ਬੁੱਧ ਸਿੰਘ ਨੀਲੋਂ
ਬਾਬਾ ਨਾਨਕ ਜੀ ਕਹਿੰਦੇ ਸਨ:
ਕੂੜੁ ਫਿਰੈ ਪਰਧਾਨੁ ਵੇ ਲਾਲੋ।।
ਅੱਜ ਦਾ ਭਾਈ ਲਾਲੋ ਨਿੱਤ ਮਰਦਾ ਹੈ। ਮਲਿਕ ਭਾਗੋ ਉਸ ਦੀ ਮੌਤ ’ਤੇ ਮਗਰਮੱਛ ਦੇ ਅੱਥਰੂ ਵਹਾਉਂਦਾ ਹੈ। ਉਸ ਨੂੰ ਯਾਦ ਕਰਦਾ ਹੈ ਪਰ ਹੁਣ ਭਾਈ ਲਾਲੋ ਚੁੱਪ ਹੈ।
ਭਾਈ ਲਾਲੋ ਡੂੰਘੇ ਟੋਏ ਡਿੱਗ ਗਿਆ ਹੈ। ਉਹ ਆਪਣੇ ਹੀ ਘਰ ਵਿੱਚ ਅਜਨਬੀ ਹੋ ਗਿਆ। ਆਪਣੇ ਦੇਸ ਵਿੱਚ ਪਰਾਇਆ ਹੀ ਨਹੀਂ ਸਗੋਂ ਦੇਸ਼ ਵਿੱਚ ਪਰਵਾਸੀ ਹੋ ਗਿਆ। ਉਹ ਸਿਰ ਉੱਤੇ ਫ਼ਿਕਰਾਂ ਦੀ ਪੰਡ ਵਿੱਚ ਘਰ ਚੁੱਕੀ, ਉਹ ਕਿੱਥੋਂ ਤੁਰਿਆ ਤੇ ਕਿੱਥੇ ਜਾ ਰਿਹਾ ਹੈ। ਉਸ ਦਾ ਇਸ ਧਰਤੀ ਉੱਤੇ ਕਿਹੜੀ ਥਾਂ ’ਤੇ ਘਰ ਹੈ? ਉਹ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ ਜਿਉਣ ਲਈ ਨਹੀਂ, ਮਰਨ ਲਈ। ਸਾਧ ਸਪੀਕਰ ਉੱਤੇ ਬੋਲਦਾ: ਮਰਨਾ ਸੱਚ ਹੈ ਜਿਉਣਾ ਝੂਠ… …!
ਉਹ ਸੜਕਾਂ ਉੱਤੇ ਖ਼ੂਨ ਪਸੀਨਾ ਇੱਕ ਕਰ ਰਿਹਾ ਹੈ ਪਰ ਉਸ ਨੂੰ ਘਰ ਨਹੀਂ ਮਿਲਿਆ। ਪੁਲੀਸ ਦੀ ਕੁੱਟ ਉਸ ਹਰ ਥਾਂ ਖਾਧੀ ਹੈ।
ਲੱਕਤੋੜ ਬੰਦੀ ਵਿੱਚ ਉਸ ਦਾ ਸਭ ਕੁਝ ਮਰਿਆ ਹੈ ਪਰ ਸਰੀਰ ਨਾ ਮਰਿਆ ਤੇ ਨਾ ਹੀ ਡਰਿਆ। ਇਹ ਪੈਰ ਹਾਕਮਾਂ ਵੱਲ ਕਦੋਂ ਤੁਰਨਗੇ ਆਪਣੇ ਹਿੱਸੇ ਦਾ ਘਰ ਲੈਣ ਲਈ? ਇਨ੍ਹਾਂ ਸਮਿਆਂ ਵਿੱਚ ਅੱਜ ਦੇ ਕਿੰਨੇ ਲਾਲੋ ਮਰੇ ਹਨ, ਕੋਈ ਸਬੂਤ ਤੇ ਅੰਕੜੇ ਨਹੀਂ। ਕਿੰਨਿਆਂ ਨੇ ਤੁਰਨ ਦੇ ਵਿਸ਼ਵ ਰਿਕਾਰਡ ਬਣਾਏ ਨੇ, ਕੋਈ ਖ਼ਬਰ ਨਹੀਂ। ਇਨ੍ਹਾਂ ਦੀ ਤ੍ਰਾਸਦੀ ਦਾ ਇਤਿਹਾਸ ਕਿਹੜਾ ਇਤਿਹਾਸਕਾਰ ਲਿਖੇਗਾ? ਸ਼ਾਇਦ ਕੋਈ ਨਹੀਂ ਲਿਖੇਗਾ। ਲਾਲੋਆਂ ਦਾ ਵੀ ਕੋਈ ਇਤਿਹਾਸ ਹੁੰਦਾ ਹੈ? ਇਹ ਲਾਲੋ ਤਾਂ ਬਣ ਗਏ ਹਨ ਆਮ ਆਦਮੀ। ਆਮ ਆਦਮੀ ਨੂੰ ਕੌਣ ਪੁੱਛਦੈ?
