ਵਾਲੀ ਰਾਤ ਗੰਧਕ-ਪੋਟਾਸ਼ ਵਿੱਚ ਅਚਾਨਕ ਹੋਏ ਧਮਾਕੇ ਵਿੱਚ ਝੁਲਸੇ ਨਾਬਾਲਿਗ ਮਨਜੀਤ ਦੇ ਚਾਚਾ ਸੁਰੇਸ਼ ਦੀ ਸ਼ਿਕਾਇਤ ’ਤੇ ਪੁਲੀਸ ਨੇ ਪੁਰਾਣਾ ਬਾਜ਼ਾਰ ਭੂਨਾ ਦੇ ਵਪਾਰੀ ਅਸ਼ੋਕ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਸੁਰੇਸ਼ ਨੇ ਦੱਸਿਆ ਕਿ ਪੀੜਤ ਬੱਚਾ ਆਪਣੇ ਵੱਡੇ ਭਰਾ ਨਾਲ ਅਸ਼ੋਕ ਤੋਂ 400 ਰੁਪਏ ਦੀ ਗੰਧਕ ਪੋਟਾਸ਼ ਖਰੀਦ ਕੇ ਲਿਆਇਆ ਸੀ। ਬੋਤਲ ਵਿੱਚ ਭਰਦੇ ਸਮੇਂ ਧਮਾਕੇ ਵਿੱਚ ਮਨਜੀਤ ਝੁਲ਼ਸ ਗਿਆ ਤੇ ਇਥੋਂ ਦੇ ਡਾਕਟਰਾਂ ਨੇ ਉਸ ਨੂੰ ਹਿਸਾਰ ਰੈਫ਼ਰ ਕਰ ਦਿੱਤਾ। ਇਸ ਵੇਲੇ ਮਨਜੀਤ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਚਲ ਰਿਹਾ ਹੈ। ਡਾਕਟਰਾਂ ਮੁਤਾਬਿਕ ਸਰੀਰ ਦੀ ਚਮੜੀ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ ਹੈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ।