ਗੁਰੂਗ੍ਰਾਮ, 26 ਮਈ
ਬੀਤੇ 24 ਘੰਟਿਆਂ ਵਿੱਚ ਗੁਰੂਗ੍ਰਾਮ ਵਿੱਚ ਬਲੈਕ ਫੰਗਸ ਦੇ 14 ਮਾਮਲੇ ਮਿਲੇ ਹਨ। ਸਿਹਤ ਵਿਭਾਗ ਮੁਤਾਬਕ ਨਵੇਂ ਕੇਸਾਂ ਨਾਲ ਗੁਰੂਗ੍ਰਾਮ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 170 ਹੋ ਗਈ ਹੈ। ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਗੁਰੂਗ੍ਰਾਮ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਤੇ ਸੂਬਿਆਂ ਵਿੱਚ ਰਹਿਣ ਵਾਲੇ ਮਰੀਜ਼ ਵੀ ਸ਼ਾਮਲ ਹਨ ਜਿਨ੍ਹਾਂ ਦਾ ਜ਼ਿਲ੍ਹੇ ਦੇ ਵੱਖੋ-ਵੱਖਰੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ ਜੰਮੂ ਕਸ਼ਮੀਰ ਵਿੱਚ ਬਲੈਕ ਫੰਗਸ ਨਾਲ ਪੀੜਤ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਜਦਕਿ ਇਸ ਬਿਮਾਰੀ ਨਾਲ ਪੀੜਤ ਅੱਠ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਣਛ ਜ਼ਿਲ੍ਹੇ ਨਾਲ ਸਬੰਧਤ ਬਲੈਕ ਫੰਗਸ ਦੇ ਦੂਜੇ ਮਰੀਜ਼ ਦੀ ਹਸਪਤਾਲ ਵਿੱਚ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ ਬਲੈਕ ਫੰਗਸ ਦੇ ਛੇ ਕੇਸਾਂ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਕੇਸ 20 ਮਈ ਨੂੰ ਹਮੀਰਪੁਰ ਜ਼ਿਲ੍ਹੇ ਵਿੱਚ ਮਿਲਿਆ ਸੀ ਜਦਕਿ ਤਿੰਨ ਕੇਸ ਕਾਂਗੜਾ ਅਤੇ ਦੋ ਸੋਲਨ ’ਚ ਮਿਲੇ ਹਨ। -ਏਜੰਸੀਆਂ
ਕਰੋਨਾ ਲਾਗ ਦੇ ਪਹਿਲੇ ਹਫ਼ਤੇ ਸਟੀਰੌਇਡ ਦੀ ਵਰਤੋਂ ਨਾ ਕਰਨ ਦੀ ਸਲਾਹ
ਬੰਗਲੁਰੂ: ਸੂਬੇ ਵਿੱਚ ਬਲੈਕ ਫੰਗਸ ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਦਰਮਿਆਨ ਕਰਨਾਟਕ ਦੇ ਸਿਹਤ ਮੰਤਰੀ ਡਾ. ਕੇ ਸੁਧਾਕਰ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ- 19 ਨਾਲ ਪੀੜਤ ਮਰੀਜ਼ਾਂ ਨੂੰ ਪਹਿਲੇ ਹਫ਼ਤੇ ਵਿੱਚ ਸਟੀਰੌਇਡ ਨਾ ਦੇਣ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਹਰ ਜ਼ਿਲ੍ਹਾ ਹਸਪਤਾਲ ਵਿੱਚ ਪੋਸਟ ਕੋਵਿਡ ਕੇਅਰ ਵਾਰਡ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਬਲੈਕ ਫੰਗਸ ਦੇ ਕੇਸਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਵਿੱਚ ਸ਼ੂਗਰ ਦਾ ਪੱਧਰ ਕੰਟਰੋਲ ਤੋਂ ਬਾਹਰ ਹੈ, ਜੇਕਰ ਉਨ੍ਹਾਂ ਨੂੰ ਸਟੀਰੌਇਡ ਦੇ ਦਿੱਤੇ ਜਾਂਦੇ ਹਨ ਤਾਂ ਅੱਗੇ ਜਾ ਕੇ ਇਹ ਮਿਊਕਰਮਾਇਕੋਸਿਸ ਜਾਂ ਬਲੈਕ ਫੰਗਸ ਦਾ ਕਾਰਨ ਬਣਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੁੱਕੀ ਖੰਘ ਵਾਲੇ ਮਰੀਜ਼ਾਂ ਨੂੁੰ ਵੀ ਬਲੈਕ ਫੰਗਸ ਹੋਣ ਦਾ ਖ਼ਤਰਾ ਰਹਿੰਦਾ ਹੈ। -ਪੀਟੀਆਈ