ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 15 ਮਾਰਚ
ਇੱਥੇ ਤਹਿਸੀਲ ਵਿੱਚ ਰਜਿਸਟਰੀਆਂ ਸਬੰਧੀ ਭ੍ਰਿਸ਼ਟਾਚਾਰ ਖਿਲਾਫ਼ ਮੋਰਚਾ ਖੋਲ੍ਹਦੇ ਨੌਜਵਾਨ ਸੰਘਰਸ਼ ਮੋਰਚਾ ਦੇ ਆਗੂਆਂ ਨੇ ਅੱਜ ਅਨੋਖੀ ਕਾਰਵਾਈ ਕੀਤੀ। ਮੋਰਚੇ ਦੇ ਆਗੂ ਐੱਸਪੀ ਮਸੀਤਾਂ ਤੇ ਮਿੱਠੂ ਕੰਬੋਜ ਤਹਿਸੀਲ ’ਚ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਖੜ੍ਹੇ ਹੋ ਗਏ ਜਿਨ੍ਹਾਂ ’ਤੇ ‘ਤੁਹਾਨੂੰ ਬੇਨਤੀ ਹੈ ਕਿ ਜੇਕਰ ਕਿਸੇ ਵਿਅਕਤੀ ਤੋਂ ਰਜਿਸਟਰੀ ਦੇ ਨਾਂਅ ’ਤੇ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਸਾਨੂੰ ਦੱਸੋ’ ਲਿਖਿਆ ਸੀ। ਇਸ ਕਾਰਵਾਈ ਕਾਰਨ ਤਹਿਸੀਲ ਅਮਲੇ ‘ਚ ਭਾਜੜ ਮੱਚ ਗਈ। ਅੱਜ ਰਜਿਸਟਰੀਆਂ ਦਾ ਦਿਨ ਸੀ। ਦਫ਼ਤਰ ‘ਚ ਖੁੱਲ੍ਹੇਆਮ ਭ੍ਰਿਸ਼ਟਾਚਾਰ ਖਿਲਾਫ਼ ਮੋਰਚਾ ਲੱਗਣ ‘ਤੇ ਰਜਿਸਟਰੀਆਂ ਅੱਧ-ਵਿਚਕਾਰ ਛੱਡ ਕੇ ਤਹਿਸੀਲਦਾਰ ਭੁਵਨੇਸ਼ ਕੁਮਾਰ ਦਫ਼ਤਰ ਤੋਂ ਉੱਠ ਜਾਣ ਲੱਗੇ। ਕਿਸਾਨ ਆਗੂਆਂ ਨੇ ਤਹਿਸੀਲਦਾਰ ਨੂੰ ਘੇਰ ਕੇ ਪੰਜ ਵਜੇ ਤੱਕ ਦਫ਼ਤਰ ਬੈਠਣ ਲਈ ਆਖਿਆ। ਤਹਿਸੀਲਦਾਰ ਨੇ ਆਖਿਆ ਕਿ ਕੋਈ ਰਜਿਸਟਰੀ ਬਕਾਇਆ ਨਹੀਂ ਹੈ ਜਦਕਿ ਰਜਿਸਟਰੀ ਲਈ ਟੋਕਨ ਕਟਵਾ ਚੁੱਕੇ ਕਾਫ਼ੀ ਗਿਣਤੀ ਲੋਕ ਕਤਾਰ ‘ਚ ਲੱਗੇ ਹੋਏ ਸਨ। ਨੌਜਵਾਨ ਸੰਘਰਸ਼ ਮੋਰਚਾ ਨੇ ਤਹਿਸੀਲ ਕੰਪਲੈਕਸ ‘ਚ ਗੁਲਾਬੀ ਸੁੰਡੀ ਮਸਲੇ ਨੂੰ ਲੈ ਕੇ ਮਹੀਨੇ ਤੋਂ ਧਰਨਾ ਲਾਇਆ ਹੋਇਆ ਹੈ। ਮੋਰਚੇ ਦੇ ਆਗੂ ਐੱਸਪੀ ਮਸੀਤਾਂ ਨੇ ਕਿਹਾ ਕਿ ਤਹਿਸੀਲ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਨ੍ਹਾਂ ਆਖਿਆ ਕਿ ਤਹਿਸੀਲਦਾਰ ਨੂੰ ਦੁਬਾਰਾ ਦਫ਼ਤਰ ਸੱਦ ਕੇ ਰਜਿਸਟਰੀਆਂ ਕਰਵਾਈਆਂ ਗਈਆਂ।
ਤਹਿਸੀਲ ਵਿੱਚ ਭ੍ਰਿਸ਼ਟਾਚਾਰ ਨਹੀਂ ਹੁੰਦਾ: ਤਹਿਸੀਲਦਾਰ
ਤਹਿਸੀਲਦਾਰ ਭੁਵਨੇਸ਼ ਕੁਮਾਰ ਨੇ ਕਿਹਾ ਤਹਿਸੀਲ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੈ ਅਤੇ ਬੇਵਜ੍ਹਾ ਮਸਲਾ ਉਠਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਕਿਸਾਨ 40-40 ਏਕੜ ਦੇ ਮਾਲਕ ਹਨ, ਇਨ੍ਹਾਂ ਨੂੰ ਅਜਿਹੀ ਗੱਲ ਸ਼ੋਭਾ ਦਿੰਦੀ ਹੈ।