ਕਮਲ ਸਰਾਵਾਂ
ਉਂਝ ਤਾਂ ਇਹ ਕਹਿ ਕੇ ਅਸੀਂ ਤਮਾਮ ਉਮਰ ਸੁਰਖ਼ਰੂ ਹੋ ਕੇ ਰਹਿ ਸਕਦੇ ਹਾਂ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਤੇ ਇਨ੍ਹਾਂ ਨੂੰ ਸਹਿਜ ਹੋ ਕੇ ਕਬੂਲ ਕਰ ਲੈਣਾ ਚਾਹੀਦਾ ਹੈ। ਪਰ ਸਭ ਕਾਸੇ ਨੂੰ ਅਸੀਂ ਏਸ ਕਰਕੇ ਸਹਿਜ ਤੇ ਕੁਦਰਤੀ ਕਹਿ ਕੇ ਨਹੀਂ ਕਬੂਲ ਕਰ ਸਕਦੇ ਕਿਉਂਕਿ ਕੁਝ ਕਾਰਜ ਕਰਨੇ ਸਾਡੇ ਹਿੱਸੇ ਵੀ ਆਏ ਨੇ।
ਅੱਜ ਵੱਡੇ ਪੱਧਰ ’ਤੇ ਪੰਜਾਬੀ ਨੌਜਵਾਨਾਂ ਦਾ ਆਪਣਾ ਦੇਸ ਛੱਡ ਕੇ ਕਿਸੇ ਦੂਜੇ ਮੁਲਕ ਕੰਮ ਦੀ ਤਲਾਸ਼, ਖੁਬਸੂਰਤ ਜ਼ਿੰਦਗੀ ਜਿਓਣ ਅਤੇ ਓਥੇ ਵੱਸਣ ਲਈ ਜਾਣਾ ਕੁਦਰਤੀ ਏਸ ਕਰਕੇ ਨਹੀਂ ਕਿਹਾ ਜਾ ਸਕਦਾ ਕਿ ਪਰਵਾਸ ਕਰ ਰਹੇ ਨੌਜਵਾਨਾਂ ਕੋਲ ਸਾਡੇ ਦੇਸ ਤੋਂ ਕੁਝ ਗਿਲੇ-ਸ਼ਿਕਵੇ ਨੇ। ਕੁਝ ਐਸੀਆਂ ਥੁੜ੍ਹਾਂ ਨੇ ਜੋ ਉਨ੍ਹਾਂ ਨੂੰ ਲੱਗਦੈ ਕਿ ਸਾਡੀਆਂ ਸਰਕਾਰਾਂ ਪੂਰਾ ਨਹੀਂ ਕਰ ਰਹੀਆਂ, ਅਨੇਕਾਂ ਸਮੱਸਿਆਵਾਂ ਦੇ ਹੱਲ ਵਿੱਚ ਸਰਕਾਰਾਂ ਨਾਕਾਮਯਾਬ ਹੋ ਰਹੀਆਂ ਹਨ। ਸੋ ਨੌਜਵਾਨਾਂ ਦੇ ਮਾਪਿਆਂ ਨੂੰ ਇਹੀ ਰਸਤਾ ਨਜ਼ਰ ਆਉਂਦਾ ਕਿ ਬਾਰ੍ਹਵੀਂ ਕਰ ਕੇ ਆਈਲੈਟਸ (ਆਇਲਜ਼) ਕਰੋ ਤੇ ਵਿਦੇਸ਼ ‘ਚ ਚਲੇ ਜਾਉ।
