ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 18 ਸਤੰਬਰ
ਇੱਥੇ ਅੱਜ ਮੌਜਗੜ੍ਹ ਹੈੱਡ ’ਤੇ ਮਾਮੇ ਦੇ ਪੁੱਤਾਂ ਨਾਲ ਨਹਾਉਂਦੇ ਹੋਏ ਸਿਰਸਾ ਵਾਸੀ 18 ਸਾਲਾ ਨੌਜਵਾਨ ਗੌਰਵ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਗੌਰਵ ਪੁੱਤਰ ਮੁਨਸ਼ੀ ਰਾਮ ਵਾਸੀ ਸੰਜੈ ਕਾਲੋਨੀ (ਸਿਰਸਾ) ਇਨ੍ਹਾਂ ਦਿਨੀਂ ਡੱਬਵਾਲੀ ਦੇ ਵਾਰਡ ਨੰਬਰ 6 ਵਿੱਚ ਕਬੀਰ ਬਸਤੀ ’ਚ ਰਹਿੰਦੇ ਆਪਣੇ ਨਾਨਕੇ ਪਰਿਵਾਰ ਕੋਲ ਆਇਆ ਹੋਇਆ ਸੀ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਗੌਰਵ ਆਪਣੇ ਮਾਮੇ ਦੇ ਲੜਕੇ ਰਾਕੇਸ਼ ਅਤੇ ਰਿਤਿਕ ਨਾਲ ਮੌਜਗੜ੍ਹ ਹੈੱਡ ’ਤੇ ਨਹਾਉਣ ਚਲਾ ਗਿਆ। ਗੌਰਵ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਨਹਿਰ ਵਿੱਚ ਨਹਾਉਂਦੇ ਹੋਏ ਉਹ ਡੁੱਬ ਗਿਆ। ਥਾਣਾ ਸਦਰ ਦੀ ਪੁਲੀਸ ਨੇ ਲਾਸ਼ ਨਹਿਰ ਵਿੱਚੋਂ ਕਢਵਾ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ।