ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਪਰੈਲ
ਕਿਸਾਨ ਮੋਰਚਿਆਂ ਵਿੱਚ ਹੁਣ ਦੇਸ਼ ਦੇ ਮਜ਼ਦੂਰ-ਕਿਸਾਨ ਇਕ ਵਾਰ ਫਿਰ ਦਿੱਲੀ ਚੱਲੋ ਦੇ ਨਾਅਰੇ ਹੇਠ ਮੋਰਚਿਆਂ ਵਿੱਚ ਸ਼ਾਮਲ ਹੋਣ ਲੱਗੇ ਹਨ। ਅੱਜ ਸਿੰਘੂ ਬਾਰਡਰ ’ਤੇ ਟੀਡੀਆਈ ਮੌਲ ਲਾਗੇ ਦੋਵੇਂ ਕੁੱਲ ਹਿੰਦ ਕਿਸਾਨ ਸਭਾਵਾਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਜ਼ੋਰਾ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜੋ ਕੇਂਦਰ ਤੇ ਹਰਿਆਣਾ ਦੀਆਂ ਸਰਕਾਰਾਂ ਲੌਕਡਾਊਨ ਦੀ ਆੜ ਵਿੱਚ ਕਲੀਨ ਅਪਰੇਸ਼ਨ ਦੇ ਨਾਮ ’ਤੇ ਕਿਸਾਨਾਂ ਨਾਲ ਧੱਕਾ ਕਰਨ ਦਾ ਐਲਾਨ ਕਰ ਰਹੀਆਂ ਹਨ, ਇਸ ’ਤੇ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਰੋਨਾ ਦੇ ਸਾਲ ਲੰਘ ਜਾਣ ’ਤੇ ਕੇਂਦਰ ਦੀ ਸਰਕਾਰ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਪਰ ਹੁਣ ਫਿਰ ਹਊਆ ਖੜਾ ਕਰਕੇ ਅੰਦੋਲਨ ਨੂੰ ਕੁਚਲਣ ਦੀਆਂ ਜੋ ਚਾਲਾਂ ਚੱਲੀਆਂ ਜਾ ਰਹੀਆਂ ਹਨ, ਕਿਸਾਨ ਇਸ ਨੂੰ ਸਫ਼ਲ ਨਹੀਂ ਹੋਣ ਦੇਣਗੇ। ਅੱਜ ਦੀ ਮੀਟਿੰਗ ਵਿੱਚ ਕ੍ਰਿਸ਼ਨ ਪ੍ਰਸ਼ਾਦ ਕੁੱਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਆਗੂ, ਧਰਮਪਾਲ ਸਿੰਘ ਸੀਲ ਸੂਬਾਈ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਨਿਹਾਲਗੜ੍ਹ ਜਨਰਲ ਸਕੱਤਰ, ਬਲਕਰਨ ਸਿੰਘ ਬਰਾੜ ਪ੍ਰਧਾਨ ਪੰਜਾਬ ਰਾਜ ਕਮੇਟੀ, ਬਲਦੇਵ ਸਿੰਘ ਲਤਾਲਾ ਆਦਿ ਆਗੂ ਹਾਜ਼ਰ ਸਨ।
ਕਿਸਾਨਾਂ ’ਤੇ ਆਕਸੀਜਨ ਦੀਆਂ ਗੱਡੀਆਂ ਰੋਕਣ ਦੇ ਲਾਏ ਇਲਜ਼ਾਮ ਦੀ ਨਿਖੇਧੀ਼
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਸਿੰਘੂ ਬਾਰਡਰ ’ਤੇ ਲੱਗੇ ਪੱਕੇ ਮੋਰਚੇ ਦੇ 147ਵੇਂ ਦਿਨ ਇਕੱਠ ਕਰਕੇ ਰੋਸ ਮਾਰਚ ਕੀਤਾ ਤੇ ਦਿੱਲੀ ਵਿੱਚ ਆਕਸੀਜਨ ਦੀ ਘਾਟ ਦਾ ਠੀਕਰਾ ਕਿਸਾਨ ਅੰਦੋਲਨ ਸਿਰ ਭੰਨਣ ਵਾਲੀ ਮੋਦੀ ਸਰਕਾਰ ਅਤੇ ਗੋਦੀ ਮੀਡੀਆ ਦੀ ਸਖ਼ਤ ਆਲੋਚਨਾ ਕਰਦਿਆਂ ਆਕਸੀਜਨ ਦੀ ਕਿਸੇ ਵੀ ਗੱਡੀ ਨੂੰ ਨਾ ਰੋਕਣ ਦਾ ਵਚਨ ਦੁਹਰਾਇਆ ਤੇ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨ ਨੇ ਦੱਸਿਆ ਕਿ ਮੋਦੀ ਸਰਕਾਰ ਅਤੇ ਗੋਦੀ ਮੀਡੀਆ ਵੱਲੋਂ ਕਰੋਨਾ ਦੇ ਨਾਮ ਉੱਤੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।