ਡਾ. ਮੁਹੰਮਦ ਇਦਰੀਸ
15 ਅਗਸਤ ਨੂੰ ਭਾਰਤੀ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਆਜ਼ਾਦੀ ਮਿਲਣ ਦੇ ਨਾਲ ਹਿੰਦੋਸਤਾਨ ਦੋ ਮੁਲਕਾਂ- ਭਾਰਤ ਤੇ ਪਾਕਿਸਤਾਨ ਵਿਚ ਵੰਡਿਆ ਗਿਆ ਸੀ। ਮੁਲਕ ਦੇ ਦੋ ਸੂਬਿਆਂ ਪੰਜਾਬ ਅਤੇ ਬੰਗਾਲ ਦੀ ਵਸੋਂ ਦੀ ਬਟਵਾਰੇ ਦੌਰਾਨ ਸਭ ਤੋਂ ਵੱਧ ਅਦਲਾ-ਬਦਲੀ ਤੇ ਨੁਕਸਾਨ ਹੋਇਆ। ਲਗਭਗ ਦਸ ਲੱਖ ਲੋਕਾਂ ਦਾ ਜਾਨੀ ਨੁਕਸਾਨ ਹੋਇਆ। ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਅਜੇ ਵੀ ਅਸੰਭਵ ਹੈ। ਇਸ ਬਟਵਾਰੇ ਨੇ ਪੰਜਾਬੀ ਸਭਿਆਚਾਰ, ਸਮਾਜਿਕ ਕਦਰਾਂ-ਕੀਮਤਾਂ, ਆਰਥਿਕਤਾ, ਸਿਆਸਤ, ਮਨੋਵਿਗਿਆਨ ਅਤੇ ਵਿਰਾਸਤ ’ਤੇ ਡੂੰਘਾ ਪ੍ਰਭਾਵ ਪਾਇਆ।
ਇੰਡੀਅਨ ਨੈਸ਼ਨਲ ਕਾਂਗਰਸ ਦਾ 45ਵਾਂ ਸਾਲਾਨਾ ਸੈਸ਼ਨ ਜਵਾਹਰਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਲਾਹੌਰ ਵਿਖੇ 29 ਤੋਂ 31 ਦਸੰਬਰ 1929 ਨੂੰ ਹੋਇਆ। ਸੈਸ਼ਨ ਦੇ ਅੰਤਿਮ ਦਿਨ 18 ਸੂਬਿਆਂ ਤੋਂ ਸ਼ਾਮਿਲ ਹੋਏ ਕਾਂਗਰਸ ਦੇ ਪ੍ਰਤੀਨਿਧੀਆਂ ਨੇ ਸਰਬਸੰਮਤੀ ਨਾਲ ‘ਪੂਰਨ ਸਵਰਾਜ’ ਦਾ ਮਤਾ ਪਾਸ ਕੀਤਾ। 26 ਜਨਵਰੀ 1930 ਨੂੰ ਰਾਸ਼ਟਰੀ ਪੱਧਰ ’ਤੇ ਪ੍ਰਤੀਕਮਈ ਸੁਤੰਤਰਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ 31 ਦਸੰਬਰ ਦੀ ਅੱਧੀ ਰਾਤ ਨੂੰ ਰਾਵੀ ਦਰਿਆ ਕੰਢੇ ਨਵਾਂ ਤਿਰੰਗਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਕਾਂਗਰਸ ਪਾਰਟੀ ਦੀ ਕਾਰਜਕਾਰੀ ਕਮੇਟੀ ਨੂੰ ‘ਸਿਵਲ ਨਾ-ਫੁਰਮਾਨੀ’ ਅੰਦੋਲਨ ਸ਼ੁਰੂ ਕਰਨ ਦਾ ਅਧਿਕਾਰ ਦਿੱਤਾ ਗਿਆ। ਤਿਰੰਗਾ ਝੰਡਾ ਲਹਿਰਾਉਣ ਸਮੇਂ ਕਾਂਗਰਸ ਨੇਤਾਵਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ।
