23 ਫਰਵਰੀ 2022 ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੀ ਸਾਲਾਨਾ ਰਿਪੋਰਟ ਅਨੁਸਾਰ, ਧਰਤੀ ਉੱਤੇ ਗਰੀਨਹਾਊਸ ਗੈਸਾਂ ਦੇ ਵਧ ਰਹੇ ਨਿਕਾਸ ਕਾਰਨ ਦੁਨੀਆ ਭਰ ਵਿਚ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਵਿਸ਼ਵਵਿਆਪੀ ਪੱਧਰ ਉੱਤੇ ਭਿਆਨਕ ਜੰਗਲੀ ਅੱਗਾਂ ਵਿਚ 2030 ਤੱਕ 14 ਫ਼ੀਸਦ, 2050 ਤੱਕ 30 ਫ਼ੀਸਦ ਅਤੇ ਸਦੀ ਦੇ ਅੰਤ ਤੱਕ 50 ਫ਼ੀਸਦ ਤੱਕ ਵਾਧਾ ਹੋ ਸਕਦਾ ਹੈ। ਜੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਮੌਜੂਦਾ ਦਰ ਉੱਤੇ ਹੁੰਦੀ ਰਹੀ ਤਾਂ ਆਰਕਟਿਕ ਅਤੇ ਹੋਰ ਠੰਢੇ ਖੇਤਰ ਜੋ ਅਜੇ ਤੱਕ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਨਹੀਂ ਹੋਏ ਸਨ, ਸਦੀ ਦੇ ਅੰਤ ਤੱਕ ਜੰਗਲੀ ਅੱਗਾਂ ਦੀ ਲਪੇਟ ਵਿਚ ਆ ਸਕਦੇ ਹਨ। ਇਸ ਦੇ ਨਾਲ ਨਾਲ ਇੰਡੋਨੇਸ਼ੀਆ ਅਤੇ ਦੱਖਣੀ ਐਮੇਜ਼ੋਨ ਵਿਚ ਵੀ ਜੰਗਲੀ ਅੱਗਾਂ ਲੱਗਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਸਕਦਾ ਹੈ। ਰਿਪੋਰਟ ਵਿਚ ਇਹ ਖੁਲਾਸਾ ਵੀ ਹੈ ਕਿ ਜੰਗਲੀ ਅੱਗਾਂ ਵਿਚ ਵਾਧਾ ਮੌਸਮੀ ਤਬਦੀਲੀ ਅਤੇ ਜ਼ਮੀਨ ਦੀ ਵਰਤੋਂ ਵਿਚ ਤਬਦੀਲੀ ਕਾਰਨ ਹੋ ਰਿਹਾ ਹੈ। ਇਹ ਦੋਵੇਂ ਕਾਰਨ ਮਨੁੱਖੀ ਗਤੀਵਿਧੀਆਂ ਨਾਲ ਜੁੜੇ ਹਨ। ਮੌਸਮ ਵਿਚ ਤਬਦੀਲੀਆਂ ਧਰਤੀ ਦੇ ਵਧ ਰਹੇ ਔਸਤ ਤਾਪਮਾਨ ਕਰਕੇ ਆ ਰਹੀਆਂ ਹਨ।
