ਨਿਜੀ ਪੱਤਰ ਪ੍ਰੇਰਕ
ਅੰਬਾਲਾ, 25 ਅਗਸਤ
ਬਰਾੜਾ ਵਾਸੀ ਪ੍ਰਕਾਸ਼ੋ ਦੇਵੀ ਪਤਨੀ ਮਰਹੂਮ ਰਾਜ ਕੁਮਾਰ ਨੇ ਸੱਕੀ ਨਨਾਣ ਦੇ ਲੜਕੇ ਜ਼ਿਲ੍ਹਾ ਕਰਨਾਲ ਵਾਸੀ ਸੰਦੀਪ ਕੁਮਾਰ, ਉਸ ਦੀ ਪਤਨੀ ਪਿੰਕੀ ਰਾਣੀ, ਹੰਸ ਰਾਜ ਤੇ ਉਰਮਿਲਾ ਪਤਨੀ ਹੰਸਰਾਜ ਤੇ ਡੌਂਕਰਾਂ ਖ਼ਿਲਾਫ਼ ਉਸ ਦੇ ਬੇਟੇ ਅਮਨ ਨੂੰ ਬਾਹਰ ਭੇਜਣ ਦੇ ਨਾਂ ’ਤੇ 13 ਲੱਖ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਕਰਾਇਆ ਹੈ। ਪ੍ਰਕਾਸ਼ੋ ਦੇਵੀ ਨੇ ਦੱਸਿਆ ਕਿ ਸੰਦੀਪ ਕੁਮਾਰ ਤੇ ਪਿੰਕੀ ਜੂਨ 2021 ’ਚ ਉਸ ਦੇ ਘਰ ਆਏ ਤੇ ਕਿਹਾ ਕਿ ਉਹ ਉਸ ਦੇ ਬੇਟੇ ਅਮਨ ਨੂੰ 14 ਲੱਖ ਰੁਪਏ ’ਚ ਪੁਰਤਗਾਲ ਸੈਟਲ ਕਰਵਾ ਦੇਣ ਭਾਵੇਂ ਲੋਕਾਂ ਕੋਲੋਂ ਉਹ 17-18 ਲੱਖ ਰੁਪਏ ਲੈਂਦੇ ਹਨ ਤੇ ਹੁਣ ਤੱਕ 70-80 ਲੜਕਿਆਂ ਨੂੰ ਬਾਹਰ ਸੈਟਲ ਕਰਵਾ ਚੁੱਕੇ ਹਨ। ਉਸ ਨੇ ਆਪਣਾ ਪਲਾਟ ਵੇਚਿਆ ਤੇ ਕੁਝ ਪੈਸੇ ਭਰਾ ਕੋਲੋਂ ਫੜੇ। ਸੰਦੀਪ ਨੇ 18 ਮਾਰਚ 2022 ਨੂੰ ਅਮਨ ਦੀ ਫਲਾਈਟ ਦੁਬਈ ਦੀ ਕਰਵਾ ਦਿੱਤੀ ਜਿੱਥੇ ਉਹ ਮਹੀਨਾ ਰੁਕਿਆ। ਡੌਂਕਰਾਂ ਨੇ ਉਸ ਕੋਲੋਂ ਇਕ ਹਜ਼ਾਰ ਦੀਨਾਰ ਖੋਹ ਲਏ। ਹੋਰ ਪੈਸੇ ਲੈ ਕੇ ਅਮਨ ਨੂੰ ਸਰਬੀਆ ਭੇਜ ਦਿੱਤਾ ਜਿੱਥੇ ਉਸ ਨੂੰ ਹਰ ਰੋਜ਼ ਤਸੀਹੇ ਦਿੱਤੇ ਗਏ ਤੇ ਉਸ ਕੋਲੋਂ 1500 ਯੂਰੋ ਤੇ ਫ਼ੋਨ ਵੀ ਖੋਹ ਲਿਆ। ਸਰਬੀਆ ’ਚ ਅਮਨ ਨੂੰ ਭੁੱਖਾ-ਪਿਆਸਾ ਰੱਖਿਆ ਗਿਆ। ਮੁਲਜ਼ਮਾਂ ਨੇ 3 ਮਈ 2022 ਨੂੰ ਅਮਨ ਨੂੰ ਭਾਰਤ ਬੁਲਾ ਲਿਆ। ਹੁਣ ਜਦੋਂ ਉਹ ਪੈਸੇ ਮੰਗਣ ਗਈ ਤਾਂ ਉਸ ਨੂੰ ਧੱਕੇ ਮਾਰੇ ਤੇ ਗਾਲ੍ਹਾਂ ਕੱਢੀਆਂ ਗਈਆਂ।