ਦੀਪ ਦੇਵਿੰਦਰ ਸਿੰਘ
ਸੋਹਣ ਸਿੰਘ ਸੀਤਲ ਦੇ ਬਹੁ-ਚਰਚਿਤ ਨਾਵਲ ‘ਈਚੋਗਿਲ ਨਹਿਰ ਤੱਕ’ ਵਿੱਚ ਇਕ ਸਿੱਖ ਪਾਤਰ ਦੂਜੇ ਮੁਸਲਮਾਨ ਪਾਤਰ ਤੋਂ ਵਿੱਛੜਣ ਵੇਲੇ ਭਾਵੁਕ ਹੋਇਆ ਕਹਿੰਦਾ ਹੈ, ‘‘ਓ ਛੱਡ ਯਾਰ ਕਰਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਤਾਂ ਚਾਰ ਦਿਨਾਂ ਦਾ ਰੌਲਾ ਗੌਲਾ! ਠੰਡ ਠੰਡਾਉਲਾ ਹੋ ਗਿਆ ਅਸੀਂ ਫਿਰ ਆਪਣਿਆਂ ਆਲਣਿਆਂ ’ਚ ਆ ਬਹਿਣਾ।’’ ਮੈਂ ਸੋਚਦਾ ਹਾਂ: ਜਦੋਂ 3 ਜੂਨ 1947 ਨੂੰ ਸਦੀਆਂ ਤੋਂ ਵਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗ਼ੈਰ-ਕੁਦਰਤੀ ਢੰਗ ਨਾਲ ਵੰਡਣ ਦਾ ਐਲਾਨ ਹੋਇਆ ਹੋਵੇਗਾ ਤਾਂ ਇਸ ਸਾਂਝੀ ਰਹਿਤਲ ’ਤੇ ਵਸਦੇ, ਇੱਕੋ ਪਰਿਵਾਰ ਵਰਗੇ ਜੀਆਂ ਨੇ ਕਦੀ ਸੋਚਿਆ ਹੋਵੇਗਾ ਕਿ ਇਸ ਧਰਤੀ ’ਤੇ ਖਿੱਚੀ ਵੰਡ ਦੀ ਲਕੀਰ ਕਈ ਪੀੜ੍ਹੀਆਂ ਤੋਂ ਇਕੱਠੇ ਵਸਦੇ-ਰਸਦੇ ਲੋਕਾਂ ’ਚ ਏਨੀਆਂ ਦੂਰੀਆਂ ਮਿੱਥ ਦੇਵੇਗੀ ਕਿ ਲੋਕ ਆਪਣੀ ਜਨਮ ਭੋਇੰ ਵੇਖਣ ਨੂੰ ਤਰਸਦੇ ਮਰ ਜਾਣਗੇ।
ਕਈ ਹਨੇਰੀਆਂ ਝੱਖੜ ਨਿਕਲ ਗਏ। ਕਈ ਰੁੱਤਾਂ ਆਈਆਂ ਤੇ ਕਈ ਬਦਲੀਆਂ। ਪਰ ਉਹ ਲੋਕ ਜਿਹੜੇ ਆਪਣੇ ਘਰਾਂ ਨੂੰ ਖੁੱਲ੍ਹੇ ਛੱਡ ਤੁਰ ਗਏ ਸਨ, ਉਹ ਨਾ ਮੁੜੇ। ਪਤਾ ਨਹੀਂ ਕਿੰਨੇ ਉਨ੍ਹਾਂ ’ਚ ਮਰ ਖਪ ਗਏ। ਅਜੇ ਵੀ ਇਉਂ ਲੱਗਦਾ ਜਿਵੇਂ ਕੱਲ੍ਹ ਦੀਆਂ ਹੀ ਗੱਲਾਂ ਹੋਣ।
