ਡਾ. ਸਾਹਿਬ ਸਿੰਘ
ਨਾਬਰੀ ਦੇ ਗੀਤ ਗਾਉਣ ਵਾਲੇ, ਸੱਤਾ-ਦਮਨ ਖਿਲਾਫ਼ ਨਾਟਕ ਪੇਸ਼ ਕਰਨ ਵਾਲੇ, ਫ਼ਿਰਕੂ ਸਦਭਾਵਨਾ ਦੀ ਆਵਾਜ਼ ਬੁਲੰਦ ਕਰਨ ਵਾਲੇ ‘ਕਬੀਰ ਕਲਾ ਮੰਚ’ ਦੇ ਕਲਾਕਾਰਾਂ ਦੀਆਂ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਸਾਗਰ ਗੋਰਖੇ, ਰਮੇਸ਼ ਗਾਈਚਰ ਦੀ ਗ੍ਰਿਫ਼ਤਾਰੀ ਦੀ ਖ਼ਬਰ ਅਜੇ ਠੰਢੀ ਨਹੀਂ ਸੀ ਹੋਈ ਕਿ ਜੋਤੀ ਜਗਤਾਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕਲਾਕਾਰਾਂ ਵੱਲੋਂ ਕੀਤੀ ਗ਼ੈਰ ਕਾਨੂੰਨੀ ਗਤੀਵਿਧੀ ਦੀ ਇਕ ਝਲਕ ਦੇਖ ਲਓ, ਅੰਦਾਜ਼ਾ ਲਾਉਣਾ ਸੌਖਾ ਹੋ ਜਾਵੇਗਾ ਕਿ ਇਨ੍ਹਾਂ ਕਲਾਕਾਰਾਂ ਨੇ ਕਿੰਨੀ ਭਾਰੀ ਗੁਸਤਾਖੀ ਕੀਤੀ ਹੈ। ਕਬੀਰ ਕਲਾ ਮੰਚ ਦੀ ਅਦਾਕਾਰਾ ਸ਼ੀਤਲ ਸਾਠੇ ਇਕ ਕਵਿਤਾ ਅਰਜ਼ ਕਰ ਰਹੀ ਹੈ :
ਜਦ ਗਾਂ ਰੰਭਦੀ ਹੈ
ਤੇ ਪਿਆਰ ਨਾਲ ਆਪਣੇ ਵੱਛੜੇ ਨੂੰ ਚੱਟਦੀ ਹੈ
ਤਾਂ ਮੈਨੂੰ ਮੇਰੀ ਮਾਂ ਯਾਦ ਆਉਂਦੀ ਹੈ
ਆਂਢ ਗੁਆਂਢ ਦੀਆਂ ਔਰਤਾਂ ਚੇਤੇ ਕਰਦੀਆਂ ਹਨ
ਜਦੋਂ ਮੈਂ ਨਿੱਕੀ ਬੱਚੀ ਸੀ ਤਾਂ ਸੋਕਾ ਪਿਆ ਸੀ
ਤੇ ਮੇਰੀ ਮਾਂ ਦੀਆਂ ਛਾਤੀਆਂ ’ਚ ਦੁੱਧ ਸੁੱਕ ਗਿਆ ਸੀ
ਮਾਂ ਬਾਜਰੇ ਦੇ ਆਟੇ ’ਚ ਬੁੱਕ ਪਾਣੀ ਦਾ ਉਲੱਦ ਦਿੰਦੀ
ਮੇਰੀ ਮਾਂ ਨੇ ਮੈਨੂੰ ਇਹ ਬੇਰੜਾ ਖੁਆ ਪਾਲਿਆ
ਹੁਣ ਜਦੋਂ ਵੀ ਗਾਂ ਰੰਭਦੀ ਹੈ
ਮਾਂ ਬਹੁਤ ਚੇਤੇ ਆਉਂਦੀ ਹੈ।
