ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 4 ਅਗਸਤ
ਐੱਸਟੀਐੱਫ ਨੇ ਅੰਬਾਲਾ-ਦਿੱਲੀ ਜੀਟੀ ਰੋਡ ’ਤੇ ਮਿਰਚੀ ਹੋਟਲ ਨੇੜਿਉਂ ਖੇਤਾਂ ਵਿੱਚੋਂ 1.3 ਕਿਲੋਗ੍ਰਾਮ ਆਰਡੀਐੱਕਸ ਬਰਾਮਦ ਕੀਤਾ ਹੈ। ਸੂਚਨਾ ਮਿਲਦੇ ਹੀ ਐਸਪੀ ਸੁਰਿੰਦਰ ਕੁਮਾਰ ਭੌਰੀਆ ਅਤੇ ਏਐਸਪੀ ਕਰਨ ਗੋਇਲ ਟੀਮ ਸਣੇ ਮੌਕੇ ’ਤੇ ਪੁੱਜੇ। ਐੱਸਟੀਐੱਫ ਨੇ ਤਰਨਤਾਰਨ ਵਾਸੀ ਸ਼ਮਸ਼ੇਰ ਸਿੰਘ ਪੁੱਤਰ ਪ੍ਰਗਟ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ ਮਿਰਚੀ ਹੋਟਲ ਨੇੜਿਉਂ 1.3 ਕਿਲੋ ਆਰਡੀਐਕਸ, ਆਈਈਡੀ, ਡੈਟੋਨੇਟਰ ਟਾਈਮਰ, ਵਿਸਫੋਟਕ ਬੈਟਰੀ ਅਤੇ ਬਾਕਸ ਬਰਾਮਦ ਕੀਤਾ।
ਜਾਣਕਾਰੀ ਅਨੁਸਾਰ ਐੱਸਟੀਐੱਫ ਦੀ ਟੀਮ ਸ਼ਾਮ 5:15 ਵਜੇ ਮਿਰਚੀ ਹੋਟਲ ਨੇੜੇ ਪੁੱਜੀ ਤੇ ਉਥੋਂ ਆਰਡੀਐਕਸ ਅਤੇ ਆਈਡੀ ਬਰਾਮਦ ਕੀਤਾ। ਇਸ ਮੌਕੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਇਸ ਟੀਮ ਨੇ ਸਵਾ ਛੇ ਵਜੇ ਆਈਈਡੀ ਨੂੰ ਨਕਾਰਾ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਕਰੀਬ 15 ਮਿੰਟ ਤੱਕ ਅੰਬਾਲਾ ਤੋਂ ਸ਼ਾਹਬਾਦ ਪਾਸੇ ਜਾਣ ਵਾਲੀ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਤੋਂ ਬਾਅਦ ਪੁਲੀਸ ਟੀਮ ਸ਼ਾਹਬਾਦ ਥਾਣੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ। ਇਸ ਤੋਂ ਬਾਅਦ ਐਸਟੀਐਫ ਦੀ ਟੀਮ ਸ਼ਮਸ਼ੇਰ ਸਿੰਘ ਨੂੰ ਲੈ ਕੇ ਰਵਾਨਾ ਹੋ ਹੋਈ। ਏਐਸਪੀ ਕਰਨ ਗੋਇਲ ਨੇ ਦੱਸਿਆ ਕਿ ਐਸਟੀਐਫ ਦੀ ਟੀਮ ਨੇ ਤਰਨ ਤਾਰਨ ਤੋਂ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਟੀਮ ਨੇ ਜੀਟੀ ਰੋਡ ਨਾਲ ਦਰੱਖਤ ਹੇਠੋਂ ਇਹ ਆਰਡੀਐਕਸ ਅਤੇ ਆਈਈਡੀ ਬਰਾਮਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਐਸਐਫਐਫਐਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ ਪਰ ਟੀਮ ਨੇ ਮੁੱਢਲੇ ਤੌਰ ’ਤੇ ਇਸ ਵਿੱਚ ਆਰਡੀਐਕਸ ਹੋਣ ਦੀ ਪੁਸ਼ਟੀ ਕੀਤੀ ਹੈ। ਸ਼ਮਸ਼ੇਰ ਸਿੰਘ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।