ਨਿਜੀ ਪੱਤਰ ਪ੍ਰੇਰਕ
ਅੰਬਾਲਾ, 14 ਅਗਸਤ
ਜ਼ਿਲ੍ਹਾ ਕਾਂਗਰਸ ਅੰਬਾਲਾ ਛਾਉਣੀ ਵੱਲੋਂ ਅੱਜ ਮੁਲਾਣਾ ਤੋਂ ਵਿਧਾਇਕ ਵਰੁਣ ਚੌਧਰੀ ਦੀ ਅਗਵਾਈ ਵਿਚ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ‘ਭਾਰਤ ਜੋੜੋ ਪਦ-ਯਾਤਰਾ’ ਕੀਤੀ ਗਈ, ਜਿਸ ਵਿੱਚ ਸੈਂਕੜੇ ਕਾਂਗਰਸੀ ਸ਼ਾਮਲ ਹੋਏ। ਇਹ ਯਾਤਰਾ ਕਾਂਗਰਸ ਭਵਨ ਤੋਂ ਸ਼ੁਰੂ ਹੋ ਕੇ ਨਿਕਸਲਨ ਰੋਡ, ਅਨਾਜ ਮੰਡੀ, ਦਾਲ, ਮੰਡੀ, ਚੂਨਾ ਚੌਕ, ਹਿੱਲ ਰੋਡ, ਸਬਜ਼ੀ ਮੰਡੀ, ਸਦਰ ਬਜ਼ਾਰ ਹੁੰਦੀ ਹੋਈ ਵਿਜੈ ਰਤਨ ਚੌਕ ਪਹੁੰਚੀ ਜਿੱਥੇ ਕਾਂਗਰਸੀਆਂ ਨੇ ਸ਼ਹੀਦ ਵਿਜੈ ਰਤਨ ਦੇ ਬੁੱਤ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਰਾਏ ਮਾਰਕੀਟ ਅਤੇ ਗਾਂਧੀ ਮਾਰਕੀਟ ਵਿਚੋਂ ਹੁੰਦੀ ਹੋਈ ਇਹ ਯਾਤਰਾ ਕਾਂਗਰਸ ਭਵਨ ਦੇ ਨੇੜੇ ਸ਼ਹੀਦ ਭਗਤ ਰਾਮ ਸ਼ੁਕਲਾ ਚੌਕ ਪਹੁੰਚੀ ਜਿੱਥੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਯਾਤਰਾ ਸਮਾਪਤ ਹੋ ਗਈ। ਇਸ ਮੌਕੇ ਵਿਧਾਇਕ ਵਰੁਣ ਚੌਧਰੀ ਨੇ ਕਿਹਾ ਕਿ ਆਜ਼ਾਦੀ ਦਾ ਜਸ਼ਨ ਮਨਾਉਂਦਿਆਂ ਭਾਰਤ ਨੂੰ ਫਿਰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂ ਕਿ ਸੱਤਾ ਵਿਚ ਆਏ ਲੋਕਾਂ ਨੇ ਧਰਮ ਦੇ ਨਾਂ ’ਤੇ ਰਾਜਨੀਤੀ ਕਰਕੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਰਤ ਜੋੜਨ ਦਾ ਜ਼ਿੰਮਾ ਲਿਆ ਹੈ।