ਪ੍ਰਿੰ. ਸਰਵਣ ਸਿੰਘ
ਇਸ ਵਾਰ ਪ੍ਰਿੰ. ਸਰਵਣ ਸਿੰਘ ਨੇ ਕੁਸ਼ਤੀ ਬਾਰੇ ਲਿਖਣ ਵਾਲੇ ਹਰੀ ਮਿੱਤਰ ਬਿਲਗਾ ਤੇ ਕੁਸ਼ਤੀ ਕੋਚ ਪਿਆਰਾ ਰਾਮ ਸੋਂਧੀ ਅਤੇ ਇਨ੍ਹਾਂ ਦੀਆਂ ਕਿਤਾਬਾਂ ਬਾਰੇ ਚਰਚਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੁਸ਼ਤੀ ਦਾ ਇਤਿਹਾਸ ਫਰੋਲ ਮਾਰਿਆ ਹੈ। ਇਨ੍ਹਾਂ ਦੋਹਾਂ ਨੇ ਰਲ ਕੇ ਐੱਚਐੱਮ ਬਿਲਗਾ ਅਤੇ ਪੀਆਰ ਸੋਂਧੀ ਨਾਵਾਂ ਹੇਠ ‘ਕੁਸ਼ਤੀ ਅੰਬਰ ਦੇ ਤਾਰੇ’ ਅਤੇ ‘ਕੁਸ਼ਤੀ ਦੇ ਧਨੰਤਰ’ ਦੋ ਕਿਤਾਬਾਂ ਲਿਖੀਆਂ। ‘ਕੁਸ਼ਤੀ ਦੇ ਧਨੰਤਰ’ ਪੰਜ ਸੌ ਪੰਨਿਆਂ ਦੀ ਵਡ-ਆਕਾਰੀ ਪੁਸਤਕ ਹੈ ਜਿਸ ਨੂੰ ਭਾਰਤੀ ਕੁਸ਼ਤੀ ਦਾ ਵਿਸ਼ਵਕੋਸ਼ ਕਿਹਾ ਜਾ ਸਕਦਾ ਹੈ। ਪੰਜਾਬੀ ਖੇਡ ਸਾਹਿਤ ਦੀ ਇਹ ਅਹਿਮ ਪੁਸਤਕ ਹੈ।
ਕੁਸ਼ਤੀ ਬਾਰੇ ਲਿਖਣ ਬੋਲਣ ਵਾਲਿਆਂ ਵਿਚ ਹਰੀ ਮਿੱਤਰ ਬਿਲਗਾ ਅਤੇ ਪਿਆਰਾ ਰਾਮ ਸੋਂਧੀ ਵਿਸ਼ੇਸ਼ ਨਾਂ ਹਨ। ਦੋਹਾਂ ਨੇ ਰਲ ਕੇ ਐੱਚਐੱਮ ਬਿਲਗਾ ਤੇ ਪੀਆਰ ਸੋਂਧੀ ਨਾਵਾਂ ਹੇਠ ‘ਕੁਸ਼ਤੀ ਅੰਬਰ ਦੇ ਤਾਰੇ’ ਅਤੇ ‘ਕੁਸ਼ਤੀ ਦੇ ਧਨੰਤਰ’ ਦੋ ਕਿਤਾਬਾਂ ਲਿਖੀਆਂ। ‘ਕੁਸ਼ਤੀ ਦੇ ਧਨੰਤਰ’ ਪੰਜ ਸੌ ਪੰਨਿਆਂ ਦੀ ਵਡ-ਆਕਾਰੀ ਪੁਸਤਕ ਹੈ ਜਿਸ ਨੂੰ ਭਾਰਤੀ ਕੁਸ਼ਤੀ ਦਾ ਵਿਸ਼ਵਕੋਸ਼ ਕਿਹਾ ਜਾ ਸਕਦਾ ਹੈ। ਪੰਜਾਬੀ ਖੇਡ ਸਾਹਿਤ ਦੀ ਇਹ ਅਹਿਮ ਪੁਸਤਕ ਹੈ। ਇਸ ਵਿਚ ਭਾਰਤੀ ਕੁਸ਼ਤੀ, ਕੌਮਾਂਤਰੀ ਕੁਸ਼ਤੀ, ਛਿੰਝਾਂ, ਡੇਰੇ ਤੇ ਕਲੱਬ, ਦਰੋਣਾਚਾਰੀਆ ਐਵਾਰਡ ਜੇਤੂ, ਪਦਮਸ੍ਰੀ ਐਵਾਰਡ ਜੇਤੂ, ਅਰਜਨ ਪੁਰਸਕਾਰ ਐਵਾਰਡ ਜੇਤੂ, ਓਲੰਪੀਅਨ ਐਵਾਰਡ ਜੇਤੂ, ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ, ਭਾਰਤ ਦੀਆਂ ਰੁਸਤਮ ਮੁਟਿਆਰਾਂ, ਕੋਚ, ਖੇਡ ਬੁਲਾਰੇ, ਕੁਸ਼ਤੀ ਦੇ ਰਹਬਿਰ, ਕੁਸ਼ਤੀਆਂ ਅਤੇ ਪਹਿਲਵਾਨਾਂ ਬਾਰੇ ਅਨੇਕ ਅਧਿਆਏ ਹਨ।
ਪਹਿਲੇ ਅਧਿਆਏ ਵਿਚ ਭਾਰਤੀ ਕੁਸ਼ਤੀ ਦਾ ਸਫ਼ਰ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਹਿੰਦ ਦੇ ਪਹਿਲਵਾਨ ਤੇ ਉਨ੍ਹਾਂ ਦੇ ਕੱਦ ਕਾਠ, ਕੁਸ਼ਤੀ ਦੇ ਅਭਿਆਸ ਬਾਰੇ ਅਤੇ ਭਾਰਤ ਦੇ ਓਲੰਪਿਕ ਕੁਸ਼ਤੀਆਂ ਵਿਚ ਭਾਗ ਲੈਣ ਦਾ ਪੂਰਾ ਵੇਰਵਾ ਹੈ। ਕੌਮਾਂਤਰੀ ਕੁਸ਼ਤੀ ਅਧਿਆਏ ਵਿਚ ਓਲੰਪਿਕ ਕੁਸ਼ਤੀ, ਏਸ਼ੀਅਨ ਖੇਡਾਂ ਅਤੇ ਭਾਰਤੀ ਪਹਿਲਵਾਨ, ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸਿ਼ਪ, ਕਾਮਨਵੈਲਥ ਖੇਡਾਂ ਅਤੇ ਆਧੁਨਿਕ ਕੁਸ਼ਤੀ ਦਾ ਲੇਖਾ ਜੋਖਾ ਹੈ। ਛਿੰਝਾਂ, ਡੇਰੇ ਤੇ ਕਲੱਬਾਂ ਦੇ ਯੋਗਦਾਨ ਦਾ ਭਰਪੂਰ ਵਰਣਨ ਹੈ। ਦਰੋਣਾਚਾਰੀਆ ਐਵਾਰਡ ਜੇਤੂਆਂ ਤੋਂ ਲੈ ਕੇ ਪਦਮਸ੍ਰੀ, ਅਰਜਨ ਐਵਾਰਡ, ਓਲੰਪੀਅਨ ਐਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਪਹਿਲਵਾਨਾਂ ਦੀਆਂ ਮੁਕੰਮਲ ਸੂਚੀਆਂ ਹਨ। ਖੇਡ ਬੁਲਾਰਿਆਂ ਤੇ ਖੇਡ ਰਹਬਿਰਾਂ ਦੀ ਜਾਣਕਾਰੀ ਹੈ। ਕਿੱਸਾਕਾਰਾਂ ਦੇ ਕੁਸ਼ਤੀਆਂ ਬਾਰੇ ਅਨੇਕਾਂ ਕਾਵਿ-ਬੰਦਾਂ ਵਿਚੋਂ ਇਕ ਕਾਵਿ-ਬੰਦ ਹੈ:
ਕਿੱਕਰ ਸਿੰਘ ਤੇ ਕੱਲੂ ਭਲਵਾਨ ਦਾ ਜੀ,
ਕਿੱਸਾ ਜੋੜਿਆ ਨਾਲ ਧਿਆਨ ਯਾਰੋ
ਰੁਸਤਮ ਹਿੰਦ ਹੋ ਕੇ ਏਸ ਜਹਾਨ ਵਿਚੋਂ,
ਗੁਜ਼ਰ ਗਿਆ ਗੁਲਾਮ ਭਲਵਾਨ ਯਾਰੋ
ਕੱਲੂ ਗੁਲਾਮ ਦਾ ਸਕਾ ਭਰਾ ਹੈਸੀ,
ਦਿਸਦਾ ਬੱਬਰ ਦੇ ਵਾਂਗ ਬਲਵਾਨ ਯਾਰੋ
ਕਿੱਕਰ ਸਿੰਘ ਦੇ ਨਾਲ ਹੁਣ ਲੜਾਂਗਾ ਮੈਂ,
ਕੱਲੂ ਆਖਿਆ ਨਾਲ ਜ਼ਬਾਨ ਯਾਰੋ…
ਕੁਸ਼ਤੀਆਂ ਬਾਰੇ ਜੁੜੇ ਲੋਕ ਗੀਤਾਂ ਵਿਚੋਂ ਲੋਕ ਗੀਤ ਹੈ:
