ਗੁਰਬਚਨ ਸਿੰਘ ਭੁੱਲਰ
ਔਰਤ ਤੇ ਸਮਾਜ ਦਾ ਰਿਸ਼ਤਾ ਸਦੀਆਂ ਤੋਂ ਬਹਿਸ ਵਿਚ ਹੈ। ਆਦਿਕਾਲ ਵਿਚ ਮਾਤਰੀ ਸਮਾਜ ਹੋਣ ਦੀ ਸੋਅ ਮਿਲਦੀ ਹੈ। ਪਰ ਉਸ ਦਾ ਆਧਾਰ ਔਰਤ ਦੇ ਹੱਥ ਕਿਸੇ ਸਮਾਜਕ-ਆਰਥਕ ਸੱਤਾ ਦਾ ਹੋਣਾ ਨਹੀਂ ਸੀ ਸਗੋਂ ਨਿਰੋਲ ਉਹਦੀ ਜੀਵ-ਵਿਗਿਆਨਕ ਵਿਸ਼ੇਸ਼ਤਾ, ਭਾਵ ਉਹਦਾ ਜਣਨੀ ਹੋਣਾ ਸੀ। ਜਾਨਵਰਾਂ ਨਾਲੋਂ ਮਨੁੱਖ ਦਾ ਨਿਖੇੜਾ ਅਜੇ ਸੱਜਰਾ-ਸੱਜਰਾ ਵੀ ਸੀ ਤੇ ਕੱਚਾ-ਕੱਚਾ ਵੀ। ਜੰਗਲੀ ਮਨੁੱਖ ਵਿਚ ਆਲ਼ੇ-ਦੁਆਲ਼ੇ ਫ਼ਿਰਦੇ ਹੋਰ ਜਾਨਵਰਾਂ ਵਾਲ਼ੇ ਬਹੁਤ ਸਾਰੇ ਲੱਛਣ ਅਜੇ ਮੌਜੂਦ ਹੀ ਨਹੀਂ, ਸਗੋਂ ਭਾਰੂ ਸਨ। ਵਿਆਹ ਦੀ ਸੰਸਥਾ, ਇਕ ਔਰਤ ਤੇ ਇਕ ਮਰਦ ਦੀ ਉਮਰ ਭਰ ਦੀ ਸਾਂਝ ਦੀ ਰੀਤ ਅਜੇ ਹੋਂਦ ਵਿਚ ਨਹੀਂ ਸੀ ਆਈ। ਉਸ ਸੂਰਤ ਵਿਚ ਔਰਤ ਦਾ ਆਪਣੇ ਬੱਚਿਆਂ ਨਾਲ ਰਿਸ਼ਤਾ ਯਕੀਨੀ ਹੋਣ ਸਦਕਾ ਉਹਦਾ ਉਸ ਮਰਦ-ਵਿਰਵੇ ਪਰਿਵਾਰ ਦੀ ਮੁਖੀ ਹੋ ਜਾਣਾ ਸੁਭਾਵਿਕ ਸੀ। 24 ਸਦੀਆਂ ਪਹਿਲਾਂ ਹੋਇਆ ਮਹਾਨ ਚਿੰਤਕ ਅਰਸਤੂ ਇਸੇ ਇਤਿਹਾਸਕ ਤੱਥ ਨੂੰ ਬਿਆਨ ਕਰ ਰਿਹਾ ਸੀ ਜਦੋਂ ਉਹਨੇ ਕਿਹਾ ਸੀ, ‘‘ਮਾਂ ਆਪਣੇ ਬੱਚਿਆਂ ਉੱਤੇ ਮੋਹ-ਮਮਤਾ ਇਸ ਲਈ ਨਿਛਾਵਰ ਕਰਦੀ ਹੈ ਕਿਉਂਕਿ ਉਹਨੂੰ ਯਕੀਨ ਹੁੰਦਾ ਹੈ ਕਿ ਇਹ ਮੇਰੇ ਹਨ!’’