ਅਗਸਤ 2021 ਵਿਚ ਆਈਪੀਸੀਸੀ (ਇੰਟਰ-ਗਵਰਨਮੈਂਟ ਪੈਨਲ ਆਨ ਕਲਾਈਮੇਟ ਚੇਂਜ) ਦੀ ਛੇਵੀਂ ਰਿਪੋਰਟ ਵਿਚ ਵਿਗਿਆਨੀਆਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਮਨੁੱਖੀ ਗਤੀਵਿਧੀਆਂ ਕਾਰਨ ਹੋ ਰਿਹਾ ਹੈ ਜਦੋਂ ਕਿ ਪਹਿਲੀਆਂ ਰਿਪੋਰਟਾਂ ਵਿਚ ਮਨੁੱਖੀ ਗਤੀਵਿਧੀਆਂ ਦੀ ਸੰਭਾਵਨਾ ਕਹੀ ਜਾਂਦੀ ਸੀ। ਪਿਛਲੀ ਸਦੀ ਵਿਚ ਗਰੀਨਹਾਊਸ ਗੈਸਾਂ ਦੀ ਜ਼ਿਆਦਾ ਨਿਕਾਸੀ ਕਾਰਨ ਧਰਤੀ ਦੇ ਔਸਤ ਤਾਪਮਾਨ ਵਿਚ ਉਦਯੋਗਿਕ ਇਨਕਲਾਬ ਤੋਂ ਪਹਿਲਾਂ ਦੇ ਸਮੇਂ ਨਾਲੋਂ 1.1 ਡਿਗਰੀ ਸੈਲਸੀਅਸ ਦਾ ਵਾਧਾ ਹੋ ਚੁੱਕਿਆ ਹੈ। ਤਾਪਮਾਨ ਵਿਚ ਵਾਧੇ ਦੀ ਇਕ ਡਿਗਰੀ ਦਾ ਹਰ ਹਿੱਸਾ ਬਹੁਤ ਮਹੱਤਵਪੂਰਨ ਹੈ। ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਬਹੁਤ ਜ਼ਿਆਦਾ ਮੀਂਹ ਪੈਣ ਦੀਆਂ ਘਟਨਾਵਾਂ ਵਿਚ 7 ਗੁਣਾ ਅਤੇ ਗਰਮ ਲਹਿਰਾਂ ਦੀ ਆਮਦ ਵਿਚ 5 ਗੁਣਾ ਵਾਧਾ ਹੋ ਸਕਦਾ ਹੈ ਅਤੇ 2 ਡਿਗਰੀ ਸੈਲਸੀਅਸ ਵਾਧੇ ਨਾਲ 14 ਗੁਣਾ ਵਾਧਾ ਹੋਣ ਦੀ ਸੰਭਾਵਨਾ ਹੈ। ਤਾਪਮਾਨ ਵਿਚ ਥੋੜ੍ਹੇ ਜਿਹੇ ਵਾਧੇ ਨਾਲ ਸੋਕੇ ਅਤੇ ਜੰਗਲੀ ਅੱਗ ਵਰਗੀਆਂ ਕੁਦਰਤੀ ਆਫ਼ਤਾਂ ਦੀਆਂ ਘਟਨਾਵਾਂ ਵਿਚ ਵੀ ਕਈ ਗੁਣਾ ਵਾਧਾ ਹੋ ਜਾਂਦਾ ਹੈ। ਜੂਨ 2021 ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦਾ ਛੋਟਾ ਜਿਹਾ ਲੈਟਿਨ ਨਾਮ ਦਾ ਸ਼ਹਿਰ ਗਰਮ ਲਹਿਰਾਂ ਦੀ ਆਮਦ ਤੋਂ ਬਾਅਦ ਜੰਗਲੀ ਅੱਗਾਂ ਨਾਲ ਤਬਾਹ ਹੋ ਗਿਆ। ਇਸੇ ਤਰ੍ਹਾਂ ਦਾ ਵਰਤਾਰਾ ਯੂਨਾਨ ਦੇ ਐਲੀਨੀਕਾ ਪਿੰਡ ਵਿਚ ਵਾਪਰਿਆ ਹੈ।
ਰਿਕਾਰਡ ਅਨੁਸਾਰ ਪਿਛਲੇ ਪੰਜ ਸਾਲਾਂ ਵਿਚ ਜੰਗਲੀ ਅੱਗ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦੀ ਲਪੇਟ ਵਿਚ ਕੈਨੇਡਾ, ਅਮਰੀਕਾ, ਚੀਨ, ਆਸਟਰੇਲੀਆ, ਅਤੇ ਯੂਰੋਪ ਦੇ ਕਈ ਮੁਲਕ ਆਏ ਰਹੇ ਹਨ। ਜੰਗਲੀ ਅੱਗਾਂ ਨੇ 2017 ਅਤੇ 2018 ਗਰੀਸ, ਪੁਰਤਗਾਲ ਬਹੁਤ ਜ਼ਿਆਦਾ ਤਬਾਹੀ ਕੀਤੀ ਹੈ। ਜੰਗਲੀ ਅੱਗਾਂ ਦਾ ਕਹਿਰ ਕੈਲੀਫੋਰਨੀਆ ਵਿਚ 2019, 2020 ਅਤੇ 2021 ਵਿਚ ਵੀ ਜਾਰੀ ਰਿਹਾ ਹੈ। 