ਨਸ਼ਿਆਂ ਲਈ ਇਕੱਲਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਨਹੀਂ
ਪੰਜਾਬ ਵਿਚ ਨਿੱਤ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਹਨ। ਨਸ਼ਿਆਂ ਦੇ ਰੁਝਾਨ ਦੇ ਕਈ ਕਾਰਨ ਹਨ ਜਿਵੇਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ, ਬੇਰੁਜ਼ਗਾਰੀ, ਪੱਛਮੀ ਸੱਭਿਅਤਾ ਦਾ ਵਧਦਾ ਪ੍ਰਭਾਵ ਅਤੇ ਮਾਪਿਆਂ ਦਾ ਬੱਚਿਆਂ ਪ੍ਰਤੀ ਲਾਪ੍ਰਵਾਹ ਹੋਣਾ ਆਦਿ। ਨਸ਼ਿਆਂ ਦਾ ਦੋਸ਼ ਇਕੱਲੇ ਸਰਕਾਰ ਜਾਂ ਪ੍ਰਸ਼ਾਸਨ ਨੂੰ ਦੇਣਾ ਵੀ ਗ਼ਲਤ ਹੋਵੇਗਾ, ਮਾਪੇ ਵੀ ਬਰਾਬਰ ਜ਼ਿੰਮੇਵਾਰ ਹਨ। ਜੇ ਬੱਚੇ ਕਿਸੇ ਕੰਮ ਵਿਚ ਅਸਫਲ ਹੁੰਦੇ ਹਨ ਤਾਂ ਮਾਪਿਆਂ ਨੂੰ ਉਨ੍ਹਾਂ ਦਾ ਡਟ ਕੇ ਸਾਥ ਦੇਣ ਚਾਹੀਦਾ ਹੈ ਅਤੇ ਇੰਨੀ ਵੀ ਖੁੱਲ੍ਹ ਨਹੀਂ ਦੇਣੀ ਚਾਹੀਦੀ ਕਿ ਉਹ ਮਾੜੇ ਅਨਸਰਾਂ ਦੇ ਧੱਕੇ ਚੜ੍ਹ ਕੇ ਮਾੜੇ ਰਾਹ ਤੁਰ ਪੈਣ।
ਗੁਰਇਕਬਾਲ ਸਿੰਘ ਮੌੜ ਮੰਡੀ, ਜ਼ਿਲ੍ਹਾ ਬਠਿੰਡਾ। ਸੰਪਰਕ: 94789-86584
ਨੌਜਵਾਨਾਂ ਨੂੰ ਪਹਿਲਾਂ ਹੀ ਸਹੀ ਪਾਸੇ ਲਾਉਣਾ ਚਾਹੀਦਾ
ਜਿਸ ਤਰ੍ਹਾਂ ਵਹਿੰਦੇ ਪਾਣੀ ਦੀ ਊਰਜਾ ਨੂੰ ਬੰਨ੍ਹ ਲਾ ਕੇ ਉਸ ਤੋਂ ਬਿਜਲੀ ਪੈਦਾ ਕਰ ਕੇ ਉਸ ਤੋਂ ਉਸਾਰੂ ਤੇ ਸੁਚਾਰੂ ਕੰਮ ਲਿਆ ਜਾਂਦਾ ਹੈ, ਉਸੇ ਤਰ੍ਹਾਂ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੇ ਸਾਰਥਕ ਨਤੀਜੇ ਨਿਕਲ ਸਕਦੇ ਹਨ। ਅਜੋਕੇ ਨੌਜਵਾਨ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਭਵਿੱਖੀ ਅਨਿਸ਼ਚਿਤਤਾ, ਸਾਮਰਾਜੀ ਪ੍ਰਬੰਧ ਤੋਂ ਪ੍ਰੇਸ਼ਾਨੀ ਕਾਰਨ ਨਾਉਮੀਦੀ ਵਿਚ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ, ਕਿਉਂਕਿ ਸਿਆਸੀ-ਪ੍ਰਸ਼ਾਸਕੀ ਤੇ ਅਪਰਾਧੀਆਂ ਦਾ ਗੱਠਜੋੜ ਨਸ਼ਿਆਂ ਨੂੰ ਅਸਾਨੀ ਨਾਲ ਲੋਕਾਂ ਤੱਕ ਪਹੁੰਚਾ ਰਿਹਾ ਹੈ। ਇਸ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਸਾਰੂ ਸਾਹਿਤ ਪੜ੍ਹਨ ਦੀ ਚੇਟਕ ਲਾਉਣ ਅਤੇ ਮਿਹਨਤ ਕਰਕੇ ਮਨੋਬਲ ਵਧਾਉਣ ਦੇ ਰਾਹ ਪਾ ਕੇ ਉਨ੍ਹਾਂ ਨੂੰ ਗ਼ਲਤ ਪਾਸੇ ਜਾਣ ਤੋਂ ਬਚਾਇਆ ਜਾ ਸਕਦਾ ਹੈ।
ਸੁਮਨਦੀਪ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਸੰਪਰਕ: 94177-59017
ਨਸ਼ਿਆਂ ਦਾ ਮੁੱਖ ਕਾਰਨ ਕਮਜ਼ੋਰ ਮਾਨਸਿਕਤਾ
ਅੱਜ ਕਲ੍ਹ ਨੌਜਵਾਨ ਪੀੜ੍ਹੀ ਦਿਨੋ-ਦਿਨ ਨਸ਼ਿਆਂ ਵਿਚ ਗਰਕਦੀ ਜਾ ਰਹੀ ਹੈ। ਇਹ ਸਭ ਕਮਜ਼ੋਰ ਮਾਨਸਿਕਤਾ ਕਾਰਨ ਹੈ। ਜਦੋਂ ਕੋਈ ਨੌਜਵਾਨ ਕਿਸੇ ਖੇਤਰ ਵਿਚ ਅਸਫਲ ਹੋ ਜਾਂਦਾ ਹੈ ਤਾਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਪ੍ਰੇਸ਼ਾਨੀ ਘਟਾਉਣ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ। ਦੂਜੇ ਪਾਸੇ ਬੇਰੁਜ਼ਗਾਰੀ ਵੀ ਨਸ਼ਿਆਂ ਦਾ ਵੱਡਾ ਕਾਰਨ ਹੈ, ਜਦੋਂ ਪੜ੍ਹ ਲਿਖ ਕੇ ਨੌਜਵਾਨ ਹੱਥਾਂ ਵਿਚ ਡਿਗਰੀਆਂ ਲੈ ਕੇ ਵਿਹਲੇ ਘੁੰਮਣਦੇ ਹਨ ਅਤੇ ਕੋਈ ਰੁਜ਼ਗਾਰ ਨਹੀਂ ਮਿਲਦਾ ਤੇ ਉਹ ਲੋਕਾਂ ਦੇ ਤਾਹਨੇ ਮਿਹਣਿਆਂ ਤੋਂ ਅੱਕ ਕੇ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ। ਆਪਣੀ ਸੋਚ ਨੂੰ ਸਹੀ ਪਾਸੇ ਲਾ ਕੇ ਮਾਨਸਿਕ ਤਣਾਅ ਘਟਾਉਣ ਦੀ ਥਾਂ ਉਹ ਨਸ਼ਿਆਂ ਦਾ ਸਹਾਰਾ ਲੈਂਦੇ ਹਨ।
ਜਗਜੀਤ ਸਿੰਘ ਅਸੀਰ, ਡੱਬਵਾਲੀ।
ਪੰਜਾਬੀ ਖ਼ੁਦ ਮਾਰਨ ਨਸ਼ਿਆਂ ਦੇ ਖ਼ਾਤਮੇ ਲਈ ਹੰਭਲਾ
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਨ ’ਤੇ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ ਤੇ ਸ਼ਾਇਦ ਉਨ੍ਹਾਂ ਨਸ਼ੇ ਦਾ ਅਜਿਹਾ ਲੱਕ ਤੋੜਿਆ ਕਿ ਇਹ ਇਥੇ ਹੀ ਰਹਿ ਗਿਆ ਤੇ ਪੰਜਾਬ ਛੱਡ ਕੇ ਬਾਹਰ ਨਹੀਂ ਜਾ ਸਕਦਾ। ਹੁਣ ਪੰਜਾਬੀਆਂ ਨੂੰ ਆਪ ਹੀ ਹੰਭਲਾ ਮਾਰ ਕੇ ਸਰਕਾਰ ਵੱਲੋਂ ਅਪਾਹਿਜ ਕੀਤੇ ਨਸ਼ੇ ਨੂੰ ਖ਼ਤਮ ਕਰਨਾ ਪਵੇਗਾ, ਕਿਉਂਕਿ ਇਸੇ ਵਿਚ ਪੰਜਾਬ ਦੀ ਭਲਾਈ ਹੈ ਤੇ ਇਸ ਲਈ ਸਰਕਾਰ ਤੋਂ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ। ਪਰ ਅਫ਼ਸੋਸ ਇਸ ਬਾਰੇ ਸਾਡੀਆਂ ਧਰਾਮਿਕ ਸੰਸਥਾਵਾਂ ਵੀ ਚੁੱਪ ਹਨ।
ਹਰਦੀਪ ਸਿੰਘ ਚੌਹਾਨ, ਪਿੰਡ ਭਲਵਾਨ, ਸੰਗਰੂਰ। ਸੰਪਰਕ: 94175-12231
ਨਸ਼ਿਆਂ ਖ਼ਿਲਾਫ਼ ਭਾਸ਼ਣ ਦੀ ਨਹੀਂ, ਠੋਸ ਕਦਮਾਂ ਦੀ ਲੋੜ
ਅੱਜ ਕੋਈ ਸ਼ਹਿਰ, ਕੋਈ ਪਿੰਡ ਅਜਿਹਾ ਨਹੀਂ ਜੋ ਇਸ ਦੀ ਮਾਰ ਤੋਂ ਬਚਿਆ ਹੋਵੇ। ਨਸ਼ਾ ਅਜਿਹੀ ਭਿਆਨਕ ਬਿਮਾਰੀ ਹੈ ਜਿਸ ਕਾਰਨ ਘਰ, ਜ਼ਮੀਨਾਂ, ਜਾਇਦਾਦਾਂ ਵਿਕ ਜਾਂਦੀਆਂ ਹਨ ਤੇ ਸਭ ਤੋਂ ਕੀਮਤੀ ਮਨੁੱਖੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਲੱਖਾਂ ਮਾਵਾਂ ਦੇ ਪੁੱਤ ਇਸ ਅੱਗ ’ਚ ਸੜ ਕੇ ਸੁਆਹ ਹੋ ਜਾਂਦੇ ਹਨ। ਨਸ਼ੇ ਕਰਨ ਵਾਲਾ ਨੌਜਵਾਨ ਆਪਣੀ ਜ਼ਿੰਦਗੀ ਤਾਂ ਦਾਅ ’ਤੇ ਲਾਉਂਦਾ ਹੀ ਹੈ, ਨਾਲ ਹੀ ਆਪਣੇ ਨਾਲ ਜੁੜੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਦਿੰਦਾ ਹੈ। ਸਰਕਾਰ ਵੱਲੋ ਨਸ਼ਾ ਛੁਡਾਊ ਕੇਂਦਰ ਤਾਂ ਮੁਹੱਈਆ ਕਰਾਏ ਗਏ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਉਹ ਨਾਂਮਾਤਰ ਦੇ ਹੀ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਰੈਲੀਆਂ ਵਿਚ ਇਸ ਮੁੱਦੇ ’ਤੇ ਮਹਿਜ਼ ਭਾਸ਼ਣ ਦੇਣ ਨਾਲ ਕੁਝ ਨਹੀਂ ਬਣਨਾ, ਸਗੋਂ ਲੋੜ ਹੈ ਪਹਿਲ ਕਰਨ ਦੀ, ਕੋਈ ਠੋਸ ਕਦਮ ਚੁੱਕਣ ਦੀ।
ਸਹਾਇਕ ਪ੍ਰੋ. ਜਸਦੀਪ ਕੌਰ, ਗਿੱਦੜਬਾਹਾ,
ਸ੍ਰੀ ਮੁਕਤਸਰ ਸਾਹਿਬ।
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)