ਡਾ. ਕੁਲਦੀਪ ਸਿੰਘ
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਆਪਣੀ ਲਿਖਤ ਭਾਸ਼ਾ ਤੇ ਲਿਪੀ ਵਿਚ ਦਰਜ ਕੀਤਾ, ‘‘ਜੇ ਅਸੀਂ ਨਵਾਂ ਲਿਟਰੇਚਰ ਅਜੋਕੇ ਸਮਿਆਂ ਦੇ ਸਵਾਲ ਨੂੰ ਬਿਆਨਦਾ ਨਹੀਂ ਲਿਖਾਂਗੇ ਤਾਂ ਦੇਸ਼ ਨੂੰ ਅੱਗੇ ਲਿਜਾਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮਯਾਬ ਹੋ ਜਾਣਗੀਆਂ।’’ ਸ਼ਾਇਦ ਅਜਿਹਾ ਵੀ ਇਕ ਕਾਰਨ ਰਿਹਾ ਹੋਵੇਗਾ ਕਿ ਵਰ੍ਹਾ 1962 ਵਿੱਚ ਪਟਿਆਲਾ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਬਣਾਉਣ ਵਾਲਿਆਂ ਦੀ ਸੋਚ ਉਪਰੋਕਤ ਸੋਚ ਨਾਲ ਸੁਮੇਲ ਕਰਦੀ ਹੋਵੇ, ਜਿਨ੍ਹਾਂ ਇਸ ਯੂਨੀਵਰਸਿਟੀ ਦੀ ਬੁਨਿਆਦ ਰੱਖੀ ਹੋਵੇਗੀ ਕਿ ਇਹ ਯੂਨੀਵਰਸਿਟੀ ਭਵਿੱਖ ਵਿਚ ਨਵੇਂ ਸਾਹਿਤ ਨੂੰ ਜਨਮ ਦੇਵੇਗੀ, ਜਿਸ ਦਾ ਸੁਮੇਲ ਸ਼ਹੀਦ ਭਗਤ ਸਿੰਘ ਵੱਲੋਂ ਲਿਖੀ 1923 ਦੀ ਲਿਖਤ ਵਿੱਚ ਵੀ ਦਰਸਾਇਆ ਗਿਆ ਸੀ। ਇਸ ਯੂਨੀਵਰਸਿਟੀ ਵਿੱਚ ਜੋ ਸਭ ਤੋਂ ਅਨੋਖੀ ਸ਼ੈਅ ਨਜ਼ਰ ਆਉਂਦੀ ਹੈ, ਉਹ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ। ਇਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਤੇ ਜਨਰਲਾਂ ਦਾ ਹੋਣਾ ਵੀ ਸੱਚਾਈ ਹੈ ਪਰ ਗੱਲ ਇਥੇ ਖਤਮ ਨਹੀਂ ਹੁੰਦੀ, ਇਥੋਂ ਸ਼ੁਰੂ ਹੁੰਦੀ ਹੈ। ਲਾਇਬ੍ਰੇਰੀ ਯੂਨੀਵਰਸਿਟੀ ਨੂੰ ਜ਼ਿੰਦਾ ਰੱਖਣ ਲਈ ਇਸ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਕੰਪਿਊਟਰ ਨੂੰ ਚਲਾਉਣ ਲਈ ਸੀਪੀਯੂ। ਇਸ ਯੂਨੀਵਰਸਿਟੀ ਵਿੱਚ ਖੋਜ ਤੇ ਅਧਿਆਪਨ ਕਾਰਜ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਸ ਦਾ ਸੀਪੀਯੂ ਕੁਝ ਜ਼ਿਆਦਾ ਹੀ ਪੁਰਾਣਾ ਹੋ ਗਿਆ ਹੈ।
ਇਹ ਯੂਨੀਵਰਸਿਟੀ ਭਾਸ਼ਾ ਦੇ ਨਾਂ ’ਤੇ ਸਥਾਪਤ ਹੋਈ ਦੁਨੀਆਂ ਭਰ ਦੀ ਦੂਸਰੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਜਿਸ ਦਾ ਮੁੱਖ ਮੰਤਵ ਪੰੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਅਤੇ ਪ੍ਰਸਾਰ ਲਈ ਕਾਰਜ ਕਰਨਾ ਹੈ। ਇਸ ਦੇ ਮੰਤਵ ਵਿਚ ਇਹ ਵੀ ਦਰਜ ਹੈ ਕਿ ਦੁਨੀਆਂ ਵਿਚ ਪਹਿਲੀ ਹਬਿਰੋ ਭਾਸ਼ਾ ਦੇ ਨਾਂ ’ਤੇ ਸਥਾਪਤ ਹੋਈ ਯੋਰੋਸ਼ਲੱਮ ਵਿਚ ਹਬਿਰੋ ਯੂਨੀਵਰਸਿਟੀ ਹੈ। ਜਦੋਂ ਮੈਂ ਹਬਿਰੋ ਯੂਨੀਵਰਸਿਟੀ ਦੀ ਲਾਇਬ੍ਰੇਰੀ ਅਥਾਰਿਟੀ ਨਾਲ ਅਦਾਨ ਪ੍ਰਦਾਨ ਕੀਤਾ ਕਿ ਉਹ ਆਪਣੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਨੂੰ ਕਿਸ ਤਰ੍ਹਾਂ ਚਲਾਉਂਦੇ ਹਨ। ਇਸ ਬਾਰੇ ਇਕ ਦਿਨ ਸਵੇਰੇ ਹੀ ਈ-ਮੇਲ ਰਾਹੀਂ ਪੁੱਛਿਆ ਤੇ ਉਨ੍ਹਾਂ ਦਾ ਸ਼ਾਮ ਨੂੰ ਜਵਾਬ ਆ ਗਿਆ, ਇਹ ਆਪਣੇ ਆਪ ਵਿਚ ਦਰਸਾ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਕੰਮ ਕਰਦੇ ਹਨ। ਇਹ ਵੀ ਪਤਾ ਹੈ ਕਿ ਜੇ ਕਿਸੇ ਨੇ ਸਾਡੀ ਲਾਇਬ੍ਰੇਰੀ ਬਾਰੇ ਪੁੱਛਣਾ ਹੋਵੇ ਤਾਂ ਢੰਗ ਦੀ ਈ-ਮੇਲ ਵੀ ਮੁਹੱਈਆ ਨਹੀਂ ਹੈ, ਜੇ ਹੈ ਵੀ ਉਸ ਦਾ ਜਵਾਬ ਵੀ ਨਹੀਂ ਆਵੇਗਾ।
ਹਬਿਰੋ ਯੂਨੀਵਰਸਿਟੀ ਦੀ ਲਾਇਬ੍ਰੇਰੀ ਅਥਾਰਿਟੀ ਦੇ ਇੰਚਾਰਜ ਪ੍ਰੋ. ਰੌਵਿਨ ਅਮਿਤਾਏ ਨੇ ਜਵਾਬ ਵਿਚ ਦਰਜ ਕੀਤਾ ਕਿ ਉਨ੍ਹਾਂ ਦੇ ਕੈਂਪਸ ਵਿਚ ਹੀ ਅੱਠ ਲਾਇਬ੍ਰੇਰੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਾਲ ਵਿਚ ਇਕ ਲਾਇਬ੍ਰੇਰੀ ਲਈ ਹੀ ਕਿੰਨੀਆਂ ਕਿਤਾਬਾਂ ਖਰੀਦਦੇ ਹਨ। ਵਿਸ਼ਵ ਭਰ ਤੋਂ ਕਿਥੋਂ-ਕਿਥੋਂ ਕਿਤਾਬਾਂ ਮੰਗਵਾਉਣੀਆਂ ਹਨ, ਸਰਕਾਰ ਇਸ ਕਾਰਜ ਲਈ ਕਿਸ ਹੱਦ ਤੱਕ ਮਦਦ ਕਰਦੀ ਹੈ। ਪ੍ਰੋ. ਰੌਵਿਨ ਨੇ ਦੱਸਿਆ, ‘‘ਇਹ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਮੇਰੀ ਸਰਕਾਰ ਯੂਨੀਵਰਸਿਟੀ ਨੂੰ ਕੁੱਲ ਖਰਚ ਦਾ 70 ਫ਼ੀਸਦ ਫੰਡ ਪ੍ਰਦਾਨ ਕਰਦੀ ਹੈ, ਜਿਸ ਦਾ ਮਤਲਬ ਕਿ ਉਨ੍ਹਾਂ ਦੇ ਸਾਲਾਨਾ ਖਰਚੇ ਦਾ 70 ਫ਼ੀਸਦ ਸਰਕਾਰ ਦੇਵੇਗੀ ਬਾਕੀ 30 ਫ਼ੀਸਦ ਯੋਗਦਾਨ ਖੋਜ ਦੀਆਂ ਗਰਾਂਟਾਂ, ਪੇਟੈਂਟ ਅਤੇ ਵੱਖ-ਵੱਖ ਕਿਰਾਇਆਂ ਤੋਂ ਆਉਂਦੇ ਹਨ। ਇਸ 30 ਫ਼ੀਸਦ ਵਿੱਚ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਫੀਸ ਨਾਮਾਤਰ ਹੀ ਹੈ।’’
ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਖੋਜ ਤੇ ਅਧਿਆਪਨ ਦਾ ਕਾਰਜ ਕਰਨ ਵਾਲੀਆਂ ਯੂਨੀਵਰਸਿਟੀਆਂ ਆਪਣੇ ਖਰਚੇ ਕਿਸ ਤਰ੍ਹਾਂ ਕੱਢਦੀਆਂ ਹਨ, ਇਹ ਪਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 75 ਫ਼ੀਸਦ ਖਰਚਾ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਅਤੇ ਹੋਰ ਫੀਸਾਂ ਰਾਹੀਂ ਹੀ ਕੱਢਿਆ ਜਾਂਦਾ ਹੈ। ਇਸ ਦੇ ਨਾਲ ਹੀ ਬੈਂਕ ਤੋਂ ਕਰਜ਼ੇ ਅਤੇ ਓਵਰ ਡਰਾਫਟ ਲੈ ਕੇ ਯੂਨੀਵਰਸਿਟੀ ਚਲਦੀ ਹੈ। ਇਹੀ ਸਥਿਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਹੀ ਹੈ ਕਿ ਉਥੇ ਵੀ 75 ਫ਼ੀਸਦ ਖਰਚਾ ਵਿਦਿਆਰਥੀਆਂ ਦੀਆਂ ਫੀਸਾਂ ਰਾਹੀਂ ਹੀ ਕੱਢਿਆ ਜਾਂਦਾ ਹੈ, ਜਿਸਦਾ ਮਤਲਬ ਕਿ ਕਿਸੇ ਨਾ ਕਿਸੇ ਰੂਪ ਵਿਚ ਵਿਦਿਆਰਥੀਆਂ ਦੇ ਮਾਪਿਆਂ ਉਪਰ ਹੀ ਫੀਸਾਂ ਦੇ ਵਾਧੇ ਨਾਲ ਬੋਝ ਪੈਂਦਾ ਹੈ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖਾਸੀਅਤ ਇਹ ਰਹੀ ਕਿ ਇਸ ਨੇ ਆਪਣੀ ਹੋਂਦ ਬਚਾਉਣ ਲਈ ਬੈਂਕ ਕਰਜ਼ ਲਿਆ, ਜਿਸ ਕਰਕੇ ਇਸ ਨੂੰ ਕਰਜ਼ੇ ਦੀ ਦਲਦਲ ਵਿਚ ਡੁੱਬੇ ਰਹਿਣਾ ਪੈ ਰਿਹਾ ਹੈ। ਇਸ ਨੇ ਨਾਮਾਤਰ ਹੀ ਫੀਸਾਂ ਵਿਚ ਵਾਧਾ ਕੀਤਾ। ਅੱਜ ਵੀ ਇਹ ਹਾਲ ਹੈ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਰਚੇ ਲਈ 25 ਫ਼ੀਸਦ ਹਿੱਸਾ ਹੀ ਦੇ ਰਹੀ ਹੈ।
ਪ੍ਰੋ. ਰੌਵਿਨ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਦਾ ਖਰਚਾ ਦਹਾਕਿਆਂ ਤੋਂ ਸਮਾਨ ਰੂਪ ਵਿੱਚ ਹੀ ਚੱਲ ਰਿਹਾ ਹੈ। ਕਦੇ ਵੀ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਨਹੀਂ ਪਈ ਕਿ ਲਾਇਬ੍ਰੇਰੀ ਵਿਚ ਕਿਤਾਬਾਂ ਖਰੀਦਣ ਲਈ ਪੈਸਾ ਕਿਥੋਂ ਆਵੇਗਾ। ਦੂਸਰੇ ਪਾਸੇ ਸਾਡੀ ਸਥਿਤੀ ਇਹ ਹੈ ਕਿ ਇਕ ਕਿਤਾਬ ਖਰੀਦਣ ਲਈ ਸਾਲਾਂ ਤੱਕ ਸੋਚਣਾ ਪੈਂਦਾ ਹੈ ਕਿ ਬਿੱਲ ਕਿਵੇਂ ਚੁਕਾਇਆ ਜਾਵੇਗਾ। ਪ੍ਰੋ. ਰੌਵਿਨ ਅੱਗੇ ਦੱਸਦੇ ਹਨ, ‘‘ਦੂਸਰੇ ਕੰਮ ਜਿਵੇਂ ਲਾਇਬ੍ਰੇਰੀ ਦਾ ਡਿਸਟਲੀਕਰਨ ਕਰਵਾਉਣ ਲਈ ਦੁਨੀਆਂ ਭਰ ਦੇ ਨਕਸ਼ੇ ਇਕੱਠੇ ਕਰਨਾ, ਆਰਕਾਇਵਜ਼ ਨੂੰ ਅਪਡੇਟ ਕਰਵਾਉਂਦੇ ਰਹਿਣਾ, ਇਨ੍ਹਾਂ ਕਾਰਜਾਂ ਲਈ ਲਾਇਬ੍ਰੇਰੀ ਨੂੰ ਵੱਖਰੀ ਗਰਾਂਟ ਮਿਲਦੀ ਹੈ।’’ ਹਬਿਰੋ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਲਾਇਬ੍ਰੇਰੀ ਨੂੰ ਯੂਨੀਵਰਸਿਟੀ ਦੀ ਸਭ ਤੋਂ ਖੂਬਸੂਰਤ ਸ਼ੈਅ ਮਹਿਸੂਸ ਕਰਦੇ ਹੋਏ ਅਪਣਤ ਰੱਖਦੇ ਹਨ। ਉਹ ਆਪਣੀਆਂ ਹਜ਼ਾਰਾਂ ਕਿਤਾਬਾਂ ਵੀ ਲਾਇਬ੍ਰੇਰੀ ਨੂੰ ਦਾਨ ਕਰ ਦਿੰਦੇ ਹਨ। ਇਸ ਵਜ੍ਹਾ ਕਰਕੇ ਪ੍ਰੋ. ਰੌਵਿਨ ਕਹਿੰਦੇ ਹਨ, ‘‘ਹਾਲਤ ਬੁਰੀ ਨਹੀਂ ਹੈ ਉਹ ਕਹਿਣਾ ਚਾਅ ਰਹੇ ਹਨ ਕਿ ਤੁਹਾਡੀ ਹਾਲਤ ਬਹੁਤ ਬੁਰੀ ਹੈ।’ ਪ੍ਰੋ. ਰੌਵਿਨ ਦੁੱਖ ਜਿਤਾਉਂਦੇ ਹੋਏ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਉਮੀਦ ਕਰਦੇ ਹਨ ਕਿ ਹਾਲਾਤ ਜਲਦੀ ਹੀ ਸੁਧਰਨਗੇ।
ਹਾਲਾਤ ਦੇ ਸੁਧਾਰ ਦੀ ਗੁੰਜਾਇਸ਼ ਕੁਝ ਮਹੀਨੇ ਪਹਿਲਾਂ ਬਣੀ ਸੀ। 24 ਨਵੰਬਰ 2021 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਐਲਾਨ ਕੀਤਾ ਸੀ ਕਿ ਸਰਕਾਰ 150 ਕਰੋੜ ਦਾ ਯੂਨੀਵਰਸਿਟੀ ਸਿਰ ਚੜ੍ਹਿਆ ਬੈਂਕ ਦਾ ਕਰਜ਼ਾ ਅਦਾ ਕਰੇਗੀ। ਪਹਿਲਾਂ ਮਿਲ ਰਹੀ ਸਾਲਾਨਾ 9.5 ਕਰੋੜ ਦੀ ਗਰਾਂਟ 20 ਕਰੋੜ ਕਰ ਦਿੱਤੀ ਜਾਵੇਗੀ, ਅੱਜ ਤੱਕ 470 ਕਰੋੜ ਦੇ ਸਾਲਾਨਾ ਖਰਚੇ ’ਚੋਂ ਸਿਰਫ਼ ਸਰਕਾਰ 114 ਕਰੋੜ ਦੇ ਰਹੀ ਸੀ। ਇਸ ਸਬੰਧੀ ਉਚੇਚੀ ਸਿੱਖਿਆ ਵਲੋਂ 1 ਦਸੰਬਰ 2021 ਨੂੰ ਪੱਤਰ ਵੀ ਜਾਰੀ ਹੋ ਗਿਆ ਸੀ ਪਰ ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਹੋਣਾ ਅੱਜ ਤੱਕ ਬਕਾਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਖਾਸ ਤੌਰ ’ਤੇ ਗਰੀਬ ਪਰਿਵਾਰਾਂ ਦੇ ਲੜਕੇ ਵਿਸ਼ੇਸ਼ ਕਰਕੇ ਬਹੁਗਿਣਤੀ ਵਿਚ ਲੜਕੀਆਂ ਪੜ੍ਹਨ ਆਉਂਦੀਆਂ ਹਨ।
ਇਹ ਯੂਨੀਵਰਸਿਟੀ ਜਿਸ ਮੁਕਾਮ ਉਤੇ ਅੱਜ ਖੜ੍ਹੀ ਹੈ ਇਸ ਦੇ ਵਿੱਤੀ ਸੰਕਟ ਕਾਰਨ ਖੌਫ਼ ਰੋਜ਼ ਅੰਗੜਾਈਆਂ ਲੈਂਦਾ ਹੈ ਪਰ ਹੁਣ ਇਕ ਨਵੀਂ ਉਮੀਦ ਅਤੇ ਆਸ ਜਾਗਦੀ ਨਜ਼ਰ ਆ ਰਹੀ ਹੈ, ਜਦੋਂ 117 ਵਿਧਾਨ ਸਭਾ ਮੈਂਬਰਾਂ ਵਿਚੋਂ 13 ਮੈਂਬਰ ਇਸ ਯੂਨੀਵਰਸਿਟੀ ਤੋਂ ਵਿਦਿਆ ਹਾਸਲ ਕਰਕੇ ਵਿਧਾਨ ਸਭਾ ਵਿਚ ਪਹੁੰਚੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਵੀ ਪੰਜਾਬੀ ਯੂਨੀਵਰਸਿਟੀ ਨਾਲ ਸ਼ਹੀਦ ਊਧਮ ਸਿੰਘ ਕਾਲਜ ਦੇ ਵਿਦਿਆਰਥੀ ਰਹੇ ਹਾਂ ਅਤੇ ਪੰਜਾਬੀ ਯੂਨੀਵਰਸਿਟੀ ਯੁਵਕ ਮੇਲਿਆਂ ਵਿਚ ਉਨ੍ਹਾਂ ਦੀਆਂ ਕਲਾਵਾਂ ਵਿਕਸਤ ਅਤੇ ਪ੍ਰਫੁੱਲਿਤ ਹੋਈਆਂ ਹਨ। ਇਸ ਦੇ ਨਾਲ ਹੀ ਇਹ ਉਮੀਦ ਵੀ ਹੈ ਕਿ ਉਹ ਆਪਣੀ ਯੂਨੀਵਰਸਿਟੀ ਨੂੰ ਭਵਿੱਖ ਵਿਚ ਵਿਕਸਿਤ ਹੁੰਦਾ ਹੋਇਆ ਦੇਖਣਾ ਚਾਹੁਣਗੇ ਅਤੇ ਮਾਲਵੇ ਦੀ ਉਚੇਰੀ ਸਿੱਖਿਆ ਦੀ ਰੀਡ ਦੀ ਹੱਡੀ ਨੂੰ ਮਜ਼ਬੂਤ ਕਰਨ ਲਈ ਹਰ ਕਿਸਮ ਦੇ ਵਿੱਤੀ ਸਹਾਇਤਾ ਸਮੇਤ ਹੋਰ ਅਹਿਮ ਯੋਗਦਾਨ ਪਾਉਣਗੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਿਤੀ ਨੂੰ ਬਿਆਨਦਿਆਂ ਮੁੜ ਲਾਇਬ੍ਰੇਰੀ ਵੱਲ ਮੁੜਦੇ ਹਾਂ, ਪੰਜਾਬੀ ਵਿਭਾਗ ਦੀ ਕਿਤਾਬਾਂ ਦੀ ਸਾਲਾਨਾ ਗਰਾਂਟ ਕਿੰਨੀ ਹੈ, ਪੜ੍ਹਨ ਵਾਲੇ ਇਥੇ ਰੁਕ ਕੇ ਅਨੁਮਾਨ ਲਗਾ ਸਕਦੇ ਹਨ ਕਿ ਇਕ ਰਾਜ ਜਿਸ ਨੇ ਯੂਨੀਵਰਸਿਟੀ ਨੂੰ ਭਾਸ਼ਾ ਦੇ ਜ਼ਿੰਦਾ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ, ਉਸ ਦੇ ਭਾਸ਼ਾਵਾਂ ਨਾਲ ਸਬੰਧਤ ਵਿਭਾਗਾਂ ਦੀਆਂ ਲਾਇਬ੍ਰੇਰੀਆਂ ਲਈ ਕਿੰਨਾ ਖਰਚ ਕਰਦੀ ਹੈ। ਮੈਨੂੰ ਇਹ ਵੀ ਅਹਿਸਾਸ ਹੋ ਰਿਹਾ ਹੈ ਕਿ ਕੋਈ ਵੀ ਅਨੁਮਾਨ ਸਹੀ ਨਹੀਂ ਲੱਗੇਗਾ। ਇਹ ਦਰਸਾ ਰਿਹਾ ਹਾਂ ਪੰਜਾਬੀ ਭਾਸ਼ਾ ਲਈ ਇਹ 6250 ਰੁਪਏ, ਅੰਗਰੇਜ਼ੀ ਭਾਸ਼ਾ ਲਈ 7200 ਰੁਪਏ, ਫਾਰਸੀ ਤੇ ਉਰਦੂ ਲਈ 3200 ਰੁਪਏ, ਸੰਸਕ੍ਰਿਤ ਭਾਸ਼ਾ ਲਈ 6250 ਰੁਪਏ, ਹਿੰਦੀ ਭਾਸ਼ਾ ਲਈ 6250 ਰੁਪਏ ਖਰਚ ਕਰਨ ਦੀ ਵਿਵਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰ੍ਹਾ 