2019-2020 ਵਿਚ ਆਸਟਰੇਲੀਆ ਦੇ ਜੰਗਲੀ ਖੇਤਰ ਵਿਚ ਭਿਆਨਕ ਅੱਗ ਲੱਗੀ ਸੀ ਜਿਸ ਨਾਲ ਲੱਖਾਂ ਦੀ ਗਿਣਤੀ ਵਿਚ ਜੰਗਲੀ ਜਾਨਵਰਾਂ ਅਤੇ 30 ਵਿਅਕਤੀਆਂ ਦੀ ਅੱਗ ਵਿਚ ਸੜਨ ਨਾਲ ਮੌਤ ਹੋ ਗਈ ਸੀ। ਜੰਗਲੀ ਅੱਗ ਦੇ ਧੂੰਏਂ ਦੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਕਾਰਨ ਲਗਭਗ 500 ਵਿਅਕਤੀ ਬਾਅਦ ਵਿਚ ਮਰ ਗਏ ਸਨ। ਇਹ ਜੰਗਲੀ ਅੱਗ ਗਰਮੀਆਂ ਦੇ ਕਈ ਮਹੀਨੇ ਲੱਗੀ ਰਹੀ ਸੀ ਜਿਸ ਕਰਕੇ 2019-2020 ਦੀ ਜੰਗਲੀ ਅੱਗ ਦੀ ਘਟਨਾ ਨੂੰ ਆਸਟਰੇਲੀਆ ਵਿਚ ਬਲੈਕ-ਸਮਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
2020 ਵਿਚ ਪੈਟਾਨਲ ਨਾਮਕ ਜਲਗਾਹ (ਜੋ ਦੁਨੀਆ ਦੀ ਟਰੋਪੀਕਲ ਖੇਤਰ ਦੀ ਸਭ ਤੋਂ ਵੱਡੀ ਜਲਗਾਹ ਹੈ) ਨੂੰ ਤਾਪਮਾਨ ਦੇ ਵਾਧੇ ਨਾਲ ਪਏ ਸੋਕੇ ਕਾਰਨ ਅੱਗ ਲੱਗ ਗਈ ਸੀ ਜਿਸ ਨਾਲ ਪੈਟਾਨਲ ਜਲਗਾਹ ਦਾ ਇਕ ਤਿਹਾਈ ਹਿੱਸਾ ਸੜ ਗਿਆ ਸੀ। ਇਸ ਅੱਗ ਨਾਲ ਬਹੁਤ ਸਾਰੇ ਦੁਰਲੱਭ ਜੰਗਲੀ ਜੀਵ-ਜੰਤੂ ਵੀ ਸੜ ਗਏ ਸਨ। ਇਹ ਜਲਗਾਹ ਦੱਖਣੀ ਅਮਰੀਕਾ ਦੇ ਤਿੰਨ ਮੁਲਕਾਂ ਬਰਾਜ਼ੀਲ, ਪੈਰਾਗੁਏ ਅਤੇ ਬੋਲੀਵੀਆ ਵਿਚ ਫੈਲੀ ਹੋਈ ਹੈ।
2020 ਵਿਚ ਰਸ਼ੀਅਨ ਫੈਡਰੇਸ਼ਨ ਦੇ ਠੰਢੇ ਜਾਣੇ ਜਾਂਦੇ ਖੇਤਰ ਸਾਇਬੇਰੀਆ ਦੇ ਉੱਤਰੀ ਭਾਗ ਵਿਚ ਔਸਤ ਤਾਪਮਾਨ ਵਿਚ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਣ ਨਾਲ ਇੱਥੋਂ ਦੇ ਜੰਗਲਾਂ ਨੂੰ ਅੱਗ ਲੱਗ ਗਈ ਜਿਸ ਨਾਲ ਲੱਖਾਂ ਜੰਗਲੀ ਜਾਨਵਰ ਅਤੇ ਵੱਡੀ ਗਿਣਤੀ ਵਿਚ ਦਰਖ਼ਤ ਜਲ ਕੇ ਰਾਖ ਹੋ ਗਏ ਸਨ।
