ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 17 ਮਈ
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਰੋਨਾ ਤਬਾਹੀ ਦੇ ਇਸ ਦੌਰ ਵਿੱਚ ਰਾਜ ਸਰਕਾਰ ਲੋਕਾਂ ਦੀ ਸਹਾਇਤਾ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਤੇ ਡਾਕਟਰ ਵੀ ਇਸ ਕੰਮ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਵੀ ਲੋਕਾਂ ਦੀ ਮਦਦ ਲਈ ਅੱਗੇ ਵਧਣਾ ਹੈ। ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੈਕਟਰ 16-ਏ ਵਿੱਚ ਸਥਿਤ ਮੈਟਰੋ ਮਲਟੀਸਪੈਸ਼ਲਿਟੀ ਹਸਪਤਾਲ ਦੀ ਦੂਜੀ ਇਕਾਈ ਵਿੱਚ ਕੋਵਿਡ -19 ਨਾਲ ਮਰੀਜ਼ਾਂ ਲਈ ਸ਼ੁਰੂ ਕੀਤੀ 100 ਬਿਸਤਰਿਆਂ ਦੀ ਯੂਨਿਟ ਦਾ ਉਦਘਾਟਨ ਕਰਨ ਲਈ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਮੁੱਖ ਮੰਤਰੀ ਸ੍ਰੀ ਖੱਟਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਇਸ ਭਿਆਨਕ ਯੁੱਗ ਵਿੱਚ ਆਮ ਆਦਮੀ ਦੀਆਂ ਉਮੀਦਾਂ ਅਨੁਸਾਰ ਸਾਰਿਆਂ ਦੇ ਸਮੂਹਿਕ ਯਤਨਾਂ ਨੇ ਕਰੋਨਾ ਦੇ ਮਾੜੇ ਪ੍ਰਭਾਵਾਂ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ। ਉਨ੍ਹਾਂ ਸਮੂਹ ਡਾਕਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਪਤਾ ਦੇ ਦੌਰ ਵਿੱਚ ਹਰ ਕੋਈ ਡਾਕਟਰਾਂ ਵੱਲ ਵੇਖ ਰਿਹਾ ਹੈ, ਸਾਨੂੰ ਗਰੀਬਾਂ ਅਤੇ ਅਮੀਰਾਂ ਵਿੱਚ ਫਰਕ ਕੀਤੇ ਬਿਨਾਂ ਲੋਕਾਂ ਦੀ ਮਦਦ ਲਈ ਹਰ ਸਮੇਂ ਅੱਗੇ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਬਿਸਤਰਿਆਂ ਦੀ ਗਿਣਤੀ 17000 ਤੋਂ ਵਧਾ ਕੇ 19000 ਕਰ ਦਿੱਤੀ ਹੈ।