ਹਰਬੰਸ ਸਿੰਘ
ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਅਤੇ ਸਾਰੀਆਂ ਹੀ ਰਾਜਨੀਤਕ ਧਿਰਾਂ ਇਸ ਖੇਡ ਨੂੰ ਸੰਭਾਵਨਾਵਾਂ ਤਹਿਤ ਹੀ ਖੇਡਦੀਆਂ ਹਨ। ਦਲ ਬਦਲੀਆਂ ਦਾ ਦੌਰ ਪੂਰੇ ਜ਼ੋਰਾਂ ਤੇ ਹੈ ਅਤੇ ਹਰ ਕੋਈ ਟਿਕਟ ਦੀ ਭਾਲ ਵਿਚ ਪਾਰਟੀ ਬਦਲਣ ਨੂੰ ਤਰਜੀਹ ਦੇ ਰਿਹਾ ਹੈ। ਜੇਕਰ ਟਿਕਟ ਨਾ ਮਿਲੇ ਤਾਂ ਰਾਤੋ-ਰਾਤ ਵਿਚਾਰਧਾਰਾ ਬਦਲ ਜਾਂਦੀ ਹੈ। ਪਾਰਟੀ ਛੱਡਣ ਲਈ ਨਵੇਂ ਨਵੇਂ ਬਹਾਨੇ ਤਲਾਸ਼ ਕੀਤੇ ਜਾਂਦੇ ਹਨ। ਕਿਸੇ ਸਮੇਂ ਪੰਜਾਬ ਦੀ ਰਾਜਨੀਤੀ ਮੁੱਦਿਆਂ ਤੇ ਆਧਾਰਿਤ ਹੁੰਦੀ ਸੀ। ਚੰਡੀਗੜ੍ਹ ਪੰਜਾਬ ਨੂੰ ਦੇਣ, ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ, ਗੁਆਂਢੀ ਸੂਬਿਆਂ ਦੇ ਪੰਜਾਬੀ ਬੋਲਦੇ ਇਲਾਕੇ ਅਤੇ ਆਨੰਦਪੁਰ ਸਾਹਿਬ ਦੇ ਮਤੇ ਸਮੇਤ ਹੋਰ ਵੀ ਕਈ ਮੰਗਾਂ ਪੰਜਾਬ ਦੀ ਰਾਜਨੀਤੀ ਦੇ ਅਹਿਮ ਮੁੱਦੇ ਹੁੰਦੇ ਸਨ। ਪੰਜਾਬ ਦੇ ਲੋਕ ਬਹੁਤ ਸਾਰੇ ਮੁੱਦਿਆਂ ਤੇ ਦੇਸ਼ ਦੀ ਅਗਵਾਈ ਕਰਦੇ ਸਨ। ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਬਣਾਉਣ ਵਾਲਾ ਪੰਜਾਬ, ਕਿਸਾਨ ਅੰਦੋਲਨ ਵਿਚ ਪੂਰੇ ਦੇਸ਼ ਦੀ ਅਗਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਸੀ। ਕਿਸਾਨ ਅੰਦੋਲਨ ਵਿਚ ਹੋਈ ਜਿੱਤ ਤੋਂ ਬਾਅਦ ਲਗਦਾ ਸੀ ਕਿ ਪੰਜਾਬ ਮੁੱਦਿਆਂ ਤੇ ਆਧਾਰਿਤ ਰਾਜਨੀਤੀ ਕਰਨ ਲਈ ਦੇਸ਼ ਦੀ ਅਗਵਾਈ ਕਰੇਗਾ ਪਰ ਬੇਹੱਦ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਜ਼ਰੂਰੀ ਮੁੱਦੇ ਮੌਜੂਦਾ ਚੋਣਾਂ ਸਮੇਂ ਪੰਜਾਬ ਦੇ ਰਾਜਨੀਤਕ ਦ੍ਰਿਸ਼ ਤੋਂ ਗਾਇਬ ਨਜ਼ਰ ਆ ਰਹੇ ਹਨ।
ਪੰਜਾਬ ਲੰਮੇ ਸਮੇਂ ਤੋਂ ਨਸਿ਼ਆਂ ਦੀ ਮਾਰ ਹੇਠ ਹੈ ਪਰ ਕੋਈ ਵੀ ਰਾਜਨੀਤਕ ਦਲ ਨਸ਼ਾ ਮੁਕਤ ਪੰਜਾਬ ਦੀ ਗੱਲ ਨਹੀਂ ਕਰ ਰਿਹਾ। ਵੱਡੀ ਗਿਣਤੀ ਵਿਚ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰੀ ਦਾ ਸਿ਼ਕਾਰ ਹਨ ਪਰ ਰਾਜਸੀ ਪਿੜ ਵਿਚ ਇਸ ਬਾਰੇ ਕੋਈ ਚਰਚਾ ਨਹੀਂ ਹੈ। ਮਜ਼ਦੂਰ ਜਮਾਤ ਨੂੰ ਗਰੀਬੀ ਦੀ ਦਲਦਲ ਵਿਚੋਂ ਕੱਢਣ ਲਈ ਕੋਈ ਵਿਉਂਤਬੰਦੀ ਸਾਹਮਣੇ ਨਹੀਂ ਲਿਆਂਦੀ ਜਾ ਰਹੀ। ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਲਈ ਕੋਈ ਨਵਾਂ ਪ੍ਰੋਗਰਾਮ ਦੇਣ ਦੀ ਗੱਲ ਨਹੀਂ ਹੋ ਰਹੀ।