2021-22 ਦੇ ਬਜਟ ਵਿਚ ਦਰਜ ਹੈ। ਇਸ ਤਰ੍ਹਾਂ ਹੀ ਪੰਜਾਬੀ ਦੇ ਜਨਰਲਾਂ ਲਈ 11,600 ਰੁ. ਸਾਲਾਨਾ ਹੈ, ਤਾਂ ਦੱਸੋ ਕਿ ਕੁੱਲ 17,850 ਰੁਪਏ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਕਰਨ ਲਈ ਕਿਸ ਤਰ੍ਹਾਂ ਸੰਭਵ ਹਨ। ਪ੍ਰੋ. ਰੌਵਿਨ ਇਕ ਵਾਰੀ ਫਿਰ ਦੱਸਦੇ ਹਨ, ‘‘ਹਬਿਰੋ ਯੂਨੀਵਰਸਿਟੀ ਜਾਂ ਹਬਿਰੋ ਭਾਸ਼ਾ ਸਿਰਫ਼ ਭਾਸ਼ਾ ਦੇ ਵਿਕਾਸ ਲਈ ਹੀ ਨਹੀਂ ਬਲਕਿ ਇਹ ਸਮਾਜ, ਸਭਿਆਚਾਰ, ਸਿੱਖਿਆ, ਆਰਥਿਕਤਾ ਤੇ ਹੋਰ ਪਹਿਲੂਆਂ ਦੇ ਵਿਕਾਸ ਲਈ ਕਦਮ ਨਾਲ ਕਦਮ ਮਿਲਾਕੇ ਚਲਦੀ ਹੈ। ਉਹ ਦੁਨੀਆਂ ਉਪਰ ਤਿੱਖੀ ਨਜ਼ਰ ਰੱਖਦੇ ਹਨ।’’
ਨਾ ਸਿਰਫ਼ ਹਬਿਰੋ ਭਾਸ਼ਾ ਦੀਆਂ ਕਿਤਾਬਾਂ ਖਰੀਦਦੇ ਹਨ, ਬਲਕਿ ਉਨ੍ਹਾਂ ਦੇ ਕੋਲ ਸਾਊਥ ਏਸ਼ੀਆ ਦੀਆਂ ਸਾਰੀਆਂ ਭਾਸ਼ਾਵਾਂ ਦਾ ਅੰਬਾਰ ਹੈ। ਉਹ ਸੰਸਕ੍ਰਿਤ ਤੇ ਹਿੰਦੀ ਭਾਸ਼ਾਵਾਂ ਦੀਆਂ ਕਿਤਾਬਾਂ ਵੀ ਖਰੀਦਦੇ ਹਨ। ਉਨ੍ਹਾਂ ਦੀ ਕੌਮੀ ਲਾਇਬ੍ਰੇਰੀ ਜੋ ਯੂਨੀਵਰਸਿਟੀ ਕੈਂਪਸ ਵਿਚ ਮੌਜੂਦ ਹੈ, ਇਸ ਵਿਚ 50 ਲੱਖ ਕਿਤਾਬਾਂ ਹਨ, 60 ਲੱਖ ਖਰੜੇ ਹਨ। ਗੀਤ ਸੰਗੀਤ ਨੂੰ ਵੀ ਲਾਇਬ੍ਰੇਰੀ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਕੋਲ 3 ਲੱਖ ਵੱਖ-ਵੱਖ ਗੀਤਾਂ ਅਤੇ ਸੰਗੀਤ ਦੀਆਂ ਰਿਕਾਰਡਾਂ ਹਨ। ਪ੍ਰੋ. ਰੌਵਿਨ ਦੱਸਦੇ ਹਨ, ‘ਹਿੰਦੋਸਤਾਨ ਦੀਆਂ ਇਨ੍ਹਾਂ ਕਿਤਾਬਾਂ ਕਾਰਨ ਹੀ ਉਹ ਭਾਰਤ ਦੀ ਰਾਜਨੀਤੀ ਉਪਰ ਵਿਸਥਾਰ ਨਾਲ ਚਰਚਾ ਕਰਦੇ ਹਨ। ਇਸ ਕਾਰਜ ਲਈ ਯੂਨੀਵਰਸਿਟੀ ਵਿਚ ਭਾਰਤੀ ਅਧਿਐਨ ਕੇਂਦਰ ਚੱਲ ਰਿਹਾ ਹੈ। ਐਨਾ ਹੀ ਨਹੀਂ ਉਨ੍ਹਾਂ ਕੋਲ ਐਕਸਫੋਰਡ, ਕੈਂਬਰਜ਼, ਬਰਿਲ ਤੇ ਗੁਰੂਟਸ ਦੀਆਂ ਈ-ਬੁੱਕਸ ਦਾ ਜ਼ਖੀਰਾ ਮੌਜੂਦ ਹੈ।’’
