ਮੁਫ਼ਤ ਸਕੀਮਾਂ ਪੰਜਾਬ ਦੇ ਅਰਥਚਾਰੇ ਲਈ ਮਾਰੂ
ਸਮੁੱਚੇ ਪੰਜਾਬ ਵਾਸੀਆਂ ਨੂੰ ‘ਆਪ’ ਸਰਕਾਰ ਤੋਂ ਬਹੁਤ ਆਸਾਂ ਹਨ। ਇਨ੍ਹਾਂ ਆਸਾਂ ਨੂੰ ਬੂਰ ਤਾਂ ਪਵੇਗਾ ਜੇ ਸਰਕਾਰ ਸਮੁੱਚੇ ਕੰਮਕਾਜ ਵਿਚ ਸੰਤੁਲਨ ਕਾਇਮ ਕਰੇ। ਰੰਗਲਾ ਪੰਜਾਬ ਨੱਕੋ ਨੱਕ ਕਰਜ਼ੇ ਦੇ ਭਾਰ ਹੇਠ ਦੱਬਿਆ ਪਿਆ ਹੈ, ਉੱਪਰੋਂ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਸਾਡੇ ਸਾਹਮਣੇ ਹੈ। ਸਰਕਾਰ ਵੱਲੋਂ ਆਏ ਦਿਨ ਕੀਤੇ ਜਾ ਰਹੇ ਮੁਫਤ ਸਕੀਮਾਂ ਦੇ ਐਲਾਨ ਵੀ ਪੰਜਾਬ ਦੀ ਅਰਥਵਿਵਸਥਾ ਨੂੰ ਭਾਰੀ ਸੱਟ ਮਾਰ ਰਹੇ ਹਨ। ਸਾਡੇ ਨੌਜਵਾਨਾਂ ਨੂੰ ਮੁਫ਼ਤ ਸਹੂਲਤਾਂ ਨਹੀਂ ਸੰਪੂਰਨ ਰੁਜ਼ਗਾਰ ਦੀ ਜ਼ਰੂਰਤ ਹੈ। ਸਮੁੱਚੇ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਦੇ ਅੰਕੜੇ ਬੇਰੁਜ਼ਗਾਰਾਂ ਦੇ ਸਾਹਮਣੇ ਰੱਖੇ ਜਾਣ। ਕਿੱਤਾ ਮੁਖੀ ਸਿੱਖਿਆ ਦੇ ਮਾਪਦੰਡਾਂ ਨੂੰ ਅਸਲ ਦੇ ਵਿੱਚ ਜ਼ਮੀਨੀ ਹਕੀਕਤ ਦੇ ਨਾਲ ਜੋੜ ਕੇ ਲੋਕਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਹਰੇਕ ਵਿਭਾਗ ਦੀਆਂ ਬਰੀਕੀਆਂ ਜਾਣਨ ਦੇ ਲਈ ਬੁੱਧੀਜੀਵੀਆਂ ਅਤੇ ਮਾਹਰਾਂ ਦੀਆਂ ਸੇਵਾਵਾਂ ਲਈਆਂ ਜਾਣ। ਤਾਂ ਹੀ ਸਥਿਤੀ ਕੁਝ ਸੰਭਲ ਸਕਦੀ ਹੈ।
ਅਮਨਿੰਦਰ ਸਿੰਘ ਕੁਠਾਲਾ, ਸਸ ਮਾਸਟਰ, ਸਸਸਸ ਹਮੀਦੀ, ਬਰਨਾਲਾ। ਸੰਪਰਕ: 94633-17199
ਗੈਂਗਸਟਰਵਾਦ ਰੋਕਣਾ ਜ਼ਰੂਰੀ
ਇਤਿਹਾਸਕ ਜਿੱਤ ਤੋਂ ਬਾਅਦ ‘ਆਪ’ ਸਰਕਾਰ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹਨ। ਹੁਣ ਤਾਂ ‘ਆਪ’ ਸਰਕਾਰ ਨੂੰ ਸੂਬੇ ਦੀ ਵਾਗਡੋਰ ਸੰਭਾਲਿਆ ਕਰੀਬ ਪੰਜ ਮਹੀਨੇ ਹੋ ਗਏ ਹਨ, ਪਰ ਇਹ ਚੁਣੌਤੀਆਂ ਸਰਕਾਰ ਦਾ ਵੱਸ ਨਹੀਂ ਚੱਲਣ ਦੇ ਰਹੀਆਂ। ਨਸ਼ਾ ਅੱਜ ਵੀ ਪੰਜਾਬ ਵਿੱਚ ਉਵੇਂ ਹੀ ਸ਼ਰ੍ਹੇਆਮ ਵਿਕ ਰਿਹਾ ਹੈ। ਖ਼ਜ਼ਾਨਾ ਖਾਲੀ ਹੋਣ ਕਾਰਨ ਲੋਕਾਂ ਨਾਲ ਕੀਤੇ ਵੱਡੇ ਵਾਅਦਿਆਂ ਨੂੰ ਮਿੱਥੇ ਸਮੇਂ ’ਤੇ ਪੂਰਾ ਕਰਨਾ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ। ਦੂਜਾ, ਪੰਜਾਬ ਕਰਜ਼ੇ ਵਿੱਚ ਬੁਰੀ ਤਰ੍ਹਾਂ ਡੁੱਬਿਆ ਹੋਇਆ ਹੈ। ਰੇਤ ਮਾਫੀਆ ਵੱਲੋਂ ਬਜਰੀ-ਰੇਤੇ ਦੀ ਸ਼ਰ੍ਹੇਆਮ ਲੁੱਟ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਚੁਣੌਤੀ ਅਪਰਾਧਿਕ ਘਟਨਾਵਾਂ ਦੀ ਹੈ। ਗੈਂਗਸਟਰਵਾਦ, ਕਤਲਾਂ, ਦਿਨ ਦਿਹਾੜੇ ਲੁੱਟਾਂ-ਖੋਹਾਂ, ਚੋਰੀਆਂ ਦੀਆਂ ਵਾਰਦਾਤਾਂ ਤੋਂ ਹਰ ਪੰਜਾਬ ਵਾਸੀ ਖ਼ੌਫ਼ਜ਼ਦਾ ਹੈ।
ਕਮਲਜੀਤ ਕੌਰ, ਪਿੰਡ ਗੁੰਮਟੀ, ਬਰਨਾਲਾ।
ਸੰਪਰਕ: 98769-26873
ਨਾਸੂਰ ਬਣੇ ਜ਼ਖ਼ਮ ਭਰਨ ਨੂੰ ਸਮਾਂ ਲੱਗਦਾ
ਪੰਜਾਬ ਵਿੱਚ ‘ਆਪ’ ਸਰਕਾਰ ਲਈ ਕੋਈ ਇੱਕ ਨਹੀਂ ਬਲਕਿ ਚੁਣੌਤੀਆਂ ਹੀ ਚੁਣੌਤੀਆਂ ਹਨ। ਕਿਉਂਕਿ ਕਾਂਗਰਸ, ਅਕਾਲੀ ਦਲ, ਭਾਜਪਾ ਵਰਗੀਆਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ‘ਆਪ’ ਸਰਕਾਰ ਦੀ ਪ੍ਰਸਿੱਧੀ ਦਾ ਗਰਾਫ ਉੱਚਾ ਜਾਵੇ। ਉਹ ਨਹੀਂ ਚਾਹੁੰਦੇ ਕਿ ਪੀਆਰਟੀਸੀ ਨਫੇ ‘ਚ ਜਾਵੇ, ਵੱਡੇ ਪਰਿਵਾਰਾਂ ਵੱਲੋਂ ਦੱਬੀਆਂ ਪੰਚਾਇਤੀ ਜ਼ਮੀਨਾਂ ਛੁਡਵਾਈਆਂ ਜਾਣ, ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਸਸਤੀਆਂ ਮਿਲਣ। ਚਾਹੁੰਦੇ ਇਹ ਵੀ ਨਹੀਂ ਕਿ ਆਮ ਘਰਦੇ ਮੁੰਡੇ-ਕੁੜੀਆਂ ਨੂੰ ਪੜ੍ਹਾਈ ਸਸਤੀ ਮਿਲੇ। ਉਹ ਸਿਰਫ਼ ਚਾਹੁੰਦੇ ਨੇ ਕਿ ਉਨ੍ਹਾਂ ਦੀਆਂ ਜਾਅਲੀ ਧਮਕੀਆਂ ਸਹਾਰੇ ਲਈਆਂ ਸਕਿਉਰਟੀਆਂ, ਪੈਨਸ਼ਨਾਂ, ਚੰਡੀਗੜ੍ਹ ਵਿੱਚ ਸਰਕਾਰੀ ਘਰ ਅਤੇ ਸਰਕਾਰੀ ਸੇਵਾਵਾਂ ਬਣੀਆਂ ਰਹਿਣ ਅਤੇ ਉਨ੍ਹਾਂ ਦੇ ਕਾਰਨਾਮੇ ਉਜਾਗਰ ਨਾ ਹੋਣ। ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਭਾਰੀ ਬਹੁਮਤ ਇਸੇ ਉਮੀਦ ਨਾਲ ਦਿੱਤਾ ਹੈ ਕਿ ਇਨ੍ਹਾਂ ਬੁਰਾਈਆਂ ਤੋਂ ਛੁਟਕਾਰਾ ਮਿਲ ਸਕੇ। ਪਰ ਇਨ੍ਹਾਂ ਕੰਮਾਂ ਲਈ ਸਮਾਂ ਲੱਗੇਗਾ ਅਤੇ ਸਾਨੂੰ ਥੋੜ੍ਹਾ ਜਿਹਾ ਸਬਰ ਰੱਖਣਾ ਚਾਹੀਦਾ ਹੈ ਕਿਉਂਕਿ ਬਿਮਾਰੀਆਂ ਹੁਣ ਨਸੂਰ ਬਣ ਗਈਆਂ ਹਨ ਤੇ ਇਨ੍ਹਾਂ ਦੇ ਇਲਾਜ ਨੂੰ ਸਮਾਂ ਲੱਗਦਾ ਹੀ ਹੈ।
ਡਾ. ਹਰਵਿੰਦਰ ਸਿੰਘ ਲੌਂਗੋਵਾਲ, ਅਸਿਸਟੈਂਟ ਪ੍ਰੋਫੈਸਰ, ਕੁਰੂਕਸ਼ੇਤਰ ਯੂਨੀਵਰਸਿਟੀ। ਸੰਪਰਕ: 98968-94377
ਪੰਜਾਬ ਦੀ ਮਾੜੀ ਆਰਥਿਕ ਦਸ਼ਾ ਸਭ ਤੋਂ ਵੱਡੀ ਚੁਣੌਤੀ
ਪੰਜਾਬ ਦੀ ਆਰਥਿਕ ਦਸ਼ਾ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਮੁਫ਼ਤਖੋਰੀਆਂ ਅਤੇ ਨਾਜਾਇਜ਼ ਖਰਚਿਆਂ ਨੇ ਆਰਥਿਕ ਦਸ਼ਾ ਨੂੰ ਨਾਜ਼ੁਕ ਬਣਾ ਦਿੱਤਾ ਹੈ। ਭਾਵੇਂ ਪੰਜਾਬ ਨਸ਼ੇ ਤੇ ਬੇਰੁਜ਼ਗਾਰੀ ਜਿਹੀਆਂ ਮੁਸੀਬਤਾਂ ਨਾਲ ਜੂਝ ਰਿਹਾ ਹੈ, ਪਰ ਹਰ ਸਮੱਸਿਆ ਦਾ ਹੱਲ ਕਰਨ ਲਈ ਆਰਥਿਕ ਹਾਲਾਤ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਮੁਫ਼ਤ ਸਕੀਮਾਂ ਦਾ ਨਾਜਾਇਜ਼ ਫ਼ਾਇਦਾ ਲੈਣ ਵਾਲਿਆਂ ਉੱਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਸਰਕਾਰੀ ਵਿਭਾਗਾਂ ਵਿੱਚੋਂ ਪ੍ਰਾਈਵੇਟ ਠੇਕੇਦਾਰੀਆਂ ਖ਼ਤਮ ਕਰਦਿਆਂ ਖੁਦ ਕੰਮ ਕਰ ਕੇ ਵਿਭਾਗਾਂ ਆਮਦਨ ਵਧਾਉਣੀ ਚਾਹੀਦੀ ਹੈ। ਖ਼ਰਚੇ ਪੱਖੋਂ ਸੰਜਾਮੀ ਕਦਮ ਚੁੱਕ ਕੇ ਹੀ ਸੂਬੇ ਦੀ ਆਰਥਿਕ ਦਸ਼ਾ ਸੁਧਾਰੀ ਜਾ ਸਕਦੀ ਹੈ ਤੇ ਅਜਿਹਾ ਹੋਣ ਤੋਂ ਬਾਅਦ ਹੀ ਨਸ਼ਿਆਂ ਤੇ ਬੇਰੁਜ਼ਗਾਰੀ ਆਦਿ ਦਾ ਖ਼ਾਤਮਾ ਕੀਤਾ ਜਾ ਸਕੇਗਾ।
ਹੈਪੀ ਬਜਾੜ, ਲੁਧਿਆਣਾ। ਸੰਪਰਕ: 95920-11708
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)