ਆਤਮਜੀਤ
ਪੰਜਾਬੀਆਂ ਦੀਆਂ ਪੈੜਾਂ- 9
ਮੈਂ ਆਪਣੀ ਚੌਥੀ ਗੇੜੀ ਵਾਸਤੇ ਵਿਨੀਪੈੱਗ ਪਹੁੰਚ ਚੁੱਕਾ ਸੀ। ਮੈਂ ਕੈਨੇਡਾ ਦੇ ਲਗਪਗ ਹਰ ਵੱਡੇ ਸ਼ਹਿਰ ਵਿਚ ਆਪਣੇ ਨਾਟਕਾਂ ਦਾ ਮੰਚਣ ਕੀਤਾ ਹੋਇਆ ਹੈ ਜਿਵੇਂ ਟੋਰਾਂਟੋ, ਮਾਂਟਰੀਅਲ, ਔਟਵਾ, ਕੈਲਗਰੀ, ਐਡਮੰਟਨ, ਵੈਨਕੂਵਰ ਆਦਿ। ਪਰ ਵਿਨੀਪੈੱਗ ਦਾ ਕੋਈ ਮੌਕਾ ਨਹੀਂ ਮਿਲਿਆ। ਦਰਅਸਲ ਕੈਨੇਡਾ ਦੇ ਕਿਸੇ ਵੀ ਵੱਡੇ ਸ਼ਹਿਰ ’ਚੋਂ ਦੂਜੇ ਵੱਡੇ ਸ਼ਹਿਰ ਜਾ ਕੇ ਸ਼ੌਕੀਆ ਥੀਏਟਰ ਕਰਨਾ ਬਹੁਤ ਮੁਸ਼ਕਲ ਹੈ। ਇਸ ਦੀ ਸੰਭਾਵਨਾ ਸਿਰਫ਼ ਨੇੜਲੇ ਸ਼ਹਿਰਾਂ ਵਿਚ ਹੈ; ਇਕ ਨਾਟਕ ਨੂੰ ਬਰੈਂਪਟਨ ਵਿਚ ਤਿਆਰ ਕਰਕੇ ਉਸਦੀ ਪੇਸ਼ਕਾਰੀ ਮਾਂਟਰੀਅਲ, ਔਟਵਾ ਤੇ ਕਿਚਨਰ ਵਿਚ ਕੀਤੀ ਸੀ। ਦੁਰਾਡੇ ਸ਼ਹਿਰਾਂ ਵਿਚ ਟੀਮ ਨੂੰ ਲੈ ਕੇ ਜਾਣਾ-ਆਉਣਾ ਸੁਖਾਲਾ ਨਹੀਂ। ਸਿਰਫ਼ ‘ਕੈਮਲੂਪਸ ਦੀਆਂ ਮੱਛੀਆਂ’ ਅਜਿਹਾ ਨਾਟਕ ਸੀ ਜਿਹੜਾ ਕੈਲਗਰੀ ਵਿਚ ਤਿਆਰ ਹੋਇਆ ਅਤੇ ਕੈਨੇਡਾ ਦੇ ਦੋਵਾਂ ਸਿਰਿਆਂ, ਟੋਰਾਂਟੋ ਅਤੇ ਵੈਨਕੂਵਰ ਤੱਕ ਖੇਡਿਆ ਗਿਆ। ਇਹ ਸਫ਼ਰ ਕਾਰਾਂ ਰਾਹੀਂ ਨਹੀਂ ਸੀ ਹੋ ਸਕਦਾ ਕਿਉਂਕਿ ਦੋਹਾਂ ਸ਼ਹਿਰਾਂ ਦੀ ਕੈਲਗਰੀ ਤੋਂ ਸੜਕੀ-ਦੂਰੀ ਬਹੁਤ ਜ਼ਿਆਦਾ ਹੈ। ਇਹ ਤਾਂ ਮੇਰੇ ਨੌਜਵਾਨ ਦੋਸਤ ਅਮਰਪ੍ਰੀਤ ਦੀ ਹਿੰਮਤ ਅਤੇ ਉਤਸ਼ਾਹ ਸੀ ਜਿਸ ਨੇ ਇਸ ਸਾਰੇ ਕੁਝ ਨੂੰ ਵਿਉਂਤਿਆ। ਮੈਨੂੰ ਨਹੀਂ ਪਤਾ ਉਸ ਨੇ 15-16 ਬੰਦਿਆਂ ਦੀ ਟੀਮ ਨੂੰ ਜਹਾਜ਼ ਦੀਆਂ ਟਿਕਟਾਂ ਖ਼ਰੀਦ ਕੇ ਖਰਚੇ ਦੇ ਇਸ ਭਾਰ ਨੂੰ ਕਿਵੇਂ ਚੁੱਕਿਆ ਜਾਂ ਚੁਕਾਇਆ ਹੋਵੇਗਾ।
ਕੁਝ ਵਰ੍ਹੇ ਪਹਿਲਾਂ ਤੱਕ ਮੈਂ ਵਿਨੀਪੈੱਗ ਵਿਚ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਅਤੇ ਸਭਿਆਚਾਰ ਬਾਰੇ ਉੱਕਾ ਈ ਕੋਰਾ ਸਾਂ। 1994 ਦੀ ਪਹਿਲੀ ਗੇੜੀ ਦੌਰਾਨ ਮੈਂ ਸੁਰਜੀਤ ਪਾਤਰ, ਜਨਮੇਜਾ ਜੌਹਲ ਅਤੇ ਕਮਲਜੀਤ ਨੀਲੋਂ ਨਾਲ ਉੱਥੇ ਇਕ ਰਾਤ ਲਈ ਗਿਆ ਸੀ। ਕੁਝ ਸਾਲਾਂ ਤੋਂ ਮੇਰੀ ਧੀ ਉੱੱਥੇ ਹੋਣ ਕਾਰਨ ਮੇਰੀ ਠਹਿਰ ਲੰਬੀ ਹੁੰਦੀ ਹੈ। ਉੱਥੋਂ ਦੇ ਜੀਵਨ ਵਿਚ ਟੋਰਾਂਟੋ ਅਤੇ ਵੈਨਕੂਵਰ ਦੀ ਜ਼ਿੰਦਗੀ ਨਾਲੋਂ ਢੇਰ ਅੰਤਰ ਹੈ। ਟੋਰਾਂਟੋ ਅਤੇ ਵੈਨਕੂਵਰ ਤਾਂ ਸਰਦੇ-ਪੁਜਦੇ ਪੰਜਾਬੀਆਂ ਲਈ ਦਿੱਲੀ-ਮੁੰਬਈ ਵਰਗੇ ਹਨ; ਕਿਸੇ ਨਾ ਕਿਸੇ ਬਹਾਨੇ ਓਥੇ ਪਹੁੰਚੇ ਹੁੰਦੇ ਹਨ। ਪਿਛਲੇ ਮਹੀਨੇ ਜਦੋਂ ਮੈਨੂੰ ਨਿਆਗਰਾ ਫ਼ਾਲ ਦੀ ਤਸਵੀਰ ਚਾਹੀਦੀ ਸੀ ਤਾਂ ਮੇਰੇ ਕਵੀ ਮਿੱਤਰ ਸਵਰਨਜੀਤ ਸਵੀ ਦੇ ਕੈਮਰੇ ’ਚੋਂ ਅਨੇਕਾਂ ਮੂਰਤਾਂ ਮਿਲ ਗਈਆਂ ਸਨ। ਪਰ ਕਿਉਂਕਿ ਬਹੁਤ ਘੱਟ ਪੰਜਾਬੀ ਲੇਖਕ ਵਿਨੀਪੈੱਗ ਜਾਂਦੇ ਹਨ, ਇਸ ਲਈ ਇਸ ਸ਼ਹਿਰ ਨੂੰ ਪੰਜਾਬੀ ਪਾਠਕਾਂ ਨੇ ਵੀ ਨਿਸਬਤਨ ਘੱਟ ਗੌਲਿਆ ਹੈ। ਪਿੱਛੇ ਜੇਹੇ ਵਿਨੀਪੈੱਗ ਬਾਰੇ ਇਕ ਪੰਜਾਬੀ ਗੀਤ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਾ ਸੀ, ‘ਵਿਨੀਪੈੱਗ ਦੀਆਂ ਰਾਤਾਂ ਲੰਮੀਆਂ ਹੋ ਗਈਆਂ, ਛੇਤੀ ਦਿਨ ਢਲ ਜਾਂਦਾ ਹੋਊ ਓਥੇ ਵੀ।’ ਪਰ ਵਿਨੀਪੈੱਗ ਬਾਰੇ ਕਿਸੇ ਨੇ ਇਹ ਵੀ ਕਿਹਾ ਹੈ ਕਿ ‘‘ਏਥੇ ਹਿੰਸਾ ਅਤੇ ਜਾਇਦਾਦ ਸੰਬੰਧੀ ਕੇਸਾਂ ਦੀ ਭਰਮਾਰ ਹੈ। ਗ਼ਰੀਬ, ਬੇਘਰੇ ਅਤੇ ਦਾਰੂ ਦੀ ਜਿਲ੍ਹਣ ਵਿਚ ਫਸੇ ਲੋਕਾਂ ਦੀ ਹਰ ਪਾਸੇ ਵੱਡੀ ਗਿਣਤੀ ਹੈ। ਵੱਡੀਆਂ ਸਹੂਲਤਾਂ, ਸੜਕਾਂ, ਸਿਹਤ ਸੇਵਾਵਾਂ ਅਤੇ ਸਿੱਖਿਆ ਸੰਸਥਾਵਾਂ ਦੇ ਪੱਖ ਤੋਂ ਇਹ ਕੈਨੇਡਾ ਦਾ ਸਭ ਤੋਂ ਘਟੀਆ ਸ਼ਹਿਰ ਹੈ। ਸਾਲ ਵਿਚ ਪੰਜ ਮਹੀਨੇ ਮਨਫ਼ੀ ਪੰਝੀ ਡਿਗਰੀ ਤਾਪਮਾਨ ਹੁੰਦਿਆਂ ਵੀ ਮਕਾਨਾਂ ਦਾ ਟੈਕਸ ਅਸਮਾਨ ਛੂੰਹਦਾ ਹੈ। ਇਕ ਹਜ਼ਾਰ ਵਰਗ ਫੁੱਟ ਦੇ ਮਕਾਨ ਦਾ ਲਗਪਗ ਤਿੰਨ ਸੌ ਡਾਲਰ ਟੈਕਸ ਹੈ। ਚਾਰ ਜੀਆਂ ਦੇ ਪਰਿਵਾਰ ਨੂੰ ਲਗਪਗ ਸੌ ਡਾਲਰ ਬਿਜਲੀ ਦੇ ਬਿੱਲ ਵਜੋਂ ਹਰ ਮਹੀਨੇ ਦੇਣੇ ਪੈਂਦੇ ਹਨ। ਪਰ ਹਾਂ-ਪੱਖੀ ਗੱਲ ਇਹ ਹੈ ਕਿ ਬਿਜਲੀ, ਗੈਸ, ਕਾਰ ਬੀਮਾ ਅਤੇ ਘਰਾਂ ਦੀਆਂ ਕੀਮਤਾਂ ਦੂਜੇ ਸ਼ਹਿਰਾਂ ਨਾਲੋ ਵਾਜਬ ਹਨ।’’ ਇਸ ਵਿਅਕਤੀ ਨੇ ਜੋ ਕੁਝ ਵੀ ਲਿਖਿਆ ਹੈ, ਸੱਚ ਦੇ ਨੇੜੇ ਹੈ। ਵਿਨੀਪੈੱਗ ਦੀਆਂ ਹੋਰ ਵੀ ਖਾਮੀਆਂ ਗਿਣੀਆਂ ਜਾ ਸਕਦੀਆਂ ਹਨ ਜਿਵੇਂ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਤਾਂ ਕੈਨੇਡਾ ਦੇ 264 ਸ਼ਹਿਰਾਂ ਵਿੱਚੋਂ ਵਿਨੀਪੈੱਗ ਦੀ ਸੁਖੈਨਤਾ 157ਵੇਂ ਨੰਬਰ ’ਤੇ ਹੈ। ਯੋਗ ਮਾਤਰਾ ਵਿਚ ਨਵੀਂ ਇੰਡਸਟਰੀ ਨਹੀਂ ਲੱਗ ਰਹੀ, ਪੁਰਾਣੀ ਬੰਦ ਹੋ ਰਹੀ ਹੈ। ਉੱਤਰੀ ਅਮਰੀਕਾ ਦੇ ਦੂਜੇ ਸ਼ਹਿਰਾਂ ਨਾਲੋਂ ਜ਼ਿਆਦਾ ਠੰਢਾ ਅਤੇ ਦੂਰ-ਦੁਰਾਡੇ ਹੈ। ਤੁਹਾਨੂੰ ਲਗਪਗ ਹਰ ਸ਼ਹਿਰ ਵਾਸਤੇ ਹਵਾਈ ਯਾਤਰਾ ਹੀ ਕਰਨੀ ਪੈਂਦੀ ਹੈ। ਇਸੇ ਲਈ ਕੁਨੈਕਟਿਵਿਟੀ ਵਿਚ ਇਸ ਦਾ ਦਰਜਾ 266 ਸ਼ਹਿਰਾਂ ਵਿਚੋਂ 215ਵਾਂ ਹੈ। ਸਿੱਖਿਆ ਸੇਵਾਵਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਅਤੇ ਰੈਂਕ ਬਹੁਤ ਨੀਵਾਂ ਹੈ। ਪਰ ਸਭ ਤੋਂ ਵੱਧ ਬੁਰਾ ਹਾਲ ਸੁਰੱਖਿਆ ਦਾ ਹੈ ਜਿਸ ਵਿਚ ਵਿਨੀਪੈੱਗ ਦਾ 266 ਵਿੱਚੋਂ 197ਵਾਂ ਦਰਜਾ ਹੈ।
ਮੈਨੀਟੋਬਾ ਪ੍ਰਾਂਤ ਪੂਰੀ ਤਰ੍ਹਾਂ ਮੈਦਾਨੀ ਇਲਾਕਾ ਹੈ ਜਿੱਥੇ ਪਾਣੀ ਦੇ ਬਹੁਤ ਜ਼ਿਆਦਾ ਸ੍ਰੋਤ ਹਨ; ਇਕ ਲੱਖ ਤੋਂ ਜ਼ਿਆਦਾ ਝੀਲਾਂ ਹਨ। ਕਈ ਥਾਈਂ ਧਰਤੀ ਦਲਦਲੀ ਹੈ। ਮੂਲ-ਵਾਸੀਆਂ ਦੀ ਭਾਸ਼ਾ ਵਿਚ ਵਿਨੀਪੈੱਗ ਦਾ ਅਰਥ ਹੀ ਦਲਦਲ ਹੈ। ਇਸ ਦੀ ਸਥਾਪਨਾ 1738 ਵਿਚ ਰੂਜ ਦਾ ਕਿਲ੍ਹਾ ਬਣਨ ਨਾਲ ਹੋਈ ਸੀ। ਕੈਨੇਡਾ ਦੀ ਹਡਸਨ ਬੇ ਕੰਪਨੀ ਨੇ ਇੱਥੋਂ ਦੇ ਵਪਾਰ ਨੂੰ ਵਧਾਇਆ ਤੇ ਫੋਰਟ ਰੂਜ ਵੀ ਹੌਲੀ-ਹੌਲੀ ਫੋਰਟ ਗੈਰੀ ਹੋ ਗਿਆ। ਵੱਡਾ ਸ਼ਹਿਰ ਹੋਣ ਦੇ ਬਾਵਜੂਦ ਦੂਜੇ ਸ਼ਹਿਰਾਂ ਦੇ ਮੁਕਾਬਲੇ ਇਹ ਘੱਟ ਵਿਕਸਿਤ ਹੈ ਹਾਲਾਂਕਿ ਹਜ਼ਾਰਾਂ ਸਾਲ ਮੂਲ-ਵਾਸੀਆਂ (ਇੰਡੀਜਨਸ ਜਾਂ ਫ਼ਸਟ ਨੇਸ਼ਨ ਲੋਕਾਂ) ਲਈ ਇਹ ਧਰਤੀ ਤਜਾਰਤੀ ਕੇਂਦਰ ਰਹੀ। ਇਹ ਵਪਾਰ ਮੈਨੀਟੋਬਾ ਪ੍ਰਾਂਤ ਦੇ ਪਾਣੀਆਂ ਦੇ ਨੈੱਟਵਰਕ ਕਾਰਨ ਹੁੰਦਾ ਸੀ। ਵਿਨੀਪੈੱਗ ਵਿਚ ਦੋ ਦਰਿਆ ਹਨ: ਅਸੀਨੀਬੌਇਨ ਤੇ ਰੈੱਡ ਰਿਵਰ। ਇਹ ਫ਼ੋਰਕਸ ਨਾਂ ਦੇ ਯਾਤਰੀ ਸਥਾਨ ’ਤੇ ਇਕ-ਦੂਜੇ ਵਿਚ ਮਿਲ ਜਾਂਦੇ ਹਨ। ਮੂਲ-ਵਾਸੀ ਇਨ੍ਹਾਂ ਦਰਿਆਵਾਂ ਰਾਹੀਂ ਯੂਰਪੀਨਾਂ ਨਾਲ ਵਪਾਰ ਕਰਦੇ ਸਨ; ਜ਼ਿਆਦਾਤਰ ਵਪਾਰ ਜਾਨਵਰਾਂ ਦੀ ਖਲ ਦਾ ਹੁੰਦਾ ਸੀ। ਦੋਵੇਂ ਧਿਰਾਂ ਕਿਸ਼ਤੀਆਂ ਰਾਹੀਂ ਫ਼ੋਰਕਸ ਪਹੁੰਚਦੀਆਂ ਸਨ। ਪਰ ਜਦੋਂ ਸੌ ਸਾਲ ਪਹਿਲਾਂ ਪਨਾਮਾ ਨਹਿਰ ਦੀ ਉਸਾਰੀ ਹੋਈ ਤਾਂ ਭਰਪੂਰ ਵਪਾਰਕ ਗਤੀਵਿਧੀ ਵਾਲੇ ਇਸ ਸ਼ਹਿਰ ਦੀ ਕਿਸਮਤ ਫੁੱਟ ਗਈ। ਜਿਸ ਸ਼ਹਿਰ ਨੂੰ ‘ਗੇਟਵੇ ਆਫ਼ ਦਿ ਵੈਸਟ’ ਕਿਹਾ ਜਾਂਦਾ ਸੀ, ਉਹ ਆਪਣਾ ਰੁਤਬਾ ਗੁਆ ਬੈਠਾ। ਵਪਾਰਕ ਬੇੜੇ ਅਸਾਨੀ ਨਾਲ ਵੈਨਕੂਵਰ ਜਾਣ ਲੱਗੇ। ਵੈਨਕੂਵਰ ਅੱਗੇ ਆ ਗਿਆ, ਵਿਨੀਪੈੱਗ ਪਿਛਾਂਹ ਸਰਕਣ ਲੱਗਾ। ਇਲਾਕੇ ਦੇ ਲੋਕ ਜਿਨ੍ਹਾਂ ਵਲ-ਖਾਂਦੀਆਂ ਡੰਡੀਆਂ ਰਾਹੀਂ ਫ਼ੋਰਕਸ ’ਤੇ ਆਉਂਦੇ ਸਨ, ਉਨ੍ਹਾਂ ਦੇ ਦੋਵੇਂ ਪਾਸੇ ਉੱਥੋਂ ਦੀਆਂ ਗਲੀਆਂ-ਬਜ਼ਾਰ ਬਣ ਗਏ। ਇਸੇ ਲਈ ਗਲੀਆਂ ਬਹੁਤ ਸਾਰੇ ਆਧੁਨਿਕ ਸ਼ਹਿਰਾਂ ਵਾਂਗ ਗਰਿੱਡ ਵਿੱਚ ਜਾਂ ਚੌਖਾਨਿਆਂ ਵਾਂਗ ਨਹੀਂ ਹਨ। ਉੱਥੋਂ ਦੀ ਪੁਰਾਣੀ ਇਮਾਰਤਸਾਜ਼ੀ ਦੀ ਖ਼ੂਬਸੂਰਤੀ ਕਰਕੇ ਵੀ ਇਹ ਬਾਕੀ ਸ਼ਹਿਰਾਂ ਨਾਲੋਂ ਵੱਖਰਾ ਹੈ। ਜ਼ਿੰਦਗੀ ਦੀ ਦੌੜ-ਭੱਜ ਤੇ ਬਹੁਤਾ ਪੈਸਾ ਕਮਾਉਣ ਦਾ ਲਾਲਚ ਮੁਕਾਬਲਤਨ ਘੱਟ ਹੈ। ਟੋਰਾਂਟੋ ਵਰਗੇ ਕੁਝ ਸ਼ਹਿਰ ਕਿਸੇ ਅਣਡਿੱਠ ਦੌੜ ਵਿਚ ਪਏ ਹੋਏ ਹਨ। ਉੱਥੋਂ ਦੀਆਂ ਪੁਰਾਣੀਆਂ ਬਿਲਡਿੰਗਾਂ ਨਵੀਆਂ ਦੇ ਪਰਛਾਵੇਂ ਹੇਠ ਆ ਚੁੱਕੀਆਂ ਹਨ। ਪਰ ਵਿਨੀਪੈੱਗ ਬੜਾ ਪ੍ਰਮਾਣਿਕ ਅਤੇ ਮਿੱਤਰਤਾ ਭਰਿਆ ਵਾਤਾਵਰਨ ਸਿਰਜਦਾ ਹੈ । ਇਹ ਵੀ ਯਾਦ ਰਹੇ ਕਿ ਕੁੱਲ ਮਿਲਾ ਕੇ ਇੱਥੋਂ ਦੀ ਸਮੁੱਚੀ ਟੈਕਸ-ਦਰ ਬਹੁਤ ਸੁਖਾਵੀਂ ਹੈ ਜਿਸਦਾ ਦਰਜਾ 266 ਵਿੱਚੋਂ 22ਵਾਂ ਹੈ।
ਪੰਜਾਬੀਆਂ ਵਸਤੇ ਵਿਨੀਪੈੱਗ ਵਿਸ਼ੇਸ਼ ਰੂਪ ਵਿਚ ਮਿੱਤਰ ਸ਼ਹਿਰ ਹੈ। ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਹ ਮਿੱਤਰਤਾ ਪੈਦਾ ਕਿੱਥੋਂ ਹੁੰਦੀ ਹੈ। ਲੂਈ ਰੀਆਲ ਦਾ ਬੁੱਤ ਇਸ ਘੁੰਢੀ ਨੂੰ ਕੁਝ ਸੁਲਝਾਉਂਦਾ ਹੈ। ਉਹ ਮੇਤੀਜ਼ ਨਾਂ ਦੇ ਕਬੀਲੇ ਦਾ ਸਰਦਾਰ ਸੀ। ਮੇਤੀਜ਼ ਉਹ ਮੂਲ-ਵਾਸੀ ਹਨ ਜਿਹੜੇ ਯੂਰਪੀ ਲੋਕਾਂ ਦੇ ਮੇਲ ’ਚੋਂ ਪੈਦਾ ਹੋਏ। ਲੂਈ ਨੂੰ ਮੈਨੀਟੋਬਾ ਦੇ ਮੂਲ-ਵਾਸੀ ਆਪਣਾ ਰਾਸ਼ਟਰ-ਪਿਤਾ ਮੰਨਦੇ ਹਨ; ਕੈਨੇਡਾ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਆਜ਼ਾਦ ਮੈਨੀਟੋਬਾ ਸਰਕਾਰ ਦਾ ਮੁਖੀਆ ਸੀ। ਉਸਦੀ ਅਗਵਾਈ ਵਿਚ ‘ਰੈੱਡ ਰਿਵਰ’ ਦੇ ਕਿਨਾਰੇ 1869-70 ਵਿਚ ਯੂਰਪੀ ਦੇਸ਼ਾਂ ਤੋਂ ਆਏ ਗੋਰਿਆਂ ਨਾਲ ਇਕ ਤਣਾਉ ਬਣਿਆ ਹੋਇਆ ਸੀ; ਇਕ ਸਮਝੌਤੇ ਅਨੁਸਾਰ 1873 ਵਿਚ ਮੈਨੀਟੋਬਾ ਨੂੰ ਕੈਨੇਡਾ ਦੀ ਪੰਜਵੀਂ ਰਿਆਸਤ ਵਜੋਂ ਸ਼ਾਮਿਲ ਕਰ ਲਿਆ ਤੇ ਰੀਆਲ ਨੂੰ ਹੀ ਰਿਆਸਤ ਦਾ ਪ੍ਰੀਮੀਅਰ ਬਣਾ ਦਿੱਤਾ ਗਿਆ। ਪਰ ਉਸਨੇ ਕਿਸੇ ਰੰਜ਼ਿਸ਼ ਵਿਚ ਯੂਰਪੀਨ ਫ਼ੌਜੀ ਅਫ਼ਸਰ ਥਾਮਸ ਸਕਾਟ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤੇ ਆਪ ਅਮਰੀਕਾ ਚਲਾ ਗਿਆ। ਫ਼ਿਰ ਸਸਕੈਚਵਨ ਨਾਂ ਦੇ ਪੱਛਮੀ-ਗੁਆਂਢੀ ਸੂਬੇ ਤੋਂ ਉਸ ਨੇ ਇਕ ਹੋਰ ਬਗ਼ਾਵਤ ਸ਼ੁਰੂ ਕਰ ਦਿੱਤੀ। ਉਸ ਨਾਲ ਲੜਨ ਲਈ ਗੋਰਿਆਂ ਨੇ ਰੇਲ ਰਾਹੀਂ ਫ਼ੌਜੀ ਦਸਤੇ ਭੇਜੇ। ਅੰਤ ਉਸ ’ਤੇ ਕੇਸ ਚਲਾਇਆ ਗਿਆ ਤੇ ਫ਼ਾਂਸੀ ਦਿੱਤੀ ਗਈ। ਪਰ ਇਸ ਘਟਨਾਕ੍ਰਮ ਨੇ ਉਸ ਨੂੰ ਲੋਕਾਂ ਦਾ ਹੀਰੋ ਬਣਾ ਦਿੱਤਾ ਕਿਉਂਕਿ ਉਹ ਸਮੇਂ ਦੀ ਸਰਕਾਰ ਵਿਰੁੱਧ ਲੋਕਾਂ ਦੇ ਵਿਦਰੋਹ ਦਾ ਪ੍ਰਤੀਕ ਬਣ ਗਿਆ। ਤਸੱਲੀ ਵਾਲੀ ਗੱਲ ਇਹ ਹੈ ਕਿ ਹੁਣ ਉਸੇ ਗੋਰੀ ਸਰਕਾਰ ਨੇ 1996 ਵਿਚ ਰਾਜ ਦੇ ਬਾਗ਼ੀ ਦਾ 17 ਫ਼ੁੱਟ ਉੱਚਾ ਬੁੱਤ ਬੜੇ ਸਤਿਕਾਰ ਨਾਲ ਲਾਇਆ ਹੈ। ਇਹ ਬੁੱਤ ਮੈਨੀਟੋਬਾ ਦੀ ਲੈਜਿਸਲੇਟਿਵ ਬਿਲਡਿੰਗ ਦੇ ਐਨ ਸਾਹਮਣੇ ਹੈ। ਧਾਰਮਿਕ ਅਤੇ ਨਸਲੀ ਨਫ਼ਰਤ ਦਾ ਖਾਤਮਾ ਕਰਨ ਲਈ ਹੁਕਮਰਾਨ ਦਾ ਦਿਲੋਂ ਸਾਫ਼ ਅਤੇ ਸਹਿਣਸ਼ੀਲ ਹੋਣਾ ਲਾਜ਼ਮੀ ਹੈ। ਸਾਰਾ ਕੈਨੇਡਾ ਆਪਣੇ ਬਹੁ-ਸਭਿਆਚਾਰੀ ਸਮਾਜ ’ਤੇ ਮਾਣ ਕਰਦਾ ਹੈ। ਪਰ ਬਹੁ-ਸਭਿਆਚਾਰਵਾਦ ਦੀ ਸਭ ਤੋਂ ਵੱਡੀ ਮਿਸਾਲ ਮੈਨੀਟੋਬਾ ਹੈ ਜਿਸ ਨੇ ਇਕ ਬਾਗ਼ੀ ਨੇਤਾ ਪ੍ਰਤੀ ਲੋਕਾਂ ਦੀ ਸ਼ਰਧਾ ਦਾ ਸਤਿਕਾਰ ਕੀਤਾ। ਇਸ ਦੀ ਇਕ ਹੋਰ ਮਿਸਾਲ ਇਹ ਹੈ ਕਿ ਕੈਨੇਡਾ ਦਾ ਇਹ ਪ੍ਰਾਂਤ ਹਰ ਪ੍ਰਕਾਰ ਦੇ ਪਰਵਾਸੀਆਂ ਨੂੰ ਬਹੁਤ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਦਾ ਹੈ। ਹੋਰ ਤਾਂ ਹੋਰ, ਸਮਲਿੰਗੀਆਂ ਦਾ ਇੱਥੇ ਹਰ ਸਾਲ ਮੇਲਾ ਲੱਗਦਾ ਹੈ। ਇਹ ਉੱਤਰ-ਅਮਰੀਕਾ ਦਾ ਪਹਿਲਾ ਐਸਾ ਵੱਡਾ ਸ਼ਹਿਰ ਹੈ ਜਿਸ ਨੇ ਇੱਕ ਸਮਲਿੰਗੀ ਨੂੰ ਆਪਣਾ ਮੇਅਰ ਚੁਣਿਆ ਸੀ। ਜੇ ਵਿਨੀਪੈੱਗ ਦੀ ਵੱਸੋਂ ਉੱਤੇ ਝਾਤੀ ਮਾਰੀਏ ਅਤੇ ਉਸ ਦੀ ਪ੍ਰਤੀਸ਼ਤਤਾ ਦੇਖੀਏ ਤਾਂ ਵੀ ਬਹੁ-ਸਭਿਆਚਾਰ ਦੇ ਪ੍ਰਤੱਖ ਦੀਦਾਰ ਹੁੰਦੇ ਹਨ। ਵਿਨੀਪੈੱਗ ਦੀ ਵੰਨ-ਸੁਵੰਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਇਸ ਇਕੱਲੇ ਸ਼ਹਿਰ ਵਿਚ ਸੌ ਤੋਂ ਵੱਧ ਬੋਲੀਆਂ ਬੋਲਦੇ ਲੋਕ ਹਨ। ਟੋਰਾਂਟੋ ਤੋਂ ਪੱਛਮ ਵਾਲੇ ਕੈਨੇਡਾ ਵਿਚ ਫਰੈਂਚ ਅਤੇ ਫਿਲ਼ੀਪੀਨੋ ਭਾਸ਼ਾ ‘ਟਗਾਲੌਗ’ ਬੋਲਣ ਵਾਲਿਆਂ ਦੀ ਗਿਣਤੀ ਵਿਨੀਪੈੱਗ ਵਿਚ ਸਭ ਤੋਂ ਜ਼ਿਆਦਾ ਹੈ।