ਰਾਜਨੀਤਕ ਪਾਰਟੀਆਂ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਦਾ ਕੋਈ ਵੀ ਪ੍ਰੋਗਰਾਮ ਨਹੀਂ ਦੇ ਰਹੀਆਂ। ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਖ਼ਰੀਦ ਸ਼ਕਤੀ ਵਿਚ ਵਾਧਾ ਕਰਨ ਦੀ ਵਿਉਂਤਬੰਦੀ ਕਿਸੇ ਵੀ ਰਾਜਨੀਤਕ ਧਿਰ ਕੋਲ ਨਹੀਂ ਹੈ। ਮੁੱਢਲੀ ਅਤੇ ਉਚੇਰੀ ਸਿੱਖਿਆ ਦੇ ਹਾਲਾਤ ਬਦ ਤੋਂ ਬਦਤਰ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਕੋਈ ਵੀ ਰਾਜਸੀ ਧਿਰ ਇਸ ਮੁੱਦੇ ਤੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੀ। ਕਰੋਨਾ ਕਰਕੇ ਸਕੂਲਾਂ ਦੇ ਬੰਦ ਰਹਿਣ ਦੀ ਸਭ ਤੋਂ ਵੱਧ ਮਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਤੇ ਪੈ ਰਹੀ ਹੈ। ਦਿਹਾੜੀ ਮਜ਼ਦੂਰੀ ਕਰਨ ਵਾਲੇ ਮਾਂ ਬਾਪ ਬੱਚਿਆਂ ਲਈ ਆਨਲਾਈਨ ਪੜ੍ਹਾਈ ਕਰਵਾਉਣ ਦੇ ਸਮਰੱਥ ਹੋ ਹੀ ਨਹੀਂ ਸਕਦੇ।
ਇਸ ਤੋਂ ਇਲਾਵਾ ਲੋੜੀਂਦੀਆਂ ਸਿਹਤ ਸਹੂਲਤਾਂ ਦੀ ਵੀ ਲੋਕਾਂ ਨੂੰ ਬੇਹੱਦ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ। ਸਰਕਾਰੀ ਹਸਪਤਾਲਾਂ ਦਾ ਬਹੁਤ ਹੀ ਮਾੜਾ ਹਾਲ ਹੈ। ਪ੍ਰਾਈਵੇਟ ਹਸਪਤਾਲਾਂ ਦਾ ਇਲਾਜ ਬਹੁਤ ਮਹਿੰਗਾ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ। ਵਿਦੇਸ਼ ਜਾ ਕੇ ਪੜ੍ਹਨ ਲਈ ਵੱਡੀ ਰਕਮ ਦੀ ਲੋੜ ਪੈਂਦੀ ਹੈ ਜੋ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਰਹੀ। ਪੈਸਾ ਖਰਚ ਕਰਨ ਵਾਲੇ ਲੋਕ ਵਿਦੇਸ਼ਾਂ ਵਿਚ ਜਾ ਕੇ ਚੰਗੀ ਜਿ਼ੰਦਗੀ ਜਿਊਣ ਦਾ ਸੁਪਨਾ ਲੈ ਸਕਦੇ ਹਨ ਪਰ ਆਮ ਲੋਕਾਂ ਨੂੰ ਤਾਂ ਪੰਜਾਬ ਵਿਚ ਰਹਿ ਕੇ ਹੀ ਚੰਗੀ ਜਿ਼ੰਦਗੀ ਜਿਊਣ ਦੀ ਵਿਉਂਤਬੰਦੀ ਕਰਨੀ ਪੈਣੀ ਹੈ।
ਪੰਜਾਬ ਸਰਕਾਰ ਤਕਨੀਕੀ ਸਿੱਖਿਆ ਤੇ ਸਮਾਲ ਸਕੇਲ ਇੰਡਸਟਰੀ ਦੀ ਸਥਾਪਨਾ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਵਿਉਂਤਬੰਦੀ ਕਰ ਸਕਦੀ ਹੈ। ਖੇਤੀ ਨਾਲ ਜੁੜੇ ਛੋਟੇ ਉਦਯੋਗ ਸਥਾਪਿਤ ਕਰਕੇ ਸਰਕਾਰ ਆਮ ਲੋਕਾਂ ਨੂੰ ਕੰਮ ਤੇ ਲਾ ਸਕਦੀ ਹੈ। ਹੱਥੀਂ ਕੀਤੇ ਜਾਣ ਵਾਲੇ ਕੰਮਾਂ ਨਾਲ ਆਮ ਲੋਕਾਂ ਦੀ ਕਮਾਈ ਵਿਚ ਵਾਧਾ ਹੋ ਸਕਦਾ ਹੈ। ਪੰਜਾਬ ਦੇ ਲੋਕ ਕਿਰਤ ਕਰਨ ਤੋਂ ਭੱਜਣ ਵਾਲੇ ਨਹੀਂ ਹਨ ਪਰ ਉਨ੍ਹਾਂ ਨੂੰ ਕਿਸੇ ਰਾਹ ਦਸੇਰੇ ਦੀ ਉਡੀਕ ਹੈ। ਰਾਜਨੀਤਕ ਬਦਲਾਓ ਨਾਲ ਲੋਕਾਂ ਦੀ ਜਿ਼ੰਦਗੀ ਵਿਚ ਕੋਈ ਬਹੁਤੀ ਵੱਡੀ ਤਬਦੀਲੀ ਸ਼ਾਇਦ ਹੀ ਆ ਸਕੇ ਪਰ ਜੇ ਵਿਚਾਰਧਾਰਕ ਮੁੱਦਿਆਂ ਤੇ ਆਧਾਰਿਤ ਤਬਦੀਲੀ ਆ ਜਾਵੇ ਤਾਂ ਇਹ ਪੰਜਾਬ ਦੇ ਲੋਕਾਂ ਲਈ ਸੁਖਦਾਇਕ ਅਹਿਸਾਸ ਹੋ ਸਦਕਾ ਹੈ।
ਸਰਕਾਰ ਜਿਹੜੀ ਮਰਜ਼ੀ ਧਿਰ ਦੀ ਬਣੇ ਪਰ ਉਹ ਪੰਜਾਬ ਪੱਖੀ ਸੋਚ ਦੀ ਧਾਰਨੀ ਜ਼ਰੂਰ ਹੋਣੀ ਚਾਹੀਦੀ ਹੈ। ਸਰਕਾਰੀ ਕਰਮਚਾਰੀਆਂ ਦੀਆਂ ਖਾਲੀ ਆਸਾਮੀਆਂ ਨੂੰ ਭਰਨ ਲਈ ਇਮਾਨਦਾਰੀ ਨਾਲ ਉਪਰਾਲੇ ਕੀਤੇ ਜਾਣ ਅਤੇ ਬਿਨਾਂ ਕਿਸੇ ਰਾਜਨੀਤਕ ਦਖਲ ਤੋਂ ਇਨ੍ਹਾਂ ਭਰਤੀਆਂ ਨੂੰ ਸਿਰੇ ਚੜ੍ਹਾਇਆ ਜਾਵੇ। ਰਿਸ਼ਵਤਖੋਰੀ ਜਾਂ ਕਿਸੇ ਵੀ ਤਰ੍ਹਾਂ ਦੇ ਰਾਜਸੀ ਦਖ਼ਲ ਨੂੰ ਪੱਕੇ ਪੈਰੀਂ ਰੋਕਿਆ ਜਾਵੇ। ਸਾਰੀਆਂ ਰਾਜਸੀ ਧਿਰਾਂ ਨੂੰ ਪੰਜਾਬ ਦੇ ਹਿਤਾਂ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਸਾਂਝੀ ਰਣਨੀਤੀ ਤੇ ਕੰਮ ਕਰਨਾ ਚਾਹੀਦਾ ਹੈ। ਪੰਜਾਬ ਦੀ ਜ਼ਰਖੇਜ਼ ਧਰਤੀ ਨੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਨੂੰ ਸਿਰਜਿਆ ਹੈ ਅਤੇ ਇਥੋਂ ਦੇ ਲੋਕ ਪੂਰੀ ਬਹਾਦਰੀ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਰਹੇ ਹਨ। ਪੰਜਾਬ ਦੇ ਲੋਕ ਹਰ ਮੁਸ਼ਕਿਲ ਚੋਂ ਹੋਰ ਮਜ਼ਬੂਤ ਹੋ ਕੇ ਨਿਕਲੇ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਗੁਰੂਆਂ, ਪੀਰਾਂ ਤੇ ਯੋਧਿਆਂ ਦੇ ਪੰਜਾਬ ਨੂੰ ਜੇ ਕੋਈ ਨਜ਼ਰ ਲੱਗੀ ਵੀ ਹੈ ਤਾਂ ਉਸ ਨਜ਼ਰ ਨੂੰ ਬਹੁਤ ਛੇਤੀ ਉਤਾਰ ਦਿੱਤਾ ਜਾਵੇਗਾ। ਸਾਨੂੰ ਮੁੜ ਤੋਂ ਹਸਦਾ ਖੇਡਦਾ ਤੇ ਖੁਸ਼ਹਾਲ ਪੰਜਾਬ ਨਜ਼ਰੀਂ ਆਵੇਗਾ।
ਸੰਪਰਕ: 94649-22547