ਪ੍ਰਿੰਸੀਪਲ ਵਿਜੈ ਕੁਮਾਰ
ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵਲੋਂ ਲਗਭਗ ਸੋਲਾਂ ਸੋ ਸਿੱਖਿਆ ਮਾਹਿਰਾਂ ਦੀਆਂ ਸਿਫਾਰਸ਼ਾਂ ਅਤੇ ਲੋਕ ਦਿਲਾਂ ਦੀ ਆਵਾਜ਼ ਨੂੰ ਸਮਝਦਿਆਂ ਹੋਇਆਂ ਵਿੱਦਿਅਕ ਵਰ੍ਹੇ 2020-21 ਲਈ ਸੀਬੀਐੱਸਸੀ ਬੋਰਡ ਅਧੀਨ ਪੈਂਦੇ ਸਕੂਲਾਂ ਦੀਆਂ ਐੱਨਸੀਈਆਰਟੀ ਦੀਆਂ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਦੀਆਂ ਕਿਤਾਬਾਂ ਦੇ ਪਾਠਕ੍ਰਮ ’ਚੋਂ 30% ਪਾਠਕ੍ਰਮ ਨੂੰ ਘੱਟ ਕਰ ਦਿੱਤਾ ਗਿਆ ਹੈ| ਇਹ 30 ਫ਼ੀਸਦ ਪਾਠਕ੍ਰਮ ਨੈਸ਼ਨਲ ਕੈਰਿਕੁਲਮ ਫ਼ਾਰਮੈਸ਼ਨ 2005 ਦੀ ਭਾਵਨਾ ਅਤੇ ਸਿੱਖਿਆ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਬਣਾਏ ਪਾਠਕ੍ਰਮ ’ਚੋਂ ਘੱਟ ਕੀਤਾ ਗਿਆ ਹੈ| ਇਹ 30 ਫ਼ੀਸਦ ਪਾਠਕ੍ਰਮ ਨੌਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਭਾਸ਼ਾਵਾਂ, ਵਣਜ ਅਤੇ ਵਪਾਰ ਇਤਿਹਾਸ, ਸਮਾਜਿਕ ਸਿੱਖਿਆ, ਗਣਿਤ, ਵਿਗਿਆਨ ਅਤੇ ਰਾਜਨੀਤੀ ਸ਼ਾਸਤਰ ਲਗਭਗ ਸਾਰੇ ਵਿਸ਼ਿਆਂ ’ਚੋਂ ਘਟਾਇਆ ਗਿਆ ਹੈ| ਇਸੇ ਤਰ੍ਹਾਂ ਆਈਸੀਐੱਸਸੀ ਬੋਰਡ ਵੱਲੋਂ ਸੈਕੰਡਰੀ ਪੱਧਰ ’ਤੇ 25 ਫ਼ੀਸਦ ਪਾਠਕ੍ਰਮ ਨੂੰ ਘੱਟ ਕੀਤਾ ਗਿਆ ਹੈ। ਅਜਿਹੀ ਹਾਲਤ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚੇ ਇਸ ਵਰ੍ਹੇ ਜਨਸੰਖਿਆ, ਲੋਕ ਤਾਂਤਰਿਕ ਅਧਿਕਾਰਾਂ, ਸੰਵਿਧਾਨਕ ਢਾਂਚੇ ਅਤੇ ਭੋਜਨ ਸੁਰੱਖਿਆ ਬਾਰੇ ਜਾਣਨ ਤੋਂ ਵਾਂਝੇ ਰਹਿਣਗੇ| ਦਸਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿੱਚੋਂ ਲੋਕਤੰਤਰ ਨੂੰ ਚੁਣੌਤੀਆਂ, ਲੋਕਤੰਤਰ ਅਤੇ ਵੰਨ-ਸੁਵੰਨਤਾ ਲਿੰਗ ਅਤੇ ਧਰਮ ਅਤੇ ਜਾਤ-ਪਾਤ ਪ੍ਰਥਾ ਦੇ ਪਾਠ ਮਨਫੀ ਕਰ ਦਿੱਤੇ ਗਏ ਹਨ| ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਇਸ ਵਿੱਦਿਅਕ ਵਰ੍ਹੇ ਵਿੱਚ ਰਾਜਨੀਤੀ ਸ਼ਾਸਤਰ ਵਿੱਚ ਸੰਘੀ ਢਾਂਚੇ, ਨਾਗਰਿਕਤਾ, ਰਾਸ਼ਟਰਵਾਦ ਅਤੇ ਧਰਮ ਨਿਰਪੱਖਤਾ ਬਾਰੇ ਗਿਆਨ ਹਾਸਲ ਨਹੀਂ ਕਰ ਸਕਣਗੇ| ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ’ਚੋਂ ਵੀ ਬਸਤੀਵਾਦ ਅਤੇ ਭਾਰਤ ਦੀ ਵੰਡ ਬਾਰੇ ਸਮਝ, ਵਿਸ਼ਵੀਕਰਨ ਅਤੇ ਸਮਾਜਿਕ ਤਬਦੀਲੀ ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧ, ਖੇਤਰੀ ਤਾਂਘ, ਕੌਮਾਂਤਰੀ ਪੱਧਰ ਦੇ ਵਪਾਰ, ਭੂਮੀ ਅਸਸੇ ਅਤੇ ਖੇਤੀਬਾੜੀ ਯੋਜਨਾ ਕਮਿਸ਼ਨ ਅਤੇ ਪੰਜ ਸਾਲ ਯੋਜਨਾਵਾਂ ਬਾਹਰ ਕਰ ਦਿੱਤੇ ਗਏ ਹਨ| ਅਨੇਕਾਂ ਵਿਦਿਅਕ ਅਦਾਰਿਆਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਇਸ ਨੂੰ ਸਮੇਂ ਅਨੁਸਾਰ ਠੀਕ ਕਦਮ ਵੀ ਦੱਸਿਆ ਹੈ|
ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਕੇਵਲ ਤੇ ਕੇਵਲ ਇਸ ਵਿਦਿਅਕ ਵਰ੍ਹੇ ਲਈ ਸੈਕੰਡਰੀ ਪੱਧਰ ਦੇ ਪਾਠਕ੍ਰਮ ਵਿੱਚ ਕੀਤੀ ਗਈ 30 ਫ਼ੀਸਦ ਕਟੌਤੀ ਦਾ ਕਾਰਨ ਕਰੋਨਾ ਦੀ ਬੀਮਾਰੀ ਦੀ ਮਹਾਂਮਾਰੀ ਦੇ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਪਏ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਸੁਚੱਜੇ ਢੰਗ ਨਾਲ ਪੜ੍ਹਾਈ ਨਾ ਹੋਣਾ ਦੱਸਿਆ ਗਿਆ ਹੈ| ਭਾਵੇਂ ਪ੍ਰਾਈਵੇਟ ਮਾਡਲ ਅਤੇ ਸਰਕਾਰੀ ਸਕੂਲਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਲਈ ਆਨਲਾਈਨ ਪੜ੍ਹਾਈ ਦਾ ਬਦਲਵੇਂ ਪ੍ਰਬੰਧ ਦਾ ਹੀਲਾ ਵਸੀਲਾ ਕੀਤਾ ਗਿਆ ਹੈ ਪਰ ਫੇਰ ਵੀ ਇਹ ਗੱਲ ਮੰਨਣੀ ਪਵੇਗੀ ਕਿ ਇਹ ਆਨਲਾਈਨ ਪੜ੍ਹਾਈ ਸਕੂਲਾਂ ਦੇ ਵਾਤਾਵਰਨ ਵਿੱਚ ਅਧਿਆਪਕਾਂ ਅਤੇ ਮਿੱਤਰਾਂ ਦੋਸਤਾਂ ਦੇ ਨਾਲ ਬੈਠ ਕੇ ਕੀਤੀ ਜਾਣ ਵਾਲੀ ਪੜ੍ਹਾਈ ਦਾ ਬਦਲ ਨਹੀਂ ਹੈ| ਇਸ ਲਈ ਵਿਦਿਆਰੀਆਂ ਦੇ ਪ੍ਰੀਖਿਆਵਾਂ ਦੇ ਖੌਫ ਅਤੇ ਦਿਮਾਗੀ ਅਤੇ ਮਾਨਸਿਕ, ਤਣਾਓ ਅਤੇ ਮਾਪਿਆਂ ਦੀ ਫਿਕਰਮੰਦੀ ਨੂੰ ਘਟਾਉਣ ਲਈ ਪਾਠਕ੍ਰਮ ਵਿੱਚ ਕਟੌਤੀ ਕੀਤੀ ਗਈ ਹੈ ਪਰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਪਾਠਕ੍ਰਮ ਨੂੰ ਘਟਾਉਣ ਦੇ ਲਈ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਇਹ ਵੀ ਹਵਾਲਾ ਦਿੱਤਾ ਗਿਆ ਹੈ ਕਿ ਐੱਨਸੀਈਆਰਟੀ ਅੱਠ ਹਫਤਿਆਂ ਦੇ ਅਲਟਰਨੇਟਿਵ ਕੈਲੰਡਰ ਵਿੱਚ ਇਹ ਸ਼ਾਮਿਲ ਕੀਤਾ ਗਿਆ ਹੈ ਕਿ ਪਾਠਕ੍ਰਮ ’ਚੋਂ 30 ਫ਼ੀਸਦ ਘੱਟ ਕੀਤੇ ਗਏ ਪਾਠਾਂ ਵਿੱਚੋਂ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੁੱਛੇ ਨਹੀਂ ਜਾਣਗੇ ਪਰ ਜੇਕਰ ਅਧਿਆਪਕ ਅਤੇ ਵਿਦਿਆਰਥੀ ਫੇਰ ਵੀ ਭਵਿੱਖ ਲਈ ਆਪਣੇ ਗਿਆਨ ਵਧਾਊ ਨਜ਼ਰੀਏ ਨਾਲ ਇਨ੍ਹਾਂ ਘੱਟ ਕੀਤੇ ਪਾਠਾਂ ਨੂੰ ਪੜ੍ਹਨ ਪੜ੍ਹਾਉਣ ਦੀ ਪ੍ਰਕ੍ਰਿਆ ਨੂੰ ਅਪਣਾਉਣਾ ਚਾਹੁਣ ਤਾਂ ਉਨ੍ਹਾਂ ਨੂੰ ਪੂਰੀ ਖੁੱਲ੍ਹ ਹੋਵੇਗੀ ਪਰ ਵਿਦਿਅਕ ਮਾਹਿਰਾਂ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਸੈਕੰਡਰੀ ਪੱਧਰ ’ਤੇ ਸਕੂਲੀ ਸਿੱਖਿਆ ਦੇ ਪਾਠਕ੍ਰਮ ਵਿੱਚ ਕੀਤੀ 30 ਫ਼ੀਸਦ ਕਟੌਤੀ ਨੂੰ ਆਲੋਚਨਾ ਦੇ ਕਟਿਹਰੇ ਵਿੱਚ ਲਿਆ ਖੜ੍ਹਾ ਕੀਤਾ ਹੈ| ਇੱਕ ਵਿਦਿਅਕ ਮਾਹਿਰ ਨੇ ਤਾਂ ਇਸ ਨੂੰ ਕੇਂਦਰੀ ਸਰਕਾਰ ਦੇ ਸਿਆਸੀ ਹਿੱਤਾਂ ਦੀ ਪੂਰਤੀ ਦੱਸਿਆ ਹੈ| ਦੂਜੇ ਵਿਦਿਅਕ ਚਿੰਤਕਾਂ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਘਟਾਏ ਗਏ 30 ਫ਼ੀਸਦ ਪਾਠਕ੍ਰਮ ’ਤੇ ਇਸ ਲਈ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ ਕਿਉਂਕਿ ਮੰਤਰਾਲੇ ਦੇ ਇਸ ਫੈਸਲੇ ਵਿੱਚ ਉਨ੍ਹਾਂ ਨੂੰ ਯੋਜਨਾ ਹੀਨਤਾ , ਕਾਹਲ ਅਤੇ ਗੈਰ ਵਿੱਦਿਅਕ ਨਜ਼ਰੀਆ ਵਿਖਾਈ ਦੇ ਰਹੇ ਹਨ|
ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਕੂਲ ਅਤੇ ਕਾਲਜ ਪਿਛਲੇ ਚਾਰ ਮਹੀਨੇ ਤੋਂ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਕਾਰਨ ਉਹ ਦਿਮਾਗੀ ਤਣਾਅ ਦੇ ਸ਼ਿਕਾਰ ਹੋਏ ਹਨ ਪਰ ਵੱਖ-ਵੱਖ ਵਿਸ਼ਿਆਂ ਦੇ ਪਾਠਕ੍ਰਮ ਵਿੱਚੋਂ ਪੂਰੇ-ਪੂਰੇ ਪਾਠ ਉਡਾ ਦੇਣਾ ਵਿਦਿਆਰਥੀਆਂ ਦੇ ਗਿਆਨ ਅਤੇ ਭਵਿੱਖ ਦਾ ਉਜਾੜਾ ਨਹੀਂ ਤਾਂ ਹੋਰ ਕੀ ਹੈ ? ਕਟੌਤੀ ਕੀਤੇ ਗਏ ਪਾਠਕ੍ਰਮ ਵਿੱਚੋਂ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਤਾਂ ਨਹੀਂ ਪੁੱਛੇ ਜਾਣਗੇ ਪਰ ਉਨ੍ਹਾਂ ਪਾਠਾਂ ਨੂੰ ਪੜ੍ਹਨਾ ਪੜ੍ਹਾਉਣਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇੱਛਾ ਉੱਤੇ ਨਿਰਭਰ ਹੋਵੇਗਾ, ਮੰਤਰਾਲੇ ਦੇ ਗੈਰ ਵਿੱਦਿਅਕ ਦ੍ਰਿਸ਼ਟੀਕੋਣ ਨੂੰ ਜ਼ਾਹਰ ਕਰਦਾ ਹੈ| ਸਵਾਲ ਖੜ੍ਹਾ ਇਹ ਵੀ ਹੁੰਦਾ ਹੈ ਕਿ ਇਸ ਘੱਟ ਕੀਤੇ ਪਾਠਕ੍ਰਮ ਨੂੰ ਨਾ ਪੜ੍ਹੇ ਜਾਣ ਕਾਰਨ ਵਿਦਿਆਰਥੀਆਂ ਨੂੰ ਦਾਖਲਿਆਂ ਅਤੇ ਨੌਕਰੀਆਂ ਲਈ ਹੋਣ ਵਾਲੇ ਟੈਸਟਾਂ ਵਿੱਚ ਘਾਟ ਪੈਦਾ ਹੋ ਸਕਦੀ ਹੈ| ਮੁੱਦਾ ਇਹ ਵੀ ਹੈ ਕਿ ਪਾਠਕ੍ਰਮ ਦੀ ਕਟੌਤੀ ਕਰਨ ਲੱਗਿਆਂ ਜਿਨ੍ਹਾਂ ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਗਿਆ ਹੈ ਉਹ ਸਕੂਲੀ ਸਿੱਖਿਆ ਦੀ ਜ਼ਮੀਨੀ ਹਕੀਕਤ ਤੋਂ ਉੱਕਾ ਹੀ ਜਾਣੂ ਨਹੀਂ| ਇਹ ਨਿਰਦੇਸ਼ ਕੇਵਲ ਸੀਬੀਐੱਸਸੀ ਸਕੂਲਾਂ ਲਈ ਹੀ ਕਿਉਂ ਲਿਆ ਗਿਆ ? ਪ੍ਰਾਂਤਕ ਸਿੱਖਿਆ ਬੋਰਡਾਂ ਅਤੇ ਸਰਕਾਰਾਂ ਨਾਲ ਸਲਾਹ ਮਸ਼ਵਰਾ ਕਿਉਂ ਨਹੀਂ ਕੀਤਾ ਗਿਆ ਜਦੋਂ ਕਿ ਕੇਂਦਰੀ ਸਰਕਾਰ ਦੇ ਹੋਰ ਫੈਸਲੇ ਪ੍ਰਾਂਤਾਂ ’ਤੇ ਲਾਗੂ ਹੁੰਦੇ ਹਨ| ਕੀ ਮਾਨਸਿਕ ਤਣਾਓ ਦਾ ਸ਼ਿਕਾਰ ਸੀਬੀਐੱਸਈ ਬੋਰਡ ਦੇ ਸਕੂਲਾਂ ਵਿੱਚ ਪੜ੍ਹਦੇ ਬੱਚੇ ਹੀ ਹਨ? ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਾਠਕ੍ਰਮ ਵਿੱਚ ਕਟੌਤੀ ਦੇ ਫ਼ੈਸਲੇ ਦਾ ਐਲਾਨ ਕਰ ਕੇ ਇਸ ਨੂੰ ਮੁੜ ਵਾਪਸ ਲੈ ਲਿਆ ਹੈ| ਉੱਤਰ ਪ੍ਰਦੇਸ਼ ਦੇ ਕੇਂਦਰੀ ਸਰਕਾਰ ਦੀ ਤਰਜ ’ਤੇ ਪਾਠਕ੍ਰਮ ਵਿੱਚ ਕਟੌਤੀ ਕਰ ਦਿੱਤੀ ਹੈ| ਵਿਦਿਅਕ ਮਾਹਿਰਾਂ ਨੇ ਪਾਠਕ੍ਰਮ ਦੀ ਕਟੌਤੀ ਤੇ ਸਵਾਲ ਤਾਂ ਖੜ੍ਹੇ ਕਰ ਦਿੱਤੇ ਹਨ ਪਰ ਸੁਝਾਅ ਦਿੱਤੇ ਹੀ ਨਹੀਂ| ਪਾਠਕ੍ਰਮ ਦੀ ਕਟੌਤੀ ਦੀ ਪੈਸ਼ਗੋਈ ਕਰਦਿਆਂ ਗਣਿਤ ਅਤੇ ਵਿਗਿਆਨ ਦੇ ਮਨਫੀ ਕੀਤੇ ਪਾਠਕ੍ਰਮ ਦੀ ਗੱਲ ਜ਼ੋਰਦਾਰ ਢੰਗ ਨਾਲ ਕੀਤੀ ਹੀ ਨਹੀਂ|
ਹੁਣ ਸਵਾਲ ਇਹ ਹੈ ਕਿ ਹੋਣਾ ਕੀ ਚਾਹੀਦਾ ਹੈ ? ਪਹਿਲਾਂ ਤਾਂ ਸਕੂਲ ਕਾਲਜ ਖੁੱਲ੍ਹਣ ਦੀ ਉਡੀਕ ਕਰਨੀ ਚਾਹੀਦੀ ਸੀ| ਐਨੀ ਛੇਤੀ ਪਾਠਕ੍ਰਮ ਵਿਚ ਕਟੌਤੀ ਕਰਨ ਦੀ ਲੋੜ ਨਹੀਂ ਸੀ| ਪਾਠਕ੍ਰਮ ਵਿੱਚ ਕਟੌਤੀ ਕਰਨ ਦੀ ਬਜਾਏ ਵਿਦਿਅਕ ਵਰ੍ਹੇ ਦਾ ਸਮਾਂ ਵਧਾਇਆ ਜਾ ਸਕਦਾ ਸੀ| ਯੂਨਿਟ ਟੈਸਟਾਂ ਦੀ ਗਿਣਤੀ ਵਧਾ ਕੇ ਪਾਠਕ੍ਰਮ ਦੀ ਮੁੜ ਵੰਡ ਕਰ ਦੇਣੀ ਚਾਹੀਦੀ ਸੀ| ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਤਾਂ ਹੋ ਹੀ ਰਹੀ ਹੈ| 30 ਫ਼ੀਸਦ ਪਾਠਕ੍ਰਮ ਦੀ ਕਟੌਤੀ ਨਾਲੋਂ ਇਹ ਕਾਫੀ ਬਿਹਤਰ ਸੀ ਕਿ ਬੱਚੇ ਅਤੇ ਅਧਿਆਪਕ ਕਿਸੇ ਨਾ ਕਿਸੇ ਢੰਗ ਨਾਲ ਇਸ ਨੂੰ ਪੜ੍ਹ-ਪੜ੍ਹਾ ਲੈਣਗੇ ਪਰ ਫੇਰ ਵੀ ਜੇਕਰ ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਪਾਠਕ੍ਰਮ ਵਿੱਚ ਕਟੌਤੀ ਕਰਨਾ ਹੀ ਚਾਹੁੰਦੀਆਂ ਹਨ ਤਾਂ ਪੂਰੇ-ਪੂਰੇ ਪਾਠ ਕੱਟਣ ਦੀ ਬਜਾਏ ਚੰਗਾ ਇਹ ਹੋਵੇਗਾ ਕਿ ਉਨ੍ਹਾਂ ਨੂੰ ਛੋਟੇ ਕਰ ਦਿੱਤਾ ਜਾਵੇ| ਪਾਠਕ੍ਰਮ ਦੀ ਕਟੌਤੀ ਦਾ ਫੈਸਲਾ ਲੈਣ ਲੱਗਿਆਂ ਕੇਂਦਰੀ ਅਤੇ ਪ੍ਰਾਂਤਕ ਬੋਰਡਾਂ ਦੇ ਵਿਦਿਅਕ ਮਾਹਿਰਾਂ, ਅਧਿਆਪਕਾਂ, ਪ੍ਰਿੰਸੀਪਲਾਂ ਦੇ ਸੁਝਾਅ ਜ਼ਰੂਰ ਮੰਨੇ ਜਾਣ| ਵਿਦਿਆਰਥੀ ਅਤੇ ਦੇਸ਼ ਹਿਤਾਂ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਾ ਕੀਤਾ ਜਾਵੇ| ਸਾਰੇ ਦੇਸ਼ ਵਿੱਚ ਇੱਕੋ ਜਿਹੇ ਦਿਸ਼ਾ ਨਿਰਦੇਸ਼ ਲਾਗੂ ਕੀਤੇ ਜਾਣ| ਪ੍ਰੀਖਿਆਵਾਂ ਵਿੱਚ ਪਾਠਕ੍ਰਮ ਦੇ ਪੁੱਛੇ ਜਾਣ ਵਾਲੇ ਅਤੇ ਪੜ੍ਹਨ ਵਾਲੇ ਪਾਠਕ੍ਰਮ ਵਿੱਚ ਕੋਈ ਫਰਕ ਨਾ ਹੋਵੇ| ਪਾਠਕ੍ਰਮ ਨੂੰ ਘੱਟ ਕਰਨ ਲੱਗਿਆਂ ਸਿਆਸੀ ਵਿਚਾਰਧਾਰਾ ਨੂੰ ਇੱਕ ਪਾਸੇ ਰੱਖਿਆ ਜਾਵੇ| ਪਾਠਕ੍ਰਮ ਘਟਾਉਣ ਦੀ ਬਜਾਏ ਚੰਗਾ ਇਹ ਹੋਵੇਗਾ ਕਿ ਪਰਚੇ ਪਾਉਣ, ਪ੍ਰੀਖਿਆਵਾਂ ਲੈਣ ਅਤੇ ਪਰਚਿਆਂ ਦੇ ਮੁਲਾਂਕਣ ਦੇ ਢੰਗ ਨੂੰ ਬਦਲ ਦਿੱਤਾ ਜਾਵੇ|
ਸੰਪਰਕ: 9872627136