ਮਹਾਵੀਰ ਮਿੱਤਲ
ਜੀਂਦ, 11 ਅਪਰੈਲ
ਖੇਤੀ ਦੇ ਤਿੰਨੇ ਕਾਨੂੰਨਾਂ ਦੇ ਵਿਰੋਧ ਵਿੱਚ ਖਟਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦੇ ਚੱਲ ਰਹੇ ਧਰਨੇ ਦੌਰਾਨ ਧਰਨੇ ਦੀ ਅਗਵਾਈ ਜਿਲੇ ਸਿੰਘ ਖਟਕੜ ਨੇ ਕੀਤੀ। ਭੁੱਖ ਹੜਤਾਲ ’ਤੇ ਔਰਤਾਂ ’ਚੋਂ ਮੁੰਨੀ, ਰੋਸ਼ਨੀ, ਗੁੱਡੀ, ਸਤਵੰਤੀ ਅਤੇ ਲਾਜੋ ਬੈਠੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਭਾਜਪਾ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਕਰ ਰਹੀ ਹੈ ਪਰ ਕਿਸਾਨਾਂ ਦੀ ਆਮਦਨ ਤਾਂ ਨਹੀਂ ਵਧੀ, ਸਗੋਂ ਭਾਜਪਾ ਦੇ ਰਾਜ ਵਿੱਚ ਖੇਤੀਬਾੜੀ ਉੱਤੇ ਖਰਚਾ ਜ਼ਰੂਰ ਵੱਧ ਗਿਆ ਹੈ। ਬੀਜ ਤੋਂ ਲੈ ਕੇ ਖਾਦ ਤੱਕ ਮਹਿੰਗੀ ਹੋ ਗਈ ਹੈ। ਭਾਜਪਾ ਦੇ ਰਾਜ ਵਿੱਚ ਕਿਸਾਨਾਂ ਦੇ ਚੰਗੇ ਨਹੀਂ, ਬੁਰੇ ਦਿਨ ਜ਼ਰੂਰ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਦੀ ਮੰਸ਼ਾ ਕਿਸਾਨਾਂ ਨੂੰ ਜਾਤੀਗਤ ਲੜਵਾਉਣ ਦੀ ਹੋ ਰਹੀ ਹੈ। 14 ਅਪਰੈਲ ਨੂੰ ਜਜਪਾ ਤੇ ਭਾਜਪਾ ਦੇ ਆਗੂ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ। ਇਹ ਪ੍ਰੋਗਰਾਮ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਉੱਤੇ ਕੀਤੇ ਜਾਣਗੇ। ਕਿਸਾਨ ਜਦੋਂ ਇਹ ਫ਼ੈਸਲਾ ਲੈ ਚੁੱਕੇ ਹਨ ਕਿ ਭਾਜਪਾ, ਜਜਪਾ ਦੇ ਨੇਤਾਵਾਂ ਦਾ ਕਿਸੇ ਵੀ ਪ੍ਰੋਗਰਾਮ ਲਈ ਪਿੰਡ ਵਿੱਚ ਆਉਣ ਉੱਤੇ ਵਿਰੋਧ ਕਰਨਗੇ ਪਰ ਉਹ ਹੁਣ ਅੰਬੇਡਕਰ ਜੈਅੰਤੀ ਉੱਤੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਵਾਉਣਾ ਚਾਹੁੰਦੇ ਹਨ। ਸਰਕਾਰ ਦਾ ਕੋਈ ਵੀ ਯਤਨ ਕਿਸਾਨ ਅੰਦੋਲਨ ਨੂੰ ਤੋੜਨ ਵਿੱਚ ਸਫਲ ਨਹੀਂ ਹੋਇਆ। ਹੁਣ ਫਿਰ ਇੱਕ ਯਤਨ ਸਰਕਾਰ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕਰਕੇ ਕੀਤਾ ਜਾ ਰਿਹਾ ਹੈ।
ਭਾਜਪਾ ਦੀ ਸੋਚ ਭਾਈਚਾਰਕ ਸਾਂਝ ਵਧਾਉਣ ਦੀ ਹੈ: ਵਿਸੰਬਰ ਵਾਲਮੀਕਿ
ਬਵਾਨੀ ਖੇੜਾ ਦੇ ਭਾਜਪਾ ਵਿਧਾਇਕ ਵਿਸੰਬਰ ਵਾਲਮੀਿਕ ਨੇ ਕਿਹਾ ਹੈ ਕਿ ਅਗਲੀ 25 ਅਪਰੈਲ ਨੂੰ ਜੀਂਦ ਵਿੱਚ ਡਾ. ਬੀਆਰ ਅੰਬੇਡਕਰ ਦੀ ਜੈਅੰਤੀ ਮਨਾਉਣ ਦੇ ਸਿਲਸਿਲੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਵਿੱਚ ਪ੍ਰਦੇਸ਼ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਖਾਸ ਤੌਰ ’ਤੇ ਸ਼ਿਰਕਤ ਕਰਨਗੇ। ਸਮਾਗਮ ਵਿੱਚ ਸੀਐੱਮ ਦੇ ਰਾਜਨੀਤਕ ਸਕੱਤਰ ਕ੍ਰਿਸ਼ਨ ਕੁਮਾਰ ਬੇਦੀ, ਹੋਡਲ ਦੇ ਵਿਧਾਇਕ ਜਗਦੀਸ਼ ਨਾਇਰ ਅਤੇ ਜੀਂਦ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਵੀ ਸ਼ਾਮਲ ਹੋਣਗੇ। ਪੱਤਰਕਾਰਾਂ ਦੇ ਇਸ ਸੁਆਲ ’ਤੇ ਕਿ ਡਾ. ਅੰਬੇਡਕਰ ਦੀ ਜੈਅੰਤੀ ਦੇ ਨਾਮ ’ਤੇ ਭਾਜਪਾ ਅਤੇ ਜਜਪਾ ਨੇਤਾਵਾਂ ਨੇ ਆੜ ਲਈ ਹੈ ਤਾਂ ਇਸਦੇ ਜਵਾਬ ਵਿੱਚ ਵਾਲਮੀਿਕ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਪ੍ਰਦੇਸ਼ ਸਰਕਾਰ ਅਤੇ ਭਾਜਪਾ ਦੀ ਸੋਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੀ ਹੈ।