ਇਹ ਇੱਕ ਆਮ ਵਰਤਾਰਾ ਬਣ ਚੁੱਕਿਐ। ਨਵੇਂ ਵਰਤਾਰੇ ਹੈਰਾਨ ਕਰਦੇ ਨੇ ਪਰ ਵਾਰ-ਵਾਰ ਵਾਪਰਨ ਵਾਲੇ ਵਰਤਾਰੇ ਕੁਝ ਸਮੇਂ ਬਾਅਦ ਸਾਨੂੰ ਬਿਲਕੁਲ ਹੈਰਾਨ ਨਹੀਂ ਕਰਦੇ ਤੇ ਜ਼ਰੂਰੀ ਲੱਗਣ ਲੱਗ ਪੈਂਦੇ ਹਨ। ਅਸੀਂ ਚਿੱਟੇ ਨੂੰ ਕਬੂਲ ਕਰਿਆ, ਆਇਲੈਟਸ ਨੂੰ ਵੀ ਸਵੀਕਾਰ ਕਰ ਲਿਆ। ਚਿੱਟੇ ਨੂੰ ਕਬੂਲਣ ਵੇਲੇ ਇਹ ਧਾਰਨਾ ਦਿੱਤੀ ਕਿ ਇਸ ਦਾ ਕਾਰਨ ਉੱਚੀਆਂ ਪੜ੍ਹਾਈਆਂ ਕਰ ਕੇ ਨੌਕਰੀ ਦਾ ਨਾ ਮਿਲਣਾ ਹੈ, ਆਇਲੈਟਸ ਨੂੰ ਵੀ ਇਹੀ ਗੱਲ ਕਹਿ ਕੇ ਬੇਰੁਜ਼ਗਾਰੀ ਦੇ ਬਦਲ ਵਜੋਂ ਲੈ ਲਿਆ ਗਿਆ। ਜਿਵੇਂ ਸਭ ਲੋਕ ਚਿੱਟਾ ਨਹੀਂ ਲੈਂਦੇ, ਉਸੇ ਤਰ੍ਹਾਂ ਸਭ ਲੋਕ ਆਇਲੈਟਸ ਕਰਕੇ ਵਤਨ ਨਹੀਂ ਛੱਡਦੇ। ਚਿੱਟੇ ਲਈ ਪੈਸਾ ਚਾਹੀਦੈ ਤੇ ਬਿਲਕੁਲ ਓਵੇਂ ਹੀ ਆਇਲੈਟਸ ਕਰਨ ਤੇ ਵਲੈਤ ਜਾਣ ਲਈ ਵੀ ਪੈਸਾ ਚਾਹੀਦੈ। ਜਿਨ੍ਹਾਂ ਕੋਲ ਪੈਸਾ ਨਹੀਂ, ਉਹ ਚਿੱਟਾ ਨਹੀਂ ਲੈਂਦੇ, ਆਇਲੈਟਸ ਨਹੀਂ ਕਰਦੇ, ਵਲੈਤ ਨਹੀਂ ਜਾਂਦੇ। ਸਰੋਤ ਵਿਹੂਣੇ ਜੋ ਲੋਕ ਕਮਾਈ ਲਈ ਕਿਸੇ ਛੋਟੇ ਦੇਸ ‘ਚ ਜਾਂਦੇ ਨੇ, ਉਹ ਦੋ ਚਾਰ ਸਾਲ ਬਾਅਦ ਵਤਨ ਪਰਤ ਆਉਂਦੇ ਨੇ।
ਸਰਦੇ-ਪੁੱਜਦੇ ਲੋਕ ਵਿਦੇਸ਼ ਜਾਂਦੇ ਨੇ ਪਰ ਵਾਪਸ ਨਹੀਂ ਆਉਂਦੇ, ਉੱਥੇ ਹੀ ਬਸੇਰਾ ਬਣਾ ਲੈਂਦੇ ਨੇ ਅਤੇ ਪਿਛਲੀ ਉਮਰੇ ਆਪਣੀ ਜਨਮ ਭੂਮੀ ਨੂੰ ਯਾਦ ਕਰਦੇ, ਆਪਣੇ ਪਿੰਡ ਨੂੰ ਤਰਸਦੇ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਨੇ ਤੇ ਜੋ ਜਿਉਂਦੇ ਨੇ ਸਾਰੀ ਉਮਰ ਵਤਨੀ ਪੀੜਾ ਹੰਢਾਉਂਦੇ ਰਹਿੰਦੇ ਨੇ। ਜੋ ਚਿੱਟਾ ਵੀ ਨਹੀਂ ਲੈ ਸਕਦੇ, ਆਇਲੈਟਸ ਵੀ ਨਹੀਂ ਕਰ ਸਕਦੇ, ਆਪਣਾ ਮੁਲਕ ਛੱਡਣ ਦੀ ਹੈਸੀਅਤ ਵੀ ਨਹੀਂ ਰੱਖਦੇ, ਉਹ ਲੋਕ ਖੁਦਕੁਸ਼ੀ ਨਹੀਂ ਕਰਦੇ, ਸਗੋਂ ਉਹ ਸੰਘਰਸ਼ ਕਰਦੇ ਨੇ, ਮੁਸ਼ਕਲਾਂ ਨਾਲ ਮੁਸੀਬਤਾਂ ਨਾਲ ਲੜਦੇ ਨੇ, ਜੂਝਦੇ ਨੇ। ਸਭ ਕਾਸੇ ਤੋਂ ਬਾਅਦ ਸਾਡੇ ਕੋਲ ਇੱਕੋ ਤਰੀਕਾ ਤੇ ਇੱਕੋ ਚਾਰਾ ਰਹਿ ਜਾਂਦਾ ਏ, ਸਿਰਫ਼ ਲੜਨਾ। ਜੋ ਲੜਦੇ ਨਹੀਂ ਉਹ ਖ਼ਤਮ ਹੋ ਜਾਂਦੇ ਨੇ। ਲੜਦਿਆਂ ਖ਼ਤਮ ਹੋਣਾ, ਆਉਣ ਵਾਲਿਆਂ ਲਈ ਪ੍ਰੇਰਨਾ ਬਣਦੈ ਕਿਉਂਕਿ ਆਉਣ ਵਾਲਿਆਂ ਨੂੰ ਪਤਾ ਲੱਗਦੈ ਕਿ ਭੱਜਣ ਤੋਂ ਇਲਾਵਾ ਇੱਕ ਵਿਕਲਪ ਲੜਨਾ ਹੈ, ਮਰਨ ਤੋਂ ਇਲਾਵਾ ਵੀ ਇੱਕ ਵਿਕਲਪ ਲੜਦਿਆਂ ਹੋਇਆਂ ਮਰਨਾ ਹੁੰਦਾ ਹੈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨਾ ਕਾਫੀ ਤਾਂ ਨਹੀਂ ਪਰ ਜ਼ਰੂਰੀ ਹੈ। ਗੱਲਾਂ ਕਰਦਿਆਂ ਅਸੀਂ ਯਾਦ ਕਰਾਈ ਰੱਖਦੇ ਆਂ ਕਿ ਇਹ ਵੀ ਇੱਕ ਗੱਲ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਵਾਲੇ ਜੇ ਪੰਜਾਬ ਨੂੰ ਛੱਡ ਕੇ ਇਸੇ ਤਰ੍ਹਾਂ ਵਿਦੇਸ਼ ਵੱਸਦੇ ਰਹੇ ਤਾਂ ਪੰਜਾਬ ਨੂੰ ਕੋਈ ਹੋਰ ਸਾਂਭ ਲਵੇਗਾ, ਇਹ ਕਿਸੇ ਹੋਰ ਦੇ ਹੱਥਾਂ ‘ਚ ਚਲਾ ਜਾਏਗਾ। ਜਾਣ ਵਾਲੇ ਪੰਜਾਬੀ ਨਹੀਂ ਰਹਿਣਗੇ, ਇੱਥੇ ਆਉਣ ਵਾਲੇ, ਇੱਥੇ ਵੱਸਣ ਵਾਲੇ ਪੰਜਾਬੀ ਹੋਣਗੇ। ਇਹ ਵੀ ਹੋ ਸਕਦੈ ਕਿ ਇਹ ਪੰਜਾਬ ਆਪਣਾ ਨਾਂ ਥਾਂ ਸਭ ਬਦਲ ਲਵੇ। ਇੱਥੇ ਹੋਰ ਹੀ ਰੰਗ ਹੋਵਣ ਤੇ ਹੋਰ ਹੀ ਢੰਗ। ਸਾਡਾ ਪੰਜਾਬ ਸਾਡੀ ਪੰਜਾਬੀ, ਇਹ ਭਾਵਨਾਵਾਂ ਨੇ। ਪੰਜਾਬ ਦਾ ਹੋਣਾ ਪੰਜਾਬ ਨੂੰ ਮੰਨਣਾ, ਪੰਜਾਬ ਵਿੱਚ ਰਹਿਣਾ ਭਾਵਨਾ ਹੀ ਤਾਂ ਹੈ। ਭਾਵਨਾਵਾਂ ਤੋਂ ਸੱਖਣੇ ਮਨੁੱਖਾਂ ਲਈ ਦੇਸ-ਬੋਲੀ-ਕੌਮ-ਮਨੁੱਖਤਾ ਕੋਈ ਮਾਇਨੇ ਨਹੀਂ ਰੱਖਦੇ। ਆਪਣੇ ਮਤਲਬ ਲਈ, ਆਪਣੇ ਹਿੱਤਾਂ ਲਈ ਥਾਵਾਂ ਬਦਲਦੇ ਰਹਿਣ ਵਾਲੇ ਮਨੁੱਖ ਕਿਸੇ ਇੱਕ ਵੀ ਥਾਂ ਦੇ ਇੱਕ ਵੀ ਬੋਲੀ ਦੇ ਨਹੀਂ ਹੁੰਦੇ।
ਹਰ ਕਾਰਜ ਦੇ ਪਿੱਛੇ ਕਾਰਨ ਹੁੰਦੇ ਨੇ, ਹਰ ਵਰਤਾਰੇ ਨੂੰ ਸਿਧਾਂਤਾਂ ਦੇ ਰੰਗ ਵਿੱਚ ਰੰਗਿਆ ਜਾ ਸਕਦੈ, ਰੰਗਿਆ ਜਾਂਦੈ। ਕੁਝ ਕਾਰਜ ਵਾਪਰਨ ਪਿੱਛੋਂ ਤੁਰੰਤ ਆਪਣਾ ਪ੍ਰਭਾਵ ਦਿਖਾ ਜਾਂਦੇ ਨੇ, ਕੁਝ ਮਹੀਨਿਆਂ ਬਾਅਦ, ਕੁਝ ਸਾਲਾਂ, ਦਹਾਕਿਆਂ ਤੇ ਕੁਝ ਸਦੀਆਂ ਬਾਅਦ। ਨੌਜਵਾਨ ਹਰ ਦੇਸ ਹਰ ਕੌਮ ਦਾ ਸਰਮਾਇਆ ਹੁੰਦੇ ਨੇ। ਸ਼ਕਤੀ ਹੁੰਦੇ ਨੇ। ਆਪਣੀਆਂ ਸ਼ਕਤੀਆਂ ਗਵਾ ਕੇ ਕੌਣ ਸ਼ਕਤੀਸ਼ਾਲੀ ਅਖਵਾ ਸਕਿਆ, ਇਹ ਸੋਚਣ ਸਮਝਣ ਤੇ ਵਿਚਾਰਣ ਵਾਲੀ ਗੱਲ ਹੈ। ਪੈਸਾ, ਸਹੂਲਤਾਂ ਤੇ ਤਸੱਲੀਆਂ ਲੱਭਦੇ ਲੱਭਦੇ ਅਸੀਂ ਆਪਣੀ ਹੋਂਦ ਨਾ ਗਵਾ ਦੇਈਏ।
*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99156-81496