ਹਾਂ ਅਜੇ ਕੱਲ੍ਹ ਦੀਆਂ ਹੀ ਤਾਂ ਗੱਲਾਂ ਨੇ। ਇਹ ਮੰਜ਼ਰ ਹਾਲੇ ਵੀ ਕੋਈ ਬਹੁਤ ਦੂਰ ਨਹੀਂ ਗਿਆ। ਆਹ ਸੱਤ ਕੁ ਦਹਾਕੇ ਤੇ ਚਾਰ ਕੁ ਵਰ੍ਹੇ ਹੋਰ ਪੁਰਾਣੀ ਗੱਲ ਏ ਮਸਾਂ। ਮੇਰੇ ਬਾਪੂ ਨੇ ਪਿੰਡ ਦੀ ਸੱਥ ’ਚ ਪਿੰਡ ਦੀ ਆਬਰੂ ਨੂੰ ਲੀਰੋ ਲੀਰ ਹੁੰਦਾ ਵੇਖਿਆ ਸੀ। ਮੇਰੀ ਦਾਦੀ ਦੀਆਂ ਅੱਖਾਂ ਸਾਹਮਣੇ ਅਰਾਈਆਂ ਦੀ ਸੱਜ ਵਿਆਹੀ ਨੂੰਹ ਨੂੰ ਪਿੰਡ ਦਾ ਨੰਬਰਦਾਰ ਕਿਰਪਾਨ ਦੇ ਜ਼ੋਰ ਧੂਹ ਕੇ ਲੈ ਗਿਆ ਸੀ ਤੇ ਹੋਰ ਵੀ ਕਿੰਨੇ ਘਿਨਾਉਣੇ ਕਾਰਨਾਮੇ ਕੀਤੇ ਗਏ ਜਿਨ੍ਹਾਂ ਬਾਰੇ ਸੋਚ ਕੇ ਰੂਹ ਕੰਬ ਜਾਂਦੀ ਏ।
ਮੈਂ ਸੋਚਦਾ ਹਾਂ ਕਿ ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਇਹ ਕੇਹਾ ਸਰਾਪ ਸੀ ਜੋ ਇਸ ਭੋਗਿਆ। ਸਦੀਆਂ ਤੋਂ ਅੰਗ-ਸੰਗ ਵੱਸਦੇ ਲੋਕ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਕਿਵੇਂ ਹੋ ਗਏ? ਉਹ ਜੋ ਕੱਲ੍ਹ ਸ਼ਾਮ ਤੱਕ ਇਕੱਠੇ ਬੈਠੇ ਭੱਠੀਆਂ ’ਤੇ ਅੱਗ ਸੇਕਦੇ, ਖੇਤਾਂ ਬੇਲਿਆਂ ’ਚ ਢੋਲੇ ਗਾਉਂਦੇ, ਇੱਕ ਦੂਜੇ ਦੇ ਘਰੀਂ ਜਾ ਕੇ ਧੀਆਂ ਧਿਆਣੀਆਂ ਦੇ ਸਿਰੀਂ ਹੱਥ ਰੱਖਦੇ ਸਨ। ਚੜ੍ਹਦੀ ਸਵੇਰ ਹੀ ਇਨ੍ਹਾਂ ਨੂੰ ਕੀ ਹੋ ਗਿਆ ਸੀ? ਇਹ ਤਾਂ ਸਦੀਆਂ ਤੋਂ ਸਾਂਝੇ ਸਭਿਆਚਾਰ ਵਿੱਚ ਜੀਵੇ ਸਨ। ਇਨ੍ਹਾਂ ਵਰ੍ਹਿਆਂ ਦੇ ਵਰ੍ਹੇ ਰਲ ਕੇ ਤ੍ਰਿੰਝਣ ਲਾਏ, ਤੀਆਂ ਸਜਾਈਆਂ ਤੇ ਮੇਲੇ ਲਾਏ ਸਨ। ਸਵੇਰ ਹੁੰਦਿਆਂ ਕਿਹੜੀ ਕੁਲਹਿਣੀ ਰੁੱਤ ਵਿਹੜੇ ਆਣ ਉਤਰੀ ਸੀ। ਭਰਾ ਭਰਾ ਦੇ ਖ਼ੂਨ ਦਾ ਪਿਆਸਾ ਹੋ ਗਿਆ ਤੇ ਇਤਿਹਾਸ ਨੂੰ ਉਲਟਾ ਗੇੜ ਦੇਣ ਨਿਕਲ ਤੁਰੇ ਸਨ।
