ਕੇਕੇ ਬਾਂਸਲ
ਰਤੀਆ, 10 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਦਾ ਅੱਜ 14ਵਾਂ ਔਰਤਾਂ ਦਾ ਜਥਾ ਕਿਸਾਨ ਸੰਸਦ ਮਾਰਚ ਵਿਚ ਭਾਗ ਲੈਣ ਲਈ ਗੁਰਦੁਆਰਾ ਅਜੀਤਸਰ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਇਆ। ਇਸ ਵਿਚ ਢਾਣੀ ਜਾਖਨ ਦਾਦੀ ਤੋਂ ਜਸਵਿੰਦਰ ਕੌਰ ਖੋਖਰ, ਰਤੀਆ ਤੋਂ ਗੁਰਜੀਤ ਕੌਰ ਮਾਨ ਅਤੇ ਸੁਖ ਮਹਿੰਦਰ ਕੌਰ ਸ਼ਾਮਿਲ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੀ ਹੈ, ਜਿਵੇਂ ਉਹ ਦੇਸ਼ ਦੇ ਬੰਦੇ ਨਾ ਹੋਣ। ਹੁਣ ਸਮੁੱਚਾ ਦੇਸ਼ ਅਤੇ ਵਿਰੋਧੀ ਧਿਰਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕਜੁੱਟ ਹੋ ਗਈਆਂ ਹਨ। ਇਸ ਲਈ ਕੇਂਦਰ ਸਰਕਾਰ ਤੁਰੰਤ ਹਾਰ ਮੰਨ ਕੇ ਕਿਸਾਨਾਂ ਦੀਆ ਮੰਗਾਂ ਪ੍ਰਵਾਨ ਕਰ ਕੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਖ਼ਤਮ ਕਰੇ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਬਣਾਉਣ ਵੇਲੇ ਕਿਸਾਨਾਂ ਦੀ ਕੋਈ ਸਹਿਮਤੀ ਨਹੀਂ ਲਈ। ਇਸ ਲਈ ਗੱਲਬਾਤ ਕਰਨ ਦੀ ਕੋਈ ਤੁੱਕਬੰਦੀ ਨਹੀਂ ਬਣਦੀ।
ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਮੈਦਾਨ ਵਿਚ ਡਟਿਆ ਰਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਅੰਦੋਲਨ ਸਮੁੱਚੇ ਦੇਸ਼ ਵਾਸੀਆਂ ਵਿਚ ਚੇਤੰਨਤਾ ਪੈਦਾ ਕਰ ਰਿਹਾ ਹੈ ਅਤੇ ਜਾਤਾਂ-ਪਾਤਾਂ, ਭਾਸ਼ਾਈ, ਧਰਮਾਂ, ਫ਼ਿਰਕਿਆਂ ਆਦਿ ਤਰੇੜਾਂ ਨੂੰ ਮਿਟਾ ਰਿਹਾ ਹੈ। ਇਸ ਕਰ ਕੇ ਇਸ ਅੰਦੋਲਨ ਦੀ ਮਹੱਤਤਾ ਅਜੋਕੇ ਸੰਦਰਭ ਵਿਚ ਬਹੁਤ ਜ਼ਿਆਦਾ ਹੈ। ਉਪਰੰਤ ਰਵਾਨਗੀ ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਦੇ ਮੈਂਬਰਾਂ ਵੱਲੋਂ ਫੁੱਲ ਮਾਲਾਵਾਂ ਪਾ ਕੇ ਸਨਮਾਨਿਆ ਵੀ ਗਿਆ।
ਇਸ ਮੌਕੇ ਇਕਬਾਲ ਸਿੰਘ ਖੋਖਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੋਖਰ, ਸਾਬਕਾ ਸਰਪੰਚ ਦਰਿਆ ਸਿੰਘ ਪੁਨੀਆ, ਜਸਪਾਲ ਸਿੰਘ ਨਿੱਜਰ ਉਰਫ਼ ਪਾਲੀ, ਗੁਰਨਾਮ ਸਿੰਘ ਧਾਲੀਵਾਲ, ਰਾਜ ਸਿੰਘ ਨਾਹਰਕਾ ਮੁਹੱਲਾ, ਕੰਵਲਜੀਤ ਸਿੰਘ ਮਾਨ, ਸਾਧੂ ਸਿੰਘ ਹਿਸਾਰੀਆ ਅਤੇ ਤੇਜਿੰਦਰ ਸਿੰਘ ਔਜਲਾ ਆਦਿ ਮੈਂਬਰ ਸਨ।