ਬਲਜਿੰਦਰ ਮਾਨ
ਸਰਕਾਰਾਂ ਨੇ ਸਿੱਖਿਆਤੰਤਰ ਨੂੰ ਸੁਧਾਰਨ ਵਾਸਤੇ ਬੜੇ ਯਤਨ ਕੀਤੇ ਅਤੇ ਕਰ ਵੀ ਰਹੀਆਂ ਹਨ। ਜੇਕਰ ਧਿਆਨ ਨਾਲ ਦੇਖੀਏ ਤਾਂ ਗੱਡੀ ਅਜੇ ਤੱਕ ਵੀ ਲੀਹੇ ਪਈ ਨਜ਼ਰ ਨਹੀਂ ਆਉਂਦੀ। 2002 ਵਿਚ ਐਲੀਮੈਂਟਰੀ ਅਤੇ ਸੈਕੰਡਰੀ ਸਿਸਟਮ ਲਿਆਂਦਾ ਗਿਆ ਸੀ, ਜਿਸ ਤਹਿਤ ਸਿਰਫ ਦੋ ਕਿਸਮਾਂ ਦੇ ਸਕੂਲ ਬਣਨੇ ਸਨ। ਪਹਿਲੀ ਤੋਂ ਅੱਠਵੀਂ ਐਲੀਮੈਂਟਰੀ ਅਤੇ ਨੌਵੀਂ ਤੋਂ ਬਾਰ੍ਹਵੀਂ ਤੱਕ ਸੈਕੰਡਰੀ। ਸਕੂਲਾਂ ਦੇ ਬੋਰਡ ਤਾਂ ਬਦਲ ਦਿੱਤੇ ਗਏ ਪਰ ਢਾਂਚਾ ਜਿਉਂ ਦਾ ਤਿਉਂ ਹੀ ਰਿਹਾ। ਅੱਜ ਸਾਡੇ ਕੋਲ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਚੱਲ ਰਹੇ ਹਨ। ਭਾਵ ਪਹਿਲਾਂ ਵਾਲਾ ਹੀ ਸਿਸਟਮ ਜਾਰੀ ਰਿਹਾ ਭਾਵੇਂ ਨਾਵਾਂ ਦੀ ਤਬਦੀਲੀ ਜ਼ਰੂਰ ਹੋ ਗਈ ਹੈ। ਸਿੱਖਿਆਤੰਤਰ ਵਿਚ ਕਿੰਨਾ ਕੁ ਸੁਧਾਰ ਹੋਇਆ, ਜਿਸ ਤੋਂ ਅਸੀਂ ਸਾਰੇ ਜਾਣੂ ਹਾਂ। ਮਿਡਲ ਸਕੂਲਾਂ ਦੀ ਹੋਂਦ ਬਾਰੇ ਇਕ ਰੌਚਕ ਤੱਥ ਜੋ ਸਾਬਕਾ ਸਿੱਖਿਆ ਮੰਤਰੀ ਚੌਧਰੀ ਗੁਰਮੇਲ ਸਿੰਘ ਨੇ ਸੁਣਾਇਆ ਸੀ, ਇਥੇ ਦਰਜ ਕਰਨਾ ਵਾਜਬ ਹੋਵੇਗਾ। ਉਨ੍ਹਾਂ ਨੇ ਕਿਹਾ ਸੀ, ‘‘ਜਦੋਂ ਮੈਂ ਸਿੱਖਿਆ ਮੰਤਰੀ ਸੀ ਤਾਂ ਮੈਂ ਆਪਣੇ ਪਿੰਡ ਸਕਰੂਲੀ ਤੋਂ ਪਿੰਡ ਪਾਲਦੀ, ਭਾਰਟਾ ਜਾਂ ਬੱਢੋਆਣ ਸਰਦੁੱਲਾਪੁਰ ਰਾਹੀਂ ਚੰਡੀਗੜ੍ਹ ਨੂੰ ਜਾਣਾ ਹੁੰਦਾ ਸੀ। ਕਈ ਵਾਰ ਰਸਤੇ ਵਿਚ ਜਾਂ ਕਿਸੇ ਸਮਾਗਮ ਵਿਚ ਮੇਰੇ ਦੋਸਤ ਜਾਂ ਕਲਾਸਫੈਲੋ ਮਿਲ ਪੈਂਦੇ। ਉਨ੍ਹਾਂ ਇਹੀ ਕਹਿਣਾ ਹੁਣ ਤੁਸੀਂ ਮੰਤਰੀ ਹੋ ਸਾਡਾ ਵੀ ਕੁਝ ਕਰੋ ਤੇ ਮੈਂ ਇਨ੍ਹਾਂ ਸਭ ਪਿੰਡਾਂ ਦੇ ਸਕੂਲ ਪ੍ਰਾਇਮਰੀ ਤੋਂ ਮਿਡਲ ਬਣਾ ਦਿੱਤੇ।’’ ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਇਨ੍ਹਾਂ ਸਭ ਪਿੰਡਾਂ ਵਿਚ ਮਿਡਲ ਸਕੂਲ ਲੋੜੀਂਦੇ ਸਨ। ਇਹ ਸਾਰਾ ਘੇਰਾ ਪਿੰਡ ਸਕਰੂਲੀ ਤੋਂ ਦੋ ਢਾਈ ਕਿਲੋਮੀਟਰ ਦਾ ਮਸਾਂ ਹੀ ਬਣਦਾ ਹੈ, ਜਿਸ ਵਿਚ ਚਾਰ ਮਿਡਲ, ਇਕ ਹਾਈ ਅਤੇ ਇਕ ਸੈਕੰਡਰੀ ਸਕੂਲ ਪਹਿਲਾਂ ਹੀ ਮੌਜੂਦ ਸਨ। ਹੁਣ ਤੁਸੀਂ ਸਰਕਾਰੀ ਨੀਤੀਆਂ ਦਾ ਅੰਦਾਜ਼ਾ ਲਗਾ ਸਕਦੇ ਹੋ ਕੇ ਸਕੂਲਾਂ ਨੂੰ ਅੱਪਗ੍ਰੇਡ ਕਰਨ ਦੀ ਨੀਤੀ ਕਿਵੇਂ ਘੜੀ ਜਾਂਦੀ ਹੈ।ਅਜਿਹੀਆਂ ਨੀਤੀਆਂ ਕਾਰਨ ਹੀ ਅੱਜ ਇਹ ਸਕੂਲ ਆਪਣੀ ਹੋਣੀ ’ਤੇ ਤਰਸ ਰਹੇ ਹਨ। ਸਟਾਫ ਅਤੇ ਬੱਚੇ ਪੂਰੇ ਨਹੀਂ ਹੋ ਰਹੇ। ਜੇ ਸਟਾਫ ਹੈ ਤਾਂ ਬੱਚੇ ਨਹੀਂ, ਜੇ ਬੱਚੇ ਹਨ ਤਾਂ ਸਟਾਫ ਮੈਂਬਰ ਇਕ ਜਾਂ ਦੋ ਹਨ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਦੁਆਰਾ ਇਕ ਨੀਤੀ ਘੜੀ ਜਾਂਦੀ, ਜਿਸ ਤਹਿਤ ਬੱਚਿਆਂ ਦੀ ਗਿਣਤੀ, ਸਾਜੋ ਸਮਾਨ ਅਤੇ ਸਟਾਫ਼ ਦਾ ਸਹੀ ਪ੍ਰਬੰਧ ਕੀਤਾ ਜਾਂਦਾ। ਸਕੂਲਾਂ ਦੀਆਂ ਵੱਡੀਆਂ ਇਮਾਰਤਾਂ ਸਾਜੋ-ਸਮਾਨ ਨਾਲ ਭਰੇ ਕਮਰਿਆਂ ਦਾ ਉਦੋਂ ਤੱਕ ਕੋਈ ਮੁੱਲ ਨਹੀਂ ਜਦੋਂ ਤੱਕ ਉਨ੍ਹਾਂ ਦਾ ਸਹੀ ਸੰਚਾਲਨ ਕਰਨ ਵਾਲਾ ਅਧਿਆਪਕ ਮੌਜੂਦ ਨਹੀਂ ਹੈ। ਵਿਚਾਰੇ ਅਦਿਆਪਕਾਂ ਨੂੰ ਤਾਂ ਅੰਕੜਿਆਂ ਵਿਚ ਹੀ ਉਲਝਾਇਆ ਹੋਇਆ ਹੈ। ਜਿਸ ਕਾਰਨ ਪੜ੍ਹਾਈ ਦਾ ਮਾਹੌਲ ਪ੍ਰਭਾਵਿਤ ਹੁੰਦਾ ਹੈ। ਇਕ ਮਿਡਲ ਸਕੂਲ ਦੇ ਇੰਚਾਰਜ ਨੂੰ ਸੂਚਨਾਵਾਂ ਦੇਣ ਵਾਸਤੇ ਬੀਪੀਈਓ, ਕੰਪਲੈਕਸ ਸਕੂਲ, ਨੋਡਲ, ਕਲੱਸਟਰ ਅਤੇ ਡੀ.