ਵੈੱਸਟ ਇੰਡੀਜ਼ ਦੇਸ਼ਾਂ (ਬਹਾਮਾਜ਼, ਹੇਤੀ, ਬਾਰਬਾਡੋਜ਼, ਡੋਮੀਨੀਅਨ ਰੀਪਬਲਿਕ, ਗਯਾਨਾ, ਜਮਾਇਕਾ ਆਦਿ) ਦੇ ਕੁਝ ਅਜਿਹੇ ਲੋਕ ਵੀ ਏਥੇ ਰਹਿੰਦੇ ਹਨ ਜਿਨ੍ਹਾਂ ਦਾ ਮੂਲ ਸਥਾਨ ਹਿੰਦੁਸਤਾਨ ਹੈ। ਉਨ੍ਹਾਂ ਵਿਚ ਹਿੰਦੂ-ਮੁਸਲਿਮ ਦੋਵੇਂ ਹਨ। ਏਸੇ ਲਈ ਵੈਸਟ ਇੰਡੀਜ਼ ਦੀ ਟੀਮ ਵਿਚ ਵੀ ਸਾਨੂੰ ਕਈ ਭਾਰਤੀ ਮੂਲ ਦੇ ਖਿਡਾਰੀ ਦਿਸਦੇ ਹਨ। ਕੁਝ ਲੋਕਾਂ ਦੇ ਨਾਂ ਅਜੇ ਵੀ ਹਿੰਦੁਸਤਾਨੀ ਹਨ; ਕੁਝ ਹੋਰਾਂ ਨੇ ਨਵੇਂ ਨਾਂ ਰੱਖ ਲਏ ਹਨ, ਪਰ ਉਨ੍ਹਾਂ ਦੇ ਅਕੀਦੇ ਪੁਰਾਣੇ ਹਨ। ਹਿੰਦੀ ਦੇ ਕੁਝ ਸ਼ਬਦਾਂ ਦਾ ਉਹ ਹੁਣ ਵੀ ਇਸਤੇਮਾਲ ਕਰਦੇ ਹਨ ਅਤੇ ਪੁਰਾਣੇ ਹਿੰਦੀ ਗੀਤ ਉਨ੍ਹਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ। ਇਨ੍ਹਾਂ ਵਿੱਚੋਂ ਇਕ ਸੱਜਣ ਡੈਰਿਕ ਡੈਬੀ ਮੇਰਾ ਚੰਗਾ ਮਿੱਤਰ ਹੈ ਜਿਸ ਦਾ ਅਸਲ ਨਾਮ ਦੇਵਾ ਰਾਮ ਡੈਬੀ ਹੈ। ਉਹ ਗਯਾਨਾ, ਵੈਸਟ ਇੰਡੀਜ਼ ਤੋਂ ਹੈ ਅਤੇ ਪੂਰੀ ਤਰ੍ਹਾਂ ਧਰਮ-ਨਿਰਪੱਖ, ਸਾਊ ਤੇ ਮਦਦਗਾਰ ਇਨਸਾਨ ਹੈ। ਡੈਰਿਕ ਵਿਨੀਪੈੱਗ ਦੇ ਉਸ ਇਲਾਕੇ ਵਿਚ ਰਹਿੰਦਾ ਹੈ ਜਿੱਥੇ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਬਹੁਗਿਣਤੀ ਹੈ। ਉਹ ਗੁਰਦੁਆਰਿਆਂ, ਮੰਦਰਾਂ, ਸਭਿਆਚਾਰਕ ਮੇਲਿਆਂ ਅਤੇ ਵਿਆਹਾਂ ’ਤੇ ਅਕਸਰ ਜਾਂਦਾ ਹੈ। ਭਾਵੇਂ ਇਹ ਉਸ ਦਾ ਸ਼ੌਕ ਨਹੀਂ, ਲੋੜ ਹੈ; ਪਰ ਉਸ ਨੇ ਆਪਣੇ-ਆਪ ਨੂੰ ਬੜੇ ਸਹਿਜ ਰੂਪ ਵਿਚ ਸਾਡੀ ਕਮਿਊਨਿਟੀ ਵਿਚ ਢਾਲ ਲਿਆ ਹੈ। ਉਹ ਇਕ ਸਕੂਲ-ਸਮੂਹ ‘ਸੈਵਨ ਓਕ’ ਦੀ ਸਰਕਾਰੀ ਗਵਰਨਿੰਗ ਕੌਂਸਲ ਦਾ ਮੈਂਬਰ ਹੈ ਅਤੇ ਇਹ ਮੈਂਬਰਸ਼ਿਪ ਚੋਣਾਂ ਨਾਲ ਮਿਲਦੀ ਹੈ। ਉਸ ਰਾਹੀਂ ਮੈਨੂੰ ਪਤਾ ਲੱਗਾ ਕਿ ਵੈਸਟ ਇੰਡੀਜ਼ ਦੇ ਲੋਕਾਂ ਦੇ ਇਕ-ਦੋ ਵੱਖਰੇ ਮੰਦਰ ਹਨ ਜਿੱਥੇ ਉਹ ਹਰ ਐਤਵਾਰ ਜਾਂਦੇ ਹਨ। ਮੈਂ ਵੀ ਇਕ ਦਿਨ ਮੰਦਿਰ ਵਿਚ ਗਿਆ। ਉੱਤਰ ਅਮਰੀਕਾ ਦੇ ਕਾਫ਼ੀ ਗੁਰਦੁਆਰਿਆਂ ਅਤੇ ਮੰਦਰਾਂ ਦੀ ਜਾਣੀ-ਪਛਾਣੀ ਦਿੱਖ ਹੁੰਦੀ ਹੈ। ਸ਼ਿਕਾਗੋ ਦੇ ਇਕ ਮੰਦਰ ਦਾ ਸਾਰਾ ਪੱਥਰ ਰਾਜਸਥਾਨ ਤੋਂ ਮੰਗਵਾਇਆ ਗਿਆ ਸੀ। ਪਰ ਵਿਨੀਪੈੱਗ ਵਿਚ ਵੈਸਟ ਇੰਡੀਜ਼ ਲੋਕਾਂ ਦਾ ਇਹ ਮੰਦਰ ਸੁੁਭਾਵਿਕ ਤੌਰ ’ਤੇ ਬਹੁਤ ਛੋਟਾ ਹੈ ਅਤੇ ਉਸਦੀ ਬਾਹਰੀ ਦਿੱਖ ਇੱਕ ਆਮ ਘਰ ਵਾਲੀ ਹੈ ਕਿਉਂਕਿ ਇਨ੍ਹਾਂ ਲੋਕਾਂ ਦੀ ਸ਼ਹਿਰ ਵਿਚ ਗਿਣਤੀ ਬਹੁਤ ਘੱਟ ਹੈ। ਮੰਦਰ ਵਿਚ ਬਹੁਤ ਸਾਰੀਆਂ ਮੂਰਤੀਆਂ ਹਨ। ਸੰਗਤ ਦੀ ਗਿਣਤੀ 50-55 ਹੋਵੇਗੀ। ਆਮ ਲੋਕ ਸਾਧਾਰਨ ਸੁਰਾਂ ਅਤੇ ਸਿੱਧੀਆਂ ਤਰਜ਼ਾਂ ਵਾਲਾ ਕੀਰਤਨ ਕਰ ਰਹੇ ਸਨ। ਕਦੇ ਬੱਚੀਆਂ ਭਜਨ ਪੜ੍ਹਦੀਆਂ, ਕਦੇ ਬੀਬੀਆਂ। ਇਵੇਂ ਹੀ ਮਰਦਾਂ ਦਾ ਵੀ ਇਕ ਜਥਾ ਬਣ ਗਿਆ ਸੀ ਪਰ ਇਸ ਕੀਰਤਨ ਵਾਸਤੇ ਕਿਸੇ ਪ੍ਰਕਾਰ ਦੀ ਸਿੱਖਿਆ ਜਾਂ ਰਿਆਜ਼ ਦੀ ਲੋੜ ਨਹੀਂ। ਕਿਸੇ ਕੋਲ ਜਿਸ ਤਰ੍ਹਾਂ ਦੇ ਵੀ ਸੁਰ ਸਨ, ਉੱਥੇ ਸਵੀਕਾਰ ਸਨ। ਕੋਈ ਮੰਚ ਸਕੱਤਰ ਨਹੀਂ ਸੀ; ਇਕ ਭਜਨ ਖ਼ਤਮ ਹੁੰਦਾ, ਕੋਈ ਨਾ ਕੋਈ ਦੂਜਾ ਸ਼ੁਰੂ ਕਰ ਦਿੰਦਾ। ਸੁਰਾਂ ਦੇ ਸੰਗੀਤ ਨਾਲੋਂ ਭਗਤੀ ਦੀ ਪ੍ਰੀਤ ਜ਼ਿਆਦਾ ਮਹੱਤਵਪੂਰਨ ਸੀ। ਗਾਉਣ ਵਾਲੇ ਲਗਪਗ ਸਾਰੇ ਲੋਕਾਂ ਦੇ ਹੱਥਾਂ ਵਿਚ ਰੋਮਨ ਲਿੱਪੀ ਵਿਚ ਛਪੇ ਭਜਨਾਂ ਦੇ ਕਿਤਾਬਚੇ ਸਨ। ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਨਹੀਂ ਸੀ ਪਤਾ ਕਿ ਉਹ ਕੀ ਗਾ ਰਹੇ ਹਨ। ਹਿੰਦੀ ਫ਼ਿਲਮੀ ਤਰਜ਼ਾਂ ਉੱਤੇ ਗਾਏ ਭਜਨਾਂ ਨਾਲ ਗਾਇਕਾਂ ਅਤੇ ਸਰੋਤਿਆਂ ਵਿਚ ਹਲਕੇ ਜਿਹੇ ਵਜਦ ਦੀ ਆਮਦ ਹੋ ਰਹੀ ਸੀ। ਉੱਥੇ ਇਕ ਮਾਹੌਲ ਦਾ ਅਹਿਸਾਸ ਹੋ ਰਿਹਾ ਸੀ। ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਦੀ ਇਹ ਇਕ ਸੁਹਿਰਦ ਕੋਸ਼ਿਸ਼ ਸੀ। ਪਰ ਤਬਲੇ ’ਤੇ ਸੰਗਤ ਕਰ ਰਹੀ ਔਰਤ ਬਹੁਤ ਉਮਦਾ ਤਾਲ ਦੇ ਰਹੀ ਸੀ। ਡੈਰਿਕ ਨੇ ਦੱਸਿਆ ਕਿ ਉਸ ਨੇ ਬਾਕਾਇਦਾ ਤਬਲਾ ਸਿੱਖਿਆ ਹੋਇਆ ਸੀ। ਵੈਸਟ ਇੰਡੀਜ਼ ਤੋਂ ਆਈ, ਕੈਨੇਡਾ-ਵਾਸੀ ਇਹ ਔਰਤ ਆਪਣੇ ਧਰਮ ਅਤੇ ਮੂਲ ਸਭਿਆਚਾਰ ਪ੍ਰਤੀ ਅਰਪਿਤ ਲੱਗੀ। ਉੱਥੇ ਸ਼ਮੀਨਾ ਖਾਨ ਨਾਂ ਦੀ ਔਰਤ ਬਹੁਤ ਵਧੀਆ ਗਾ ਰਹੀ ਸੀ; ਮੁਸਲਿਮ ਹੋਣ ਦੇ ਬਾਵਜੂਦ ਮੰਦਰ ਵਿਚ ਆ ਕੇ ਗਾਉਂਦੀ ਹੈ। ਉਸ ਦੇ ਗਾਇਣ ਨੂੰ ਰੱਬ-ਭਗਤੀ, ਦੇਸ਼-ਭਗਤੀ ਜਾਂ ਸੰਗੀਤ-ਭਗਤੀ ਕਿਸੇ ਵੀ ਰੂਪ ਵਿਚ ਦੇਖ ਲਵੋ; ਉਹ ਬਹੁਤ ਵੱਡੀ ਇਨਸਾਨ ਲੱਗ ਰਹੀ ਸੀ। ਉਸ ਨੇ ਵੀ ਸਾਰੀਆਂ ਔਰਤਾਂ ਵਾਂਗ ਆਪਣੇ ਸਿਰ ’ਤੇ ਲਾਲ ਚੁੰਨੀ ਬੰਨ੍ਹੀ ਹੋਈ ਸੀ। ਉਸ ਨੂੰ ਇਤਰਾਜ਼ ਨਹੀਂ ਸੀ ਕਿ ਉਹ ਹਿੰਦੂ ਦੇਵਤਿਆਂ ਸਾਹਮਣੇ ਬੈਠੀ ਹੋਈ ਹੈ; ਮੰਦਿਰ ਨੂੰ ਇਤਰਾਜ਼ ਨਹੀਂ ਸੀ ਕਿ ਇਕ ਮੋਮਨ ਭਜਨ ਗਾ ਰਹੀ ਹੈ। ਕਦੇ ਮੋਮਨ ਰਾਗੀ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦੇ ਹੁੰਦੇ ਸਨ, ਪਰ ਹੁਣ ਉਨ੍ਹਾਂ ਨੂੰ ਇਹ ਆਗਿਆ ਨਹੀਂ ਹੈ। ਪਰ ਸ਼ਮੀਮਾ ਕਾਰਨ ਉਸ ਮੰਦਰ ਦੇ ਮਾਹੌਲ ਵਿਚ ਕਈ ਰੰਗ ਘੁਲੇ ਹੋਏ ਸਨ। ਮੰਦਰ ਦਾ ਸਾਰਾ ਵਾਤਾਵਰਨ ਹਿੰਦੁਸਤਾਨ ਦੇ ਅਜੋਕੇ ਜਨੂੰਨੀ ਮਾਹੌਲ ਨੂੰ ਵੀ ਚਿੜਾ ਰਿਹਾ ਸੀ। ਇਸੇ ਲਈ ਵੈੱਸਟ ਇੰਡੀਜ਼ ਦੇ ਹਿੰਦੂ ਸੱਜਣ ਡੈਰਿਕ ਨੂੰ ਸਾਡੇ ਭਾਰਤੀ ਸਮਾਜ ਦੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਏਨੇ ਜਨੂੰਨੀ ਕਿਵੇਂ ਹੋ ਗਏ ਹਾਂ। ਫ਼ਲਾਂ ਅਤੇ ਮਿਠਾਈ ਦਾ ਪ੍ਰਸ਼ਾਦ ਲੈਣ ਤੋਂ ਬਾਅਦ ਬੇਸਮੈਂਟ ਵਿਚ ਲੰਗਰ ਆਰੰਭ ਹੋਇਆ। ਮੈਨੂੰ ਇਸ ਮਾਹੌਲ ਵਿਚ ਵਿਚਰਦਿਆਂ ਹੈਰਾਨੀ ਭਰੀ ਖ਼ੁਸ਼ੀ ਹੋ ਰਹੀ ਸੀ। ਉਨ੍ਹਾਂ ਨੂੰ ਵੀ ਇਹ ਜਾਣ ਕੇ ਹੈਰਾਨੀ ਹੋਈ ਕਿ ਭਜਨ-ਕੀਰਤਨ ਤੋਂ ਪਿੱਛੋਂ ਜਿਹੜੀ ਆਰਤੀ ਸਾਰਿਆਂ ਮਿਲ ਕੇ ਗਾਈ ਉਹ ਪੰਜਾਬੀ ਲੇਖਕ ਸ਼ਰਧਾ ਰਾਮ ਫ਼ਿਲੌਰੀ ਦੀ ਲਿਖੀ ਹੋਈ ਹੈ। ਵਿਨੀਪੈੱਗ ਦਾ ਮੰਦਿਰ, ਵੈੱਸਟ ਇੰਡੀਜ਼ ਦੇ ਸ਼ਰਧਾਲੂ, ਮੁਸਲਿਮ ਗਾਇਕ ਤੇ ਪੰਜਾਬੀ ਲੇਖਕ ਦੀ ਆਰਤੀ; ਇਸ ਤੋਂ ਵਧੇਰੇ ਆਦਰਸ਼ ਹਾਲਤ ਕਿਹੜੀ ਹੋਵੇਗੀ? ਮੈਂ ਵਿਨੀਪੈੱਗ ਵਿਚ ਜਿਉਂ-ਜਿਉਂ ਆਪਣੇ ਅਨੁਭਵ ਨੂੰ ਫ਼ੈਲਾ ਰਿਹਾ ਸਾਂ, ਬਹੁ-ਸਭਿਆਚਾਰਵਾਦ ਦਾ ਸੱਚਾ-ਸੁੱਚਾ ਦ੍ਰਿਸ਼ ਵਿਸ਼ਾਲ ਹੁੰਦਾ ਜਾ ਰਿਹਾ ਸੀ। ਉੱਥੋ ਦੇ ਲੋਕਾਂ, ਸਰਕਾਰਾਂ ਅਤੇ ਉਨ੍ਹਾਂ ਦੇ ਮੁਖੀਆਂ ਦੀ ਭੂਮਿਕਾ ਨਿੱਖਰ ਕੇ ਸਾਹਮਣੇ ਆ ਰਹੀ ਸੀ। ਸਾਨੂੰ ਭਾਰਤੀਆਂ ਨੂੰ ਇਹ ਮੱਤ ਕਦੋਂ ਆਵੇਗੀ?