ਮਨੁੱਖ ਅਜੇ ਏਨਾ ਜੰਗਲੀ ਸੀ ਕਿ ਨਾ ਖੇਤੀ ਹੋਂਦ ਵਿਚ ਆਈ ਸੀ ਤੇ ਨਾ ਪਸੂ ਪਾਲ਼ੇ ਜਾਣ ਲੱਗੇ ਸਨ। ਉਹ ਬਨਸਪਤੀ ਦੀਆਂ ਦੇਣਾਂ ਅਤੇ ਸ਼ਿਕਾਰ ਉੱਤੇ ਨਿਰਭਰ ਸੀ। ਜਿਉਂ ਹੀ ਮਨੁੱਖ ਨੂੰ ਏਨੀ ਸੂਝ ਆ ਗਈ ਕਿ ਉਹ ਆਪੇ ਡਿੱਗੇ ਬੀਆਂ ਦੇ ਪੁੰਗਰਨ ਦਾ ਸੱਚ ਸਮਝ ਸਕੇ, ਉਹਦੇ ਲਈ ਇੱਛਤ ਥਾਂ ਉੱਤੇ ਬੀ ਖਿਲਾਰ ਕੇ ਬੂਟੇ ਪੈਦਾ ਕਰਨ ਦਾ ਅਨੁਭਵ ਸੰਭਵ ਹੋ ਗਿਆ। ਸਿਆਣਿਆਂ ਦਾ ਚਿੰਤਨ ਸਾਨੂੰ ਇਹ ਦਿਲਚਸਪ ਜਾਣਕਾਰੀ ਦਿੰਦਾ ਹੈ ਕਿ ਖੇਤੀ ਦਾ ਮੁੱਢ ਪੁਰਸ਼ ਨੇ ਨਹੀਂ, ਔਰਤ ਨੇ ਬੰਨ੍ਹਿਆ ਸੀ। ਬਾਲ ਨੂੰ ਨਿੰਮਣ, ਜੰਮਣ ਤੇ ਪਾਲਣ ਸਮੇਂ ਉਹ ਆਪਣੇ ਟਿਕਾਣੇ ਉੱਤੇ ਰਹਿੰਦਿਆਂ ਕੁਦਰਤ ਨੂੰ ਨੇੜਿਉਂ ਨਿਹਾਰ ਸਕਦੀ ਸੀ। ਉਹਦਾ ਆਪ ਜਣਨੀ ਹੋਣਾ ਵੀ ਜ਼ਰੂਰ ਧਰਤੀ ਦੇ ਜਣਨੀ ਵਾਲ਼ੇ ਸਰੂਪ ਨੂੰ ਸਮਝਣ-ਬੁੱਝਣ ਤੇ ਉਸ ਨਾਲ ਸਹੇਲਪੁਣਾ ਪਾਉਣ ਵਿਚ ਮਦਦਗਾਰ ਰਿਹਾ ਹੋਵੇਗਾ। ਪ੍ਰਸਿੱਧ ਭਾਰਤੀ ਚਿੰਤਕ ਦੇਬੀਪ੍ਰਸਾਦ ਚਟੋਪਾਧਿਆਇ ਆਪਣੀ ਟਕਸਾਲੀ ਰਚਨਾ ‘ਲੋਕਾਇਤ’ ਵਿਚ ਧਰਤੀ ਵਿਚ ਪਹਿਲੇ ਬੀ ਬੀਜ ਕੇ ਖੇਤੀ ਦਾ ਸ਼ੁਭ-ਆਰੰਭ ਕਰਨ ਦਾ ਸਿਹਰਾ ਔਰਤ ਦੇ ਸਿਰ ਹੀ ਬੰਨ੍ਹਦੇ ਹਨ। ਖੇਤੀ ਤੋਂ ਅਗਲਾ ਕਦਮ ਦੁੱਧ ਤੇ ਮਾਸ ਲਈ ਪਸ਼ੂ ਪਾਲਣਾ ਸੀ।
ਖੇਤੀਬਾੜੀ ਦੀ ਸੂਝ ਨਾਲ ਸਮਾਜ ਆਰਥਿਕਤਾ-ਆਧਾਰਿਤ ਹੋਣ ਦੇ ਰਾਹ ਪੈ ਗਿਆ। ਇਹਨਾਂ ਨਵੀਆਂ ਟਿਕਵੀਆਂ ਹਾਲਤਾਂ ਨੇ ਇਕ ਵੱਡੀ ਸਮਾਜਕ ਤਬਦੀਲੀ ਲਿਆਂਦੀ ਅਤੇ ਇਕ ਔਰਤ ਤੇ ਇਕ ਮਰਦ ਦੀ ਸਾਂਝ ਨੂੰ ਜੀਵਨ ਲਈ ਜ਼ਿਆਦਾ ਕਾਰਗਰ ਬਣਾ ਕੇ ਵਿਆਹ ਦੀ ਸੰਸਥਾ ਨੂੰ ਰੂਪ ਦਿੱਤਾ। ਪਰਿਵਾਰ ਦੀ ਸੁਭਾਵਿਕ ਕੰਮ-ਵੰਡ ਵਿਚ ਬੱਚਿਆਂ ਤੇ ਘਰ ਦੀ ਸੰਭਾਲ ਔਰਤ ਦੇ ਹਿੱਸੇ ਹੋਣ ਕਾਰਨ ਖੇਤੀ ਤੇ ਪਸ਼ੂਪਾਲਨ ਮਰਦ ਦੇ ਕੰਮ ਬਣ ਗਏ। ਔਰਤ, ਹਰ ਬੱਚੇ ਨੂੰ ਜਨਮ ਦੇਣ ਤੇ ਉਡਾਰ ਹੋਣ ਤੱਕ ਪਾਲਣ ਵਿਚ ਲਗਦੇ ਲੰਮੇ ਸਮੇਂ ਸਦਕਾ ਘਰ ਨਾਲ ਬਝਦੀ ਗਈ ਅਤੇ ਆਰਥਿਕਤਾ ਦੀ ਵਾਗਡੋਰ ਖੇਤੀ ਤੇ ਪਸ਼ੂਆਂ ਨਾਲ ਜੁੜੇ ਮਰਦ ਦੇ ਹੱਥ ਆਉਂਦੀ ਗਈ। ਇਉਂ ਮਾਤਰੀ ਸਮਾਜ ਦੀ ਥਾਂ ਸਮੇਂ ਨਾਲ ਪਿਤਰੀ ਸਮਾਜ ਹੋਂਦ ਵਿਚ ਆ ਗਿਆ। ਆਰਥਿਕਤਾ ਪਰਿਵਾਰ ਵਿਚ, ਫੇਰ ਕਬੀਲੇ ਵਿਚ ਤੇ ਆਖ਼ਰ ਨੂੰ ਸਮਾਜ ਤੇ ਰਾਜ ਵਿਚ ਸੱਤਾ ਦੀ ਕਸਵੱਟੀ ਬਣ ਗਈ। ਆਰਥਿਕ ਅਧਿਕਾਰਾਂ ਤੋਂ ਵਿਰਵੀ ਹੋਈ ਔਰਤ ਹੌਲ਼ੀ-ਹੌਲ਼ੀ ਉਹਦੇ ਸਮਾਜਕ ਅਧਿਕਾਰਾਂ ਤੋਂ ਤੇ ਫੇਰ ਉਹਦੇ ਨਿੱਜੀ ਅਧਿਕਾਰਾਂ ਤੋਂ ਵੀ ਵਿਰਵੀ ਕੀਤੀ ਜਾਂਦੀ ਰਹੀ। ਅੰਤ ਨੂੰ ਉਸ ਦੀ ਹੋਣੀ ਦੇ ਫ਼ੈਸਲੇ ਵੀ ਮਰਦ-ਪਰਧਾਨ ਸਮਾਜ ਦੇ ਹੱਥ ਆ ਗਏ।
ਔਰਤ ਦੇ ਅਧਿਕਾਰਾਂ ਲਈ ਆਵਾਜ਼ਾਂ ਹਰ ਦੇਸ ਤੇ ਹਰ ਕਾਲ ਵਿਚ ਉਠਦੀਆਂ ਰਹੀਆਂ ਤੇ ਮਰਦ-ਪਰਧਾਨ ਸਮਾਜ ਵਿਚ ਸੂਝਵਾਨ ਮਰਦਾਂ ਵੱਲੋਂ ਵੀ ਉਠਦੀਆਂ ਰਹੀਆਂ। ਪੰਜਾਬ ਵਿਚ ਸਿੱਖ ਗੁਰੂ ਸਾਹਿਬਾਨ ਦਾ ਔਰਤ ਵੱਲ ਨਜ਼ਰੀਆ ਅਤੇ ਉਸ ਦਾ ਪੰਜਾਬੀ ਸਮਾਜ ਉੱਤੇ ਹਾਂਮੁਖ ਪ੍ਰਭਾਵ ਇਸ ਦੀ ਇਕ ਮਿਸਾਲ ਹੈ। ਪਰ ਆਰਥਿਕਤਾ ਉੱਤੇ ਮਰਦ ਦੀ ਜਕੜ ਕਾਰਨ ਇਹ ਆਵਾਜ਼ਾਂ ਬਹੁਤੀਆਂ ਸੂਰਤਾਂ ਵਿਚ ਕੋਈ ਬਹੁਤਾ ਫ਼ਰਕ ਨਾ ਪਾ ਸਕੀਆਂ। ਪਿਛਲੀ ਸਦੀ ਵਿਚ ਔਰਤ ਲਈ ਵਿਦਿਆ ਦੇ ਦੁਆਰ ਖੁੱਲ੍ਹਣਾ, ਸ਼ਹਿਰੀਕਰਨ ਤੇ ਸਨਅਤੀਕਰਨ ਦਾ ਤੇਜ਼ੀ ਨਾਲ ਵਧਣਾ ਅਤੇ ਵਿਗਿਆਨ ਤੇ ਤਕਨਾਲੋਜੀ ਦਾ ਯਕੀਨੋਂ-ਬਾਹਰਾ ਵਿਕਾਸ ਹੋਣਾ ਸਮੁੱਚੀ ਮਨੁੱਖਜਾਤੀ ਨਾਲੋਂ ਵਧ ਕੇ ਔਰਤ ਦੇ ਜੀਵਨ ਵਿਚ ਵਡੇਰਾ ਮੋੜ ਸਿੱਧ ਹੋਇਆ। ਇਹਨਾਂ ਪ੍ਰਭਾਵਕਾਰੀ ਹਾਲਤਾਂ ਨੇ ਔਰਤ ਦੇ ਅਧਿਕਾਰਾਂ ਲਈ ਕਾਰਗਰ ਜੱਦੋਜਹਿਦ ਦਾ ਰਾਹ ਖੋਲ੍ਹਿਆ। ਸਮੇਂ ਨਾਲ ਇਸ ਲਹਿਰ ਦਾ ਨਾਂ ਨਾਰੀਵਾਦ ਹੋ ਗਿਆ। ਇਸੇ ਲਈ ਨਾਰੀਵਾਦੀ ਨਜ਼ਰੀਏ ਤੋਂ ਕੋਈ ਗੱਲ ਕਰਨ ਸਮੇਂ ਜ਼ਰੂਰੀ ਹੋ ਜਾਂਦਾ ਹੈ ਕਿ ਸਮਾਜ, ਮਰਦ ਅਤੇ ਔਰਤ ਦੇ ਰਿਸ਼ਤਿਆਂ ਦੀ ਤਿਕੋਣ ਦਾ ਉਪਰੋਕਤ ਇਤਿਹਾਸਕ ਪ੍ਰਸੰਗ ਚੇਤੇ ਰੱਖਿਆ ਜਾਵੇ। ਨਾਰੀਵਾਦ ਦੇ ਆਰੰਭ ਤੇ ਵਿਕਾਸ ਸਮੇਂ ਯੁੱਗ ਵਿਚਾਰਧਾਰਾਵਾਂ ਦਾ ਤੇ ਉਹਨਾਂ ਦੇ ਟਕਰਾਉ ਦਾ ਸੀ, ਜਿਸ ਕਰਕੇ ਉਹ ਦੋ ਰੂਪ ਧਾਰਨ ਕਰ ਗਿਆ।
ਇਕ ਧਾਰਾ ਔਰਤ ਦੇ ਸਮਾਜਕ-ਆਰਥਕ-ਰਾਜਨੀਤਕ ਅਧਿਕਾਰਾਂ ਲਈ ਜੱਦੋਜਹਿਦ ਸੀ ਜਿਸ ਵਿਚ ਸਭ ਹੋਰ ਛੋਟੇ-ਵੱਡੇ ਅਧਿਕਾਰ ਸਹਿਜੇ ਹੀ ਸ਼ਾਮਲ ਸਨ। ਔਰਤ ਦੀ ਮਰਦ ਨਾਲ ਅਜਿਹੀ ਬਰਾਬਰੀ ਹੀ ਉਹਨੂੰ ਏਨੀ ਸ਼ਕਤੀਸ਼ਾਲੀ ਬਣਾ ਸਕਦੀ ਸੀ ਕਿ ਉਹ ਆਪਣੇ ਨਿੱਜੀ ਅਧਿਕਾਰਾਂ ਸਮੇਤ ਹੋਰ ਸਭ ਅਧਿਕਾਰਾਂ ਦਾ ਦਾਅਵਾ ਕਰ ਸਕੇ ਅਤੇ ਉਸ ਦੇ ਜੀਵਨ ਨਾਲ ਸੰਬੰਧਿਤ ਜੋ ਅਧਿਕਾਰ ਲੰਮੀਆਂ-ਹਨੇਰੀਆਂ ਸਦੀਆਂ ਦੌਰਾਨ ਮਰਦ ਦੇ ਹੱਥ ਚਲੇ ਗਏ ਸਨ, ਉਹਨਾਂ ਨੂੰ ਵਾਪਸ ਲੈ ਸਕੇ।
ਪੰਜਾਬ ਵਿਚ ਕੰਮ ਦੇ ਸਥਾਨ ਉੱਤੇ ਕਿਰਤੀ ਔਰਤਾਂ ਦੇ ਸਨਮਾਨ ਦੀ ਰਾਖੀ, ਬਰਾਬਰ ਕੰਮ ਲਈ ਮਰਦਾਂ ਦੇ ਬਰਾਬਰ ਉਜਰਤ, ਚੁਣੀਆਂ ਜਾਂਦੀਆਂ ਪ੍ਰਤੀਨਿਧ ਸੰਸਥਾਵਾਂ ਵਿਚ ਔਰਤਾਂ ਦੀ ਹਿੱਸੇਦਾਰੀ ਤੇ ਹੋਰ ਅਜਿਹੀਆਂ ਸਮਾਜਕ-ਆਰਥਕ-ਰਾਜਨੀਤਕ ਮੰਗਾਂ ਲੈ ਕੇ ਅਨੇਕ ਔਰਤਾਂ ਮੈਦਾਨ ਵਿਚ ਨਿੱਤਰੀਆਂ। 1936 ਵਿਚ ਵਿਧਾਇਕਾ ਚੁਣੀ ਗਈ ਬੀਬੀ ਰਘੁਬੀਰ ਕੌਰ, ਬਿਮਲਾ ਡਾਂਗ, ਸ਼ੀਲਾ ਦੀਦੀ, ਬੀਬੀ ਗੁਰਬਚਨ ਕੌਰ ਮਾਨ, ਊਸ਼ਮਾ ਰੇਖੀ, ਸੁਸ਼ੀਲਾ ਚੈਨ, ਉਰਮਿਲਾ ਆਨੰਦ, ਹਾਕਮ ਦੇਵੀ, ਬੀਰ ਕਲਸੀ, ਮਹਿੰਦਰ ਸਾਂਬਰ, ਬੀਬੀ ਵੀਰਾਂ, ਕੁਸ਼ਲ ਭੌਰਾ, ਇਕਬਾਲ ਕੌਰ ਭਸੀਨ, ਦਲਜੀਤ ਅਰਸ਼ੀ ਵਰਗੀਆਂ ਅਨੇਕ ਪੰਜਾਬਣਾਂ ਨੇ ਔਰਤਾਂ ਦੇ ਅਧਿਕਾਰਾਂ ਲਈ ਲੜਦਿਆਂ ਉਮਰਾਂ ਲੰਘਾ ਦਿੱਤੀਆਂ। ਇਕ ਧਿਆਨਜੋਗ ਗੱਲ ਇਹ ਹੈ ਕਿ ਔਰਤਾਂ ਦੇ ਹੱਕਾਂ ਲਈ ਸੰਗਰਾਮ ਦਾ ਝੰਡਾ ਚੁੱਕਣ ਵਾਲ਼ੀਆਂ ਇਹਨਾਂ ਆਗੂਆਂ ਵਿਚੋਂ ਬਹੁਤ ਸਾਰੀਆਂ ਚੰਗੇ ਖਾਂਦੇ-ਪੀਂਦੇ ਤੇ ਅਗਾਂਹਵਧੂ ਸੋਚ ਵਾਲ਼ੇ ਪਰਿਵਾਰਾਂ ਵਿਚੋਂ ਸਨ ਜਿਨ੍ਹਾਂ ਨੂੰ ਆਪ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਸੀ। ਉਹਨਾਂ ਨੇ ਆਪਣੇ ਨਿੱਜੀ ਸੁਖ ਤਿਆਗ ਕੇ ਸਾਧਾਰਨ ਔਰਤ ਦੇ ਭਲੇ ਲਈ ਖਰੇ ਨਾਰੀਵਾਦ ਦੇ ਰਣ ਵਿਚ ਉੱਤਰਨ ਦਾ ਫ਼ੈਸਲਾ ਕੀਤਾ। ਇਹ ਹੋਰ ਮਹੱਤਵਪੂਰਨ ਗੱਲ, ਨਾਰੀ ਦੇ ਅਧਿਕਾਰਾਂ ਦੀ ਇਸ ਲਹਿਰ ਦਾ ਇਪਟਾ, ਅਮਨ ਲਹਿਰ, ਆਦਿ ਹੋਰ ਸਮਕਾਲੀ ਲੋਕ-ਪੱਖੀ ਲਹਿਰਾਂ ਨਾਲ ਵੀ ਗੂੜ੍ਹਾ ਤਾਲਮੇਲ ਰਿਹਾ।
ਨਾਰੀਵਾਦ ਦੀ ਦੂਜੀ ਧਾਰਾ ਦੀ ਮੁੱਖ ਮੰਗ ਆਪਣੀ ਦੇਹ ਉੱਤੇ ਨਾਰੀ ਦਾ ਅਧਿਕਾਰ ਹੈ। ਔਰਤ ਦੀਆਂ ਉਪਰੋਕਤ, ਭਾਵ ਸਮਾਜਕ-ਆਰਥਕ-ਰਾਜਨੀਤਕ ਮੰਗਾਂ ਨਾਲ ਉਸ ਦਾ ਕੋਈ ਵਾਹ-ਵਾਸਤਾ ਨਹੀਂ। ਇਸ ਧਾਰਾ ਨੇ ਆਪਣਾ ਪ੍ਰੇਰਨਾ-ਸ੍ਰੋਤ ਤੇ ਆਦਰਸ਼ ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੂੰ ਬਣਾਇਆ ਹੋਇਆ ਹੈ। 