ਪੱਤਰ ਪ੍ਰੇਰਕ
ਡੱਬਵਾਲੀ, 16 ਅਗਸਤ
ਅੱਜ ਇੱਥੇ ਮੋਟਰਸਾਇਕਲ ਸਵਾਰ ਤਿੰਨ ਲੁਟੇਰਿਆਂ ਨੇ ਕੋਰੀਅਰ ਕੰਪਨੀ ਦੇ ਕੈਸ਼ੀਅਰ ਤੋਂ 11.44 ਲੱਖ ਰੁਪਏ ਲੁੱਟ ਲਏ। ਘਟਨਾ ਉਸ ਸਮੇਂ ਵਾਪਰੀ ਜਦੋਂ ਇੰਸਟਾਕਾਰਡ ਕੋਰੀਅਰ ਦਾ ਕੈਸ਼ੀਅਰ ਮੁਕੇਸ਼ ਕੁਮਾਰ ਪੁਤਰ ਵਿਨੋਦ ਕੁਮਾਰ ਵਾਸੀ ਮੰਡੀ ਕਿੱਲਿਆਂਵਾਲੀ ਆਪਣੇ ਦਫ਼ਤਰ ਤੋਂ ਮੋਟਰਸਾਈਕਲ ’ਤੇ ਕੇਨਰਾ ਬੈਂਕ ਬਰਾਂਚ ਵਿੱਚ ਰੁਪਏ ਜਮਾ ਕਰਵਾਉਣ ਜਾ ਰਿਹਾ ਸੀ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 3 ਦੇ ਕੋਲ ਪਹਿਲਾਂ ਤੋਂ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਸਮੇਤ ਖੜ੍ਹੇ ਤਿੰਨ ਜਣਿਆਂ ਨੇ ਰਾਡਾਂ ਆਦਿ ਨਾਲ ਉਸਦੀ ਮਾਰ-ਕੁੱਟ ਸ਼ੁਰੂ ਕਰਕੇ ਉਸਦੇ ਰੁਪਏ ਵਾਲੇ ਬੈਗ ਦੀ ਖਿੱਚ-ਧੂਹ ਸ਼ੁਰੂ ਕਰ ਦਿੱਤੀ। ਲੁਟੇਰਿਆਂ ਨੇ ਉਸ ਕੋਲੋਂ 11 ਲੱਖ 44 ਹਜ਼ਾਰ 327 ਰੁਪਏ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਕੁਝ ਮਿੰਟ ਦੀ ਘਟਨਾ ’ਚ ਜਦੋਂ ਲੋਕਾਂ ਨੇ ਲੁਟੇਰਿਆਂ ਨੂੰ ਕੈਸ਼ੀਅਰ ਦੀ ਮਾਰ-ਕੁੱਟ ਦਾ ਕਾਰਨ ਪੁੱਛਿਆ ਤਾਂ ਉਨਾਂ ਕਿਹਾ ਕਿ ‘ਲੜਕੀਆਂ ਨੂੰ ਛੇੜਦਾ ਅਤੇ ਮੈਸੇਜ ਕਰਦਾ ਹੈ।’ ਜਿਸ ’ਤੇ ਲੋਕ ਚੁੱਪ ਕਰ ਗਏ। ਲੁਟੇਰਿਆਂ ਨੇ ਚਿਹਰੇ ਰੁਮਾਲ ਨਾਲ ਢੱਕੇ ਹੋਏ ਸਨ। ਘਟਨਾ ਦੀ ਕੁੱਝ ਸੈਕਿੰਡ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਮਾਰ-ਕੁੱਟ ਕਰਦੇ ਲੁਟੇਰਿਆਂ ਦੇ ਚਿਹਰੇ ਵਿਖਾਈ ਦੇ ਰਹੇ ਹਨ। ਥਾਣਾ ਸਿਟੀ ਮੁਖੀ ਸੱਤਿਆਵਾਨ ਨੇ ਕਿਹਾ ਕਿ ਲੁਟੇਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।