ਜਗਤਾਰ ਸਮਾਲਸਰ
ਏਲਨਾਬਾਦ, 26 ਸਤੰਬਰ
ਪਿੰਡ ਬੁੱਢੀਮਾੜੀ ਦੀ ਇੱਕ ਔਰਤ ਨੇ ਉਸਦੇ ਪੁੱਤਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਵਿਦੇਸ਼ ਗਈ ਨੂੰਹ ਵੱਲੋਂ 26 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਦੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਦਿੱਤੀ ਹੈ, ਜਿਸ ’ਤੇ ਏਲਨਾਬਾਦ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 406, 420 ਤੇ 120 ਬੀ ਕੇਸ ਮਾਮਲਾ ਦਰਜ ਕੀਤਾ ਹੈ। ਪੀੜਤ ਸੁਖਜੀਤ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਅਜਮੇਰ ਸਿੰਘ ਦਾ ਰਿਸ਼ਤਾ ਕਰਨਦੀਪ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਰਾਣੀਆਂ ਨਾਲ ਕੀਤਾ ਸੀ। ਪੀੜਤਾ ਨੇ ਦੱਸਿਆ ਕਿ ਰਿਸ਼ਤੇ ਤੋਂ ਬਾਅਦ ਉਨ੍ਹਾਂ ਕਰੀਬ 26 ਲੱਖ ਰੁਪਏ ਖਰਚ ਕਰ ਕੇ ਲੜਕੀ ਨੂੰ ਜੁਲਾਈ 2018 ਵਿੱਚ ਆਸਟਰੇਲੀਆ ਭੇਜ ਦਿੱਤਾ। ਲੜਕੀ ਦੋ ਸਾਲ ਆਸਟਰੇਲੀਆ ਰਹਿਣ ਤੋਂ ਬਾਅਦ ਵਾਪਸ ਆ ਗਈ ਅਤੇ ਉਸਦਾ ਵਿਆਹ ਅਜਮੇਰ ਸਿੰਘ ਨਾਲ ਹੋਇਆ। ਲੜਕੀ ਕਰੀਬ ਇੱਕ ਹਫ਼ਤਾ ਆਪਣੇ ਸਹੁਰੇ ਘਰ ਪਿੰਡ ਬੁੱਢੀਮਾੜੀ ਰਹਿਣ ਤੋਂ ਬਾਅਦ ਫਿਰ ਵਿਦੇਸ਼ ਚਲੀ ਗਈ ਜਿਸ ਤੋਂ ਬਾਅਦ ਉਸਨੇ ਅਜਮੇਰ ਸਿੰਘ ਅਤੇ ਪਰਿਵਾਰ ਨਾਲ ਗੱਲਬਾਤ ਬੰਦ ਕਰ ਦਿੱਤੀ। ਪੀੜਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਜਦੋਂ ਲੜਕੀ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹ ਵੀ ਆਨਾਕਾਨੀ ਕਰਨ ਲੱਗੇ। ਇਸ ਸਬੰਧੀ ਉਨ੍ਹਾਂ ਦੀ ਦੋ ਵਾਰ ਪੰਚਾਇਤ ਵੀ ਹੋ ਚੁੱਕੀ ਹੈ, ਪਰ ਲੜਕੀ ਅਤੇ ਉਸ ਦੇ ਪਰਿਵਾਰ ਵੱਲੋਂ ਕੋਈ ਨਿਆਂ ਨਹੀਂ ਦਿੱਤਾ ਜਾ ਰਿਹਾ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਰਨਦੀਪ ਕੌਰ, ਮਹਿੰਦਰ ਸਿੰਘ (ਪਿਤਾ), ਜਸਵਿੰਦਰ ਕੌਰ (ਮਾਤਾ) ਅਤੇ ਹਰਮੇਲ ਸਿੰਘ ਵਾਸੀ ਆਦਮਕੇ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ (ਪੰਜਾਬ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।