ਕਬੀਰ ਕਲਾ ਮੰਚ ਦੇ ਇਨ੍ਹਾਂ ਕਲਾਕਾਰਾਂ ਨੂੰ ਕੌਣ ਕਿਵੇਂ ਸਮਝਾਵੇ ਕਿ ਇਹ ਦੁਖ ਸਿਰਫ਼ ਹੰਢਾਉਣ ਲਈ ਹੁੰਦੇ ਹਨ, ਦੱਸਣ ਲਈ ਨਹੀਂ। ਦੱਸਣਾ ਗ਼ੈਰਕਾਨੂੰਨੀ ਹੈ। ਦੱਸਣਾ ਮੁਲਕ ਦੀ ਸ਼ਾਂਤੀ ’ਚ ਖਖਲਲ ਪਾਉਣ ਵਰਗਾ ਹੈ। ਸ਼ੀਤਲ ਸਾਠੇ ਕਹਿੰਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਜਿੱਥੇ ਇਕੋ ਮੁਲਕ ਅੰਦਰ ਦੋ ਮਾਵਾਂ ਆਪਣੇ ਬੱਚਿਆਂ ਨੂੰ ਅਲੱਗ ਤਰੀਕੇ ਨਾਲ ਪਾਲਦੀਆਂ ਹਨ। ਇਕ ਮਾਂ ਭਾਂਤ ਸੁਭਾਂਤੇ ਖਾਣੇ ਖੁਆਉਂਦੀ ਹੈ, ਮਨਭਾਉਂਦੀ ਸਿੱਖਿਆ ਦੁਆਉਂਦੀ ਹੈ ਤੇ ਦੁਨੀਆਂ ਦੀ ਹਰ ਸ਼ੈਅ ਬੱਚੇ ਨੂੰ ਪ੍ਰਦਾਨ ਕਰਦੀ ਹੈ ਤੇ ਦੂਜੀ ਮਾਂ ਸਿਰਫ਼ ਇਸ ਸਭ ਲਈ ਦੁਆ ਕਰਨ ਜੋਗੀ ਹੀ ਹੈ। ਮਾਂ ਦਾ ਦਰਦ ਕੌਣ ਸਮਝੇ? ਕਹਿਣ ਨੂੰ ਤਾਂ ਦੇਸ਼ ਦੀ ਵਿੱਤ ਮੰਤਰੀ ਵੀ ਇਕ ਮਾਂ ਹੈ। ਪਰ ਨੇਤਾਵਾਂ ਦੀ ਜ਼ਾਤ, ਨਸਲ, ਧਰਮ, ਲਿੰਗ ਬਾਰੇ ਤਾਂ ਅਸਗ਼ਰ ਵਜਾਹਤ ਬਹੁਤ ਪਹਿਲਾਂ ਲਿਖ ਚੁੱਕਾ ਹੈ, ਜਦੋਂ ਉਸ ਦੇ ਨਾਟਕ ‘ਸਭਸੇ ਸਸਤਾ ਗੋਸ਼ਤ’ ਵਿਚ ਹਿੰਦੂ ਤੇ ਮੁਸਲਿਮ ਨੇਤਾ ਬਗਲਗੀਰ ਹੋ ਕੇ ਦਰਸ਼ਕਾਂ ਦੇ ਸਾਹਮਣੇ ਆਉਂਦੇ ਹਨ। ਆਪਣੀ ਪਛਾਣ ਕਰਵਾਉਂਦਿਆਂ ਪਹਿਲੀ ਸਤਰ ਨਾਲ ਹੀ ਸਭ ਪਰਦੇ ਚੁੱਕ ਦਿੰਦੇ ਹਨ,‘ਨੇਤਾ ਹੈਂ ਹਮ ਜ਼ਾਤ ਕੇ, ਨਾ ਹਿੰਦੂ ਨਾ ਮੁਸਲਮਾਨ!’ ਕਬੀਰ ਕਲਾ ਮੰਚ ਦੇ ਕਲਾਕਾਰਾਂ ’ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੇ ਭੜਕਾਹਟ ਪੈਦਾ ਕੀਤੀ ਹੈ।