ਜੰਗਲਾਂ ਨੂੰ ਅੱਗ ਲੱਗਣ ਨਾਲ ਵਾਤਾਵਰਨ ਵਿਚ ਕਾਰਬਨ ਡਾਇਆਕਸਾਈਡ ਅਤੇ ਹੋਰ ਗਰੀਨਹਾਊਸ ਗੈਸਾਂ ਦੀ ਨਿਕਾਸੀ ’ਚ ਵਾਧਾ ਹੋ ਜਾਂਦਾ ਹੈ। ਗੈਸਾਂ ਵਾਯੂਮੰਡਲ ’ਚ ਜਾ ਕੇ ਤਾਪਮਾਨ ਵਧਾਉਂਦੀਆਂ ਹਨ।ਮਨੁੱਖੀ ਗਤੀਵਿਧੀਆਂ ਕਾਰਨ ਇਕ ਪਾਸੇ ਤਾਂ ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਨਾਲ ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਦੂਜੇ ਪਾਸੇ, ਆਰਥਿਕ ਵਿਕਾਸ ਦੇ ਨਾਮ ਉੱਤੇ ਸੜਕਾਂ, ਪੁਲ, ਰਿਹਾਇਸ਼ੀ ਉਸਾਰੀਆਂ, ਖਣਿਜਾਂ ਦੀ ਖੁਦਾਈ ਅਤੇ ਵਪਾਰਕ ਖੇਤੀ ਲਈ ਵੱਡੀ ਮਾਤਰਾ ਵਿਚ ਸੰਘਣੇ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ। ਦੁਨੀਆ ਦੇ ਜ਼ਿਆਦਾਤਰ ਮੁਲਕਾਂ ਨੇ ਆਰਥਿਕ ਵਿਕਾਸ ਦੀ ਅੰਨ੍ਹੀ ਦੌੜ ਵਿਚ ਕੁਦਰਤੀ ਸਰੋਤਾਂ ਦਾ ਬਹੁਤ ਜ਼ਿਆਦਾ ਉਜਾੜਾ ਕੀਤਾ ਹੈ। ਆਈ.ਪੀ.ਸੀ.ਸੀ. ਦੀ 2019 ਵਿਚ ਆਈ ‘ਕਲਾਈਮੇਟ ਚੇਂਜ ਐਂਡ ਲੈਂਡ’ ਨਾਮ ਦੀ ਸਪੈਸ਼ਲ ਰਿਪੋਰਟ ਅਨੁਸਾਰ ਮਨੁੱਖੀ ਗਤੀਵਿਧੀਆਂ ਨੇ ਧਰਤੀ ਦਾ (ਬਰਫ਼ ਰਹਿਤ) 70 ਫ਼ੀਸਦ ਖੇਤਰ ਬਦਲ ਦਿੱਤਾ ਹੈ। ਕੁਦਰਤੀ ਬਨਸਪਤੀ ਦੀ ਥਾਂ ਕੰਕਰੀਟ ਦੇ ਜੰਗਲ ਉਸਾਰ ਦਿੱਤੇ ਗਏ ਹਨ ਜੋ ਗਰੀਨਹਾਊਸ ਗੈਸਾਂ ਨੂੰ ਸੋਖਣ ਦੀ ਥਾਂ ਉੱਤੇ ਵੱਡੀ ਮਾਤਰਾ ਵਿਚ ਤਾਪਮਾਨ ਨੂੰ ਵਧਾਉਣ ਵਾਲੀਆਂ ਗੈਸਾਂ ਛੱਡਦੇ ਹਨ। ਮਨੁੱਖੀ ਆਬਾਦੀ ਵਿਚ ਤੇਜ਼ੀ ਨਾਲ ਵਾਧਾ ਹੋਣ ਨਾਲ ਵੀ ਜੰਗਲਾਂ ਥੱਲੇ ਰਕਬਾ ਤੇਜ਼ੀ ਨਾਲ ਘਟ ਰਿਹਾ ਹੈ। ਮਨੁੱਖ ਆਪਣੇ ਆਰਥਿਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੁਦਰਤੀ ਬਨਸਪਤੀ ਦੀ ਥਾਂ ਉੱਤੇ ਵਪਾਰਕ ਫ਼ਸਲਾਂ ਬੀਜ ਰਿਹਾ ਹੈ ਜਿਸ ਲਈ ਉਹ ਜੰਗਲਾਂ ਨੂੰ ਅੱਗ ਲਗਾ ਕੇ ਵੀ ਖ਼ਤਮ ਕਰ ਰਿਹਾ ਹੈ।
