ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਸਤੰਬਰ
ਰੋਟਰੀ ਕਲੱਬ ਅੰਬਾਲਾ ਸੈਂਟਰਲ ਨੇ ਇੰਡੀਅਨ ਇੰਸਟੀਚਿਊਟ ਆਫ ਫ਼ੈਸ਼ਨ ਆਰਟ ਨਾਲ ਮਿਲ ਕੇ ਅਧਿਆਪਕ ਦਿਵਸ ਦੇ ਮੌਕੇ ਛਾਉਣੀ ਦੇ ਐੱਸਡੀ ਕਾਲਜ ਆਡੀਟੋਰੀਅਮ ਵਿਚ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅੰਬਾਲਾ ਸ਼ਹਿਰ, ਛਾਉਣੀ, ਸਾਹਾ, ਬਰਾੜਾ ਆਦਿ ਦੇ ਗੈਰ ਸਰਕਾਰੀ ਪਬਲਿਕ ਸਕੂਲਾਂ ਅਤੇ ਕਾਲਜਾਂ ਦੇ 327 ਅਧਿਆਪਕਾਂ ਨੂੰ ਹੁਨਰਮੰਦ ਅਧਿਆਪਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਕਿਹਾ ਕਿ ਬਿਨਾ ਗੁਰੂ ਦੇ ਗਿਆਨ ਪ੍ਰਾਪਤ ਕਰਨਾ ਅਤੇ ਅੱਗੇ ਵਧਣਾ ਔਖਾ ਹੈ। ਇਸ ਮੌਕੇ ਉਨ੍ਹਾਂ ਨੇ ਰੋਟਰੀ ਕਲੱਬ ਅੰਬਾਲਾ ਸੈਂਟਰਲ ਨੂੰ ਸਰਗਰਮੀਆਂ ਚਲਾਉਣ ਲਈ 10 ਲੱਖ ਰੁਪਏ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਰੋਟਰੀ ਕਲੱਬ ਦੇ ਪ੍ਰਧਾਨ ਭੁਪਿੰਦਰ ਓਬਰਾਏ, ਸਕੱਤਰ ਸੁਨੀਲ ਦੱਤ, ਰੋਟੇਰੀਅਨ ਵੀਕੇ ਸ਼ਰਮਾ, ਸੀਨੀਅਰ ਰੋਟੇਰੀਅਨ ਮਨਮੋਹਨ ਮੈਣੀ ਅਤੇ ਅਮਨਪ੍ਰੀਤ ਕੌਰ ਨੇ ਗ੍ਰਹਿ ਮੰਤਰੀ ਨੂੰ ਸਨਮਾਨਿਤ ਕੀਤਾ।