1992 ਦੇ ਉਹ ਦਿਨ ਕਿਸਨੂੰ ਭੁੱਲੇ ਹਨ ਜਦੋਂ ਦੇਸ਼ ਅੰਦਰ ਫ਼ਿਰਕੂ ਸਦਭਾਵਨਾ ਦੇ ਪਰਖੱਚੇ ਉਡਾਏ ਗਏ ਸਨ। ਉਦੋਂ ਮਹਾਂਰਾਸ਼ਟਰ ਦੇ ਕੁਝ ਕਵੀਆਂ, ਗਾਇਕਾਂ, ਅਦਾਕਾਰਾਂ, ਸਮਾਜ ਸੇਵੀਆਂ ਨੇ ਮਿਲ ਕੇ ਇਕ ਸੰਸਥਾ ਦਾ ਨਿਰਮਾਣ ਕੀਤਾ ਸੀ ਤੇ ਇਸ ਦਾ ਨਾਂ ਰੱਖਿਆ ਸੀ- ਕਬੀਰ ਕਲਾ ਮੰਚ। ਇਸ ਮੰਚ ਨੇ ਆਪਣਾ ਪਰਮ ਉਦੇਸ਼ ਫ਼ਿਰਕੂ ਦੰਗਿਆਂ ਖ਼ਿਲਾਫ਼ ਕਲਾਤਮਕ ਤਰੀਕੇ ਨਾਲ ਆਵਾਜ਼ ਬੁਲੰਦ ਕਰਨਾ ਮਿੱਥਿਆ ਸੀ। ਇਹ ਨੌਜਵਾਨ/ਗੱਭਰੂ ਤੇ ਮੁਟਿਆਰਾਂ ਸਮਾਜ ਦੇ ਉਸ ਤਬਕੇ ਨਾਲ ਸਬੰਧਿਤ ਹਨ ਜਿਨ੍ਹਾਂ ਨੂੰ ਅਸੀਂ ਸਦੀਆਂ ਤੋਂ ਹਾਸ਼ੀਏ ਦੇ ਪਾਰ ਧੱਕਿਆ ਹੈ ਤੇ ਅੱਜ ਤਕ ਧੱਕ ਰਹੇ ਹਾਂ। 31 ਦਸੰਬਰ, 2017 ਨੂੰ ਜਦੋਂ ‘ਭੀਮਾ ਕੋਰੇਗਾਓਂ ਸ਼ੌਰਿਆ ਦਿਵਸ ਪ੍ਰੇਰਨਾ ਅਭਿਆਨ’ ਤਹਿਤ ਦਲਿਤ ਭਾਈਚਾਰਾ ਆਪਣਾ ਦਿਵਸ ਮਨਾ ਰਿਹਾ ਸੀ ਤਾਂ ਉੱਚ ਵਰਗ ਦੇ ਸੀਨੇ ’ਚ ਸੂਲ ਚੁੱਭਿਆ ਤੇ ਕੇਸ ਦਰਜ ਹੋ ਗਿਆ। ਉਸ ਕੇਸ ਅਧੀਨ ਦਰਜ ਕੀਤੀ ਗਈ ਲਿਸਟ ਵਿਚ ਇਨ੍ਹਾਂ ਕਲਾਕਾਰਾਂ ’ਚੋਂ ਕਿਸੇ ਦਾ ਨਾਂ ਨਹੀਂ ਹੈ, ਪਰ ਵਕਤ ਗੁਜ਼ਰ ਜਾਣ ਤੇ ‘ਉਨ੍ਹਾਂ’ ਨੂੰ ਅਹਿਸਾਸ ਹੋਇਆ ਕਿ ਜਿਸ ਮਿੱਟੀ ’ਤੇ ਖੜ੍ਹ ਕੇ ‘ਰੀਂਗਦੇ ਕੀੜੇ’ ਉੱਡਣ ਦੇ ਸੁਪਨੇ ਲੈ ਰਹੇ ਹਨ, ਉਸ ਮਿੱਟੀ ਨੂੰ ਪਾਣੀ ਤਾਂ ਇਹ ਗੁਸਤਾਖ਼ ਕਲਾਕਾਰ ਦਿੰਦੇ ਹਨ ਤੇ ਸਜ਼ਾਵਾਂ ਮੁਕੱਰਰ ਹੋਣ ਲੱਗੀਆਂ। ਇਹ ਪਹਿਲੀ ਵਾਰ ਨਹੀਂ ਹੋਇਆ, ਆਖ਼ਰੀ ਵਾਰ ਵੀ ਨਹੀਂ। ਸ਼ੀਤਲ ਸਾਠੇ ਦੇ ਲੇਖਕ ਪਤੀ ਸਚਿਨ ਮਾਲੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ੍ਹ ’ਚ ਬੰਦ ਕੀਤਾ ਜਾ ਚੁੱਕਾ ਹੈ।
2017 ਦੀ ਇਪਟਾ ਕਾਨਫਰੰਸ ਮੌਕੇ ਇਹੀ ਸ਼ੀਤਲ ਸਾਠੇ ਜਦੋਂ ਮੰਚ ਤੋਂ ਆਪਣੇ ਗੀਤ ਦੀ ਪੇਸ਼ਕਾਰੀ ਦੇ ਰਹੀ ਸੀ ਤਾਂ ਉਸ ਦਾ ਤਿੰਨ ਸਾਲ ਦਾ ਬੱਚਾ ਖੱਬੇ ਪਾਸੇ ਇਕ ਸਾਜ਼ਿੰਦੇ ਕੋਲ ਬੈਠਾ ਲੋਕਾਂ ਦੇ ਇਕੱਠ ਨੂੰ ਦੇਖ ਰਿਹਾ ਸੀ। ਚੌਥੇ ਸਾਲ ’ਚ ਪ੍ਰਵੇਸ਼ ਕਰ ਚੁੱਕੇ ਉਸ ਅਭੋਲ ਬੱਚੇ ਦੀ ਮਾਂ ਮੰਚ ਤੋਂ ਸਵਾਲ ਕਰ ਰਹੀ ਹੈ ਕਿ ਜਦੋਂ ਇਹ ਬੱਚਾ ਪੁੱਛੇਗਾ ਕਿ ਮੇਰਾ ਬਾਪ ਕਿੱਥੇ ਹੈ ਤਾਂ ਮੈਂ ਕੀ ਜਵਾਬ ਦਿਆਂਗੀ! ਉਹ ਕਹਿੰਦੀ ਹੈ ਕਿ ਤਕਲੀਫ਼ ਇਹ ਦੱਸਣ ’ਚ ਨਹੀਂ ਕਿ ਬਾਪ ਜੇਲ੍ਹ ’ਚ ਹੈ। ਤਕਲੀਫ਼ ਇਸ ਗੱਲ ਦੀ ਹੈ ਕਿ ਬਿਨਾਂ ਕਸੂਰੋਂ ਜੇਲ੍ਹ ’ਚ ਡੱਕੇ ਸਚਿਨ ਬਾਰੇ ਬੱਚੇ ਨੂੰ ਇਹ ਕਿਵੇਂ ਸਮਝਾਵੇ ਕਿ ਤੇਰਾ ਬਾਪ ਜੇਲ੍ਹ ’ਚ ਕਿਉਂ ਹੈ। ਪਰ ਸ਼ੀਤਲ ਸਾਠੇ ਦੀ ਆਵਾਜ਼ ਕੰਬਦੀ ਨਹੀਂ, ਉਹ ਕਵਿਤਾ ਕਹਿੰਦੀ ਹੈ,‘ਮੇਰੇ ਬੱਚੇ, ਮੈਂ ਤੈਨੂੰ ਕੀ ਦੱਸਾਂ/ ਤੈਨੂੰ ਅਸੀਂ ਤੂਫਾਨ ’ਚ ਜਨਮ ਦਿੱਤਾ ਹੈ/ ਫਟੇ ਹੋਏ ਅੰਬਰ ’ਚ ਤੇਰੇ ਲਈ ਝੂਲਾ ਬੰਨ੍ਹਿਆ ਹੈ!’