ਉਹ ਹਰ ਸਾਹ ਮਰ ਰਿਹਾ ਹੈ ਪਰ ਉਸ ਨੂੰ ‘ਇਸ ਡੂੰਘੇ ਟੋਏ’ ਵਿੱਚੋਂ ਕੱਢਣ ਵਾਲਾ ਕੋਈ ਨਹੀਂ। ਉਂਜ ਉਸ ਦੇ ਆਲੇ-ਦੁਆਲੇ ਮਲਿਕ ਭਾਗੋ, ਕੌਡੇ ਰਾਖਸ਼ ਤੇ ਵਲੀ ਕੰਧਾਰੀਆਂ ਦੀ ਭੀੜ ਹੈ ਜਿਹੜੇ ਉਸ ਦੇ ਟੋਏ ਵਿੱਚ ਡਿੱਗਣ ਨੂੰ ਵਿਕਾਸ ਆਖਦੇ ਹਨ ਤੇ ਤਾੜੀਆਂ ਮਾਰ ਕੇ ਹੱਸ ਰਹੇ ਹਨ।
ਭਲਾ ਤੁਸੀਂ ਆਪ ਹੀ ਦੱਸੋ? ਆਮ ਵਿਅਕਤੀ ਵੀ ਕਦੇ ਮਰਦਾ ਹੈ? ਇਹ ਸਵਾਲ ਹੀ ਗ਼ਲਤ ਹੈ। ਮਰਦਾ ਤਾਂ ਉਹ ਹੁੰਦਾ ਹੈ ਜਿਹੜਾ ਜਿਉਂਦਾ ਹੋਵੇ। ਹੁਣ ਤੁਸੀਂ ਦੱਸੋ ਆਮ ਆਦਮੀ ਜਿਉਂਦਾ ਕਦੋਂ ਹੁੰਦਾ ਹੈ? ਉਹ ਤਾਂ ਜੰਮਦਾ ਹੀ ਮਰ ਜਾਂਦਾ ਹੈ। ਜੇ ਕਿਧਰੇ ਉਹ ਭੁੱਲ ਭੁਲੇਖੇ ਜੰਮ ਵੀ ਪਵੇ ਤਾਂ ਘੇਰ ਕੇ, ਭਜਾ ਕੇ ਕਿਸੇ ਨਾ ਕਿਸੇ ਹੀਲੇ ਕਿਤੇ ਨਾ ਕਿਤੇ ਮਾਰ ਦਿੱਤਾ ਜਾਂਦਾ ਹੈ।
ਆਮ ਆਦਮੀ ਜਦੋਂ ਵੀ ਮਰਦਾ ਹੈ ਤਾਂ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਦੇ ਮਰਨ ਨਾਲ ਫ਼ਰਕ ਉਸ ਦੇ ਆਪਣਿਆਂ ਨੂੰ ਪੈਂਦਾ ਹੈ ਜਿਨ੍ਹਾਂ ਨਾਲ ਉਹ ਜਿਉਂਦਾ ਹੁੰਦਾ ਹੈ। ਉਹੀ ਉਸ ਦਾ ਸੰਸਾਰ ਤੇ ਪਿਆਰ ਹੁੰਦਾ ਹੈ। ਬਾਕੀ ਸਾਰੇ ਤਾਂ ਉਸ ਨੂੰ ਨਫ਼ਰਤ ਕਰਦੇ ਹਨ। ਉਸ ਨੂੰ ਸ਼ਬਦਾਂ, ਅੱਖਾਂ ਦੀ ਘੂਰ ਤੇ ਡਾਂਗ ਸੋਟੇ ਨਾਲ ਮਾਰਦੇ ਹਨ। ਉਸ ਤੋਂ ਆਪਣੇ ਲਈ ਕੰਮ ਕਰਵਾਉਂਦੇ ਹਨ।
