ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਜੂਨ
ਸ਼ਾਹਬਾਦ ਪੁਲੀਸ ਨੇ ਜਬਰ-ਜਨਾਹ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਨੇ ਕਿਹਾ ਹੈ ਕਿ ਕੁਝ ਸਾਲ ਪਹਿਲਾਂ ਉਸ ਨੇ ਅਮਨਦੀਪ ਸਿੰਘ ਨਾਲ ਕੋਰਟ ਮੈਰਿਜ ਕੀਤੀ ਸੀ। ਇਸ ਮਗਰੋਂ ਉਹ ਉਸ ਨਾਲ ਸ਼ਰਾਬ ਪੀ ਕੇ ਲੜਾਈ ਝਗੜਾ ਤੇ ਕੁੱਟਮਾਰ ਕਰਨ ਲੱਗ ਪਿਆ। ਮਹਿਲਾ ਨੇ ਦੱਸਿਆ ਕਿ 21 ਜੂਨ ਨੂੰ ਮੁੜ ਅਮਨਦੀਪ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦਿਨ ਅਮਨਦੀਪ ਦਾ ਜੀਜਾ ਮਨਦੀਪ ਸਿੰਘ ਵੀ ਉਸ ਦੇ ਘਰ ਆਇਆ ਹੋਇਆ ਸੀ। ਇਸ ਦੌਰਾਨ ਮਨਦੀਪ ਸਿੰਘ ਨੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਮਗਰੋਂ ਉਸ ਦਾ ਜੇਠ ਕੰਵਲਦੀਪ ਸਿੰਘ ਉਸ ਦੇ ਘਰ ਆਇਆ ਤੇ ਉਸ ਨੇ ਵੀ ਜਬਰ-ਜਨਾਹ ਕੀਤਾ। ਇਸ ਮਗਰੋਂ ਤਿੰਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਚਲੇ ਗਏ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।