ਇਹ ਸਾਰੇ ਕਿਰਦਾਰ ਹਾਲੇ ਵੀ ਇੱਥੇ ਨੇ। ਸਾਡੇ ਅੰਗ-ਸੰਗ। ਉਹ ਵੀ ਇੱਥੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ। ਹਜ਼ਾਰਾਂ ਉਹ ਬਜ਼ੁਰਗ ਜਿਨ੍ਹਾਂ ਇਤਿਹਾਸ ਦਾ ਪਹੀਆ ਗਿੜਦਾ ਅੱਖੀਂ ਵੇਖਿਆ। ਧਰਤੀ ਦੀ ਹਿੱਕ ਚੀਰ ਕੇ ਖਿੱਚੀ ਜਾਂਦੀ ਲਕੀਰ ਵੇਖੀ। ਕਾਫ਼ਲਿਆਂ ਨੂੰ ਆਉਂਦੇ ਜਾਂਦੇ ਤੇ ਲੁੱਟੇ ਜਾਂਦੇ ਵੇਖਿਆ। ਰੇਲ ਗੱਡੀਆਂ ਲੋਥਾਂ ਨਾਲ ਭਰੀਆਂ ਵੇਖੀਆਂ। ਆਪਣੀਆਂ ਧੀਆਂ ਦੀ ਬੇਪਤੀ ਆਪਣੇ ਅੱਖੀਂ ਤੱਕੀ। ਕੀ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਜਿਹੇ ਹਜ਼ਾਰਾਂ ਆਜ਼ਾਦੀ ਪਰਵਾਨਿਆਂ ਦਾ ਸੁਫ਼ਨਾ ਅਜਿਹੀ ਆਜ਼ਾਦੀ ਦਾ ਹੋਵੇਗਾ। ਇਹ ਤਾਂ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਆਜ਼ਾਦੀ ਲਾੜੀ ਦਾ ਸਾਲੂ ਨਿਰਦੋਸ਼ ਲੋਕਾਂ ਦੇ ਲਹੂ ’ਚ ਰੰਗਿਆ ਉਨ੍ਹਾਂ ਦੇ ਸਾਹਮਣੇ ਆਵੇਗਾ। ਇਹ ਆਜ਼ਾਦੀ ਪੰਜਾਬ ਦੀਆਂ ਧੀਆਂ ਦਾ ਮੁੱਲ ਤਾਰ ਕੇ ਆਵੇਗੀ। ਕਿਸ ਸੋਚਿਆ ਸੀ ਕਿ ਇਹ ਆਜ਼ਾਦੀ ਪੰਜਾਬ ਦਾ ਮਾਤਮ ਬਣੇਗੀ?
ਉਸ ਤਬਾਹੀ ਦੇ ਸਿੱਟਿਆਂ ’ਤੇ ਤੱਥਾਂ ਦੇ ਰੂਪ ਵਿੱਚ ਝਾਤੀ ਮਾਰੀਏ ਤਾਂ ਰੂਹ ਨੂੰ ਕੰਬਣੀ ਛਿੜਦੀ ਏ। 1947 ਦੀ ਵੰਡ ਵੇਲੇ ਝੁੱਲੀ ਫ਼਼ਿਰਕੂ ਹਨੇਰੀ ਸਮੇਂ ਹੋਏ ਕਤਲੇਆਮ ’ਚ ਮਰੇ ਪੰਜਾਬੀਆਂ ਦੀ ਗਿਣਤੀ ਦਸ ਲੱਖ ਦੱਸਦੇ ਹਨ ਜਿਹੜੇ ਇਧਰ ਵੀ ਮਰੇ ਤੇ ਉਧਰ ਵੀ। ਇਸ ਮੌਕੇ ਜਿਹੜੀਆਂ ਔਰਤਾਂ ਨੂੰ ਉਧਾਲਿਆ ਗਿਆ ਉਨ੍ਹਾਂ ਦੀ ਗਿਣਤੀ ਤੀਹ ਹਜ਼ਾਰ ਤਿੰਨ ਸੌ ਪੈਂਤੀ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਮੁਸਲਮਾਨ ਔਰਤਾਂ ਤਾਂ ਉਧਾਲੇ ਤੋਂ ਬਾਅਦ ਪਾਕਿਸਤਾਨ ਚਲੀਆਂ ਗਈਆਂ। ਪਰ ਚੜ੍ਹਦੇ ਪੰਜਾਬ ਦੀਆਂ ਔਰਤਾਂ ਦੀ ਬਹੁਤੀ ਗਿਣਤੀ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਸਮਾਜ ’ਚ ਪਏ ਸੰਸਕਾਰ ਸਨ। ਜਿਨ੍ਹਾਂ ਅਧੀਨ ਮੁੜ ਨਾ ਕਬੂਲੇ ਜਾਣ ਦੇ ਡਰੋਂ ਉਹ ਚਾਹੁੰਦੀਆਂ ਹੋਈਆਂ ਵੀ ਵਾਪਸ ਨਾ ਆ ਸਕੀਆਂ। ਉਧਾਲੀਆਂ ਔਰਤਾਂ ਨੂੰ ਲੈਣ ਗਏ ਸਰਕਾਰੀ ਅਧਿਕਾਰੀਆਂ ਨੂੰ ਅਧੇੜ ਉਮਰ ਦੀਆਂ ਔਰਤਾਂ ਜਾਂ ਅਸਲੋਂ ਬਾਲੜੀਆਂ ਤੋਂ ਬਿਨਾਂ ਕੋਈ ਵੀ ਜਵਾਨ ਔਰਤ ਉਧਰਲੇ ਪਿੰਡਾਂ ਤੋਂ ਬਰਾਮਦ ਨਾ ਹੋ ਸਕੀ।
ਭਾਰਤ ਵਿੱਚੋਂ ਪਾਕਿਸਤਾਨ ਜਾਣ ਵਾਲੀਆਂ ਔਰਤਾਂ ਨੂੰ ਅੱਠ ਸੌ ਸੱਠ ਬੱਚੇ ਪਿੱਛੇ ਛੱਡ ਕੇ ਜਾਣੇ ਪਏ ਜੋ ਉਮਰ ਭਰ ਲਈ ਮਾਂ ਮਹਿੱਟਰ ਬਣ ਗਏ। ਉਜਾੜੇ ਦਾ ਸ਼ਿਕਾਰ ਹੋਣ ਵਾਲੇ ਚੜ੍ਹਦੇ ਪੰਜਾਬ ਵਿਚ 42,93,896 ਲੋਕ ਸਨ। ਲਹਿੰਦੇ ਪੰਜਾਬ ਵਿੱਚੋਂ ਉੱਜੜਣ ਵਾਲੇ ਲੋਕ 37,95,396 ਸਨ। ਸਮੁੱਚੇ ਪੰਜਾਬੀ ਜੋ ਇਸ ਉਜਾੜੇ ਦਾ ਸ਼ਿਕਾਰ ਹੋਏ ਉਨ੍ਹਾਂ ਦੀ ਗਿਣਤੀ 79,95,292 ਬਣਦੀ ਹੈ। ਅਗਸਤ ਤੋਂ ਸ਼ੁਰੂ ਹੋਏ ਇਸ ਕਤਲੇਆਮ ਨੇ ਦੋਵੇਂ ਪਾਸਿਉਂ ਦਸ ਲੱਖ ਪੰਜਾਬੀਆਂ ਨੂੰ ਮਾਰਚ ਤੱਕ ਨਿਗਲ ਲਿਆ ਸੀ।
ਇਸ ਅਣਮਨੁੱਖੀ ਵਰਤਾਰੇ ਦਾ ਅਸਰ ਲੋਕ ਮਨਾਂ ਵਿੱਚ ਅਜੇ ਵੀ ਜਿਉਂ ਦਾ ਤਿਉਂ ਹੈ। ਪਿਛਲੇ ਵਰ੍ਹੇ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲ੍ਹਿਆ। ਅਸੀਂ ਕੁਝ ਦੋਸਤ ਉਧਰ ਗਏ, ਗੁਰਦੁਆਰੇ ਦੀ ਹਦੂਦ ’ਚ ਬਣੇ ਅਜਿੱਤਾ ਰੰਧਾਵਾ ਬਾਜ਼ਾਰ ’ਚ ਖਲੋਤਿਆਂ ਝਿਜਕਦਾ-ਝਿਜਕਦਾ ਜਿਹਾ ਇੱਕ ਬਜ਼ੁਰਗ ਮੇਰੇ ਕੋਲ ਆਣ ਖਲੋਤਾ। ਕਹਿੰਦਾ: ਨਾਰੋਵਾਲ ਲਾਗੇ ਕਿਸੇ ਪਿੰਡੋਂ ਆਇਆਂ। ਇੱਧਰੋਂ ਜੰਡਿਆਲੇ ਲਾਗਲੇ ਕਿਸੇ ਪਿੰਡੋਂ ਸੰਤਾਲੀ ਵੇਲੇ ਉੱਜੜ ਕੇ ਗਿਆ ਆਪਣੇ ਵੱਡ ਵਡੇਰਿਆਂ ਨਾਲ। ਉਸ ਦੱਸਿਆ ਕਿ ਉਹਦੇ ਪਿੰਡ ਦੇ ਇੱਕ ਪਾਸੇ ਰੇਲਵੇ ਲਾਈਨ ਹੈ ਤੇ ਦੂਜੇ ਪਾਸੇ ਵੱਡੀ ਨਹਿਰ, ਜਿਹਦੀ ਪਟੜੀ ਦੇ ਕੰਢੇ-ਕੰਢੇ ਉਹ ਮਾਲ-ਡੰਗਰ ਚਾਰਦਾ ਰਿਹਾ ਸੀ ਆਪਣੇ ਹਾਣੀਆਂ ਨਾਲ। ਉਹ ਇੱਧਰ ਆਪਣੇ ਨਾਲ ਪੜ੍ਹਦੇ ਰਹੇ ਕਈ ਸਿੱਖ-ਹਿੰਦੂ ਮੁੰਡਿਆਂ ਦੇ ਨਾਂ ਗਿਣਾਉਂਦਿਆਂ ਕਹਿੰਦਾ ਕਿ ਆਪਣੀ ਜਨਮ ਭੋਇੰ ਵੇਖਣ ਦੀ ਤਾਂਘ ਐ ਦਿਲ ਵਿੱਚ। ਪਿੱਛੇ ਦੋ ਕੋਠੜੀਆਂ ਤੇ ਅੱਗੇ ਦਲਾਨ ਵਾਲਾ ਘਰ ਸੀ ਉਨ੍ਹਾਂ ਦਾ, ਪਿੰਡ ਦੀ ਚੜ੍ਹਦੀ ਬਾਹੀ। ਆਪਣੇ ਘਰ ਨੂੰ ਮੁੜਦੀ ਉਹ ਖਰਾਸੀਆਂ ਵਾਲੀ ਗਲੀ ਦੀ ਮਿੱਟੀ ਮੱਥੇ ਨੂੰ ਲਾਉਣ ਲਈ ਚਿੱਤ ਤਰਸਦਾ, ਜਿਹਦੇ ਇੱਕ ਖੂੰਜੇ ’ਚ ਖੂਹੀ ਸੀ, ਜਿੱਥੋਂ ਸਾਰੇ ਰਲ ਮਿਲ ਕੇ ਪਾਣੀ ਪੀਂਦੇ ਸਨ ਤੇ ਇੱਕ-ਦੂਜੇ ਦੇ ਸਾਹੀਂ ਜਿਉਂਦੇ ਸਨ। ਮੈਂ ਉਸ ਬਜ਼ੁਰਗ ਵੱਲ ਨਿਗ੍ਹਾ ਭਰ ਕੇ ਵੇਖਿਆ। ਉਹਦੀਆਂ ਅੱਖਾਂ ਨਮ ਸਨ। ਚਿਹਰੇ ’ਤੇ ਉੱਭਰ ਆਈਆਂ ਝੁਰੜੀਆਂ ਹੋਰ ਗਹਿਰੀਆਂ ਹੋ ਗਈਆਂ ਸਨ, ਜਿਵੇਂ ਇਸ ਪੌਣੀ ਸਦੀ ਦੇ ਪੈਂਡੇ ਨੂੰ ਆਪਣੇ ਧੁਰ ਅੰਦਰ ਸਮੇਟ ਰਹੀਆਂ ਹੋਣ। ਉਹਦੇ ਬਿਰਧ ਚਿਹਰੇ ’ਤੇ ਹੇਰਵਾ ਤੇ ਅੱਖਾਂ ’ਚ ਵਿਚਾਰਗੀ ਸੀ ਜਿਹਨੂੰ ਵੇਖਦਿਆਂ ਮੇਰਾ ਮਨ ਭਰ ਆਇਆ ਸੀ।