ਸਾਡੀ ਲਾਇਬ੍ਰੇਰੀ ਵਿਚ ਇਥੇ ਅਸੀਂ ਇਕ ਕਿਤਾਬ ਖਰੀਦਣ ਤੋਂ ਪਹਿਲਾਂ ਕਈ ਵਾਰੀ ਸੋਚਦੇ ਹਾਂ। ਯੂਨੀਵਰਸਿਟੀ ਦੀ ਇਕ ਬੁਲਮ ਫੈਲਡ ਲਾਇਬ੍ਰੇਰੀ ਵਿਚ 2500 ਤੋਂ ਵੱਧ ਕਿਤਾਬਾਂ ਇਕ ਸਾਲ ਵਿਚ ਖਰੀਦੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ 250 ਅਰਬੀ, ਅੰਗਰੇਜ਼ੀ, ਡੱਚ, ਜਰਮਨ, ਇਟਾਲੀਅਨ ਤੇ ਸਪੈਨਿਸ਼ ਭਾਸ਼ਾ ਨਾਲ ਸਬੰਧਤ ਹੁੰਦੀਆਂ ਹਨ। ਮੈਂ ਪਹਿਲਾਂ ਹੀ ਦੱਸ ਚੁੱਕਾਂ ਹਾਂ ਕਿ ਉਨ੍ਹਾਂ ਕੋਲ ਕੁੱਲ 8 ਲਾਇਬ੍ਰੇਰੀਆਂ ਹਨ। ਹਬਿਰੋ ਭਾਸ਼ਾ ਆਪਣੇ ਦੇਸ਼ ਦੇ ਨਾਲ-ਨਾਲ ਯਾਤਰਾ ਕਰਦੀ ਹੈ। ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਕਿ ਜ਼ਿਆਦਾਤਰ ਅਕਾਦਮਿਕ ਪੱਧਰ ਦੇ ਨੋਬਲ ਪੁਰਸਕਾਰ ਪੱਛਮੀ ਦੇਸ਼ਾਂ ਦੇ ਹਿੱਸੇ ਹੀ ਆਉਂਦੇ ਹਨ। ਇਹ ਅਜਿਹਾ ਵੀ ਨਹੀਂ ਕਿ ਸਾਡੇ ਵਿਦਿਆਰਥੀਆਂ ਵਿਚ ਸੰਭਾਵਨਾਵਾਂ ਨਹੀਂ। ਹਾਲਾਂਕਿ ਸਾਡੇ ਵਿਦਿਆਰਥੀ ਵੀ ਨੋਬਲ ਪੁਰਸਕਾਰ ਜਿੱਤ ਸਕਦੇ ਹਨ ਪਰ ਇਨ੍ਹਾਂ ਕੋਲ ਪੜ੍ਹਨ ਲਿਖਣ ਦੀ ਸਹੂਲਤ ਹੀ ਮੌਜੂਦ ਨਹੀਂ ਹੈ। ਪੰਜਾਬ ਦੇ ਵਿਦਿਅਕ ਗ੍ਰਾਫ ਨੂੰ ਬਹੁਪੱਖੀ ਅਤੇ ਬਹੁਪਰਤੀ ਵਿਕਸਿਤ ਕਰਨ ਹਿੱਤ ਇਸ ਯੂਨੀਵਰਸਿਟੀ ਦੇ ਨਾਲ ਨਾਲ ਹੋਰ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਸਮੋਏ ਗਿਆਨ ਅਤੇ ਵਿਗਿਆਨ ਦੇ ਭੰਡਾਰ ਨੂੰ ਆਧੁਨਿਕ ਪੱਧਰ ਤੱਕ ਵਿਕਸਿਤ ਕਰਨ ਲਈ ਖੁੱਲ੍ਹਦਿਲੀ ਨਾਲ ਮਦਦ ਕਰਨੀ ਸਮੇਂ ਦੀ ਅਣਸਰਦੀ ਲੋੜ ਹੈ। ਇਸ ਆਧਾਰ ’ਤੇ ਹੀ ਪੰਜਾਬ ਇਕ ਨਵੇਂ ਮਾਡਲ ਵੱਲ ਅਗਾਂਹ ਵਧਣ ਲਈ ਪੁਲਾਂਘ ਪੁੱਟ ਸਕਦਾ ਹੈ।
ਸੰਪਰਕ: 98151-15429