ਕੱਲੂ ਨੂੰ ਗੁਲਾਮ ਕਹਿ ਗਿਆ,
ਬੀਬਾ ਜੱਟ ਨੂੰ ਹੱਥ ਨਾ ਪਾਵੀਂ,
ਕੱਲੂ ਨੂੰ ਗੁਲਾਮ ਕਹਿ ਗਿਆ…
ਕੱਲੂ ਨੂੰ ਗੁਲਾਮ ਆਖਿਆ,
ਜੱਟ ਦੇ ਜ਼ੋਰ ਦਾ ਪਤਾ ਨਾ ਹੱਥ ਆਇਆ,
ਕੱਲੂ ਨੂੰ ਗੁਲਾਮ ਆਖਿਆ…
ਕੱਲੂ ਨੂੰ ਗੁਲਾਮ ਆਖਿਆ,
ਮੈਂ ਰਲ ਕੇ ਵਕਤ ਲੰਘਾਇਆ,
ਕੱਲੂ ਨੂੰ ਗ਼ੁਲਾਮ ਆਖਿਆ…
ਇਸ ਪੁਸਤਕ ਦੇ ਮੁੱਖਬੰਦ ‘ਖੇਡ ਸਾਹਿਤ ਦੀ ਵਡਮੁੱਲੀ ਕਿਰਤ’ ਸਿਰਲੇਖ ਹੇਠ ਸੁਰਜੀਤ ਜੱਜ ਨੇ ਲਿਖਿਆ: ਲੰਮੇ ਸਮੇਂ ਤਕ ਸਿਰਜਨਾਤਮਕ ਕਵਿਤਾਵਾਂ ਤੇ ਕਹਾਣੀਆਂ ਨਾਲ ਭਰਪੂਰ ਹੁੰਦੀ ਰਹੀ, ਪੰਜਾਬੀ ਭਾਸ਼ਾ ਪਿਛਲੇ ਕੁਝ ਦਹਾਕਿਆਂ ਤੋਂ ਬਾਕੀ ਖੇਤਰਾਂ ਨਾਲ ਸਬੰਧਿਤ ਲਿਖਤਾਂ ਨਾਲ ਵੀ ਸਿ਼ੰਗਾਰੀ ਜਾਣ ਲੱਗ ਪਈ ਹੈ। ਗਿਆਨ-ਵਿਗਿਆਨ ਤੇ ਸਮਾਜਿਕ ਵਿਗਿਆਨ ਸਮੇਤ ਜੀਵਨ ਨਾਲ ਜੁੜੇ ਹਰ ਖਿੱਤੇ ਤੇ ਕਿੱਤੇ ਦੀਆਂ ਲੋੜਾਂ ਪੂਰੀਆਂ ਕਰਨ ਹਿਤ ਪੰਜਾਬੀ ਵਿਚ ਬਹੁਤ ਕੁਝ ਲਿਖਿਆ ਜਾ ਰਿਹਾ ਹੈ। ਇਸ ਧਾਰਾ ਵਿਚ ਖੇਡ ਖੇਤਰ ਨਾਲ ਸਬੰਧਿਤ ਸਾਹਿਤ ਵੀ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਐੱਚਐੱਮ ਬਿਲਗਾ ਤੇ ਪੀਆਰ ਸੋਂਧੀ ਦਾ ਨਾਂ ਵਿਸ਼ੇਸ਼ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਬੜੀ ਸਿਦਕਦਿਲੀ ਨਾਲ ਪੰਜਾਬ ਦੀ ਰੂਹ ਕਹੀ ਜਾਣ ਵਾਲੀ ਖੇਡ ਕੁਸ਼ਤੀ ਸਬੰਧੀ ਨਿੱਠ ਕੇ ਖੋਜ ਕੀਤੀ ਹੈ। ਇਹ ਪੁਸਤਕ ਕੁਸ਼ਤੀ ਵਰਗੀ ਸਦੀਆਂ ਪੁਰਾਣੀ ਪਰ ਨਿੱਤ ਨਵੀਂ-ਨਵੇਲੀ ਰਹਿਣ ਵਾਲੀ ਲੋਕ ਖੇਡ, ਜੋ ਸਮਕਾਲੀ ਸਮੇਂ ਸੰਸਾਰ ਭਰ `ਚ ਪ੍ਰਮੁੱਖ ਖੇਡ ਵਜੋਂ ਆਪਣਾ ਸਥਾਨ ਰੱਖਦੀ ਹੈ, ਬਾਰੇ ਬਹੁਤ ਭਰੋਸੇਯੋਗ, ਵਿਸਤ੍ਰਿਤ ਤੇ ਦਿਲਚਸਪ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।
ਡਾ. ਜਗੀਰ ਸਿੰਘ ਨੂਰ ਨੇ ਹਰੀ ਮਿੱਤਰ ਬਿਲਗਾ ਦੀ ਜਾਣ ਪਛਾਣ ਕਰਾਉਂਦਿਆਂ ਲਿਖਿਆ: ‘ਸਾਹਿਤ’ ਅਤੇ ‘ਸਿਹਤ’ ਦੋਵੇਂ ਨਿਆਮਤਾਂ ਕਿਸੇ ਵਿਰਲੇ ਵਾਂਝੇ ਨੂੰ ਹੀ ਇਕ ਥਾਵੇਂ ਨਸੀਬ ਹੁੰਦੀਆਂ ਹਨ। ਮੇਰੀ ਜਾਚੇ ਇਹ ਦੋਵੇਂ ਨਿਆਮਤਾਂ ਕਿਸੇ ਕੋਲ ਹਨ ਤਾਂ ਉਨ੍ਹਾਂ ਸਿਰਮੌਰ ਨਾਵਾਂ ਵਿਚੋਂ ਪ੍ਰਿੰ. ਸਰਵਣ ਸਿੰਘ ਤੋਂ ਬਾਅਦ ਸ੍ਰੀ ਐੱਚਐੱਮ ਬਿਲਗਾ ਜੀ ਦਾ ਨਾਮ ਆਉਂਦਾ ਹੈ। ਬਿਲਗਾ ਜੀ ਦਾ ਸਰੀਰ ਖੇਡ ਖੇਤਰ ਦੇ ਮੁਜੱਸਮੇ ਦਾ ਪ੍ਰਗਟਾਵਾ ਹੈ ਅਤੇ ਸੀਰਤ ਸਾਹਿਤਕਾਰ ਦੀ ਹੈ। ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਨੇ ਆਪਣੇ ਕਰੀਅਰ ਦਾ ਆਰੰਭ 1975 ਵਿਚ ਫਗਵਾੜੇ ਦੇ ਮਾਡਲ ਸਕੂਲ ਵਿਚ ਬਤੌਰ ਖੇਡ ਅਧਿਆਪਕ ਕੀਤਾ ਸੀ। ਬਾਅਦ ਵਿਚ ਆਰੀਆ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੂੰ ਆਪਣੀ ਕਰਮਭੂਮੀ ਬਣਾਇਆ ਅਤੇ ਨਿਧੜਕ ਪੱਤਰਕਾਰ ਵਜੋਂ ਵਿਚਰਨਾ ਆਰੰਭ ਕੀਤਾ। ਉਸ ਨੇ ‘ਚੈਂਪੀਅਨ ਜੋ ਹਾਰ ਗਏ’ ਵਰਗੇ ਲੇਖ ਲਿਖ ਕੇ ਖੇਡ ਲੇਖਕਾਂ ਵਿਚ ਆਪਣੀ ਥਾਂ ਬਣਾਈ।
ਡਾ. ਜਵਾਹਰ ਧੀਰ ਨੇ ਪਿਆਰਾ ਰਾਮ ਸੋਂਧੀ ਬਾਰੇ ਲਿਖਿਆ: ਦੁਸਹਿਰਾ ਹੋਵੇ ਜਾਂ ਦੀਵਾਲੀ, ਲੋਹੜੀ ਹੋਵੇ ਜਾਂ ਵਿਸਾਖੀ, ਜਿਸ ਸ਼ਖਸ਼ ਲਈ ਇਨ੍ਹਾਂ ਤਿਉਹਾਰਾਂ ਦਾ ਨਾਮ ਸਿਰਫ਼ ਤੇ ਸਿਰਫ਼ ਕੁਸ਼ਤੀ ਹੋਵੇ, ਕੁਸ਼ਤੀ ਹੀ ਜਿਸ ਦਾ ਮਜ਼੍ਹਬ ਹੋਵੇ, ਉਸ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ? ਅਜਿਹਾ ਸ਼ਖਸ ਜਿਸ ਲਈ ਕਿਸੇ ਵੀ ਤਿਉਹਾਰ ਜਾਂ ਰਿਸ਼ਤੇ ਨਾਲੋਂ ਕੁਸ਼ਤੀ ਦਾ ਮਹੱਤਵ ਵਧੇਰੇ ਹੈ ਅਤੇ ਜੋ ਜਾਗਦੇ-ਸੌਂਦੇ ਤੇ ਖਾਂਦੇ-ਪੀਂਦੇ ਹਰ ਸਮੇਂ ਕੁਸ਼ਤੀ ਬਾਰੇ ਸੋਚਦੈ, ਉਸ ਨੂੰ ਕੁਸ਼ਤੀ ਪ੍ਰੇਮੀ, ਕੋਚ ਪੀਆਰ ਸੋਂਧੀ ਦੇ ਨਾਂ ਨਾਲ ਜਾਣਦੇ ਹਨ। ਜਿਥੇ ਉਹ ਕੁਸ਼ਤੀ ਦਾ ਵਧੀਆ ਕੋਚ ਹੈ, ਉਥੇ ਪੰਜਾਬ ਕੁਸ਼ਤੀ ਐਸੋਸੀਏਸ਼ਨ ਦਾ ਕੈਸ਼ੀਅਰ ਵੀ ਹੈ। ਪਿੰਡ ਰਾਏਪੁਰ ਡੱਬਾ ਦੇ ਜੰਮਪਲ ਪਿਆਰਾ ਰਾਮ ਸੋਂਧੀ ਨੂੰ ਇਸੇ ਪਿੰਡ ਦੇ ਰੁਸਤਮੇ ਹਿੰਦ ਪਹਿਲਵਾਨ ਹਰਬੰਸ ਸਿੰਘ ਨੇ ਬਚਪਨ ਵਿਚ ਹੀ ਕੁਸ਼ਤੀ ਦੇ ਲੜ ਲਾਇਆ ਸੀ। ਕਾਲਜ ਵਿਚ ਪੜ੍ਹਦਿਆਂ ਉਸ ਨੇ ਪਹਿਲਵਾਨ ਹਰਬੰਸ ਸਿੰਘ ਦੇ ਪੁੱਤਰ ਪ੍ਰੋ. ਕਸ਼ਮੀਰਾ ਸਿੰਘ ਤੋਂ ਕੁਸ਼ਤੀ ਦੀਆਂ ਬਰੀਕੀਆਂ ਸਿੱਖੀਆਂ। 1971 ਵਿਚ ਐੱਨਆਈਐਸ ਪਟਿਆਲਾ ਤੋਂ ਕੁਸ਼ਤੀ ਦਾ ਡਿਪਲੋਮਾ ਤੇ ਜਰਮਨੀ ਤੋਂ ਕੁਸ਼ਤੀ ਦਾ ਵਿਸ਼ੇਸ਼ ਕੋਚਿੰਗ ਕੋਰਸ ਪਾਸ ਕੀਤਾ। ਫਿਰ ਉਸ ਨੇ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਲਈ ਭਾਰਤੀ ਕੁਸ਼ਤੀ ਟੀਮਾਂ ਨੂੰ ਕੋਚਿੰਗ ਦੇਣੀ ਸ਼ੁਰੀ ਕੀਤੀ। ਕਦੇ ਏਸ਼ੀਅਨ ਜੂਨੀਅਰ ਚੈਂਪੀਅਨਸਿ਼ਪ ਹਿਸਾਰ, ਕਦੇ ਏਸ਼ੀਅਨ ਚੈਂਪੀਅਨਸਿ਼ਪ ਤਹਿਰਾਨ, ਕਦੇ ਵਿਸ਼ਵ ਚੈਂਪੀਅਨਸਿ਼ਪ ਰੂਸ, ਕਦੇ ਏਸ਼ੀਅਨ ਗੇਮਜ਼ ਬੈਂਕਾਕ, ਕਦੇ ਵਿਸ਼ਵ ਚੈਂਪੀਅਨਸਿ਼ਪ ਵੈਨਕੂਵਰ ਤੇ ਕਦੇ ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਦਾ ਕੋਚ ਬਣ ਕੇ ਸੇਵਾਵਾਂ ਨਿਭਾਈਆਂ। ਉਹ ਨੈਸ਼ਨਲ ਚੀਫ ਕੁਸ਼ਤੀ ਕੋਚ ਰਹਿ ਕੇ ਰਿਟਾਇਰ ਹੋਇਆ।
ਹਰੀ ਮਿੱਤਰ ਬਿਲਗੇ ਦਾ ਜਨਮ ਸ੍ਰੀ ਸੰਤ ਰਾਮ ਅਤੇ ਸ੍ਰੀਮਤੀ ਭਾਗਵੰਤੀ ਦੇ ਘਰ 19 ਦਸੰਬਰ 1949 ਨੂੰ ਨਾਨਕੇ ਪਿੰਡ ਬਜੂਹਾ ਖੁਰਦ ਜਿ਼ਲ੍ਹਾ ਜਲੰਧਰ ਵਿਚ ਹੋਇਆ ਸੀ। ਉਹ ਬੀਏ ਡੀਪੀਐੱਡ ਸੀ ਅਤੇ ਫਗਵਾੜੇ ਰਹਿੰਦਾ ਸੀ ਜਿਥੇ ਉਸ ਦਾ ਦੇਹਾਂਤ ਹੋਇਆ। ਪਿਆਰਾ ਰਾਮ ਸੋਂਧੀ ਦਾ ਜਨਮ ਪਿਤਾ ਸ੍ਰੀ ਜਗਤ ਰਾਮ ਤੇ ਮਾਤਾ ਸ੍ਰੀਮਤੀ ਧਾਂਤੀ ਦੇਵੀ ਦੇ ਗ੍ਰਹਿ ਵਿਖੇ ਨਾਨਕੇ ਪਿੰਡ ਜਗਤਪੁਰ ਜਿ਼ਲ੍ਹਾ ਜਲੰਧਰ ਵਿਚ ਹੋਇਆ। ਉਹ ਅੱਜਕੱਲ੍ਹ ਫਗਵਾੜੇ ਰਹਿੰਦਾ ਹੈ ਤੇ ਕੁਸ਼ਤੀ ਅਖਾੜਾ ਚਲਾ ਰਿਹਾ ਹੈ। ਦੂਰ ਨੇੜੇ ਦੀਆਂ ਛਿੰਝਾਂ ਤੇ ਜਾ ਕੇ ਕੁਸ਼ਤੀ ਕੋਚ ਤੇ ਰੈਫਰੀ ਦੀਆਂ ਸੇਵਾਵਾਂ ਨਿਭਾਉਣੀਆਂ ਉਹਦਾ ਕਰਮ ਧਰਮ ਹੈ।
ਇਕ ਸਮਾਂ ਸੀ ਜਦੋਂ ਪੰਜਾਬ ਦੀ ਹਵਾ ਵਿਚ ਮੱਲਾਂ ਦੀਆਂ ਗੱਲਾਂ ਤਾਰੀ ਸਨ। ਮੇਲਿਆਂ ਮੁਸਾਹਿਬਆਂ ਵਿਚ ਛਿੰਝਾਂ ਪੈਂਦੀਆਂ ਤੇ ਪਰ੍ਹਿਆਂ ਵਿਚ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ। ਉਨ੍ਹਾਂ ਦੇ ਕੀਤੇ ਜ਼ੋਰ ਅਤੇ ਘੁਲੇ ਘੋਲਾਂ ਦੇ ਕਿੱਸੇ ਛਿੜਦੇ। ਭਲਵਾਨਾਂ ਦੇ ਦਾਅ, ਛਿੰਝਾਂ ਦੀਆਂ ਝੰਡੀਆਂ ਤੇ ਜਿੱਤੀਆਂ ਗੁਰਜਾਂ ਦੀਆਂ ਕਥਾ ਕਹਾਣੀਆਂ ਤੁਰਦੀਆਂ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗ ਵੇਦ, ਰਾਮਾਇਣ ਤੇ ਮਹਾਂਭਾਰਤ ਵਿਚ ਕੁਸ਼ਤੀਆਂ ਦਾ ਜ਼ਿਕਰ ਆਉਂਦਾ ਹੈ। ਮੱਲਾਂ ਦੇ ਘੋਲ ਭਾਰਤ ਦੀ ਪੁਰਾਤਨ ਖੇਡ ਕਲਾ ਹੈ। ਪੁਰਾਤਨ ਭਾਰਤੀ ਸਾਹਿਤ ਵਿਚ ਸ਼ਤਰੂਆਂ ਦੇ ਮੱਲ ਯੁੱਧ ਦੁਆਰਾ ਜਿੱਤ ਹਾਰ ਦਾ ਫ਼ੈਸਲਾ ਕਰਨ ਦੇ ਪ੍ਰਸੰਗ ਮਿਲਦੇ ਹਨ। ਭੀਮਸੈਨ ਨੇ ਜਰਾਸੰਧ ਨੂੰ ਮੱਲ ਯੁੱਧ ਦੁਆਰਾ ਮਾਰਿਆ ਸੀ। ਭੀਮਸੈਨ ਅਤੇ ਬਲਰਾਮ ਜੋਧੇ ਵੀ ਸਨ ਤੇ ਬਾਹੂਬਲੀ ਵੀ। ਮਿਥਿਹਾਸਕ ਕਥਾਵਾਂ ਮੁਤਾਬਿਕ ਉਨ੍ਹਾਂ ਦੇ ਅਸਮਾਨਾਂ ਵਿਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ!
ਯੂਨਾਨ, ਮਿਸਰ ਅਤੇ ਭਾਰਤ ਦੀ ਸੱਭਿਅਤਾ ਸਭ ਤੋਂ ਪੁਰਾਣੀ ਗਿਣੀ ਜਾਂਦੀ ਹੈ। ਇਨ੍ਹਾਂ ਦੇਸ਼ਾਂ ਦੀਆਂ ਇਤਿਹਾਸਕ ਅਤੇ ਮਿਥਿਹਾਸਕ ਕਹਾਣੀਆਂ ਵਿਚ ਪਹਿਲਵਾਨਾਂ ਦਾ ਉਚੇਚਾ ਜ਼ਿਕਰ ਆਉਂਦਾ ਹੈ। ਯੂਨਾਨੀ ਕਵੀ ਹੋਮਰ ਦੀ ਪੁਸਤਕ ‘ਇਲੀਅਦ’ ਬੀਰ ਕਥਾਵਾਂ ਨਾਲ ਭਰੀ ਪਈ ਹੈ। ਯੂਨਾਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਵਨਾਇਕ ਐਟਲਸ ਨੇ ਧਰਤੀ ਨੂੰ ਹੀ ਮੋਢਿਆਂ ਤੇ ਚੁੱਕ ਲਿਆ ਸੀ। ਬਾਅਦ ਵਿਚ ਉਹਦੇ ਨਾਂ ਉਤੇ ਬਹੁਤ ਸਾਰੀਆਂ ਵਸਤਾਂ ਦੇ ਨਾਂ ‘ਐਟਲਸ’ ਰੱਖੇ ਗਏ ਜਿਵੇਂ ਐਟਲਸ ਬਾਈਸਾਈਕਲ। ਤਿੰਨ ਹਜ਼ਾਰ ਸਾਲ ਪਹਿਲਾਂ ਲਿਖੀ ਗਈ ਪੁਸਤਕ ਇਲੀਅਦ ਵਿਚ ਐਟਲਸ ਤੋਂ ਬਿਨਾਂ ਹਰਕੁਲੀਸ, ਜਿਊਅਸ, ਯੁਲੀਸਿਸ, ਅਜੈਕਸ ਆਦਿ ਦੈਵੀ ਨਾਇਕਾਂ ਦਾ ਵੇਰਵਾ ਮਿਲਦਾ ਹੈ। ਉਨ੍ਹਾਂ ਦੀ ਬੀਰਤਾ ਦੀਆਂ ਕਥਾਵਾਂ ਸਰੋਤਿਆਂ ਨੂੰ ਤਾਕਤਵਰ, ਪਹਿਲਵਾਨ, ਸੂਰਮੇ ਤੇ ਦੀਨ ਦੁਨੀ ਦੇ ਰਾਖੇ ਬਣਨ ਲਈ ਪ੍ਰੇਰਦੀਆਂ ਹਨ। ਪਲੈਟੋ ਦੀਆਂ ਲਿਖਤਾਂ ਵਿਚ ਜਿਸਮਾਨੀ ਤਾਕਤ ਦਾ ਉਚੇਚਾ ਬਿਰਤਾਂਤ ਹੈ। ਯੂਨਾਨੀ ਦਾਰਸ਼ਨਿਕਾਂ ਨੇ ਸਰੀਰਕ ਬਲ ਨੂੰ ਬੜਾ ਵਡਿਆਇਆ ਅਤੇ ਕਰਾਮਾਤੀ ਕਿਹਾ ਹੈ। ਸਰੀਰਕ ਬਲ ਬਿਨਾਂ ਜਿੱਤਾਂ ਨਹੀਂ ਜਿੱਤ ਹੁੰਦੀਆਂ। ਸਮਾਰਟਾ ਵਾਸੀ ਸਰੀਰਕ ਬਲ ਨੂੰ ਧਾਰਮਿਕ ਤੌਰ ਤੇ ਵੀ ਜੀਵਨ ਦਾ ਜ਼ਰੂਰੀ ਉਦੇਸ਼ ਮੰਨਦੇ ਸਨ।
ਹੋਮਰ ਨੇ ਆਪਣੇ ਮਹਾਨ ਕਾਵਿ ਇਲੀਅਦ ਵਿਚ ਓਡੀਸਿਸ ਤੇ ਅਜੈਕਸ ਵਰਗੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਵਰਣਨ ਕੀਤਾ ਹੈ। ਛੇਵੀਂ ਪੂਰਵ ਈਸਵੀ ਵਿਚ ਪੁਰਾਤਨ ਓਲੰਪਿਕ ਖੇਡਾਂ ਵਿਚ ਅਜਿਹੀ ਕੁਸ਼ਤੀ ਘੁਲੀ ਜਾਂਦੀ ਸੀ ਜਿਸ ਵਿਚ ਹਾਰ ਰਿਹਾ ਖਿਡਾਰੀ ਜਦੋਂ ਤਕ ਹੱਥ ਖੜ੍ਹਾ ਨਾ ਕਰੇ, ਉਦੋਂ ਤਕ ਉਹ ਹਾਰਿਆ ਨਹੀਂ ਸੀ ਸਮਝਿਆ ਜਾਂਦਾ। ਇਸ ਕੁਸ਼ਤੀ ਨੂੰ ਪੰਕਰਾਜਨ ਕਹਿੰਦੇ ਸਨ। ਇਹਦੇ ਵਿਚ ਅੱਖਾਂ ਕੱਢਣ, ਉਂਗਲਾਂ ਤੋੜਨ ਤੇ ਚੱਕ ਮਾਰਨ ਦੀ ਹੀ ਮਨਾਹੀ ਸੀ, ਬਾਕੀ ਸਭ ਕੁਝ ਜਾਇਜ਼ ਸੀ। ਯੂਨਾਨੀ ਪਹਿਲਵਾਨ ਅਰੈਚਨ ਇਕ ਘੋਲ ਵਿਚ ਆਪਣੇ ਵਿਰੋਧੀ ਨਾਲ ਅਜਿਹਾ ਗੁੱਥਮਗੁਥਾ ਹੋਇਆ ਕਿ ਦੋਵੇਂ ਮਰਨਹਾਰੇ ਹੋ ਗਏ। ਅਰੈਚਨ ਮਰਨੀ ਮਰ ਗਿਆ ਪਰ ਹੱਥ ਨਾ ਚੁੱਕਿਆ। ਅਰੈਚਨ ਦੀ ਜਾਨ ਨਿਕਲਣ ਲੱਗੀ ਤਾਂ ਅਰੈਚਨ ਦੇ ਵਿਰੋਧੀ ਨੇ ਹੱਥ ਖੜ੍ਹਾ ਕਰ ਦਿੱਤਾ। ਜਦੋਂ ਉਹ ਅੱਡੋ-ਅੱਡ ਕੀਤੇ ਤਾਂ ਅਰੈਚਨ ਲਾਸ਼ ਬਣਿਆ ਹੋਇਆ ਸੀ। ਉਸ ਨੇ ਹੱਥ ਉਠਾ ਕੇ ਹਾਰ ਨਹੀਂ ਸੀ ਮੰਨੀ, ਇਸ ਲਈ ਜੱਜਾਂ ਨੇ ਮੋਏ ਅਰੈਚਨ ਨੂੰ ਜੇਤੂ ਕਰਾਰ ਦਿੱਤਾ ਤੇ ਉਸ ਦੇ ਸਿਰ ਉਤੇ ਜੈਤੂਨ ਦੀਆਂ ਲਗਰਾਂ ਦਾ ਮੁਕਟ ਸਜਾਇਆ ਗਿਆ।
ਕੁਸ਼ਤੀ ਸਦੀਆਂ ਪੁਰਾਣੀ ਖੇਡ ਹੈ। ਮਿਸਰ ਵਿਚ ਪਹਿਲਵਾਨੀ ਕਰਨ ਦੇ ਪੰਜ ਹਜ਼ਾਰ ਸਾਲ ਪੁਰਾਣੇ ਸਬੂਤ ਮਿਲਦੇ ਹਨ। ਖੋਜੀਆਂ ਨੇ ਕੁਸ਼ਤੀ ਦਾ ਇਤਿਹਾਸ ਪੰਜ ਹਜ਼ਾਰ ਵਰ੍ਹੇ ਪਹਿਲਾਂ ਦਾ ਖੋਜਿਆ ਹੈ। ਮੈਸੇਪੋਟਾਮੀਆ ਵਿਚੋਂ 3000 ਈਸਾ ਪੂਰਬ ਦੀ ਬਣੀ ਤਾਂਬੇ ਦੀ ਇਕ ਤਸ਼ਤਰੀ ਮਿਲੀ ਹੈ ਜਿਸ ਉਤੇ ਦੋ ਪਹਿਲਵਾਨ ਕੁਸ਼ਤੀ ਕਰਦੇ ਉਕਰੇ ਹੋਏ ਹਨ। ਮਿਸਰ ਵਿਚ ਨੀਲ ਨਦੀ ਦੇ ਕੰਢੇ ਬੇਨੀ ਹਸਨ ਦੇ ਮਕਬਰੇ ਦੀਆਂ ਕੰਧਾਂ ਉਤੇ ਕੁਸ਼ਤੀ ਕਰਦੇ ਮੱਲਾਂ ਦੇ ਚਿੱਤਰ ਵਾਹੇ ਮਿਲੇ ਹਨ। ਇਨ੍ਹਾਂ ਚਿੱਤਰਾਂ ਦੀ ਉਮਰ ਸਾਢੇ ਚਾਰ ਹਜ਼ਾਰ ਸਾਲ ਅੰਕੀ ਗਈ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗ ਵੇਦ, ਰਾਮਾਇਣ ਤੇ ਮਹਾਂਭਾਰਤ ਵਿਚ ਵੀ ਬਾਹੂਬਲੀਆਂ ਦੀ ਮਹਿਮਾ ਤੇ ਮੱਲ-ਯੁੱਧ ਦਾ ਜ਼ਿਕਰ ਆਉਂਦਾ ਹੈ। ਮੈਦਾਨ-ਏ-ਜੰਗ ਵਿਚ ਉਨ੍ਹਾਂ ਦੀਆਂ ਗੁਰਜਾਂ/ਗਦਾਵਾਂ ਖੜਕਦੀਆਂ ਸਨ।
ਚੀਨ ਵਿਚ 700 ਈਸਾ ਪੂਰਬ ਵਿਚ ਕੁਸ਼ਤੀ ਪ੍ਰਚਲਿਤ ਸੀ। 704 ਈਸਾ ਪੂਰਬ ਵਿਚ ਪੁਰਾਤਨ ਓਲੰਪਿਕ ਖੇਡਾਂ ਦੀ 18ਵੀਂ ਓਲਿੰਪੀਆਡ ਵਿਚ ਕਰੋਟੋਨ ਦਾ ਦਿਓ ਕੱਦ ਪਹਿਲਵਾਨ ਮੀਲੋ ਓਲੰਪਿਕ ਚੈਂਪੀਅਨ ਬਣਿਆ। ਮਿੱਥ ਹੈ ਕਿ ਮੀਲੋ ਮੁੱਕਾ ਮਾਰ ਕੇ ਸਾਨ੍ਹ ਮਾਰ ਦਿੰਦਾ ਸੀ ਤੇ ਅੱਠਾਂ ਪਹਿਰਾਂ ਵਿਚ ਉਹਨੂੰ ਖਾ ਵੀ ਜਾਂਦਾ ਸੀ। ਭਾਰਤ ਵਿਚ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਕੁਸ਼ਤੀਆਂ ਸ਼ੁਰੂ ਹੋ ਚੁੱਕੀਆਂ ਸਨ।
ਛਿੰਝ ਸ਼ਬਦ ਮੱਲ ਅਖਾੜਾ, ਮੱਲ ਯੁੱਧ, ਘੋਲ, ਦੰਗਲ, ਕੁਸ਼ਤੀ ਲਈ ਵਰਤਿਆ ਜਾਂਦਾ ਹੈ। ਗੁਰਮਤਿ ਤੇ ਸੂਫੀ ਕਵੀਆਂ ਨੇ ਆਪਣੇ ਕਲਾਮ ਵਿਚ ਅਤੇ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਇਸ ਸ਼ਬਦ ਦੀ ਵਰਤੋਂ ਆਪੋ-ਆਪਣੇ ਅੰਦਾਜ਼ ਵਿਚ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਛਿੰਝ ਸ਼ਬਦ ਵਰਤਿਆ ਗਿਆ ਹੈ। ਛਿੰਝ ਮੇਲਿਆਂ ਦਾ ਇਤਿਹਾਸ ਕੁਸ਼ਤੀ ਦੇ ਜਨਮ ਨਾਲ ਹੀ ਮੰਨਿਆ ਗਿਆ ਹੈ। ਭਾਰਤ ਵਿਚ ਇਸ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਵਿਚ ਛਿੰਝ, ਹਰਿਆਣਾ ਵਿਚ ਛੁੱਟੀ ਬੋਲਣਾ, ਮਹਾਰਾਸ਼ਟਰ ਵਿਚ ਹਗਾਮਾ, ਹਿਮਾਚਲ ਵਿਚ ਮਾਲੀ ਦੀ ਕੁਸ਼ਤੀ ਅਤੇ ਭਾਰਤ ਦੇ ਵਧੇਰੇ ਹਿੱਸਿਆਂ ਵਿਚ ਇਸ ਨੂੰ ਦੰਗਲ ਕਿਹਾ ਜਾਂਦਾ ਹੈ। ਦੰਗਲ ਟਿਕਟ ਰੱਖ ਕੇ ਕਰਵਾਏ ਜਾਂਦੇ ਹਨ ਜਦ ਕਿ ਛਿੰਝ ਬਿਨਾਂ ਟਿਕਟ ਤੋਂ ਪੁਆਈ ਜਾਂਦੀ ਹੈ। ਛਿੰਝਾਂ ਵਿਚ ਬਦਾਮਾਂ ਦੀਆਂ ਬੋਰੀਆਂ ਤੋਂ ਲੈ ਕੇ ਘਿਉ ਦੇ ਘੜੇ, ਮੱਝਾਂ, ਘੋੜੀਆਂ, ਸੋਨੇ ਦੇ ਕੜੇ ਕੈਂਠੇ, ਮੁੰਦਰੀਆਂ ਤੇ ਨਕਦ ਇਨਾਮ ਦਿੱਤੇ ਜਾਂਦੇ ਹਨ।
ਪੰਜਾਬ ਵਿਚ ਲੋਕਾਂ ਨੇ ਛਿੰਝ ਨੂੰ ਕਿਸੇ ਨਾ ਕਿਸੇ ਰੀਤੀ-ਰਿਵਾਜ ਨਾਲ ਵੀ ਜੋੜਿਆ ਹੋਇਆ ਹੈ। ਜਦੋਂ ਔੜ ਲੱਗ ਜਾਵੇ ਤਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਵਰਖਾ ਦੀ ਕਾਮਨਾ ਕਰਦੇ ਹੋਏ ਛਿੰਝ ਸੁੱਖਦੇ ਹਨ। ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਡੰਗਰਾਂ ਦੀ ਸੁੱਖ ਲਈ ਛਿੰਝ ਪੁਆਂਦੇ ਹਨ। ਪੁਰਾਣੇ ਬੰਦੇ ਪਹਿਲਵਾਨਾਂ ਨੂੰ ਸਾਧਾਂ ਸੰਤਾਂ ਦਾ ਰੂਪ ਮੰਨਦੇ ਸਨ ਅਤੇ ਛਿੰਝ ਵਿਚ ਘੁਲਣ ਆਏ ਪਹਿਲਵਾਨਾਂ ਦੀ ਗੋਦੀ ਵਿਚ ਆਪਣੀ ਨਵਜੰਮੀ ਸੰਤਾਨ ਨੂੰ ਪਾ ਕੇ ਬੱਚਿਆਂ ਦੀ ਸੁੱਖ ਮੰਗਦੇ ਸਨ। ਛਿੰਝਾਂ ਵਿਚ ਝੰਡੀ ਦੀ ਕੁਸ਼ਤੀ ਨਾਲ ਰੁਪਏ ਬੰਨ੍ਹ ਕੇ ਪਿੜ ਵਿਚ ਘੁਮਾਇਆ ਜਾਂਦਾ ਹੈ ਤੇ ਜਿਹੜੇ ਦੋ ਪਹਿਲਵਾਨ ਇਸ ਨੂੰ ਹੱਥ ਲਾ ਦੇਣ ਉਨ੍ਹਾਂ ਨੂੰ ਝੰਡੀ ਦੀ ਕੁਸ਼ਤੀ ਲਈ ਘੁਲਾ ਦਿੱਤਾ ਜਾਂਦਾ ਹੈ। ਭਾਰਤੀ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਵਿਚ ਛਿੰਝ ਮੇਲਿਆਂ ਦੀ ਅਹਿਮ ਭੂਮਿਕਾ ਰਹੀ ਹੈ। ਦੁਆਬੇ ਵਿਚ ਪੈਣ ਵਾਲੀਆਂ ਮਸ਼ਹੂਰ ਛਿੰਝਾਂ ਵਿਚ ਰੂਪੋਵਾਲ, ਸਰੀਂਹ, ਸੰ਼ਕਰ, ਕੋਟ ਬਾਦਲ ਖਾਂ, ਨੂਰਮਹਿਲ, ਹਕੀਮਪੁਰ, ਗੜ੍ਹੀ ਅਜੀਤ ਸਿੰਘ, ਬਿਲਗਾ ਆਦਿ ਦੀਆਂ ਛਿੰਝਾਂ ਸ਼ਾਮਲ ਹਨ। ਮਾਝੇ ਵਿਚ ਬੱਬੇਹਾਲੀ ਦੀ ਛਿੰਝ ਬਹੁਤ ਮਸ਼ੁਹੂਰ ਹੈ। ਕਰੀਬ ਤਿੰਨ ਸੌ ਸਾਲ ਪਹਿਲਾਂ ਬਾਬਾ ਲੱਖ ਦਾਤਾ ਨਾਂ ਦਾ ਫਕੀਰ ਪਿੰਡ ਬੱਬੇਹਾਲੀ ਵਿਚ ਆ ਵਸਿਆ। ਪਿੰਡ ਦੇ ਬਾਹਰਵਾਰ ਉਸ ਨੇ ਅਖਾੜਾ ਤਿਆਰ ਕਰਵਾ ਦਿੱਤਾ ਜਿਥੇ ਪਿੰਡ ਦੇ ਛੋਟੇ ਬੱਚੇ ਤੇ ਗਭਰੀਟ ਕੁਸ਼ਤੀ ਲੜਦੇ ਸਨ। ਫਿਰ ਇਸ ਜਗ੍ਹਾ ਛਿੰਝ ਪੈਣੀ ਸ਼ੁਰੂ ਹੋ ਗਈ ਜਿਸ ਬਾਰੇ ਕਿਹਾ ਜਾਂਦਾ ਹੈ: ਬੱਬੇਹਾਲੀ ਦੀ ਛਿੰਝ ਮਸ਼ਹੂਰ ਜੱਗ ਤੇ, ਜਿਥੇ ਮੁੱਲ ਪੈਂਦਾ ਮਰਦਾਂ ਘੋੜਿਆਂ ਦਾ। ਮਾਝੇ ਵਿਚ ਕਿਰਲਗੜ੍ਹ, ਬੱਚੀ ਪਿੰਡ, ਸੁਰਸਿੰਘ, ਭਾਗੋਵਾਲ, ਪਿੱਦੀ, ਸੇਰੋਂ, ਮਹਿਲ ਬੁਖਾਰੀ ਤੇ ਗੁਰੂਸਰ ਸੁਲਤਾਨੀ ਦੀਆਂ ਛਿੰਝਾਂ ਵੀ ਅੱਵਲ ਦਰਜੇ ਦੀਆਂ ਮੰਨੀਆਂ ਜਾਂਦੀਆਂ ਹਨ। ਮਾਲਵੇ ਵਿਚ ਸਮਰਾਲਾ, ਜਗਰਾਓਂ, ਅਕਬਰਪੁਰ, ਰਾੜਾ ਸਾਹਿਬ, ਤੱਖਰਾ ਭਰਤਗੜ੍ਹ, ਬੜਾ ਪਿੰਡ, ਖਿਜਰਾਬਾਦ, ਆਲਮਗੀਰ ਤੇ ਹੋਰ ਬਹੁਤ ਸਾਰੀਆਂ ਛਿੰਝਾਂ ਪ੍ਰਸਿੱਧ ਹਨ।
‘ਕੁਸ਼ਤੀ ਦੇ ਧਨੰਤਰ’ ਪੁਸਤਕ ਨੂੰ ਬਰੈਕਟ ਵਿਚ ‘ਕੁਸ਼ਤੀ ਦਾ ਸਫ਼ਰਨਾਮਾ’ ਲਿਖਿਆ ਗਿਆ ਹੈ। ਪੁਰਾਣੇ ਜ਼ਮਾਨੇ ਵਿਚ ਹਿੰਦੋਸਤਾਨ ਵਿਚ ਰੁਸਤਮੇ ਜਮਾਂ, ਕੁਤਬਿ ਜਮਾਂ, ਦੇਵੇ ਹਿੰਦ, ਰੁਸਤਮੇ ਹਿੰਦ, ਆਫ਼ਤਾਬੇ ਹਿੰਦ, ਸ਼ੇਰੇ ਹਿੰਦ, ਸ਼ਾਨੇ ਹਿੰਦ ਆਦਿ ਖਿ਼ਤਾਬ ਹੁੰਦੇ ਸਨ। ਪ੍ਰੇਮ ਸਿੰਘ ਉਰਫ਼ ਪਹਿਲਵਾਨ ਕਿੱਕਰ ਸਿੰਘ ਦੇਵੇ ਹਿੰਦ ਸੀ। ਰਮਜ਼ੀ ਪਹਿਲਵਾਨ ਦਹਿਰ ਉਲ ਹੱਕ ਸੀ। ਹਿੰਦ ਵਿਚ ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰਉਦੀਨ ਨੂੰ ਮੰਨਿਆ ਜਾਂਦਾ ਹੈ। ਉਹ ਕੁਤਬਿ ਜਮਾ ਸੀ। ਦੰਦ ਕਥਾ ਤੁਰੀ ਆਉਂਦੀ ਹੈ ਕਿ ਉਹ ਨਿੱਤ ਪੰਜ ਹਜ਼ਾਰ ਡੰਡ ਤੇ ਪੰਜ ਹਜ਼ਾਰ ਬੈਠਕਾਂ ਕੱਢਦਾ ਸੀ ਤੇ ਘੰਟਿਆਂ ਬੱਧੀ ਖੂਹ ਗੇੜਦਾ ਸੀ। ਖ਼ਲੀਫ਼ਾ ਅਬਦੁੱਰਹੀਮ ਨੇ ਰਾਹ ਜਾਂਦਿਆਂ ਰੁੱਖ ਪੁੱਟ ਦਿੱਤਾ ਸੀ ਜਿਥੇ ਹਰ ਸਾਲ ਮੇਲਾ ਲੱਗਦਾ ਹੈ ਤੇ ਭਲਵਾਨ ਦੀਆਂ ਵਸਤਾਂ ਦੇ ਦਰਸ਼ਨ ਕਰਾਏ ਜਾਂਦੇ ਹਨ।
ਖ਼ਲੀਫ਼ਾ ਚਰਾਗ-ਉਦ-ਦੀਨ ਦੇਵੇ ਹਿੰਦ ਸਾਢੇ ਸੱਤ ਫੁੱਟਾ ਤੇ ਰਮਜ਼ੀ ਅੱਠ ਫੁੱਟਾ ਭਲਵਾਨ ਸੀ। ਉਨ੍ਹਾਂ ਨੂੰ ਛਿੰਝਾਂ ਤੇ ਲਿਜਾਂਦਿਆਂ ਘੋੜੀਆਂ ਬਦਲਣੀਆਂ ਪੈਂਦੀਆਂ ਸਨ। ਬਾਬਾ ਫਤਿਹ ਸਿੰਘ ਰੁਸਤਮੇ ਹਿੰਦ ਨੇ ਖੂਹ ਵਿਚ ਡਿੱਗੀ ਡਾਚੀ ਇਕੱਲੇ ਨੇ ਬਾਹਰ ਖਿੱਚ ਲਈ ਸੀ। ਪਹਿਲਵਾਨ ਅਲੀਏ ਨੇ ਖ਼ੁਦ ਜੂਲੇ ਜੁੜ ਕੇ ਖੁੱਭਿਆ ਗੱਡਾ ਕੱਢ ਲਿਆ ਸੀ। ਸਦੀਕਾ ਅੰਬਰਸਰੀਆ ਬੜਾ ਤਕੜਾ ਪਹਿਲਵਾਨ ਸੀ। ਮਹਾਰਾਜਾ ਸ਼ੇਰ ਸਿੰਘ ਨੂੰ ਕੁਸ਼ਤੀਆਂ ਦਾ ਸ਼ੌਕ ਸੀ ਤੇ ਖ਼ੁਦ ਮੂੰਗਲੀਆਂ ਫੇਰਦਾ ਹੁੰਦਾ ਸੀ। ਜਿੱਦਣ ਸੰਧਾਵਾਲੀਆਂ ਨੇ ਬੰਦੂਕ ਭੇਟ ਕਰਦਿਆਂ ਸ਼ੇਰ ਸਿੰਘ ਦੇ ਗੋਲੀ ਮਾਰੀ ਉੱਦਣ ਮਹਾਰਾਜਾ ਸ਼ਾਹ ਬਲਾਵਲ ਦੇ ਮਕਬਰੇ ਸਦੀਕੇ ਦਾ ਭੁਚਾਲ ਨਾਲ ਘੋਲ ਵੇਖ ਕੇ ਫੌਜ ਦੀ ਸਲਾਮੀ ਲੈ ਰਿਹਾ ਸੀ। ਸਦੀਕੇ ਬਾਰੇ ਕਿਹਾ ਜਾਂਦੈ ਕਿ ਉਹ ਮੌਰਾਂ ਉਤੇ ਝੋਟੇ ਨੂੰ ਚੁੱਕ ਕੇ ਇਕ ਮੀਲ ਤੁਰ ਸਕਦਾ ਸੀ। ਇਕ ਵਾਰ ਖੋਤੇ ਦੇ ਅਜਿਹਾ ਮੁੱਕਾ ਮਾਰਿਆ ਕਿ ਖੋਤਾ ਥਾਏਂ ਮਰ ਗਿਆ। ਲਾਹੌਰ ਦੇ ਬੂਟੇ ਭਲਵਾਨ ਵਿਚ ਹਾਥੀ ਜਿੰਨਾ ਜ਼ੋਰ ਸੀ ਜਿਸ ਨੂੰ ਕਿੱਕਰ ਸਿੰਘ ਨੇ ਉਸਤਾਦ ਧਾਰਿਆ। ਕਿੱਕਰ ਸਿੰਘ ਦਾ ਕੱਦ ਸੱਤ ਫੁੱਟ ਤੇ ਭਾਰ ਸਾਢੇ ਸੱਤ ਮਣ ਸੀ। ਉਹ ਗਲ ਵਿਚ ਦੋ ਮਣ ਦਾ ਪੁੜ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਪਿੰਡ ਤਕ ਦੌੜਦਾ ਹੁੰਦਾ ਸੀ ਜਿਸ ਕਰ ਕੇ ਉਹਦੀ ਧੌਣ ਉਤੇ ਕੰਨ੍ਹਾ ਪਿਆ ਹੋਇਆ ਸੀ।
ਆਪਣੇ ਅੜਬ ਸੁਭਾਅ ਕਾਰਨ ਕਿੱਕਰ ਸਿੰਘ ਵਿਦੇਸ਼ ਵਿਚ ਕੁਸ਼ਤੀ ਲੜਨ ਨਾ ਜਾ ਸਕਿਆ। 1889 ਵਿਚ ਪੰਡਤ ਮੋਤੀ ਲਾਲ ਨਹਿਰੂ ਨੇ ਪੈਰਿਸ ਦੀ ਨੁਮਾਇਸ਼ ਤੇ ਜਾਣਾ ਸੀ ਜਿਥੇ ਕੁਸ਼ਤੀਆਂ ਵੀ ਹੋਣੀਆਂ ਸਨ। ਉਸ ਨੇ ਕਿੱਕਰ ਸਿੰਘ ਨੂੰ ਚੱਲਣ ਲਈ ਕਿਹਾ ਪਰ ਕਿੱਕਰ ਸਿੰਘ ਅਗਾਊਂ ਇਕ ਲੱਖ ਰੁਪਿਆ ਲੈਣ ਲਈ ਅੜ ਗਿਆ। ਅਖ਼ੀਰ ਨਹਿਰੂ ਨੇ ਪਹਿਲਵਾਨ ਗ਼ੁਲਾਮ ਨੂੰ ਨਾਲ ਤੋਰ ਲਿਆ ਜਿਸ ਨੇ ਪੈਰਿਸ ਵਿਚ ਰੁਸਤਮੇ ਜ਼ਮਾਂ ਦਾ ਖਿ਼ਤਾਬ ਜਿੱਤਿਆ। ਗ਼ੁਲਾਮ ਕੱਲੂ ਦਾ ਵੱਡਾ ਭਰਾ ਸੀ ਜੋ ਏਨਾ ਨਿਮਰ ਸੀ ਕਿ ਹਰ ਆਏ ਗਏ ਨੂੰ ਕਹਿੰਦਾ, “ਮੈਂ ਹੀ ਤੁਹਾਡਾ ਗ਼ੁਲਾਮ ਆਂ, ਸੇਵਾ ਦੱਸੋ।” ਕਲਕੱਤੇ ਦੀ ਮਸ਼ਹੂਰ ਗਾਇਕਾ ਗੌਹਰ ਜਾਨ ਉਸ ਉੱਤੇ ਮਰਦੀ ਸੀ ਪਰ ਗ਼ੁਲਾਮ ਦੇ ਦਿਲ ਵਿਚ ਮੈਲ ਨਹੀਂ ਸੀ। ਗ਼ੁਲਾਮ ਦਰਬਾਰ ਸਾਹਿਬ ਮੱਥਾ ਟੇਕ ਕੇ ਕੁਸ਼ਤੀ ਲੜਨ ਜਾਂਦਾ ਸੀ ਤੇ ਮੁੜ ਕੇ ਸ਼ੁਕਰਾਨਾ ਕਰਨ ਆਉਂਦਾ ਸੀ।
ਗ਼ੁਲਾਮ ਦੇ ਉਲਟ ਕੱਲੂ ਚੱਕਵੀਂ ਗੱਲ ਕਰਦਾ ਸੀ। ਉਹਨੇ ਪੇਲੜੇ ਭਲਵਾਨ ਦੇ ਪੁੱਤਰ ਕਰੀਮ ਨੂੰ ਤਨਜ਼ ਮਾਰੀ ਸੀ ਕਿ ਅਹੁ ਪੇਲੜੇ ਦੀ ਬੁਲਬੁਲ ਚੱਲੀ ਏ। ਫਿਰ ਉਹੀ ਕਰੀਮ ਬਖ਼ਸ਼ 1892 ਵਿਚ ਇੰਗਲੈਂਡ ਦੇ ਟੌਮ ਕੈਨਨ ਨੂੰ ਢਾਹ ਕੇ ਰੁਸਤਮੇ ਜ਼ਮਾਂ ਬਣਿਆ। ਕੱਲੂ ਨੇ ਮੰਨ੍ਹੀ ਪਹਿਲਵਾਨ ਰੈਣੀ ਵਾਲੇ ਨੂੰ ਲਾਹੌਰੀਆਂ ਦੀ ਬੁਲਬੁਲ ਕਹਿ ਕੇ ਗਲ ਪੁਆ ਲਿਆ ਸੀ ਤੇ ਚੰਗੀ ਖੁੰਭ ਠਪਾਈ ਸੀ। ਮੰਨ੍ਹੀ ਦੀਆਂ ਉਂਗਲਾਂ ਸਰੀਏ ਵਰਗੀਆਂ ਸਨ ਜਿਸ ਕਰ ਕੇ ਜਿਥੇ ਹੱਥ ਪਾਉਂਦਾ ਸੀ ਜੰਬੂਰ ਵਾਂਗ ਮਾਸ ਉਧੇੜ ਦਿੰਦਾ ਸੀ। ਉਹ ਬਾਈ ਸਾਲ ਦੀ ਉਮਰ ਵਿਚ ਮਰ ਗਿਆ। ਗੁੰਗਾ ਤੇ ਹਮੀਦਾ ਵੀ ਜੁਆਨ ਉਮਰੇ ਮਰੇ। ਗੁੰਗਾ ਅੰਮ੍ਰਿਤਸਰੋਂ ਲਾਹੌਰ ਨੂੰ ਬੱਸ ਚੜ੍ਹਿਆ ਸੀ ਤੇ ਬੱਸ ਦੀ ਅਗਲੀ ਸੀਟ ਤੇ ਬੈਠਾ ਸੀ। ਅੱਗੋਂ ਇਕ ਬੱਚੀ ਸੜਕ ਤੇ ਭੁਕਾਨਾ ਉਡਾਉਂਦੀ ਆ ਗਈ। ਗੁੰਗੇ ਨੇ ਬੱਚੀ ਦੀ ਜਾਨ ਬਚਾਉਣ ਲਈ ਉੱਚੀ ਦੇਣੇ ਆਂ…ਆਂ ਕੀਤੀ। ਘਬਰਾਹਟ ਵਿਚ ਡਰਾਈਵਰ ਤੋਂ ਬੱਸ ਟਾਹਲੀ ਨਾਲ ਜਾ ਵੱਜੀ। ਗੁੰਗਾ ਗੰਭੀਰ ਜ਼ਖ਼ਮੀ ਹੋ ਗਿਆ। ਉਥੋਂ ਉਸ ਨੂੰ ਹਸਪਤਾਲ ਲੈ ਗਏ ਪਰ ਉਹ ਬਚ ਨਾ ਸਕਿਆ। ਗੁੰਗੇ ਦੇ ਵਿਯੋਗ ਵਿਚ ਉਹਦਾ ਪਹਿਲਵਾਨ ਪਿਓ ਗਾਮੂੰ ਰੋ ਰੋ ਕੇ ਅੰਨ੍ਹਾ ਹੋ ਗਿਆ ਤੇ ਛੇਤੀ ਮਰ ਗਿਆ।
ਗਾਮੇ ਦਾ ਕੱਦ ਤਾਂ ਪੰਜ ਫੁੱਟ ਸੱਤ ਇੰਚ ਸੀ ਪਰ ਭਾਰ 250 ਪੌਂਡ ਸੀ। ਉਹਦੀ ਛਾਤੀ ਦਾ ਘੇਰਾ 56 ਇੰਚ ਤੇ ਡੌਲੇ 17 ਇੰਚ ਸਨ। ਉਹ 1910 ਵਿਚ ਲੰਡਨ ਗਿਆ ਤੇ ਜਾਨ੍ਹ ਬੁੱਲ ਵਿਸ਼ਵ ਚੈਂਪੀਅਨਸਿ਼ਪ ਜਿੱਤ ਕੇ ਵਿਸ਼ਵ ਵਿਜੇਤਾ ਬਣਿਆ। ਉਹ ਮਹਾਰਾਜਾ ਪਟਿਆਲਾ ਦਾ ਪਹਿਲਵਾਨ ਸੀ ਜੋ ਦੇਸ਼ ਦੀ ਵੰਡ ਪਿਛੋਂ ਲਾਹੌਰ ਚਲਾ ਗਿਆ। ਉਥੇ ਉਹ 23 ਮਈ 1960 ਨੂੰ ਬੜੀ ਮੰਦੀ ਹਾਲਤ ਵਿਚ ਗੁਜ਼ਰਿਆ। ਉਸ ਨੇ 1928 ਵਿਚ ਵਿਸ਼ਵ ਚੈਂਪੀਅਨ ਜ਼ਬਿਸਕੋ ਅਤੇ 1929 ਵਿਚ ਸਵੀਡਨ ਦੇ ਨਾਮੀ ਪਹਿਲਵਾਨ ਪੀਟਰਸਨ ਨੂੰ ਪਟਿਆਲੇ ਵਿਚ ਪਟਕਾ ਕੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ। ਉਹਦਾ ਭਰਾ ਇਮਾਮ ਬਖ਼ਸ਼ ਵੀ ਬੜਾ ਤਕੜਾ ਪਹਿਲਵਾਨ ਹੋ ਗੁਜ਼ਰਿਆ। ਗੁੱਜਰਾਂਵਾਲੇ ਦਾ ਗਾਮਾ ਸਣੇ ਸਵਾਰੀਆਂ ਯੱਕਾ ਮੋਢਿਆਂ ਤੇ ਚੁੱਕ ਲੈਂਦਾ ਸੀ ਜਿਸ ਕਰ ਕੇ ਲੋਕ ਉਸ ਨੂੰ ਯੱਕਾ ਭਲਵਾਨ ਕਹਿਣ ਲੱਗ ਪਏ ਸਨ।
ਦਾਰੇ ਜੇਲ੍ਹਰ ਨੂੰ ਜੇਲ੍ਹ ਵਿਚੋਂ ਹੱਥਕੜੀਆਂ ਜੜ ਕੇ ਅਖਾੜੇ ਵਿਚ ਲਿਆਂਦਾ ਜਾਂਦਾ ਸੀ ਤੇ ਕੁਸ਼ਤੀ ਲੜਾਉਣ ਪਿੱਛੋਂ ਮੁੜ ਹੱਥਕੜੀਆਂ ਲਾ ਲਈਆਂ ਜਾਂਦੀਆਂ ਸਨ। ਉਹ ਕਤਲ ਦੇ ਜੁਰਮ ਵਿਚ ਸਜ਼ਾ ਭੁਗਤ ਰਿਹਾ ਸੀ। ਰਾਮਾਇਣ ਵਿਚ ਹਨੂੰਮਾਨ ਦਾ ਰੋਲ ਕਰਨ ਵਾਲਾ ਐਕਟਰ ਦੀਦਾਰ ਸਿੰਘ ਉਰਫ਼ ਦਾਰਾ ਸੀ। ਉਹ ਵੱਡੇ ਦਾਰੇ ਨਾਲੋਂ ਦਸ ਸਾਲ ਛੋਟਾ ਸੀ। ਵੱਡਾ ਦਾਰਾ ਦੁਲਚੀਪੁਰ ਦਾ ਸਿੱਧੂ ਸੀ ਜਦ ਕਿ ਛੋਟਾ ਦਾਰਾ ਧਰਮੂਚੱਕ ਦਾ ਰੰਧਾਵਾ ਸੀ। ਵੱਡੇ ਦਾ ਕੱਦ ਛੇ ਫੁੱਟ ਦਸ ਇੰਚ ਸੀ, ਛੋਟੇ ਦਾ ਛੇ ਫੁੱਟ ਦੋ ਇੰਚ। ਰੁਸਤਮੇ ਹਿੰਦ ਕੇਸਰ ਸਿੰਘ ਦਾ ਛੇ ਫੁੱਟ ਚਾਰ ਇੰਚ ਤੇ ਉਹਦੇ ਪੋਤੇ ਪਲਵਿੰਦਰ ਚੀਮੇ ਦਾ ਛੇ ਫੁੱਟ ਛੇ ਇੰਚ। ਸੁਖਵੰਤ ਸਿੰਘ ਸਿੱਧੂ ਦਾ ਛੇ ਫੁੱਟ ਚਾਰ ਇੰਚ, ਮਿਹਰਦੀਨ ਤੇ ਚੰਦਗੀ ਰਾਮ ਦਾ ਛੇ ਫੁੱਟ ਤਿੰਨ ਇੰਚ, ਇਮਾਮ ਬਖ਼ਸ਼ ਦਾ ਛੇ ਫੁੱਟ ਦੋ ਇੰਚ, ਕੱਲੂ ਦਾ ਛੇ ਫੁੱਟ ਇਕ ਇੰਚ ਜਦ ਕਿ ਰੁਸਤਮੇ ਜਮਾਂ ਗਾਮੇ ਦਾ ਕੇਵਲ ਪੰਜ ਫੁੱਟ ਸੱਤ ਇੰਚ ਹੀ ਸੀ।
ਸੰਪਰਕ: +1-905-799-1661