ਆਮ ਆਦਮੀ ਜਦੋਂ ਮਰਦਾ ਹੈ ਤੇ ਉਸ ਦੀ ਸ਼ਵ ਯਾਤਰਾ ਨਿਕਲਦੀ ਹੈ ਤਾਂ ਉਸ ਦੇ ਮਗਰ ਉਸ ਦੇ ਆਪਣੇ ਸੁਪਨੇ ਹੁੰਦੇ ਹਨ। ਉਸ ਦੀ ਸ਼ਵ ਯਾਤਰਾ ਮਗਰ ਕੋਈ ਜਾਵੇ ਵੀ ਕਿਉਂ? ਉਹ ਕਿਹੜਾ ਮਨੁੱਖ ਹੈ? ਉਹ ਤਾਂ ਜਿਵੇਂ ਪਸ਼ੂ ਹੋਵੇ ਤੇ ਪਸ਼ੂ ਮਗਰ ਕਦੇ ਕੋਈ ਜਾਂਦਾ ਦੇਖਿਆ ਹੈ? ਜਦੋਂ ਮਨੁੱਖ ਮਰਦਾ ਹੈ, ਉਸ ਦੀ ਯਾਤਰਾ ਵਿੱਚ ਭੀੜ ਹੁੰਦੀ ਹੈ। ਨਾਲੇ ਆਮ ਆਦਮੀ ਤਾਂ ਰੋਜ਼ ਹੀ ਮਰਦੇ ਹਨ। ਕਿਸ ਕਿਸ ਦੀ ਸ਼ਵ ਯਾਤਰਾ ਮਗਰ ਕੋਈ ਜਾਵੇ। ਨਾਲੇ ਹੁਣ ਕਿਸੇ ਕੋਲ ਵਿਹਲ ਵੀ ਕਿੱਥੇ ਹੈ?
ਆਮ ਆਦਮੀ ਕੋਲ ਆਪਣੇ ਸਰੀਰ ਤੇ ਸੁਪਨਿਆਂ ਤੋਂ ਬਗੈਰ ਕੁਝ ਨਹੀਂ ਹੁੰਦਾ ਪਰ ਜਦੋਂ ਸੁਪਨੇ ਮਰਦੇ ਹਨ ਤਾਂ ਆਮ ਆਦਮੀ ਵੀ ਮਰਦਾ ਹੈ। ਫੇਰ ਉਹ ਸ਼ਮਸ਼ਾਨਘਾਟ ਤੀਕ ਆਪਣੀ ਹੀ ਲਾਸ਼ ਮੋਢਿਆਂ ’ਤੇ ਚੁੱਕੀ ਫਿਰਦਾ ਰਹਿੰਦਾ ਹੈ। ਇਉਂ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਉਹ ਚੁੱਕੀ ਰੱਖਦਾ ਹੈ।
ਆਮ ਆਦਮੀ ਦੇ ਮਨ ਦੀ ਪੀੜ ਕੋਈ ਨਹੀਂ ਜਾਣਦਾ। ਉਹ ਪੀੜ ਕਿਵੇਂ ਜਾਣ ਸਕਦੇ ਹਨ ਜਿਹੜੇ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਜੰਮੇ ਹੋਣ। ਸੋਨੇ ਦਾ ਚਮਚਾ ਲੈ ਕੇ ਜੰਮਣ ਵਾਲਿਆਂ ਵਿੱਚੋਂ ਬਹੁਤਿਆਂ ਦੇ ਮਾਪਿਆਂ ਨੇ ਆਪਣੀ ਜ਼ਮੀਰ ਵੇਚ ਕੇ ਮਾਇਆ ਇਕੱਠੀ ਕੀਤੀ ਹੁੰਦੀ ਹੈ। ਮਾਇਆ ਇਕੱਠੀ ਕਰਨ ਲਈ ਦੂਜਿਆਂ ਦਾ ਪੇਟ ਕੱਟਣਾ ਪੈਂਦਾ ਹੈ। ਦੂਜਿਆਂ ਦਾ ਪੇਟ ਉਹੀ ਕੱਟ ਸਕਦਾ ਹੈ ਜਿਸ ਦੇ ਹੱਥ ਛੁਰਾ ਹੋਵੇ। ਉਹ ਛੁਰਾ ਜਿਹੜਾ ਕਦੇ ਲੋਹੇ ਦਾ ਹੁੰਦਾ ਹੈ, ਕਦੇ ਧਰਮ ਦਾ, ਕਦੇ ਸਮਾਜ ਦਾ ਤੇ ਕਦੇ ਕਿਰਤ ਦਾ। ਇਸ ਛੁਰੇ ਦੇ ਬਹੁਤ ਰੂਪ ਹਨ। ਇਹ ਛੁਰੇ ਹਰ ਥਾਂ ਆਪਣੀ ਸ਼ਕਲ ਤੇ ਮਖੌਟਾ ਬਦਲ ਲੈਂਦੇ ਹਨ। ਆਮ ਵਿਅਕਤੀ ਦਾ ਗਲਾ ਜਾਂ ਪੇਟ ਕੱਟਣਾ ਆਮ ਵਰਤਾਰਾ ਹੈ।
