ਟੋਹਾਣਾ: ਇੱਥੋਂ ਦੇ ਇੱਕ ਪੈਟਰੋਲ ਪੰਪ ਤੋਂ ਹਥਿਆਰਬੰਦ ਲੁਟੇਰੇ ਸਵਾ ਲੱਖ ਤੋਂ ਵੱਧ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਅਰੂਣਾ ਪੈਟਰੋਲ ਪੰਪ ਦੇ ਕਰਿੰਦੇ ਵਰਿੰਦਰ ਕੁਮਾਰ ਤੇ ਰਵੀ ਨੇ ਦੱਸਿਆ ਕਿ ਲੁਟੇਰੇ ਮੋਟਰਸਾਈਕਲ ’ਤੇ ਆਏ ਸਨ ਅਤੇ ਉਨ੍ਹਾਂ ਆਉਂਦਿਆਂ ਹੀ ਵਰਿੰਦਰ ਤੋਂ ਪੈਸਿਆਂ ਦੀ ਮੰਗ ਕੀਤੀ। ਇਸ ਮਗਰੋਂ ਪਿਸਤੌਲ ਦਿਖਾ ਕੇ ਉਹ ਉਸ ਨੂੰ ਦਫ਼ਤਰ ਦੇ ਅੰਦਰ ਲੈ ਗਏ ਅਤੇ ਕੈਸ਼ ਬਾਕਸ ਵਿੱਚ ਰੱਖੀ ਨਕਦੀ ਥੈਲੇ ਵਿੱਚ ਪਾ ਲਈ। ਦੂਜੇ ਲੁਟੇਰੇ ਨੇ ਚਾਕੂ ਨਾਲ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਤੇ ਡੀਵੀਆਰ ਵੀ ਚੁੱਕ ਕੇ ਲੈ ਗਏ। ਲੁਟੇਰੇ ਸੁਲੀਖੇੜਾ ਵਾਲੀ ਸੜਕ ਤੋਂ ਫ਼ਰਾਰ ਹੋਏ ਦੱਸੇ ਗਏ ਹਨ। ਪੁਲੀਸ ਨੂੰ ਸੂਚਨਾ ਦੇਣ ’ਤੇ ਐੱਸਐੱਚਓ ਭੱਠੂਕਲਾਂ ਮੌਕੇ ’ਤੇ ਪੁੱਜੇ ਤੇ ਫਤਿਹਾਬਾਦ ਤੋਂ ਸੀਆਈਏ ਨੇ ਜਾਇਜ਼ਾ ਲਿਆ। ਐੱਸਐੱਚਓ ਨੇ ਦੱਸਿਆ ਕਿ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