ਚੌਹੱਤਰ ਵਰ੍ਹੇ ਹੋਣ ਲੱਗੇ ਨੇ ਇਸ ਘੱਲੂਘਾਰੇ ਨੂੰ। ਉਜਾੜੇ ਦੀ ਭੇਟ ਚੜ੍ਹੇ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਕਿਸੇ ਨੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸਮਾਗਮ ਰਚਾ ਕੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਹੋਰ ਤਾਂ ਹੋਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਏਡੀ ਵੱਡੀ ਪੱਧਰ ’ਤੇ ਹੋਏ ਮਨੁੱਖਤਾ ਦੇ ਘਾਣ ’ਤੇ ਬੀਤੇ ਤਕਰੀਬਨ ਸੱਤ ਦਹਾਕਿਆਂ ’ਚ ਇੱਕ ਵਾਰੀ ਵੀ ਸੰਸਦ ਦੇ ਅੰਦਰ ਜਾਂ ਬਾਹਰ ਇੱਕ ਵੀ ਸ਼ਬਦ ਨਹੀਂ ਬੋਲਿਆ। ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ ਸੀ। ਦੁਨੀਆ ਦੇ ਹੋਰ ਮੁਲਕਾਂ ਵਿੱਚ ਹੋਏ ਵੱਡੇ ਕਤਲੇਆਮ ਜਾਂ ਜੰਗ ਵਿੱਚ ਮਾਰੇ ਗਏ ਫ਼ੌਜੀਆਂ ਜਾਂ ਲੋਕਾਂ ਦੀ ਯਾਦ ਵਿੱਚ ‘ਅਣਪਛਾਤੇ ਸਿਪਾਹੀ’ ਦੇ ਨਾਮ ’ਤੇ ਯਾਦਗਾਰਾਂ ਬਣੀਆਂ ਹੋਈਆਂ ਹਨ। ਲੋਕ ਆਪਣੇ ਮੁਲਕਾਂ ਦੇ ਆਜ਼ਾਦੀ ਦਿਵਸ ਜਾਂ ਕੌਮੀ ਤਿਉਹਾਰਾਂ ’ਤੇ ਉੱਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਕਈ ਮੁਲਕਾਂ ਵਿੱਚ ਤਾਂ ਨਵ-ਵਿਆਹੇ ਜੋੜੇ ਇਨ੍ਹਾਂ ਯਾਦਗਾਰਾਂ ’ਤੇ ਜਾ ਕੇ ਜ਼ਿੰਦਗੀ ਦੇ ਸਫ਼ਰ ’ਤੇ ਚੱਲਣ ਦੀ ਸਹੁੰ ਖਾਂਦੇ ਹਨ। ਕਈ ਮੁਲਕਾਂ ਵਿੱਚ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਜਾਂ ਰਾਸ਼ਟਰਪਤੀਆਂ ਨੂੰ ਪਹਿਲਾਂ ਇਨ੍ਹਾਂ ਸਿਪਾਹੀਆਂ ਦੀਆਂ ਯਾਦਗਾਰਾਂ ’ਤੇ ਫੁੱਲ ਚੜ੍ਹਾਉਣੇ ਪੈਂਦੇ ਹਨ। ਪਰ ਜੰਗਾਂ, ਯੁੱਧਾਂ, ਤਬਾਹੀਆਂ ਦਾ ਅਹਿਸਾਸ ਰੱਖਣ ਵਾਲੇ ਪੰਜਾਬੀਆਂ ਨੇ ਇਨ੍ਹਾਂ ਨੂੰ ਦੋਹਾਂ ਪੰਜਾਬਾਂ ’ਚ ਹੀ ਅਣਗੌਲਿਆਂ ਕਰ ਦਿੱਤਾ ਹੈ।
ਸੰਪਰਕ: 98721-65707