2014 ਵਿਚ ਮੈਂ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਨੂੰ ਆਧਾਰ ਬਣਾ ਕੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਲਿਖਿਆ। ਉਸ ਵਿਚ ਔਰਤ ਦੀ ਸਮਾਜਕ-ਆਰਥਕ-ਰਾਜਨੀਤਕ ਜੱਦੋਜਹਿਦ ਤੋਂ ਬਿਲਕੁਲ ਪਾਸੇ ਰਹਿ ਕੇ ਸਿਰਫ਼ ਔਰਤ-ਮਰਦ ਦੇ ਰਿਸ਼ਤੇ ਤੱਕ ਸੀਮਤ ਕਰ ਦਿੱਤੀ ਗਈ ਸਮੱਸਿਆ ਦੀਆਂ ਸੀਮਾਵਾਂ ਨੂੰ ਉਜਾਗਰ ਕੀਤਾ ਗਿਆ ਸੀ। ਕੁਦਰਤੀ ਸੀ ਕਿ ਉਸ ਬਾਰੇ ਵਿਚਾਰ ਦੱਸਣ ਵਾਲੇ ਉਸ ਨੂੰ ਨਾਰੀਵਾਦ ਦੇ ਆਪਣੇ ਆਪਣੇ ਨਜ਼ਰੀਏ ਤੋਂ ਦੇਖਦੇ। ਇਉਂ ਮੇਰੇ ਨਾਵਲ ਦੁਆਲੇ ਚੰਗੀ-ਖਾਸੀ ਚਰਚਾ ਛਿੜੀ ਰਹੀ। ਦੋ ਦਰਜਨ ਤੋਂ ਵੱਧ ਲੇਖਕਾਂ, ਆਲੋਚਕਾਂ ਤੇ ਹੋਰ ਵਿਦਵਾਨਾਂ ਨੇ ਮੇਰਾ ਨਾਵਲ ਪੜ੍ਹ ਕੇ ਆਪਣੇ ਵਿਚਾਰ ਲੇਖਾਂ ਵਜੋਂ ਛਪਵਾਏ ਜਾਂ ਮੈਨੂੰ ਚਿੱਠੀਆਂ ਤੇ ਮੇਲਾਂ ਦੇ ਰੂਪ ਵਿਚ ਭੇਜੇ। ਕਈ ਮੁੱਦੇ-ਮਾਮਲੇ ਸਾਹਮਣੇ ਆਏ ਤੇ ਕਈ ਨਜ਼ਰੀਏ ਪੇਸ਼ ਹੋਏ।
ਇਕ-ਦੋ ਵਿਦਵਾਨਾਂ ਨੇ ਜੀਵਨੀ ਤੇ ਜੀਵਨੀ-ਆਧਾਰਿਤ ਨਾਵਲ ਵਿਚਕਾਰ ਫ਼ਰਕ ਕਰ ਸਕਣ ਦੀ ਅਸਮਰੱਥਾ ਤੇ ਅਗਿਆਨਤਾ ਦਰਸਾਉਂਦਿਆਂ ਨਾਵਲ ਨੂੰ ਜੀਵਨੀ ਵਜੋਂ ਹੀ ਲਿਆ ਤੇ ਉਹਦੀ ਨਾਇਕਾ ਜਗਦੀਪ ਨੂੰ ਅੰਮ੍ਰਿਤਾ ਕਹਿ ਕੇ ਹੀ ਵਿਚਾਰਿਆ। ਏਨਾ ਹੀ ਨਹੀਂ, ਨਾਵਲ ਦੀ ਕਥਾ ਲਈ ਅਪ੍ਰਸੰਗਕ ਜਾਣ ਕੇ ਛੱਡੀਆਂ ਗਈਆਂ ਉਹਦੇ ਜੀਵਨ ਦੀਆਂ ਗੱਲਾਂ ਵੀ ਚਰਚਾ ਵਿਚ ਜੋੜ ਲਈਆਂ ਗਈਆਂ। ਦੇਖਣ ਵਾਲੀ ਗੱਲ ਹੈ ਕਿ ਉਹਨੂੰ ਰੀਸਜੋਗ ਹਸਤੀ ਵਜੋਂ ਪੇਸ਼ ਕਰਦਿਆਂ ਉਹਦੇ ਸਾਹਿਤਕ ਜੀਵਨ ਨੂੰ, ਜਿਸ ਨਾਲ ਸਮਾਜ ਦਾ ਸਰੋਕਾਰ ਹੈ, ਪੂਰੀ ਤਰ੍ਹਾਂ ਅਣਗੌਲ਼ਿਆ ਕੀਤਾ ਜਾਂਦਾ ਹੈ। ਇਹਦੇ ਉਲਟ ਉਹਦੇ ਵਿਆਹੋਂ ਬਾਹਰਲੇ ਪਿਆਰ ਨੂੰ ਉਭਾਰਿਆ-ਉਛਾਲਿਆ ਜਾਂਦਾ ਹੈ ਜੋ ਉਹਦਾ ਨਿਰੋਲ ਨਿੱਜੀ ਮਾਮਲਾ ਸੀ, ਜਿਸ ਨਾਲ ਉਹਦੇ ਪਰਿਵਾਰ ਤੋਂ ਬਿਨਾਂ ਕਿਸੇ ਤੀਜੇ ਦਾ ਕੋਈ ਲੈਣਾ-ਦੇਣਾ ਨਹੀਂ ਸੀ ਤੇ ਜੋ ਇਸੇ ਕਰਕੇ ਸਮਾਜ ਲਈ ਕਦੀ ਵੀ ਕੋਈ ਮੁੱਦਾ ਨਹੀਂ ਸੀ ਬਣਿਆ। ਇਸ ਤੋਂ ਵੀ ਅੱਗੇ ਵਧ ਕੇ ਉਹਦੀ ਜੀਵਨ-ਕਹਾਣੀ ਵਿਚ ਮਨਚਾਹੇ ਰੰਗ ਭਰਨ ਵਾਸਤੇ ਉਹਦੇ ਵਿਆਹ ਨੂੰ ਅਣਚਾਹਿਆ ਕਹਿਣ ਤੋਂ ਸ਼ੁਰੂ ਕਰਦਿਆਂ ਉਹਦੇ ਨਾਂ ਨਾਲ ਭਾਂਤਸੁਭਾਂਤੀਆਂ ਮਿੱਥਾਂ ਤੇ ਕਲਪਿਤ ਕਹਾਣੀਆਂ ਜੋੜੀਆਂ ਜਾਣ ਲੱਗੀਆਂ। ਪੁਸਤਕ ‘ਔਰਤ ਤੇ ਸਮਾਜ’ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅੰਮ੍ਰਿਤਾ ਜੀ ਆਪਣੀ ਕਲਮ ਨਾਲ, ਭਾਵ ਬਕਲਮ-ਖ਼ੁਦ, ਅਣਚਾਹੇ ਵਜੋਂ ਪ੍ਰਚਾਰੇ ਜਾਂਦੇ ਆਪਣੇ ਵਿਆਹ ਨੂੰ ‘‘ਮੇਰੀ ਵੱਡੀ ਤਸੱਲੀ ਵਾਲਾ ਵਿਆਹ’’ ਦੱਸਣ ਤੋਂ ਸ਼ੁਰੂ ਕਰਦਿਆਂ ਇਹਨਾਂ ਮਿੱਥਾਂ ਤੇ ਕਲਪਿਤ ਕਹਾਣੀਆਂ ਦਾ ਇਕ-ਇਕ ਕਰ ਕੇ ਸਪੱਸ਼ਟ ਖੰਡਣ ਕਰਦੇ ਜਾਂਦੇ ਹਨ!
ਜਦੋਂ ਸਲਾਹ ਬਣੀ ਕਿ ਮੇਰੇ ਨਾਵਲ ਬਾਰੇ ਹੋਈ ਇਸ ਸਾਰੀ ਚਰਚਾ ਨੂੰ ਪੁਸਤਕ ਦਾ ਰੂਪ ਦੇ ਦਿੱਤਾ ਜਾਵੇ, ਮੇਰੇ ਲਈ ਜ਼ਰੂਰੀ ਹੋ ਗਿਆ ਕਿ ਔਰਤ ਤੇ ਸਮਾਜ ਦੇ ਰਿਸ਼ਤੇ ਨੂੰ ਅਤੇ ਨਾਰੀਵਾਦ ਦੇ ਇਹਨਾਂ ਦੋ ਰੂਪਾਂ ਨੂੰ ਲੈ ਕੇ ਆਪਣੇ ਵਿਚਾਰ ਵੀ ਵਿਸਤਾਰ ਵਿਚ ਪੇਸ਼ ਕਰਾਂ। ਨਤੀਜੇ ਵਜੋਂ ਮੇਰੀ ਗੱਲ ਪੁਸਤਕ ‘ਔਰਤ ਤੇ ਸਮਾਜ’ ਦੇ ਸਵਾ ਸੌ ਪੰਨਿਆਂ ਉੱਤੇ ਫੈਲ ਗਈ!
