ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਜਨਵਰੀ
ਸਿਹਤ ਵਿਭਾਗ ਨੇ ਜ਼ਿਲ੍ਹੇ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਉਮਰ ਵਰਗ ਦੇ ਅੱਲੜਾਂ ਨੂੰ ਕਰੋਨਾ ਰੋਕੂ ਟੀਕਾਕਰਨ ਲਈ ਕਮਰ ਕੱਸ ਲਈ ਹੈ। ਵਿਭਾਗ ਨੇ 60 ਹਜ਼ਾਰ ਅੱਲੜਾਂ ਦੇ ਵੈਕਸੀਨੇਸ਼ਨ ਦਾ ਨਿਸ਼ਾਨਾ ਮਿਥਿਆ ਹੈ। ਇਨ੍ਹਾਂ ਅੱਲੜਾਂ ਨੂੰ ਕੋਵੈਕਸੀਨ ਲਾਈ ਜਾਵੇਗੀ ਅਤੇ 28 ਦਿਨ ਬਾਅਦ ਦੂਜੀ ਡੋਜ਼ ਲੱਗੇਗੀ। ਵੈਕਸੀਨ ਲਾਉਣ ਲਈ ਸਟਾਫ਼ ਸਕੂਲਾਂ ਵਿੱਚ ਵੀ ਜਾਵੇਗਾ। ਇਕ ਕਮਰੇ ਵਿੱਚ ਬੈਠਣ ਦਾ ਅਤੇ ਦੂਜੇ ਵਿਚ ਟੀਕਾ ਲਾਉਣ ਦਾ ਪ੍ਰਬੰਧ ਹੋਵੇਗਾ। ਇਸੇ ਦੌਰਾਨ ਅੰਬਾਲਾ ਜ਼ਿਲ੍ਹੇ ਵਿਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ 32 ਕੇਸ ਪਾਜ਼ੇਟਿਵ ਕੇਸ ਆਉਣ ਨਾਲ 12 ਦਿਨਾਂ ਵਿੱਚ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 110 ਹੋ ਗਈ ਹੈ। ਅੱਜ 7 ਮਰੀਜ਼ ਅੰਬਾਲਾ ਸ਼ਹਿਰ ਤੋਂ, 15 ਅੰਬਾਲਾ ਕੈਂਟ ਤੋਂ, 2 ਨਰਾਇਣਗੜ੍ਹ ਤੋਂ, 2 ਸ਼ਾਹਜ਼ਾਦਪੁਰ ਤੋਂ, 2 ਬਰਾੜਾ ਤੋਂ ਅਤੇ 4 ਮਰੀਜ਼ ਮੁਲਾਣਾ ਤੋਂ ਸਾਹਮਣੇ ਆਏ ਹਨ।