ਸਰਬਜੋਤ ਸਿੰਘ ਦੁੱਗਲ
ਕਰਨਾਲ, 8 ਮਾਰਚ
ਸੀਐੱਮ ਸਿਟੀ ਕਰਨਾਲ ਵਿੱਚ ਅੱਜ 12 ਸਾਲ ਦੀ ਇੱਕ ਬੱਚੀ 2 ਮਹੀਨੇ ਦੀ ਗਰਭਵਤੀ ਮਿਲੀ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੱਚੀ ਕਲਪਨਾ ਚਾਵਲਾ ਮੈਡੀਕਲ ਕਾਲਜ ਦੀ ਟੀਮ ਦੇ ਸਾਹਮਣੇ ਆਈ। ਡਾਕਟਰਾਂ ਦੀ ਟੀਮ ਨੇ ਮਾਮਲੇ ਦੀ ਸੂਚਨਾ ਪੁਲੀਸ ਅਤੇ ਬਾਲ ਭਲਾਈ ਮਹਿਕਮੇ ਨੂੰ ਸੂਚਨਾ ਦਿੱਤੀ ਹੈ। ਫਿਲਹਾਲ ਬੱਚੀ ਸਹਿਮੀ ਹੋਈ ਹੈ। ਇਸ ਸੂਚਨਾ ਤੋਂ ਬਾਅਦ ਬੱਚੀ ਦੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਚਨਾ ਮਿਲਣ ’ਤੇ ਪੁਲੀਸ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਏਐੱਸਆਈ ਸਰਿਤਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 12 ਸਾਲਾ ਇੱਕ ਬੱਚੀ ਗਰਭਵਤੀ ਹੈ। ਉਹ ਮੌਕੇ ’ਤੇ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪੇਟ ’ਚ ਕਰੀਬ 2 ਮਹੀਨੇ ਦਾ ਗਰਭ ਹੈ। ਕੁੜੀ ਨੂੰ ਕੁਝ ਵੀ ਯਾਦ ਨਹੀਂ, ਕਦੋਂ ਕੀ ਹੋਇਆ। ਹੁਣ ਉਸ ਦੀ ਮਾਂ ਵੀ ਹੈਰਾਨ ਹੈ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮੌਕੇ ਬਾਲ ਭਲਾਈ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ। ਬੱਚੀ ਅਤੇ ਉਸ ਦੀ ਮਾਂ ਦੇ ਬਿਆਨ ਲਏ ਜਾਣਗੇ। ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੜਕੀ ਦੀ ਮਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।