ਆਮ ਆਦਮੀ ਤਾਂ ਦੂਸਰਿਆਂ ਦੇ ਚੁੱਲ੍ਹਿਆਂ ਲਈ ਬਾਲਣ ਹੁੰਦਾ ਹੈ। ਉਹ ਉਨ੍ਹਾਂ ਲੋਕਾਂ ਲਈ ਬਲਦਾ ਹੈ ਜਿਹੜੇ ਉਸ ਨੂੰ ਬਾਲਣ ਬਣਾਈ ਰੱਖਦੇ ਹਨ। ਆਮ ਆਦਮੀ ਆਪਣੇ ਲਈ ਕਦੇ ਵੀ ਬਲਦਾ ਨਹੀਂ, ਉਸ ਦਾ ਤਾਂ ਸਿਵਾ ਬਲਦਾ ਹੈ। ਉਹ ਆਦਮੀ ਕਦੇ ਵੀ ਨਹੀਂ ਮਰਦੇ ਜਿਹੜੇ ਆਮ ਆਦਮੀ ਦਾ ਲਹੂ ਪੀਂਦੇ ਹਨ। ਉਸ ਦੇ ਹੱਡਾਂ ਨੂੰ ਤੋੜਦੇ ਹਨ ਤਾਂ ਕਿ ਉਹ ਸਦਾ ਬਾਲਣ ਤੱਕ ਹੀ ਸੀਮਿਤ ਰਹੇ।
ਆਮ ਆਦਮੀ ਦਾ ਨਾ ਕੋਈ ਆਪਣਾ ਦਿਨ ਹੁੰਦਾ ਹੈ ਤੇ ਨਾ ਹੀ ਰਾਤ। ਉਹ ਤਾਂ ਚੌਵੀ ਘੰਟੇ ਕੋਹਲੂ ਦੇ ਬਲਦ ਵਾਂਗ ਉਨ੍ਹਾਂ ਲਈ ਕਮਾਉਂਦਾ ਹੈ ਜਿਹੜੇ ਉਸ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦਿੰਦੇ ਕਿ ਉਹ ਕਿਸ ਲਈ ਕਮਾ ਰਿਹਾ ਹੈ। ਉਸ ਨੂੰ ਆਪਣੇ ਅਤੇ ਦੁਸ਼ਮਣ ਵਿੱਚ ਫ਼ਰਕ ਨਹੀਂ ਲੱਗਦਾ ਕਿਉਂਕਿ ਢਿੱਡ ਦੀ ਮਜਬੂਰੀ ਨੇ ਉਸ ਨੂੰ ਮਸ਼ੀਨ ਹੀ ਬਣਾ ਦਿੱਤਾ ਹੈ।
ਮਸ਼ੀਨ ਦਾ ਕੰਮ ਹੁੰਦਾ ਹੈ ਵੱਧ ਤੋਂ ਵੱਧ ਉਤਪਾਦਨ ਕਰਨਾ। ਉਹ ਵੱਧ ਤੋਂ ਵੱਧ ਉਤਪਾਦਨ ਕਰਦਾ ਹੈ। ਆਮ ਆਦਮੀ ਬਾਰੇ ਸਭ ਚੁੱਪ ਹਨ, ਕਲਮਾਂ ਵਾਲੇ ਵੀ ਤੇ ਧਰਮਾਂ ਕਰਮਾਂ ਵਾਲੇ ਵੀ। ਕਲਮਾਂ ਵਾਲੇ ਤਾਂ ਉਸ ਵੱਲ ਪਿੱਠ ਕਰੀ ਖੜ੍ਹੇ ਹਨ। ਉਹ ਤਾਂ ਔਰਤ-ਮਰਦ ਦੇ ਰਿਸ਼ਤਿਆਂ ਦੀ ਪਰਿਕਰਮਾ ਕਰਦੇ ਹਨ। ਉਨ੍ਹਾਂ ਕੋਲ ਆਮ ਆਦਮੀ ਬਾਰੇ ਕੁਝ ਲਿਖਣ ਦਾ ਸਮਾਂ ਕਿੱਥੇ! ਧਰਮਾਂ ਵਾਲੇ ਉਸ ਦੀ ਜੀਭ ਕੱਟ ਦਿੰਦੇ ਹਨ।
