ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਪੁਲੀਸ ਨੇ ਇਕ ਲੜਕੀ ਦੀ ਸ਼ਿਕਾਇਤ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਕਥਿਤ ਤੌਰ ’ਤੇ 14.60 ਰੁਪਏ ਠੱਗਣ ਦਾ ਮਾਮਲਾ ਦਰਜ ਕੀਤਾ ਹੈ। ਸ਼ਹਿਰ ਦੀ ਜੱਗੀ ਕਲੋਨੀ ਵਾਸੀ ਸੀਮਾ ਨੇ ਦੱਸਿਆ ਕਿ ਸ਼ਾਰਦਾ ਨਗਰ ਵਾਸੀ ਜਸਬੀਰ ਕੌਰ ਦਾ ਲੜਕਾ ਵਿਕਰਮ ਕੈਨੇਡਾ ਵਿਚ ਸੈਟਲ ਹੈ। ਵਿਕਰਮ ਅਕਸਰ ਅੰਬਾਲਾ ਆਉਂਦਾ-ਜਾਂਦਾ ਰਹਿੰਦਾ ਹੈ। ਉਸ ਨੇ ਦੋਸ਼ ਲਾਇਆ ਕਿ ਮਾਂ-ਪੁੱਤ ਨੇ ਉਸ ਨੂੰ 20 ਲੱਖ ਰੁਪਏ ਵਿੱਚ ਕੈਨੇਡਾ ਭੇਜਣ ਦਾ ਲਾਲਚ ਦਿੱਤਾ। ਉਸ ਨੇ 13 ਲੱਖ 40 ਹਜ਼ਾਰ ਰੁਪਏ ਪੇਸ਼ਗੀ ਦੇ ਦਿੱਤੇ। ਇਸ ਤੋਂ ਬਾਅਦ 1 ਲੱਖ 20 ਹਜ਼ਾਰ ਰੁਪਏ ਹੋਰ ਦਿੱਤੇ। ਇਸ ਦੇ ਬਾਜਵੂਦ ਦੋਵੇਂ ਮਾਂ-ਪੁੱਤ ਉਸ ਨੂੰ ਕੈਨੇਡਾ ਭੇਜਣ ਤੋਂ ਨਾ-ਨੁੱਕਰ ਕਰਨ ਲੱਗੇ ਅਤੇ ਕਥਿਤ ਤੌਰ ’ਤੇ ਜਾਨੋਂ ਮਾਰਨ ਅਤੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਲੱਗ ਪਏ।