ਪੱਤਰ ਪ੍ਰੇਰਕ
ਫਰੀਦਾਬਾਦ, 4 ਅਗਸਤ
ਇੱਥੋਂ ਦੀ ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਨੇ ‘ਹਰ ਘਰ ਤਿਰੰਗਾ’ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਵਿਕਾਸ ਕੌਂਸਲ ਦੇ ਸਹਿਯੋਗ ਨਾਲ ਸ਼ਹਿਰ ਵਿੱਚ ‘ਰਨ ਫਾਰ ਤਿਰੰਗਾ’ ਰੈਲੀ ਕੱਢੀ। ਰੈਲੀ ਵਿੱਚ ਯੂਨੀਵਰਸਿਟੀ ਦੇ 700 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਰੈਲੀ ਦੀ ਸ਼ੁਰੂਆਤ ਵਾਈਸ ਚਾਂਸਲਰ ਪ੍ਰੋ. ਐੱਸ. ਦੇ. ਤੋਮਰ ਅਤੇ ਰਜਿਸਟਰਾਰ ਡਾ. ਐਸ.ਕੇ. ਗਰਗ ਨੇ ਯੂਨੀਵਰਸਿਟੀ ਦੇ ਕਲਾਮ ਚੌਕ ਤੋਂ ਹਰੀ ਝੰਡੀ ਦਿਖਾ ਕੇ ਕੀਤੀ। ਕੌਮੀ ਝੰਡਾ ਲਹਿਰਾਉਂਦੇ ਹੋਏ ਇਹ ਰੈਲੀ ਸੈਕਟਰ-7, 10 ਅਤੇ 11 ਸਮੇਤ ਆਸਪਾਸ ਦੇ ਸੈਕਟਰਾਂ ਵਿੱਚੋਂ ਹੁੰਦੀ ਹੋਈ ਯੂਨੀਵਰਸਿਟੀ ਕੈਂਪਸ ਵਿੱਚ ਸਮਾਪਤ ਹੋਈ। ਰੈਲੀ ਵਿੱਚ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਸਥਾਨਕ ਪੁਲੀਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਅਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਅਤੇ ਦੇਸ਼ ਪ੍ਰਤੀ ਸਮਰਪਣ ਦੇਖ ਕੇ ਬਹੁਤ ਖੁਸ਼ੀ ਹੋਈ। ਇਹ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸਫ਼ਲਤਾ ਵਿੱਚ ਯਕੀਨਨ ਯੋਗਦਾਨ ਪਾਵੇਗਾ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ 13 ਤੋਂ 15 ਅਗਸਤ ਤੱਕ ਉਹ ਆਪੋ-ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣਗੇ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਗੇ। ਇਸ ਤੋਂ ਪਹਿਲਾਂ ਤਿੰਨ ਟੁਕੜੀਆਂ ਵਿੱਚ ਯੂਨੀਵਰਸਿਟੀ ਤੋਂ ਰੈਲੀ ਸ਼ੁਰੂ ਹੋਈ, ਜਿਸ ਵਿੱਚ ਐਨਸੀਸੀ ਕੈਡੇਟ ਅਤੇ ਐਨਐਸਐਸ ਵਾਲੰਟੀਅਰ ਵੀ ਸ਼ਾਮਲ ਸਨ। ਵਿਦਿਆਰਥੀਆਂ ਨੇ ‘ਰਨ ਫਾਰ ਤਿਰੰਗਾ’ ਰੈਲੀ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ‘ਵੰਦੇ ਮਾਤਰਮ’, ‘ਭਾਰਤ ਮਾਤਾ ਦੀ ਜੈ’ ਅਤੇ ‘ਮੇਰਾ ਤਿਰੰਗਾ, ਮੇਰੀ ਸ਼ਾਨ’ ਦੇ ਨਾਅਰੇ ਬੁਲੰਦ ਕੀਤੇ। ਭਾਰਤ ਵਿਕਾਸ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਯੂਨੀਵਰਸਿਟੀ ਵਿੱਚ ਰੈਲੀ ਦਾ ਸਵਾਗਤ ਕੀਤਾ।