ਈ.ਓ ਤੱਕ ਦੇ ਦਫ਼ਤਰ ਮੌਜੂਦ ਹਨ। ਇਕ ਜਾਣਕਾਰੀ ਥਾਂ-ਥਾਂ ਮੇਲ ਕਰਨ ਅਤੇ ਪੜ੍ਹਨ ਵਾਸਤੇ ਘੰਟਿਆਂ ਦਾ ਸਮਾਂ ਚਾਹੀਦਾ ਹੈ। ਉਸ ਕੋਲ ਕਲਾਸ ਵਿਚ ਜਾਣ ਦਾ ਸਮਾਂ ਹੀ ਨਹੀਂ ਬਚਦਾ, ਜਦੋਂਕਿ ਹਰ ਸਕੂਲ ਬਾਰੇ ਈ-ਪੋਰਟਲ ’ਤੇ ਸਭ ਸੂਚਨਾਵਾਂ ਉਪਲੱਬਧ ਹਨ। ਫਿਰ ਕਲਾਸਾਂ ਦੀ ਚੈਕਿੰਗ ਵਾਸਤੇ ਬਲਾਕ ਮੈਂਟਰ, ਜ਼ਿਲ੍ਹਾ ਮੈਂਟਰ, ਸਿੱਖਿਆ ਸੁਧਾਰ ਟੀਮ, ਜ਼ਿਲ੍ਹਾ ਅਧਿਕਾਰੀਆਂ ਤੋਂ ਅਲੱਗ ਤੁਰੇ ਹੁੰਦੇ ਹਨ। ਐਨਾ ਸਖਤ ਪਹਿਰਾ ਰਹਿਣ ਦੇ ਬਾਵਜੂਦ ਸਾਡੇ ਵਿਦਿਆਰਥੀ ਅਧਿਆਪਕਾਂ ਦਾ ਮੂੰਹ ਦੇਖਣ ਨੂੰ ਤਰਸਦੇ ਰਹਿੰਦੇ ਹਨ, ਜਿਸ ਅਧਿਆਪਕ ਨੇ ਪੰਜਾਬੀ ਜਾਂ ਹਿੰਦੀ ਵਿਸ਼ੇ ਵਿਚ ਪੜ੍ਹਾਉਣ ਲਈ ਬੀਐੱਡ ਕੀਤੀ ਹੈ, ਭਲਾ ਉਹ ਮੈਥ ਸਾਇੰਸ ਜਾਂ ਹੋਰ ਵਿਸ਼ੇ ਕਿਵੇਂ ਪੜ੍ਹਾ ਸਕਦਾ ਹੈ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਅਧਿਆਪਕ ਦੀ ਮਾਸਟਰੀ ਹਰ ਵਿਸ਼ੇ ’ਤੇ ਨਹੀਂ ਹੋ ਸਕਦੀ। ਅਜਿਹਾ ਕਰਨ ਨਾਲ ਉਸਦੀ ਗਿਆਨ ਕਲਾ ਨੂੰ ਅਸੀਂ ਮਾਰ ਰਹੇ ਹਾਂ। ਜਿਸ ਵਿਸ਼ੇ ਦੀ ਉਸ ਦੀ ਜ਼ਿੰਮੇਵਾਰੀ ਹੈ, ਉਸ ਤੋਂ ਹਟਾ ਕੇ ਦੂਜੇ ਕਾਰਜ ਵਿਚ ਲਾਇਆ ਜਾਂਦਾ ਹੈ। ਹਾਲ ਅੱਗਾ ਦੌੜ ਪਿੱਛਾ ਚੌੜ ਵਾਲਾ ਹੋ ਜਾਂਦਾ ਹੈ। ਜਦੋਂ ਅਧਿਆਪਕ ਪਿੰਡ ਵਿਚ ਕਿਸੇ ਸਰਵੇ ਜਾਂ ਵੋਟਾਂ ਆਦਿ ਦੇ ਕਾਰਜਾਂ ਲਈ ਜਾਂਦੇ ਹਨ ਤਾਂ ਮਾਪੇ ਸੋਚਦੇ ਹਨ ਕਿ ਅਸੀਂ ਆਪਣੇ ਬੱਚੇ ਇਨ੍ਹਾਂ ਹਵਾਲੇ ਪੜ੍ਹਨ ਵਾਸਤੇ ਭੇਜੇ ਹੋਏ ਹਨ, ਇਹ ਤਾਂ ਇਧਰ ਉਧਰ ਦੇ ਕਾਰਜਾਂ ਵਿਚ ਉਲਝੇ ਪਏ ਹਨ। ਮਾਪਿਆਂ ਦਾ ਵਿਸ਼ਵਾਸ ਸਰਕਾਰੀ ਸਕੂਲ ਤੋਂ ਉਠਣਾ ਸ਼ੁਰੂ ਹੋ ਜਾਂਦਾ ਹੈ। ਪਿਛਲੇ ਸਾਲਾਂ ਵਿਚ ਵਿਭਾਗ ਨੇ ਅਧਿਆਪਕਾਂ ਅਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਦਾਖਲਿਆਂ ਵਿਚ ਲੱਖਾਂ ਦਾ ਵਾਧਾ ਕੀਤਾ। ਉਸ ਦੇ ਦੋ ਤਿੰਨ ਕਾਰਨ ਸਨ। ਜਿਨ੍ਹਾਂ ਵਿਚ ਇਕ ਕਾਰਨ ਕਰੋਨਾ ਤੇ ਦੂਜਾ ਸਮਾਰਟ ਸਕੂਲ ਅਤੇ ਨਰਸਰੀ ਜਮਾਤਾਂ ਦਾ ਆਰੰਭ ਕਰਨਾ। ਮਾਪਿਆਂ ਨੇ ਪ੍ਰਾਈਵੇਟ ਸਕੂਲ ਦੀ ਬਜਾਏ ਨਿੱਕੜੇ ਬਾਲ ਨਰਸਰੀ ਜਮਾਤਾਂ ਵਿਚ ਦਾਖਲ ਕਰਵਾ ਦਿੱਤੇ। ਜਦੋਂ ਪੂਰਾ ਸਾਲ ਉਨ੍ਹਾਂ ਦੀ ਸਾਂਭ ਸੰਭਾਲ ਵਾਲਾ ਨਰਸਰੀ ਟੀਚਰ ਨਸੀਬ ਨਹੀਂ ਹੋਇਆ ਤਾਂ ਹਟਾਉਣੇ ਸ਼ੁਰੂ ਹੋ ਗਏ। ਮਿਡਲ ਸਕੂਲਾਂ ਵਿਚ ਦਾਖਲਾ ਇਸ ਕਰਕੇ ਵੀ ਘੱਟ ਹੁੰਦਾ ਹੈ ਕਿ ਮਾਪੇ ਉਸ ਸਕੂਲ ਵਿਚ ਦਾਖਲ ਕਰਵਾਉਣਾ ਚਾਹੁੰਦੇ ਹਨ, ਜਿਥੋਂ ਉਹ ਬਾਰ੍ਹਵੀਂ ਕਰਕੇ ਅੱਗੇ ਜਾਣ।
ਪਿਛਲੇ ਸਾਲ ਸਰਕਾਰੀ ਸਕੂਲਾਂ ਦੇ ਦਾਖਲਿਆਂ ਵਿਚ 10.53 ਫ਼ੀਸਦ ਵਾਧਾ ਹੋਇਆ ਸੀ। ਉਸ ਤੋਂ ਪਹਿਲਾਂ ਇਹ ਵਾਧਾ 14 ਫ਼ੀਸਦੀ ਦੇ ਕਰੀਬ ਸੀ। ਅੰਕੜਿਆਂ ਅਨੁਸਾਰ ਛੇਵੀਂ ਤੋਂ ਬਾਰ੍ਹਵੀਂ ਤੱਕ ਦਾਖਲਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ 1.22 ਲੱਖ ਬੱਚੇ ਘਟੇ ਹਨ। ਐਤਕੀਂ 14.51 ਲੱਖ, ਜਦਕਿ ਪਿਛਲੇ ਵਰ੍ਹੇ ਦਾ ਦਾਖਲਾ 15.73 ਲੱਖ ਸੀ। ਪ੍ਰੀ-ਪ੍ਰਾਇਮਰੀ ਤੋਂ ਪੰਜਵੀ ਤੱਕ 13.84 ਲੱਖ, ਜਦਕਿ ਪਿਛਲੇ ਸਾਲ ਇਹ ਦਾਖਲਾ 14.67 ਲੱਖ ਸੀ। ਦਾਖਲਾ ਘਟਣ ਦੇ ਕਾਰਨਾਂ ’ਤੇ ਝਾਤ ਮਾਰੀਏ ਤਾਂ ਕਈ ਕਾਰਨ ਸਾਹਮਣੇ ਆਉਂਦੇ ਹਨ। ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿਚ ਲਾਉਣਾ ਅਤੇ ਸਟਾਫ ਦੀ ਕਮੀ ਖਾਸ ਤੌਰ ’ਤੇ ਰੜਕਦੀ ਹੈ।
ਜਿਹੜੇ ਮਿਡਲ ਸਕੂਲ ਦੋ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਮੌਜੂਦ ਹਨ, ਉਨ੍ਹਾਂ ਦਾ ਮਰਜਰ ਕਰਕੇ ਇਕ ਹਾਈ ਜਾਂ ਸੈਕੰਡਰੀ ਸਕੂਲ ਬਾਖੂਬੀ ਚੱਲ ਸਕਦਾ ਹੈ। ਇਸ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਸਰਕਾਰ ਕੋਲ ਖਾਸ ਇੱਛਾ ਸ਼ਕਤੀ ਚਾਹੀਦੀ ਹੈ। ਨਾਲ ਹੀ ਜਨਤਾ ਨੂੰ ਇਸ ਵਾਸਤੇ ਮਾਨਸਿਕ ਤੌਰ ’ਤੇ ਤਿਆਰ ਕਰਨ ਦੀ ਲੋੜ ਹੈ। ਸਕੂਲ ਦਾ ਮਰਜਰ ਹੋਣਾ ਹੇਠੀ ਨਹੀਂ ਸਗੋਂ ਬੱਚਿਆਂ ਦੀ ਬਿਹਤਰੀ ਲਈ ਕਦਮ ਹੈ। ਮਿਡਲ ਸਕੂਲਾਂ ਦੀ ਬਿਹਤਰੀ ਵਾਸਤੇ ਪਹਿਲਾਂ ਕਦਮ ਇਹ ਲੋੜੀਂਦਾ ਹੈ ਕਿ ਇਥੇ ਪੂਰਾ ਸਟਾਫ਼ ਅਤੇ ਮੁੱਖ ਅਧਿਆਪਕ ਲਾਇਆ ਜਾਵੇ। ਜਿਹੜੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਕਮੀ ਹੈ, ਉਹ ਨੇੜਲੇ ਸਕੂਲਾਂ ਵਿਚ ਮਰਜ ਕਰਕੇ ਬਿਹਤਰੀ ਵੱਲ ਵਧਿਆ ਜਾ ਸਕਦਾ ਹੈ। ਜਿਨ੍ਹਾਂ ਸਕੂਲਾਂ ਵਿਚ ਮੈਥ ਜਾਂ ਸਾਇੰਸ ਮਾਸਟਰ ਨਹੀਂ ਹਨ, ਉਨ੍ਹਾਂ ਵਿਦਿਆਰਥੀਆਂ ਦੀ ਨੀਂਹ ਕੱਚੀ ਰਹਿ ਜਾਂਦੀ ਹੈ, ਜੋ ਜੀਵਨ ਭਰ ਕਿਸੇ ਮੰਜ਼ਿਲ ’ਤੇ ਨਹੀਂ ਪਹੁੰਚ ਸਕਦੇ। ਇਸ ਲਈ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਵਾਸਤੇ ਮਿਡਲ ਸਕੂਲਾਂ ਵੱਲ ਗੌਰ ਕਰਨ ਦੀ ਖਾਸ ਜ਼ਰੂਰਤ ਹੈ। ਇਨ੍ਹਾਂ ਦੀ ਹਾਲਤ ਆਸਮਾਨ ਤੋਂ ਡਿਗਿਆ ਖਜ਼ੂਰ ’ਚ ਅਟਕਿਆ ਵਾਲੀ ਬਣੀ ਹੋਈ ਹੈ।
ਸੰਪਰਕ: 98150-18947