ਇਕ ਸਵਾਲ ਇਹ ਵੀ ਹੈ ਕਿ ਕੀ ਔਰਤ ਦੇ ਅਧਿਕਾਰਾਂ ਦੀ ਲੜਾਈ ਪੁਰਸ਼-ਵਿਰੋਧ ਦੇ ਰਣ-ਖੇਤਰ ਵਿਚ ਹੀ ਲੜੀ ਜਾ ਸਕਦੀ ਹੈ ਜਾਂ ਕੀ ਪੁਰਸ਼ ਇਸ ਲੜਾਈ ਵਿਚ ਸੰਗੀ ਵੀ ਹੋ ਸਕਦਾ ਹੈ ਜਾਂ ਹੋਣਾ ਚਾਹੀਦਾ ਹੈ? ਕਲਮਾਂ ਵਾਲੀਆਂ ਵਿਚੋਂ ਇਕ ਮਿਸਾਲ ਵਜੋਂ ਮਹਾਂਸ਼ਵੇਤਾ ਦੇਵੀ ਸਾਰੀ ਉਮਰ ਔਰਤਾਂ ਦੇ ਅਧਿਕਾਰਾਂ ਲਈ ਲੜਦੀ ਰਹੀ ਪਰ ਉਹਦਾ ਨਾਰੀਵਾਦ ਤਰਕਹੀਣ ਪੁਰਸ਼-ਵਿਰੋਧ ਉੱਤੇ ਟਿਕਿਆ ਹੋਇਆ ਨਹੀਂ ਸੀ। ਉਹਨੂੰ ਆਪਣੇ ਪੁਰਸ਼ ਰਿਸ਼ਤਿਆਂ ਉੱਤੇ ਮਾਣ ਸੀ ਅਤੇ ਉਹ ਉਹਨਾਂ ਨੂੰ ਆਪਣੀ ਵੱਡੀ ਟੇਕ ਮੰਨਣ ਤੋਂ ਸੰਕੋਚ ਨਹੀਂ ਸੀ ਕਰਦੀ। 2010 ਵਿਚ ਜਦੋਂ ਇਕ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ਦੇ ਇਕ ਪੱਤਰਕਾਰ ਨੇ ਉਸ ਨਾਲ ਇੰਟਰਵਿਊ ਕੀਤੀ, ਉਹਨੇ ਸਵਾਲ ਕੀਤਾ, ‘‘ਮਨ ਆਈ ਗੱਲ ਕਹਿੰਦਿਆਂ ਤੁਹਾਨੂੰ ਕਿਸੇ ਬਦਲਾ-ਲਊ ਕਾਰਵਾਈ ਤੋਂ ਡਰ ਨਹੀਂ ਲਗਦਾ?’’ ਉਹ ਬੇਝਿਜਕ ਬੋਲੀ, ‘‘ਅਮੀ ਰਿਤਵਿਕ ਘੋਟੋਕੇਰ ਭਗਨੀ, ਬਿਜਨ ਭੱਟਾਚਾਰੀਆਰ ਓਰਧਾਂਗਿਨੀ, ਅਮਾਰ ਕਿਸੇਰ ਭੋਇ? ਅਮਰਾ ਭੋਇ ਬੋਲੇ ਕਿਛੂ ਜਾਨੀ ਨਾ।’’ ਮੈਂ ਰਿਤਵਿਕ ਘਟਕ ਦੀ ਭਤੀਜੀ, ਮੈਂ ਬਿਜਨ ਭੱਟਾਚਾਰੀਆ ਦੀ ਅਰਧਾਂਗਨੀ, ਮੈਨੂੰ ਕੀਹਦਾ ਭੈ? ਭੈ ਕਿਸ ਨੂੰ ਆਖਦੇ ਨੇ, ਮੈਂ ਕੁਝ ਨਹੀਂ ਜਾਣਦੀ।
ਜੇ ਕਿਸੇ ਵੀ ਭਾਂਤ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ, ਉਹ ਔਰਤ ਦੇ ਹੋਣ ਜਾਂ ਮਰਦ ਦੇ ਜਾਂ ਸਾਂਝੇ, ਲੜਾਈ ਸਾਂਝੀ ਹੀ ਹੈ। ਔਰਤ ਦੇ ਮਨੁੱਖੀ ਅਧਿਕਾਰਾਂ ਦੀ ਜੱਦੋਜਹਿਦ ਵੀ ਓਦੋਂ ਹੀ ਸਫਲ ਹੋਈ ਹੈ ਜਦੋਂ ਉਹਨੂੰ ਮਰਦ ਦਾ ਭਰਵਾਂ ਸਾਥ ਹਾਸਲ ਹੋਇਆ ਹੈ। ਇਹਨਾਂ ਹਾਲਤਾਂ ਵਿਚ ਪੁਰਸ਼-ਵਿਰੋਧੀ ਨਾਰੀਵਾਦ ਦੇ ਨਾਅਰੇ ਸੂਈ ਫਸੀ ਵਾਲ਼ੇ ਤਿੜਕੇ ਹੋਏ ਪੁਰਾਣੇ ਤਵੇ ਦੇ ਅਪ੍ਰਸੰਗਿਕ ਬੋਲ ਬਣ ਕੇ ਰਹਿ ਜਾਂਦੇ ਹਨ।
(ਪੁਸਤਕ ‘ਔਰਤ ਤੇ ਸਮਾਜ’ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ।)
ਸੰਪਰਕ: 011-42502364