ਜਗਤਾਰ ਸਮਾਲਸਰ
ਏਲਨਾਬਾਦ, 26 ਜੁਲਾਈ
ਇੱਥੋਂ ਦੇ ਪਿੰਡ ਭੁਰਟਵਾਲਾ ਕੋਲ ਪਿਛਲੀ ਰਾਤ ਚਿਲਕਨੀ ਮਾਈਨਰ ਵਿੱਚ ਪਾੜ ਪੈਣ ਕਾਰਨ ਨਰਮੇ ਅਤੇ ਝੋਨੇ ਦੀ ਕਰੀਬ 50 ਏਕੜ ਵਿੱਚ ਖੜ੍ਹੀ ਫ਼ਸਲ ਬੁਰੀ ਤਰ੍ਹਾ ਪ੍ਰਭਾਵਿਤ ਹੋ ਗਈ। ਕਿਸਾਨਾਂ ਸੁਰਜੀਤ ਸਿੰਘ ਰਾਹੜ, ਹਨੂਮਾਨ ਅਚਾਰੀਆ, ਮਦਨ ਲਾਲ, ਕਾਲੂ ਰਾਮ, ਈਸ਼ਵਰ ਸਿਹਾਗ ਨੇ ਦੱਸਿਆ ਕਿ ਕਰੀਬ ਅੱਧੀ ਰਾਤ ਨੂੰ ਚਿਲਕਨੀ ਮਾਈਨਰ ਵਿੱਚ ਪਾੜ ਪੈ ਗਿਆ। ਸਵੇਰੇ ਅਧਿਕਾਰੀਆਂ ਨੂੰ ਸੂਚਿਤ ਕਰਨ ਮਗਰੋਂ ਕਿਸਾਨ ਵੱਡੀ ਗਿਣਤੀ ਵਿੱਚ ਪਾੜ ਵਾਲੀ ਥਾਂ ’ਤੇ ਪਹੁੰਚੇ ਅਤੇ ਟਰੈਕਟਰਾਂ ਅਤੇ ਜੇਸੀਬੀ ਮਸ਼ੀਨ ਨਾਲ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ। ਸੂਵਿਭਾਗ ਦੇ ਜੇਈ ਵਿਕਾਸ ਕੁਮਾਰ ਅਤੇ ਰੋਹਤਾਸ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਮਾਈਨਰ ਦਾ ਪਾਣੀ ਬੰਦ ਕਰਵਾਇਆ। ਕਿਸਾਨਾਂ ਨੇ ਦੱਸਿਆ ਕਿ ਮਾਈਨਰ ਵਿੱਚ ਕਰੀਬ 60-70 ਫੁੱਟ ਚੌੜਾ ਪਾੜ ਪੈ ਗਿਆ ਜਿਸ ਨਾਲ ਭੁਰਟਵਾਲਾ ਤੋਂ ਚਿਲਕਨੀ ਪਿੰਡ ਨੂੰ ਜਾਣ ਵਾਲੀ ਸੜਕ ਅਤੇ ਮਾਈਨਰ ਦੇ ਵਿਚਕਾਰ ਕਰੀਬ 50 ਏਕੜ ਵਿੱਚ ਖੜ੍ਹੀ ਫ਼ਸਲ ਖਰਾਬ ਹੋਈ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦਾ ਪ੍ਰਬੰਧ ਕਰੇ।