ਅਧਿਆਪਕ ਨਸ਼ਿਆਂ ਖ਼ਿਲਾਫ਼ ਬੱਚਿਆਂ ਨੂੰ ਜਾਗਰੂਕ ਕਰਨ
ਮਾੜੀ ਸੰਗਤ ਰਾਹੀਂ ਨਸ਼ੇ ਦੀ ਦਲਦਲ ਵਿਚ ਫਸਣਾ ਅਸਾਨ ਹੈ, ਪਰ ਨਸ਼ੇ ਦੀ ਆਦਤ ਤੋਂ ਆਜ਼ਾਦ ਹੋਣਾ ਬੇਹੱਦ ਮੁਸ਼ਕਿਲ ਹੈ। ਨਸ਼ੇ ਦੀ ਆਦਤ ਚੜ੍ਹਦੀ ਜਵਾਨੀ ਵਿਚ ਸ਼ੌਕ, ਸਵਾਦ ਜਾਂ ਮਹਿਫਲ ਤੋਂ ਸ਼ੁਰੂ ਹੋ ਕੇ ਤੇਜ਼ੀ ਨਾਲ ਨਸ਼ੇੜੀ ਨੂੰ ਤਬਾਹੀ ਵੱਲ ਲੈ ਜਾਂਦੀ ਹੈ। ਖੁਦ ਨੂੰ ਤਣਾਅ ਮੁਕਤ ਕਰਨ ਲਈ ਵੀ ਨੌਜਵਾਨ ਨਸ਼ਿਆਂ ਦਾ ਸਹਾਰਾ ਲੈਂਦੇ ਹਨ, ਪਰ ਉਹੀ ਸਹਾਰਾ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ। ਸ਼ਰਾਬ ਤੋਂ ਵੀ ਜ਼ਿਆਦਾ ਮਾਰੂ ਤੇ ਖਤਰਨਾਕ ਮੈਡੀਕਲ ਤੇ ਹੋਰ ਨਸ਼ੇ ਹਨ, ਜਿਹੜੇ ਵੱਡੀ ਗਿਣਤੀ ਨੌਜਵਾਨਾਂ ਨੂੰ ਮੌਤ ਦੇ ਮੂੰਹ ਪਾਉਂਦੇ ਹਨ। ਇਸ ਲਈ ਸਕੂਲੀ ਸਿੱਖਿਆ ਦੌਰਾਨ ਅਧਿਆਪਕਾਂ ਨੂੰ ਹੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸ਼ੇਸ਼ ਤੌਰ ’ਤੇ ਜਾਗਰੂਕ ਕਰਨਾ ਚਾਹੀਦਾ ਹੈ।
ਗੁਰਮੇਲ ਸਿੰਘ ਬਰਾੜ, ਨੇਹੀਆਂ ਵਾਲਾ,
ਬਠਿੰਡਾ। ਸੰਪਰਕ: 98882-66389
ਗੀਤ ਵੀ ਨਸ਼ਿਆਂ ਨੂੰ ਹੁਲਾਰਾ ਦਿੰਦੇ
ਨੌਜਵਾਨਾਂ ਨੂੰ ਪੰਜਾਬੀ ਸੰਗੀਤ ਸਭਿਆਚਾਰ ਦੇ ਨਾਂ ’ਤੇ ਪਰੋਸੇ ਜਾ ਰਹੇ ਗੀਤ ਵੀ ਨਸ਼ਿਆਂ ਵਿਚ ਵਾਧਾ ਕਰ ਰਹੇ ਹਨ। ਅਜਿਹੇ ਗੀਤ ਨਸ਼ਾ ਕਰਨ ਵਾਲੇ ਨੂੰ ਬਹਾਦਰ, ਦਲੇਰ, ਲੋਕਾਂ ਦਾ ਮਸੀਹਾ, ਲੋਕਾਂ ਦੇ ਫੈਸਲੇ ਕਰਨ ਵਾਲੇ ਸੱਚੇ ਮਿੱਤਰ ਵਜੋਂ ਪੇਸ਼ ਕਰਦੇ ਹਨ। ਅਜੋਕੇ ਸਮੇਂ ਵਿਚ ਨੌਜਵਾਨ ਪੀੜ੍ਹੀ ਦੇ ਮਾਰਗਦਰਸ਼ਕ ਉਹ ਹਨ, ਜੋ ਨਸ਼ਿਆਂ, ਹਥਿਆਰਾਂ ਨੂੰ ਮੁੱਖ ਰੱਖ ਕੇ ਗਾ ਰਹੇ ਹਨ। ਇਸ ਲਈ ਨਸ਼ੇ ਨੂੰ ਖਤਮ ਕਰਨ ਲਈ ਅਜਿਹੇ ਗੀਤਾਂ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਜੋ ਨੌਜਵਾਨਾਂ ਦੀ ਮਾਨਸਿਕਤਾ ਨਸ਼ੇ ਵੱਲ ਮੋੜ ਰਹੇ ਹਨ। ਜੇ ਨੌਜਵਾਨ ਇਸੇ ਤਰ੍ਹਾਂ ਨਸ਼ੇ ਦੀ ਦਲਦਲ ਵਿਚ ਫਸੇ ਰਹੇ ਤਾਂ ਬੇਰੁਜ਼ਗਾਰੀ, ਹਿੰਸਕ ਵਾਰਦਾਤਾਂ, ਘਰੇਲੂ ਕਲੇਸ਼, ਨਿਪੁੰਸਕਤਾ ਆਦਿ ਕਦੇ ਖਤਮ ਨਹੀਂ ਹੋਣਗੇ।
ਅਵਨੀਸ਼ ਕੁਮਾਰ ਲੌਂਗੋਵਾਲ, ਸ.ਸ. ਮਾਸਟਰ,
ਸਰਕਾਰੀ ਮਿਡਲ ਸਕੂਲ ਅਤਰਗੜ੍ਹ,
ਬਰਨਾਲਾ। ਸੰਪਰਕ: 78883-46465
ਹਰ ਵਿਅਕਤੀ ਚੁੱਕੇ ਨਸ਼ੇ ਖ਼ਿਲਾਫ਼ ਕਦਮ
ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਵਾਸਨਾ, ਅਮੀਰੀ, ਵਿਹਲਾਪਨ, ਮਾੜੇ ਲੋਕਾਂ ਦਾ ਸਾਥ ਆਦਿ ਅਲਾਮਤਾਂ ਇਨਸਾਨ ਨੂੰ ਨਸ਼ੇ ਵੱਲ ਧੱਕਦੀਆਂ ਹਨ। ਅੱਲੜ੍ਹ ਉਮਰ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰਦੀ ਹੈ। ਉਸਨੂੰ ਚੰਗੇ ਜਾਂ ਮਾੜੇ ਪਾਸੇ ਧੱਕਣ ਵਾਲਾ ਥੋੜ੍ਹਾ ਜਿਹਾ ਜ਼ੋਰ ਲਾ ਦੇਵੇ ਤਾਂ ਜ਼ਿੰਦਗੀ ਕੁਝ ਦੀ ਕੁਝ ਬਣ ਜਾਂਦੀ ਹੈ। ਪਰਿਵਾਰ ਦਾ ਕੀ ਦੋਸ਼ ਹੁੰਦਾ ਹੈ ਜੋ ਨਸ਼ੇੜੀ ਪੁੱਤ ਕਾਰਨ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਨਾ ਉਸ ਨੂੰ ਘਰੋਂ ਕੱਢ ਸਕਦਾ ਹੈ, ਨਾ ਘਰੇ ਰੱਖ ਸਕਦਾ ਹੈ। ਇਸ ਸਾਰੇ ਹਾਲਾਤ ਲਈ ਕਿਤੇ ਨਾ ਕਿਤੇ ਸਮਾਜ, ਭ੍ਰਿਸ਼ਟਾਚਾਰ, ਸਿਸਟਮ, ਰਾਜਨੀਤੀ ਅਤੇ ਪ੍ਰਸ਼ਾਸਨ ਦਾ ਵੀ ਰੋਲ ਹੈ। ਇਹ ਲਈ ਜ਼ਿੰਮੇਵਾਰੀ ਆਮ ਇਨਸਾਨ ’ਤੇ ਆਣ ਪਈ ਹੈ ਕਿ ਹਰ ਵਿਅਕਤੀ ਦਾ ਫਰਜ਼ ਹੈ ਕਿ ਉਹ ਨਸ਼ੇ ਖਿਲਾਫ਼ ਘੱਟੋ-ਘੱਟ ਇਕ ਕਦਮ ਜ਼ਰੂਰ ਚੁੱਕੇ।
ਸਰਬਜੀਤ ਸਿੰਘ ਸੰਧੂ, ਛਾਂਗਾ ਰਾਏ ਉਤਾੜ,
ਗੁਰੂ ਹਰਸਹਾਏ, ਫ਼ਿਰੋਜ਼ਪੁਰ। ਸੰਪਰਕ: 95921-53027
ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਸੰਭਾਲਣਾ ਜ਼ਰੂਰੀ
ਪੰਜਾਬ ਦੇ ਹਰ ਪਿੰਡ ਵਿਚ ਔਸਤਨ ਕਰੀਬ ਪੰਜਾਹ ਲੋਕ ਸਮੈਕ ਤੇ ਹੈਰੋਇਨ ਵਰਗੇ ਨਸ਼ਿਆਂ ਦੇ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ 27 ਫ਼ੀਸਦੀ ਅਨਪੜ੍ਹ, 23 ਫੀਸਦੀ ਪੜ੍ਹੇ ਲਿਖੇ ਅਤੇ 45 ਫੀਸਦੀ ਬੇਰੁਜ਼ਗਾਰ ਹਨ। ਜੇ ਕੋਈ ਆਪਣੇ ਸੁਧਾਰ ਲਈ ਨਸ਼ਾ ਮੁਕਤੀ ਕੇਂਦਰ ਜਾਂਦਾ ਵੀ ਹੈ ਤਾਂ ਉੱਥੇ ਸਹੀ ਤਰੀਕੇ ਨਾਲ ਇਲਾਜ ਨਹੀਂ ਹੁੰਦਾ, ਉਹਦੀ ਸਹੀ ਕੌਂਸਲਿੰਗ ਤੱਕ ਨਹੀਂ ਹੁੰਦੀ। ਪੰਜ ਦਰਿਆਵਾਂ ਦੀ ਧਰਤੀ ਹੁਣ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਚਰਚਾ ਵਿਚ ਹੈ। ਹੁਣ ਤਾਂ ਅਖ਼ਬਾਰਾਂ ਅਤੇ ਖ਼ਬਰਾਂ ਵਿਚ ਵੀ ਨਸ਼ਿਆਂ ਕਾਰਨ ਮੌਤਾਂ ਆਮ ਗੱਲ ਬਣ ਕੇ ਰਹਿ ਗਈ ਹੈ। ਨਸ਼ਿਆਂ ਦੀ ਸਪਲਾਈ ਕਿੱਥੋਂ ਹੁੰਦੀ ਹੈ ਅਤੇ ਇਹ ਨੌਜਵਾਨਾਂ ਤੱਕ ਕਿਵੇਂ ਪਹੁੰਚਦਾ ਹੈ, ਇਸ ਬਾਰੇ ਸਰਕਾਰ ਜਾਣਦੇ ਹੋਏ ਵੀ ਅਣਜਾਣ ਬਣਦੀ ਹੈ ਕਿਉਂਕਿ ਸੌੜੀ ਸਿਆਸਤ ਅੱਗੇ ਹੁਣ ਸਰਕਾਰਾਂ ਨੂੰ ਨੌਜਵਾਨ ਅਤੇ ਉਨ੍ਹਾਂ ਨਾਲ ਜੁੜੇ ਮੁੱਦੇ ਨਹੀਂ ਦਿਸਦੇ।
ਭਾਵਨਾ, ਰਾਜਪੁਰਾ, ਪਟਿਆਲਾ।
ਮਾਪਿਆਂ ਦਾ ਸੁਚੇਤ ਹੋਣਾ ਜ਼ਰੂਰੀ
ਅੱਜ ਪੰਜਾਬ ਦਾ ਹਰ ਵਰਗ ਨਸ਼ਿਆਂ ਦੀ ਲਾਹਨਤ ਦਾ ਸ਼ਿਕਾਰ ਹੋ ਰਿਹਾ ਹੈ। ਇਸ ਲਈ ਜਿੱਥੇ ਵੇਚਣ ਵਾਲੇ ਕਸੂਰਵਾਰ ਹਨ ਉੱਥੇ ਖ਼ਰੀਦਦਾਰ ਵੀ ਬਰਾਬਰ ਦਾ ਭਾਗੀਦਾਰ ਹੈ। ਨਸ਼ੇ ਦੀ ਲਤ ਸ਼ੁਗਲ ਵਜੋਂ ਸ਼ੁਰੂ ਹੁੰਦੀ ਹੈ ਤੇ ਪੀੜ੍ਹੀਆਂ ਤੱਕ ਬਰਬਾਦ ਕਰ ਦਿੰਦੀ ਹੈ। ਇਸ ਲਈ ਹਰ ਮਾਂ-ਬਾਪ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ, ਬੱਚਿਆਂ ਦੇ ਰੋਲ ਮਾਡਲ ਬਣਨ ਤੇ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਨਾਲ ਜੋੜਨ ਤਾਂ ਜੋ ਉਹ ਚੰਗੇ-ਮਾੜੇ ਦਾ ਫਰਕ ਕਰ ਸਕਣ ਤੇ ਆਤਮ ਨਿਰਭਰ ਹੋ ਸਕਣ ਅਤੇ ਨਸ਼ਿਆ ਜਿਹੀਆਂ ਬੁਰਾਈਆਂ ਤੋਂ ਦੂਰ ਰਹਿਣ। ਆਪਣੀ ਜ਼ਿੰਮੇਵਾਰੀ ਦੂਜੇ ਸਿਰ ਮੜ੍ਹ ਕੇ ਸੁਰਖਰੂ ਹੋਣ ਦੀ ਬਜਾਏ ਅਸੀਂ ਆਪ ਜ਼ਿੰਮੇਵਾਰ ਬਣੀਏ।
ਕੁਲਵਿੰਦਰ ਸਿੰਘ ‘ਬਰਾੜ’, ਛੋਟਾ ਘਰ,
ਮੋਗਾ। ਸੰਪਰਕ: 98553-18181
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)