ਸਥਾਨਕ ਦਰਖ਼ਤਾਂ ਦੀ ਥਾਂ ਉੱਤੇ ਦੂਜੀਆਂ ਥਾਵਾਂ ਤੋਂ ਲਿਆ ਕੇ, ਸਜਾਵਟ ਅਤੇ ਵਪਾਰਕ ਨਜ਼ਰੀਏ ਤੋਂ ਲਗਾਈ ਬਨਸਪਤੀ ਵੀ ਜੰਗਲੀ ਅੱਗਾਂ ਦੀਆਂ ਵਧਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਭਾਰਤ ਦੇ ਹਿਮਾਲਿਆ ਖੇਤਰ ਵਿਚ ਸਥਿਤ ਰਾਜਾਂ (ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ) ਵਿਚ 19ਵੀਂ ਸਦੀ ਵਿਚ ਬ੍ਰਿਟਿਸ਼ ਸਰਕਾਰ ਨੇ ਸਥਾਨਕ ਦਰਖ਼ਤਾਂ ਓਕ, ਸਾਲ, ਅਤੇ ਦਿਓਦਾਰ ਦੀ ਵੱਡੀ ਪੱਧਰ ਉੱਤੇ ਵਰਤੋਂ ਕੀਤੀ ਸੀ ਅਤੇ ਉਨ੍ਹਾਂ ਦੀ ਭਰਪਾਈ ਕਰਨ ਲਈ ਇਸ ਖੇਤਰ ਵਿਚ ਵੱਡੀ ਪੱਧਰ ਉੱਤੇ ਚੀਲ ਦੇ ਦਰਖ਼ਤ ਲਗਾ ਦਿੱਤੇ ਸਨ ਜੋ ਵਪਾਰਕ ਅਤੇ ਆਰਥਿਕ ਪੱਖੋਂ ਲਾਹੇਵੰਦ ਹਨ ਪਰ ਇਨ੍ਹਾਂ ਦਰਖ਼ਤਾਂ ਦੀ ਲੱਕੜ ਜ਼ਿਆਦਾ ਜਲਣਸ਼ੀਲ ਹੈ ਜਿਸ ਨਾਲ ਇਸ ਖੇਤਰ ਵਿਚ ਜੰਗਲੀ ਅੱਗਾਂ ਵਿਚ ਵਾਧਾ ਹੋ ਰਿਹਾ ਹੈ।
ਜੰਗਲੀ ਅੱਗਾਂ ਮਨੁੱਖੀ ਸਿਹਤ ਲਈ ਵੀ ਘਾਤਕ ਹਨ। ਇਹ ਜੇਕਰ ਜ਼ਿਆਦਾ ਦੇਰ ਤੱਕ ਲੱਗੀਆਂ ਰਹਿੰਦੀਆਂ ਹਨ ਤਾਂ ਮਨੁੱਖ ਸਾਹ, ਫੇਫੜਿਆਂ, ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਹੋ ਜਾਂਦੇ ਹਨ। ਇਨ੍ਹਾਂ ਨਾਲ ਅੱਖਾਂ ਅਤੇ ਚਮੜੀ ਉੱਤੇ ਐਲਰਲੀ ਵੀ ਹੋ ਜਾਂਦੀ ਹੈ। ਜੰਗਲੀ ਅੱਗਾਂ ਜੰਗਲ, ਜੰਗਲੀ ਜਾਨਵਰ ਅਤੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਤਬਾਹ ਕਰ ਰਹੀਆਂ ਹਨ। ਦਿ ਲੈਨਸੈੱਟ ਜਰਨਲ ਵਿਚ ਛਪੇ ਖੋਜ ਅਧਿਐਨ ਅਨੁਸਾਰ ਜੰਗਲੀ ਅੱਗਾਂ ਦੇ ਧੂੰਏਂ ਦੇ ਪ੍ਰਭਾਵ ਕਾਰਨ 43 ਮੁਲਕਾਂ ਵਿਚ ਹਰ ਸਾਲ 30000 ਵਿਅਕਤੀ ਮਰ ਜਾਂਦੇ ਹਨ। ਯੂਰੋਪੀਅਨ ਯੂਨੀਅਨ ਦੀ ਕੋਪਰਨਿਕਸ ਐਟਮੌਸਫਿਅਰਿਕ ਮੌਨੀਟਰਿੰਗ ਸਰਵਿਸ ਦੀ ਰਿਪੋਰਟ ਅਨੁਸਾਰ ਜੰਗਲੀ ਅੱਗਾਂ ਦੀਆਂ ਘਟਨਾਵਾਂ ਨਾਲ 2021 ਦੇ ਜੁਲਾਈ ਅਤੇ ਅਗਸਤ ਦੇ ਦੋ ਮਹੀਨਿਆਂ ਵਿਚ 2.5 ਬਿਲੀਅਨ ਟਨ ਕਾਰਬਨ-ਡਾਇਆਕਸਾਈਡ ਦਾ ਨਿਕਾਸ ਹੋਇਆ। ਕਾਰਬਨ-ਡਾਇਆਕਸਾਈਡ ਤਾਪਮਾਨ ਨੂੰ ਵਧਾਉਣ ਵਾਲੀ ਅਹਿਮ ਗੈਸ ਹੈ।
ਜੰਗਲੀ ਅੱਗ ਦੀਆਂ ਘਟਨਾਵਾਂ ਨੂੰ ਖ਼ਤਮ ਕਰਨਾ ਤਾਂ ਭਾਵੇਂ ਸੰਭਵ ਨਹੀਂ ਪਰ ਇਨ੍ਹਾਂ ਘਟਨਾਵਾਂ ਨੂੰ ਘਟਾਉਣ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਨੇ ਵਾਤਾਵਰਨ ਪ੍ਰੋਗਰਾਮ ਦੁਆਰਾ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਜੰਗਲੀ ਅੱਗਾਂ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਬਦਲਵੀਆਂ ਅਤੇ ਪ੍ਰਭਾਵਸ਼ਾਲੀ ਯੋਜਨਾਵਾਂ ਬਣਾਉਣ ਲਈ ਕਿਹਾ ਹੈ। ਹੁਣ ਤੱਕ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਜੰਗਲਾਂ ਦੀ ਅੱਗ ਨੂੰ ਬੁਝਾਉਣ ਵਾਲੀਆਂ ਗੱਡੀਆਂ ਅਤੇ ਕਰਮਚਾਰੀਆਂ ਉੱਤੇ ਹੀ ਖ਼ਰਚ ਕਰਦੀਆਂ ਹਨ। ਜੰਗਲੀ ਅੱਗਾਂ ਦੀ ਰੋਕਥਾਮ ਲਈ ਸਭ ਤੋਂ ਪਹਿਲਾਂ ਗਰੀਨਹਾਊਸ ਗੈਸਾਂ ਦੀ ਨਿਕਾਸੀ ਹੋਰ ਤੇਜ਼ੀ ਨਾਲ ਘਟਾਉਣੀ ਚਾਹੀਦੀ ਹੈ ਤਾਂ ਕਿ ਤਾਪਮਾਨ ਦੇ ਵਾਧੇ ਉੱਤੇ ਕਾਬੂ ਪਾਇਆ ਜਾ ਸਕੇ। ਜੰਗਲੀ ਅੱਗ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਸਥਾਨਕ ਬਨਸਪਤੀ ਦੀ ਉਚੇਚੇ ਤੌਰ ਉੱਤੇ ਸੰਭਾਲ ਕਰਨੀ ਹੋਵੇਗੀ। ਵਪਾਰਕ ਦ੍ਰਿਸ਼ਟੀ ਤੋਂ ਲਾਹੇਵੰਦ ਅਤੇ ਸੋਹਣਾ ਲੱਗਣ ਵਾਲੇ ਦਰਖ਼ਤਾਂ ਦੀ ਥਾਂ ਉੱਤੇ ਹਰ ਮੁਲਕ ਨੂੰ ਸਥਾਨਕ ਬਨਸਪਤੀ ਨੂੰ ਮੁੜ ਤੋਂ ਅਪਨਾਉਣਾ ਪਵੇਗਾ। ਵਪਾਰਕ ਤੌਰ ਉੱਤੇ ਲਾਹੇਵੰਦ ਕੈਲੀਫੋਰਨੀਆ ਦੇ ਸਫ਼ੈਦੇ ਅਤੇ ਭਾਰਤ ਵਿਚ ਹਿਮਾਲਿਆ ਖੇਤਰ ਵਿਚਲੇ ਚੀਲ ਦੇ ਦਰਖ਼ਤ ਜੰਗਲੀ ਅੱਗਾਂ ਦੀਆਂ ਘਟਨਾਵਾਂ ਨੂੰ ਵਧਾ ਰਹੇ ਹਨ। ਇਸ ਲਈ ਇਨ੍ਹਾਂ ਦਰਖ਼ਤਾਂ ਦੀ ਕਟਾਈ ਕਰਕੇ ਇੱਥੇ ਸਥਾਨਕ ਕਿਸਮਾਂ ਦੇ ਦਰਖ਼ਤ ਲਗਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਵੱਡੀਆਂ ਵੱਡੀਆਂ ਕੰਪਨੀਆਂ ਅਤੇ ਬੈਂਕ ਜੋ ਟਿਕਾਉ ਵਿਕਾਸ ਦੇ ਨਾਮ ਉੱਤੇ ਵੱਡੇ ਪੱਧਰ ਉੱਤੇ ਜੰਗਲਾਂ ਦਾ ਉਜਾੜਾ ਕਰ ਰਹੇ ਹਨ ਉਨ੍ਹਾਂ ਉੱਤੇ ਰੋਕ ਲਗਾਉਣੀ ਚਾਹੀਦੀ ਹੈ।
ਜੰਗਲੀ ਅੱਗ ਉੱਤੇ ਕਾਬੂ ਪਾਉਣ ਲਈ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆਂ ਨੂੰ ਸਭ ਤੋਂ ਪਹਿਲਾਂ ਜੰਗਲਾਂ ਨੂੰ ਵਰਤਣ ਦੇ ਅਧਿਕਾਰ ਦੇਣੇ ਚਾਹੀਦੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਤੋਂ ਜੰਗਲੀ ਅੱਗ ਨੂੰ ਬੁਝਾਉਣ ਲਈ ਮਦਦ ਲੈਣੀ ਚਾਹੀਦੀ ਹੈ। ਅੱਗ ਲੱਗਣ ਵਾਲੇ ਖੇਤਰਾਂ ਵਿਚ ਅੱਗ ਦੀ ਰੋਕਥਾਮ ਲਈ ਨਵੇਂ ਢਾਂਚੇ ਬਣਾਉਣੇ ਚਾਹੀਦੇ ਹਨ। ਹੜ੍ਹਾਂ ਅਤੇ ਸੋਕੇ ਵਾਂਗ ਅੱਗ ਆਫ਼ਤ ਪ੍ਰਬੰਧਨ ਫੋਰਸ ਵੀ ਸਥਾਪਤ ਕਰਨੀ ਚਾਹੀਦੀ ਹੈ। ਜੰਗਲੀ ਅੱਗਾਂ ਦੀ ਰੋਕਥਾਮ ਲਈ ਵਿਗਿਆਨਕ ਖੋਜ ਦਾ ਵਿਸਤਾਰ ਕਰਨਾ ਲਾਜ਼ਮੀ ਹੈ।
*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।