ਪਹਿਲੀ ਵਾਰ 26 ਜਨਵਰੀ 1930 ਨੂੰ ਸੁਤੰਤਰਤਾ ਦਿਵਸ ਰਾਸ਼ਟਰੀ ਪੱਧਰ ’ਤੇ ਮਨਾਇਆ ਗਿਆ। 1930 ਤੋਂ 1946 ਤੱਕ 26 ਜਨਵਰੀ ਨੂੰ ਆਜ਼ਾਦੀ ਦੇ ਪ੍ਰਤੀਕ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ। ਜਵਾਹਰਲਾਲ ਨਹਿਰੂ ਦੀ ਸਵੈ-ਜੀਵਨੀ ‘ਟੂਵਾਰਡ ਫਰੀਡਮ’ ਅਨੁਸਾਰ ‘ਪੂਰਨ ਸਵਰਾਜ’ ਦੀ ਪ੍ਰਾਪਤੀ ਲਈ ਸਾਲਾਨਾ ਮੀਟਿੰਗਾਂ ਨਿਰੰਤਰ, ਸ਼ਾਂਤੀਪੂਰਨ ਅਤੇ ਉਪਦੇਸ਼ਆਤਮਕ ਹੁੰਦੀਆਂ ਸਨ। ਲੋਕਾਂ ਨੂੰ ਰਾਸ਼ਟਰੀ ਹਿੱਤਾਂ ਦੀ ਰਾਖੀ ਅਤੇ ਆਜ਼ਾਦੀ ਪ੍ਰਾਪਤੀ ਲਈ ਭਾਗ ਲੈਣ ਦੀ ਅਪੀਲ ਕੀਤੀ ਜਾਂਦੀ ਸੀ।
1946 ਦੌਰਾਨ ਇੰਗਲੈਂਡ ਵਿਚ ਲੇਬਰ ਪਾਰਟੀ ਦੀ ਸਰਕਾਰ ਨੇ ਹਿੰਦੋਸਤਾਨੀਆਂ ਨੂੰ ਸਵੈ-ਨਿਰਭਰ ਸਰਕਾਰ ਬਣਾਉਣ ਦਾ ਅਧਿਕਾਰ ਦੇਣ ਦਾ ਫ਼ੈਸਲਾ ਕੀਤਾ। ਇੰਗਲੈਂਡ ਦੇ ਪ੍ਰਧਾਨ ਮੰਤਰੀ ਕਲੀਮੈਂਟ ਰਿਚਰਡ ਐਟਲੀ ਨੇ 20 ਫਰਵਰੀ 1947 ਨੂੰ ਐਲਾਨ ਕੀਤਾ ਕਿ ਜੂਨ 1948 ਤਕ ਭਾਰਤ ਨੂੰ ਪੂਰਨ ਸਵਰਾਜ ਭਾਵ ਆਜ਼ਾਦੀ ਦੇ ਦਿੱਤੀ ਜਾਵੇਗੀ। ਭਾਰਤ ਦੀ ਵੰਡ ਅਤੇ ਆਜ਼ਾਦੀ ਦਾ ਕਾਰਜ ਨੇਪਰੇ ਚੜ੍ਹਾਉਣ ਲਈ ਸਰਹੱਦਾਂ ਮਿੱਥਣ, ਵਸੋਂ ਦੇ ਤਬਾਦਲੇ ਆਦਿ ਨੂੰ ਸੰਪੂਰਨ ਕਰਨ ਹਿੱਤ ਲਾਰਡ ਮਾਊਂਟਬੈਟਨ ਨੂੰ ਵਾਇਸਰਾਏ ਨਿਯੁਕਤ ਕੀਤਾ ਗਿਆ।
