ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਅਗਸਤ
ਇਥੇ ਹੈਲਪਰਜ਼ ਸੁਸਾਇਟੀ ਵਲੋਂ ਸ੍ਰੀ ਮਦ ਦੇਵੀ ਭਗਵਤੀ ਬਾਲਾ ਸੁੰਦਰੀ ਮੰਦਰ ਵਿੱਚ ਸਵੈ-ਇੱਛਾ ਖੂਨ ਦਾਨ ਕੈਂਪ ਲਾਇਆ ਗਿਆ। ਇਸ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ 538 ਯੂਨਿਟ ਖੂਨ ਇੱਕਠਾ ਕੀਤਾ। ਖੂਨ ਦਾਨ ਕੈਂਪ ਦਾ ਉਦਘਾਟਨ ਖੇਡ ਮੰਤਰੀ ਸੰਦੀਪ ਸਿੰਘ ਤੇ ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕੀਤਾ।
ਇਸ ਮੌਕੇ ਖੂਨ ਦਾਨੀਆਂ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੂਨ ਕਿਸੇ ਕਾਰਖਾਨੇ ਵਿੱਚ ਨਹੀਂ ਬਣਦਾ, ਇਸ ਦੀ ਪੂਰਤੀ ਸਿਰਫ ਇਕ ਵਿਅਕਤੀ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਘਾਟ ਕਾਰਨ ਲੋੜਵੰਦ ਪਰਿਵਾਰ ਨੂੰ ਬਹੁਤ ਅਸੁਵਿਧਾ ਹੁੰਦੀ ਹੈ। ਅਜਿਹੇ ਵਿੱਚ ਖੂਨਦਾਨ ਕੈਂਪਾਂ ਰਾਹੀਂ ਹੀ ਖੂਨ ਦੀ ਪੂਰਤੀ ਬਹੁਤ ਹੀ ਸਲਾਹੁਣਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਖੂਨ ਦਾਨ ਕਰਨ ਨਾਲ ਵਿਅਕਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਤੇ ਸਿਹਤਮਦ ਵਿਅਕਤੀ ਸਾਲ ਵਿੱਚ ਤਿੰਨ ਵਾਰ ਖੂਨ ਦਾਨ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਖੂਨ ਦਾਨ ਕੈਂਪ ਵਿੱਚ ਖੂਨ ਦਾਨੀਆਂ ਦਾ ਉਤਸ਼ਾਹ ਦੇਖਣ ਯੋਗ ਸੀ। ਹੈਲਪਰਜ਼ ਸੁਸਾਇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਕਿਹਾ ਕਿ ਇਹ ਕੈਂਪ ਥੈਲੀਸੀਮੀਆ ਪੀੜਤ ਬੱਚਿਆਂ, ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ, ਗਰਭਵਤੀ ਮਹਿਲਾਵਾਂ ਵਿੱਚ ਖੂਨ ਦੀ ਕਮੀ ਲਈ ਸੁਸਾਇਟੀ ਵੱਲੋਂ ਨਿਰੰਤਰ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਖੂਨ ਦੀ ਕਮੀ ਕਾਰਨ ਕਿਸੇ ਦੀ ਕੀਮਤੀ ਜਾਨ ਖਤਰੇ ਵਿੱਚ ਨਾ ਪੈ ਸਕੇ। ਖੂਨ ਦਾਨੀਆਂ ਨੂੰ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੂਰਨ ਸਿੰਘ, ਨਰੇਸ਼ ਕੁਮਾਰ, ਇੰਦਰ ਲਾਲ ਬੱਤਰਾ, ਵਿਸ਼ਣੂ ਭਗਵਾਨ ਗੁਪਤਾ, ਆਦਿ ਮੌਜੂਦ ਸਨ।