ਆਮ ਆਦਮੀ ਸੁਣ ਨਹੀਂ ਸਕਦਾ ਕਿਉਂਕਿ ਉਸ ਦੇ ਕੰਨਾਂ ਵਿੱਚ ਸਦੀਆਂ ਤੋਂ ਸਿੱਕਾ ਗਰਮ ਕਰ ਕੇ ਪਾਇਆ ਹੋਇਆ ਹੈ। ਉਸ ਦੇ ਹੱਥ ਤੇ ਜੀਭ ਕੱਟ ਦਿੱਤੀ ਹੈ।
ਆਮ ਆਦਮੀ ਦੇ ਜਿਉਂਦੇ ਰਹਿਣ ਜਾਂ ਮਰਨ ਨਾਲ ਕੀ ਫ਼ਰਕ ਪੈਂਦਾ ਹੈ? ਆਮ ਵਿਅਕਤੀ ਜਦੋਂ ਹੋਸ਼ ਵਿੱਚ ਆਵੇਗਾ ਤਾਂ ਉਹ ਮਰੇਗਾ ਨਹੀਂ, ਜਿਉਂਦਾ ਰਹੇਗਾ ਪਰ ਖ਼ੂਨ ਪੀਣਿਆਂ ਨੇ ਉਸ ਦੇ ਹੋਸ਼ ਵਿੱਚ ਆਉਣ ਲਈ ਕੋਈ ਰਸਤਾ ਨਹੀਂ ਛੱਡਿਆ।
ਆਮ ਆਦਮੀ ਨੂੰ ਹੁਣ ਰਸਤਾ ਲੱਭਣਾ ਪਵੇਗਾ ਕਿ ਉਸ ਨੇ ਕਿਧਰ ਜਾਣਾ ਹੈ। ਉਸ ਦੇ ਜ਼ਿੰਦਗੀ ਜਿਉਣ ਦੇ ਸਾਰੇ ਰਸਤੇ ਦਿਨੋਂ-ਦਿਨ ਬੰਦ ਹੋ ਰਹੇ ਹਨ। ਹਰ ਤਰ੍ਹਾਂ ਦੀ ਮਾਰ ਆਮ ਆਦਮੀ ਨੂੰ ਹੀ ਪੈ ਰਹੀ ਹੈ। ਮਨੁੱਖ ਰੋਜ਼ੀ-ਰੋਟੀ ਤੋਂ ਵੀ ਔਖਾ ਹੋ ਗਿਆ ਹੈ। ਹੁਣ ਉਸ ਨੇ ਆਰ-ਪਾਰ ਦੀ ਲੜਾਈ ਨਾ ਲੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸ ਦੀ ਹੋਂਦ ਵੀ ਖ਼ਤਮ ਹੋ ਜਾਵੇਗੀ। ਸਿਆਸਤਦਾਨਾਂ ਨੇ ਦੇਸ਼ ਦੇ ਆਦਮੀ ਨੂੰ ਡੂੰਘੇ ਟੋਏ ਵਿੱਚ ਸੁੱਟ ਦਿੱਤਾ ਹੈ।
ਹੁਣ ਇਸ ਵੱਡੇ ਟੋਏ ਵਿੱਚੋਂ ਕਿਵੇਂ ਨਿਕਲਣਾ ਹੈ? ਇਹ ਸਵਾਲ ਸਭ ਦੇ ਸਾਹਮਣੇ ਹੈ। ਭਾਈ ਲਾਲੋ ਸੰਘਰਸ਼ ਦੇ ਵੀ ਸਨਮੁਖ ਹੈ ਪਰ ਉਸ ਨੇ ਹੁਣ ਕੀ ਕਰਨਾ ਹੈ? ਸੋਚਣ ਦਾ ਸਮਾਂ ਹੈ।
ਸੰਪਰਕ: 94643-70823