ਲਾਰਡ ਮਾਊਂਟਬੈਟਨ ਇੰਗਲੈਂਡ ਦੇ ਸ਼ਾਹੀ ਖਾਨਦਾਨ ਦਾ ਰਿਸ਼ਤੇਦਾਰ ਸੀ। ਪਹਿਲੀ ਅਤੇ ਦੂਜੀ ਆਲਮੀ ਜੰਗ ਵਿਚ ਉਸ ਨੇ ਬਹਾਦਰੀ ਦਿਖਾਈ ਸੀ। ਦੂਜੀ ਆਲਮੀ ਜੰਗ ਦੌਰਾਨ 15 ਅਗਸਤ 1943 ਨੂੰ ਉਸ ਨੂੰ ਦੱਖਣੀ-ਪੂਰਬੀ ਏਸ਼ੀਆ ਦਾ ਸਰਬਉੱਚ ਕਮਾਂਡਰ ਨਿਯੁਕਤ ਕੀਤਾ ਗਿਆ। ਉਸ ਦੀ ਅਗਵਾਈ ਅਧੀਨ ਹੀ ਸਿੰਘਾਪੁਰ ਅਤੇ ਬਰਮਾ ਦੇ ਇਲਾਕੇ ਜਾਪਾਨ ਤੋਂ 15 ਅਗਸਤ 1945 ਨੂੰ ਜਿੱਤੇ ਗਏ ਸਨ। ਉਸੇ ਦਿਨ ਜਾਪਾਨ ਦੇ ਬਾਦਸ਼ਾਹ ਨੇ ਜਾਪਾਨੀ ਫ਼ੌਜਾਂ ਵੱਲੋਂ ਆਤਮ-ਸਮਰਪਣ ਅਤੇ ਯੁੱਧਬੰਦੀ ਦਾ ਐਲਾਨ ਸਰਕਾਰੀ ਰੇਡੀਓ ਰਾਹੀਂ ਕੀਤਾ ਸੀ। ਇਨ੍ਹਾਂ ਕਾਰਨਾਂ ਕਰਕੇ ਲਾਰਡ ਮਾਊਂਟਬੈਟਨ ਦਾ ਵਿਸ਼ਵਾਸ ਸੀ ਕਿ ਉਸ ਦੇ ਨਿੱਜੀ ਜੀਵਨ ਅਤੇ ਬਰਤਾਨਵੀ ਹਕੂਮਤ ਲਈ 15 ਅਗਸਤ ਦੀ ਤਾਰੀਖ਼ ਸ਼ੁਭ ਹੈ। ਇਸ ਲਈ ਉਸ ਨੇ ਜੂਨ 1948 ਤੋਂ ਤਾਰੀਖ਼ ਬਦਲ ਕੇ 15 ਅਗਸਤ 1947 ਕਰ ਦਿੱਤੀ ਸੀ।
ਤਿੰਨ ਜੂਨ 1947 ਨੂੰ ਲਾਰਡ ਮਾਊਂਟਬੈਟਨ ਨੇ ਬਰਤਾਨਵੀ ਸਰਕਾਰ ਤੋਂ ਭਾਰਤ ਦੀ ਸਵੈ-ਨਿਰਭਰ ਸਰਕਾਰ ਦੀ ਜ਼ਿੰਮੇਵਾਰੀ ਭਾਰਤੀਆਂ ਹਵਾਲੇ ਕਰਨ ਦੀ ਪ੍ਰਵਾਨਗੀ ਲਈ। ਬਰਤਾਨਵੀ ਸਰਕਾਰ ਨੇ 18 ਜੁਲਾਈ 1947 ਨੂੰ ‘ਭਾਰਤੀ ਸੁਤੰਤਰਤਾ ਐਕਟ’ ਪਾਸ ਕਰ ਦਿੱਤਾ। ਮਾਊਂਟਬੈਟਨ ਵੱਲੋਂ 15 ਅਗਸਤ ਤਾਰੀਖ਼ ਮਿਥਣ ਦਾ ਤਰਕ ਇੰਡੀਅਨ ਨੈਸ਼ਨਲ ਕਾਂਗਰਸ ਤੇ ਆਲ ਇੰਡੀਆ ਮੁਸਲਿਮ ਲੀਗ ਵਿਚਕਾਰ ਸਮਝੌਤਾ ਹੋਣਾ ਅਸੰਭਵ ਦੱਸਿਆ ਗਿਆ ਸੀ ਅਤੇ ਦੋ ਕੌਮੀ ਸਿਧਾਂਤ ਅਨੁਸਾਰ ਵੰਡ ਕਾਰਨ ਖ਼ੂਨ-ਖਰਾਬੇ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ। 15 ਅਗਸਤ 1947 ਨੂੰ ਭਾਰਤੀ ਸੁੰਤਤਰਤਾ ਕਾਨੂੰਨ ਤਹਿਤ ਦੋ ਨਵੇਂ ਮੁਲਕ ਹੋਂਦ ਵਿਚ ਆਏ।
ਸੰਪਰਕ: 98141-71786