ਪੱਤਰ ਪ੍ਰੇਰਕ
ਰਤੀਆ, 11 ਮਾਰਚ
ਰਤੀਆ ਪੁਲੀਸ ਨੇ ਫੌਜ ਦੀ ਭਰਤੀ ਲਈ ਜਾਅਲੀ ਕੋਵਿਡ ਰਿਪੋਰਟਾਂ ਤਿਆਰ ਕਰਨ ਦੇ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਵਿਅਕਤੀ ਫਰਾਰ ਹੋ ਗਿਆ। ਰਤੀਆ ਪੁਲੀਸ ਨੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਨਵਜੋਤ ਸਿੰਘ ਦੀ ਸ਼ਿਕਾਇਤ ’ਤੇ ਫੌਜ ਵਿੱਚ ਭਰਤੀ ਹੋਣ ਲਈ ਕੋਵਿਡ-19 ਦੀਆਂ ਫਰਜ਼ੀ ਰਿਪੋਰਟਾਂ ਬਣਾਉਣ ਸਬੰਧੀ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ, ਜਿਸ ਵਿੱਚ ਪਿੰਡ ਪਿਲਛੀਆਂ ਵਾਸੀ ਗੁਰਸੇਵਕ ਸਿੰਘ ਅਤੇ ਪਿੰਡ ਕਮਾਨਾ ਵਾਸੀ ਬਿੰਟੂ ’ਤੇ ਫੌਜ ਵਿੱਚ ਭਰਤੀ ਲਈ ਕੋਵਿਡ-19 ਦੀਆਂ ਜਾਅਲੀ ਰਿਪੋਰਟਾਂ ਬਣਾ ਕੇ ਐੱਸਐੱਮਓ ਤੋਂ ਦਸਖਤ ਕਰਾਉਣ ਦਾ ਦੋਸ਼ ਹੈ। ਰਤੀਆ ਪੁਲੀਸ ਨੇ ਮਾਮਲਾ ਦਰਜ ਕਰਦਿਆਂ ਗੁਰਸੇਵਕ ਸਿੰਘ ਅਤੇ ਗੁਰਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਐੱਸਐੱਚਓ ਸਿਟੀ ਕੁਲਦੀਪ ਗਢਵਾਲ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ ਅਤੇ ਤੀਜੇ ਵਿਅਕਤੀ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਰਤੀਆ ਪੁਲੀਸ ਫੌਜ ਭਰਤੀ ਕੈਂਪ ਵਿੱਚ ਜਾ ਕੇ ਜਾਂਚ ਕਰੇਗੀ।