ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਅਕਤੂਬਰ
ਦੁਰਘਟਨਾ ਪੀੜਤਾਂ ਦੀ ਹਰ ਸੰਭਵ ਮਦਦ ਮੁਹੱਈਆ ਕਰਨ ਵਾਲੀ ਹੈਲਪਰਜ਼ ਸ਼ਾਹਬਾਦ ਸੁਸਾਇਟੀ ਵਲੋਂ ਸ੍ਰੀ ਮਦ ਦੇਵੀ ਭਗਵਤੀ ਬਾਲਾ ਸੁੰਦਰੀ ਧਰਮਸ਼ਾਲਾ ਵਿੱਚ 42ਵਾਂ ਵਿਸ਼ਾਲ ਖੂਨ ਦਾਨ ਕੈਂਪ ਲਾਇਆ ਗਿਆ। ਜਿਸ ਵਿੱਚ 287 ਲੋਕਾਂ ਨੇ ਖੂਨ ਦਾਨ ਕਰ ਕੇ ਮਾਨਵਤਾ ਦੀ ਸੇਵਾ ਕੀਤੀ। ਕੈਂਪ ਦਾ ਸ਼ੁਭ ਅਰੰਭ ਬਤੌਰ ਮੁੱਖ ਮਹਿਮਾਨ ਸੇਵਾ ਮੁਕਤ ਸ਼ੈਸ਼ਨ ਜੱਜ ਰਾਜਿੰਦਰ ਪ੍ਰਸ਼ਾਦ, ਸ਼ੂਗਰ ਮਿਲ ਸ਼ਾਹਬਾਦ ਦੇ ਐੱਮਡੀ ਰਾਜੀਵ ਪ੍ਰਸਾਦ ਐੱਚਸੀਐੱਸ , ਅਨਿਲ ਨਾਗਰ ਐੱਮਡੀ ਓਸਵਾਲ ਇੰਡੀਆ ਐਗਰੋ ਕੈਮੀਕਲ ਨੇ ਦੀਪ ਜਗਾ ਕੇ ਕੀਤਾ। ਐੱਮਡੀ ਰਾਜੀਵ ਪ੍ਰਸ਼ਾਦ ਨੇ ਇਸ ਮੌਕੇ ਕਿਹਾ ਕਿ ਸੁਸਾਇਟੀ ਵਲੋਂ ਕੀਤੇ ਜਾ ਰਹੇ ਯਤਨ ਲੋਕਾਂ ਨੂੰ ਵਧ ਚੜ੍ਹ ਕੇ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਮਾਨਵਤਾ ਦੀ ਸੇਵਾ ਨੂੰ ਨਰਾਇਣ ਸੇਵਾ ਕਿਹਾ ਗਿਆ ਹੈ ਸੁਸਾਇਟੀ ਖੂਨ ਦਾਨ ਕੈਂਪ ਲਾ ਕੇ ਨੌਜਵਾਨਾਂ ਨੂੰ ਸਮਾਜਿਕ ਕੰਮਾਂ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਖੁਦ ਅੱਜ 28ਵੀਂ ਵਾਰ ਖੂਨ ਦਾਨ ਕੀਤਾ। ਸ਼ੈਸ਼ਨ ਜੱਜ ਨੇ ਕਿਹਾ ਕਿ ਖੂਨਦਾਨ ਕਰਨ ਤੋਂ ਵੱਡਾ ਹੋਰ ਕੋਈ ਪੁੰਨ ਦਾ ਕਾਰਜ ਨਹੀਂ। ਸੁਸਾਇਟੀ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਦੱਸਿਆ ਕਿ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਸੈਕਟਰ-32 ਤੋਂ ਡਾ. ਪਲਕ ਦੀ ਟੀਮ ਤੇ ਪੀਜੀਆਈ ਸੈਕਟਰ-12 ਤੋਂ ਡਾਕਟਰ ਐੱਚਕੇ ਧੀਮਾਨ ਦੀ ਟੀਮ ਨੇ 287 ਯੂਨਿਟ ਖੂਨ ਇਕੱਠਾ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਨੇ ਹਰ ਮਹੀਨੇ ਖੂਨਦਾਨ ਕੈਂਪ ਲਾਉਣ ਦਾ ਫ਼ੈਸਲ ਕੀਤਾ ਹੈ। ਇਸ ਤੋਂ ਇਲਾਵਾ ਜਨਵਰੀ ਮਹੀਨੇ ਵਿੱਚ ਇਕ ਮੈਘਾ ਖੂਨ ਦਾਨ ਕੈਂਪ ਲਾ ਕੇ 1000 ਤੋਂ ਵੱਧ ਯੂਨਿਟ ਖੂਨ ਇਕੱਠਾ ਕੀਤਾ ਜਾਏਗਾ। ਖੂਨ ਦਾਨੀਆਂ ਨੂੰ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ।