ਸਰਬਜੀਤ ਕੌਰ ਸਰਬ
ਰੂਸ ਤੇ ਯੂਕਰੇਨ ਦੀ ਜੰਗ ਦਾ ਪ੍ਰਭਾਵ ਵਿਸ਼ਵ ਵਿਆਪੀ ਪੱਧਰ ਉੱਤੇ ਪਵੇਗਾ। ਬੇਸ਼ੱਕ ਇਹ ਜੰਗ ਦੋ ਦੇਸ਼ਾਂ ਦੇ ਵਿਚਕਾਰ ਹੋ ਰਹੀ ਹੈ ਪਰ ਇਸ ਦਾ ਆਰਥਿਕ ਪ੍ਰਭਾਵ ਸਾਰੇ ਸੰਸਾਰ ਉੱਤੇ ਪੈਣ ਦੀ ਸੰਭਾਵਨਾ ਨਕਾਰੀ ਨਹੀਂ ਜਾ ਸਕਦੀ। ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀਂ ਜਾ ਚੜ੍ਹੀਆਂ ਹਨ, ਹਾਲਾਂਕਿ ਹੁਣ ਇਨ੍ਹਾਂ ਵਿਚ ਕੁਝ ਮੋੜਾ ਪੈਣ ਦੀਆਂ ਖ਼ਬਰਾਂ ਹਨ। ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਇਹ ਕੀਮਤਾਂ 150 ਡਾਲਰ ਪ੍ਰਤੀ ਬੈਰਲ ਪੁੱਜਣ ਦਾ ਕਿਆਸ ਲਗਾਇਆ ਜਾਣ ਲੱਗਾ ਸੀ।
ਵਧ ਰਹੀਆਂ ਕੀਮਤਾਂ ਦੇ ਚਲਦੇ ਹੀ ਪੰਜਾਬ ਦੇ ਕਿਸਾਨਾਂ ਦੇ ਸਿਰ ‘ਤੇ ਆਰਥਿਕ ਸੰਕਟ ਦੀ ਤਲਵਾਰ ਲਟਕ ਗਈ ਹੈ। ਹੁਣ ਜਦੋਂ ਪੰਜ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤਾਂ ਕਿਸੇ ਵੀ ਸਮੇਂ ਤੇਲ ਕੀਮਤਾਂ ਵਿੱਚ ਵਾਧਾ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪਰ ਇਸ ਦੀ ਵੱਡੀ ਸੱਟ ਪੰਜਾਬ ਨੂੰ ਵੀ ਵੱਜੇਗੀ। ਕੌਮੀ ਸੰਸਥਾਵਾਂ ਦਾ ਅਨੁਮਾਨ ਹੈ ਕਿ ਤੇਲ ਕੀਮਤਾਂ ਵਿੱਚ 15 ਤੋਂ 25 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਸਕਦਾ ਹੈ। ਜੇ ਤੇਲ ਕੀਮਤਾਂ ਵਿੱਚ ਸੰਭਾਵੀ ਵਾਧਾ 15 ਰੁਪਏ ਪ੍ਰਤੀ ਲਿਟਰ ਵੀ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ‘ਤੇ ਸਿੱਧਾ ਛੇ ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ।
ਪੰਜਾਬ ਵਿੱਚ ਵਾਢੀ ਦੇ ਸੀਜ਼ਨ ਵਿੱਚ ਸਵਾ ਕੁ ਮਹੀਨਾ ਬਚਿਆ ਹੈ ਅਤੇ ਆਮ ਤੌਰ ‘ਤੇ ਮਾਰਚ ਦੇ ਅਖੀਰ ਵਿੱਚ ਤੇਲ ਦੀ ਖਪਤ ਵਧਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਤੇਲ ਕੀਮਤਾਂ ਵਿੱਚ ਵਾਧਾ ਹੋਣ ਦੇ ਡਰੋਂ ਕਿਸਾਨਾਂ ਨੇ ਤੇਲ ਦਾ ਅਗਾਊਂ ਭੰਡਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਨੇੜਲੇ ਪੈਟਰੋਲ ਪੰਪਾਂ ‘ਤੇ ਕਤਾਰਾਂ ਲੱਗਣ ਲੱਗੀਆਂ ਹਨ। ਵਿਰੋਧੀ ਧਿਰਾਂ ਵੀ ਆਖ ਰਹੀਆਂ ਹਨ ਕਿ ਤੇਲ ਕੀਮਤਾਂ ਵਿੱਚ ਵਾਧਾ ਕਿਸੇ ਵੇਲੇ ਵੀ ਸੰਭਵ ਹੈ। ਪੰਜਾਬ ਵਿਚ ਇਸ ਵੇਲੇ ਪੈਟਰੋਲ 94 ਰੁਪਏ ਤੇ ਡੀਜ਼ਲ 84 ਰੁਪਏ ਪ੍ਰਤੀ ਲਿਟਰ ਦੇ ਕਰੀਬ ਹੈ। ਕੇਂਦਰ ਸਰਕਾਰ ਨੇ ਪੰਜ ਸੂਬਿਆਂ ਦੀ ਚੋਣਾਂ ਕਰਕੇ 4 ਨਵੰਬਰ ਨੂੰ ਤੇਲ ‘ਤੇ ਟੈਕਸਾਂ ਵਿੱਚ ਪੰਜ ਰੁਪਏ ਅਤੇ ਦਸ ਰੁਪਏ ਦੀ ਕਟੌਤੀ ਕੀਤੀ ਸੀ। ਉਸ ਮਗਰੋਂ ਪੰਜਾਬ ਸਰਕਾਰ ਨੇ 7 ਨਵੰਬਰ ਨੂੰ ਪੈਟਰੋਲ ਦੀ ਕੀਮਤ ‘ਤੇ 10 ਰੁਪਏ ਅਤੇ ਡੀਜ਼ਲ ‘ਤੇ 5 ਰੁਪਏ ਪ੍ਰਤੀ ਲੀਟਰ ਟੈਕਸ ਘਟਾਇਆ ਸੀ। ਪੰਜਾਬ ਵਿੱਚ ਸਾਲਾਨਾ ਕਰੀਬ 45 ਹਜ਼ਾਰ ਕਰੋੜ ਰੁਪਏ ਦੇ ਤੇਲ ਦੀ ਖਪਤ ਹੈ, ਜਿਸ ਵਿਚੋਂ 388.69 ਕਰੋੜ ਲਿਟਰ ਡੀਜ਼ਲ ਜਦਕਿ 135 ਕਰੋੜ ਲਿਟਰ ਪੈਟਰੋਲ ਵਿਕਦਾ ਹੈ। ਆਉਂਦੇ ਦਿਨਾਂ ਵਿੱਚ ਜੇਕਰ ਤੇਲ ਕੀਮਤਾਂ ਵਿਚ 15 ਰੁਪਏ ਪ੍ਰਤੀ ਲਿਟਰ ਦਾ ਵਾਧਾ ਵੀ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ‘ਤੇ ਡੀਜ਼ਲ ਦੀ ਵਧੀ ਕੀਮਤ ਦਾ ਕਰੀਬ 3886 ਕਰੋੜ ਰੁਪਏ ਤੇ ਪੈਟਰੋਲ ਦੇ ਭਾਅ ਵਿੱਚ ਵਾਧੇ ਦਾ 2028 ਕਰੋੜ ਰੁਪਏ ਦਾ ਸਾਲਾਨਾ ਭਾਰ ਪਵੇਗਾ।
ਭਾਰਤੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਕਿ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗ਼ਲਤ ਹੋਵੇਗਾ ਕਿ ਅਸੀਂ ਚੋਣਾਂ ਕਾਰਨ ਭਾਅ ਨਹੀਂ ਵਧਾਏ। ਕੰਪਨੀਆਂ ਨੂੰ ਤੇਲ ਦੀਆਂ ਕੀਮਤਾਂ ਦਾ ਫੈਸਲਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੇ ਵੀ ਬਾਜ਼ਾਰ ਵਿਚ ਰਹਿਣਾ ਹੁੰਦਾ ਹੈ। ਪੁਰੀ ਨੇ ਇਹ ਵੀ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਅਸੀਂ ਭਾਰਤ ਵਿੱਚ ਤੇਲ ਦੀ ਕਮੀ ਨਹੀਂ ਆਉਣ ਦੇਵਾਂਗੇ। ਅਸੀਂ ਅੱਗੇ ਜੋ ਵੀ ਫੈਸਲਾ ਲਵਾਂਗੇ, ਅਸੀਂ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲਵਾਂਗੇ।
ਰੂਸ ਅਤੇ ਯੂਕਰੇਨ ਜੰਗ ਕਾਰਨ ਉਨ੍ਹਾਂ ਵਸਤਾਂ ਦੀ ਘਾਟ ਪੂਰੀ ਦੁਨੀਆ ਵਿਚ ਨਜ਼ਰ ਆ ਰਹੀ ਹੈ, ਜਿਨ੍ਹਾਂ ਦੀ ਪੈਦਾਵਾਰ ਯੂਕਰੇਨ ਅਤੇ ਰੂਸ ਵਿਚ ਹੁੰਦੀ ਹੈ। ਇਸ ਕਾਰਨ ਉਕਤ ਵਸਤਾਂ ਨਾਲ ਜੁੜੇ ਸਾਮਾਨ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਭਾਰਤ ਦੇ ਨਾਲ ਯੂਕਰੇਨ ਅਤੇ ਰੂਸ ਕਈ ਤਰ੍ਹਾਂ ਦੇ ਵਪਾਰ ਕਰਦੇ ਹਨ। ਇਨ੍ਹਾਂ ਵਿਚੋਂ ਕਣਕ ਅਤੇ ਸੂਰਜਮੁਖੀ ਸਭ ਤੋਂ ਉਪਰ ਹੈ। ਜੰਗ ਸ਼ੁਰੂ ਹੋਣ ਪਿਛੋਂ ਪੰਜਾਬ ਦੇ ਕਿਸਾਨਾਂ ਲਈ ਇਕ ਵਧੀਆ ਮੌਕਾ ਸਾਹਮਣੇ ਆ ਰਿਹਾ ਹੈ। ਉਹ ਆਪਣੀ ਆਮਦਨ ਵਧਾ ਸਕਦੇ ਹਨ। ਫ਼ਸਲਾਂ ਨੂੰ ਲੈ ਕੇ ਇਕ ਲਕੀਰ ‘ਤੇ ਚੱਲਣ ਦੀ ਰਿਵਾਇਤ ਨੂੰ ਵੀ ਬਦਲ ਸਕਦੇ ਹਨ। ਭਾਰਤ ਵਿਚ ਸੂਰਜਮੁਖੀ ਦੇ ਤੇਲ ਦੀ ਬਹੁਤ ਖਪਤ ਹੈ। ਲੱਗਭਗ ਹਰ ਘਰ ਵਿਚ ਇਸ ਤੇਲ ਦੀ ਵਰਤੋਂ ਹੁੰਦੀ ਹੈ।
ਪੰਜਾਬ ਅਤੇ ਹਰਿਆਣਾ ‘ਚ ਸੂਰਜਮੁਖੀ ਦੀ ਫ਼ਸਲ ਇਸੇ ਮੌਸਮ ਵਿਚ ਬੀਜੀ ਜਾਂਦੀ ਹੈ ਪਰ ਸੂਰਜਮੁਖੀ ਦੇ ਬੀਜ ਦੀ ਕਿਲੱਤ ਸਾਹਮਣੇ ਆਉਣ ਲੱਗੀ ਹੈ। ਯੂਕਰੇਨ ਦੇ ਜੰਗ ‘ਚ ਫਸ ਜਾਣ ਪਿਛੋਂ ਇਹ ਕਿਲੱਤ ਹੋਰ ਵੀ ਵਧ ਗਈ ਹੈ। ਸੂਰਜਮੁਖੀ ਦਾ ਜਿਹੜਾ ਬੀਜ ਪੰਜਾਬ ‘ਚ 3000 ਤੋਂ 3500 ਰੁਪਏ ‘ਚ ਮਿਲਦਾ ਸੀ, ਹੁਣ 7 ਤੋਂ 8 ਹਜ਼ਾਰ ਰੁਪਏ ਪ੍ਰਤੀ ਥੈਲੀ ਵਜੋਂ ਮਿਲਦਾ ਹੈ। ਹੌਲੀ-ਹੌਲੀ ਇਹ ਬੀਜ ਗਾਇਬ ਹੋਣ ਲੱਗਾ ਹੈ। ਸੂਰਜਮੁਖੀ ਦੀ ਫ਼ਸਲ ਮੁਨਾਫੇ ਵਾਲੀ ਫ਼ਸਲ ਗਿਣੀ ਜਾਂਦੀ ਹੈ ਪਰ ਭਾਰਤ ‘ਚ ਕੁਝ ਸਾਲਾਂ ਤੋਂ ਸੂਰਜਮੁਖੀ ਦੇ ਬੀਜ ਦਾ ਉਤਪਾਦਨ 60 ਹਜ਼ਾਰ ਟਨ ਦੇ ਲੱਗਭਗ ਬਣਿਆ ਹੋਇਆ ਹੈ। ਪੰਜਾਬ ਦੇ ਕਿਸਾਨ ਜੇ ਇਸ ਫ਼ਸਲ ਨੂੰ ਪੂਰੇ ਤਰੀਕੇ ਨਾਲ ਅਪਣਾਉਂਦੇ ਹਨ ਤਾਂ ਇਹ ਉਨ੍ਹਾਂ ਲਈ ਫ਼ਾਇਦੇ ਦਾ ਸੌਦਾ ਹੋਵੇਗਾ। ਖੇਤੀਬਾੜੀ ਮਾਹਿਰਾਂ ਮੁਤਾਬਕ ਇਕ ਹੈਕਟੇਅਰ ‘ਚ ਸੂਰਜਮੁਖੀ ਦੀ ਫ਼ਸਲ ਦੀ ਬਿਜਾਈ ‘ਤੇ 25 ਤੋਂ 30 ਹਜ਼ਾਰ ਰੁਪਏ ਖ਼ਰਚ ਆਉਂਦਾ ਹੈ। ਇਕ ਹੈਕਟੇਅਰ ‘ਚ ਲੱਗਭਗ 25 ਕੁਇੰਟਲ ਫੁੱਲ ਤਿਆਰ ਹੁੰਦਾ ਹੈ।