ਪੱਤਰ ਪ੍ਰੇਰਕ
ਰਤੀਆ, 18 ਅਪਰੈਲ
ਸਦਰ ਥਾਣਾ ਦੀ ਪੁਲੀਸ ਨੇ ਗਰਭਵਤੀ ਔਰਤ ਨਾਲ ਕੁੱਟਮਾਰ ਕਰਨ ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੀ ਭੈਣ ਦੇ ਘਰ ਇਕੱਲੀ ਬੈਠੀ ਸੀ ਤਾਂ ਇਸੇ ਦੌਰਾਨ ਹੀ ਪਿੰਡ ਦਾ ਰਾਜੂ ਰਾਮ ਘਰ ਆ ਗਿਆ। ਦੋਸ਼ ਲਗਾਇਆ ਕਿ ਉਕਤ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਆਉਂਦੇ ਹੀ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨਾਲ ਛੇੜਛਾੜ ਵੀ ਕੀਤੀ। ਉਸ ਦਾ ਰੌਲਾ ਸੁਣ ਕੇ ਜਦੋਂ ਉਸ ਦੀ ਭੈਣ ਛੁਡਾਉਣ ਆਈ ਤਾਂ ਉਸ ਨੇ ਉਸ ਦੀ ਵੀ ਕੁੱਟਮਾਰ ਕੀਤੀ। ਬਿਆਨ ਵਿਚ ਔਰਤ ਨੇ ਦੱਸਿਆ ਕਿ ਉਹ ਗਰਭਵਤੀ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।