ਫਟੇ ਹੋਏ ਅੰਬਰ ’ਚ ਆਉਣ ਵਾਲੀ ਨਸਲ ਲਈ ਝੂਲਾ ਬੰਨ੍ਹਣ ਵਾਲਿਆਂ ਨੂੰ ਹਰ ਯੁੱਗ ’ਚ ਸਜ਼ਾਵਾਂ ਮਿਲਦੀਆਂ ਆਈਆਂ ਹਨ। ਬਾਬਰ ਦੇ ਮੂੰਹ ’ਤੇ ਜਦੋਂ ਸਾਡੇ ਬਾਬੇ ਨੇ ਕਿਹਾ ਸੀ,‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ/ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ?’ ਤਾਂ ਬਾਬੇ ਨੂੰ ਵੀ ਚੱਕੀਆਂ ਪੀਹਣ ਦੀ ਸਜ਼ਾ ਮਿਲੀ ਸੀ। ਤੱਤੀਆਂ ਤਵੀਆਂ ’ਤੇ ਬਹਿ ਸਿਰ ’ਚ ਤੱਤਾ ਰੇਤਾ ਪੁਆਉਣ ਵਾਲੀਆਂ ਕਲਾਕਾਰੀਆਂ ਸਿਰਫ਼ ਕਬੀਰ ਕਲਾ ਮੰਚ ਦੀ ਨਹੀਂ, ਬਲਕਿ ਹਰ ਲੋਕ ਪੱਖੀ ਕਲਾਕਾਰ ਦੀ ਵਿਰਾਸਤ ਹੈ। ਸਵਰਾਜਬੀਰ ਜਦੋਂ ‘ਕ੍ਰਿਸ਼ਨ’ ਨਾਟਕ ਲਿਖਦਾ ਹੈ, ਕੇਵਲ ਧਾਲੀਵਾਲ ਇਸਦੀ ਪੇਸ਼ਕਾਰੀ ਲਈ ਟੀਮ ਸਮੇਤ ਤਿਆਰ ਹੈ ਤਾਂ ਤ੍ਰਿਸ਼ੂਲਾਂ, ਤਲਵਾਰਾਂ, ਪਿਸਤੌਲਾਂ ਨਾਲ ਲੈਸ ਹੋ ਕੇ ਉਸ ਨੂੰ ਘੇਰਾ ਪਾ ਲੈਂਦੇ ਹਨ। ਪਰ ਜਿਨ੍ਹਾਂ ਦੇ ਖੂਨ ’ਚ ਗੁਰੂ ਤੇਗ ਬਹਾਦਰ ਦੇ ਸ਼ਲੋਕ ਹਰਕਤ ਕਰ ਰਹੇ ਹੋਣ, ‘ਭੈ ਕਾਹੂ ਕਉ ਦੇਤ ਨਾਹਿ, ਨਾਹਿ ਭੈ ਮਾਨਤ ਆਨ!’ ਉਹ ਕਦੋਂ ਡੋਲੇ ਨੇ! ਉਹ ਖੜ੍ਹੇ ਰਹੇ, ਖੜ੍ਹੇ ਹਨ, ਤੇ ਖੜ੍ਹੇ ਰਹਿਣਗੇ।
ਕਬੀਰ ਕਲਾ ਮੰਚ ਦੇ ਸਿਰੜੀ ਕਲਾਕਾਰਾਂ ਦੀ ਪਿੱਠ ’ਤੇ ਭਗਤ ਕਬੀਰ ਖੜ੍ਹਾ ਹੈ। ਕਬੀਰ ਦੀ ਆਵਾਜ਼ ਫਿਜ਼ਾ ਅੰਦਰ ਗੂੰਜ ਰਹੀ ਹੈ:
ਕਬੀਰਾ ਖੜ੍ਹਾ ਬਾਜ਼ਾਰ ਮੇਂ, ਲੀਏ ਲੁਕਾਠੀ ਹਾਥ
ਜੋ ਘਰ ਫੂਕ ਕੇ ਆਪਣਾ, ਚਲੇ ਹਮਾਰੇ ਸਾਥ।
ਰੰਗਕਰਮੀ ਘਰ ਫੂਕ ਕੇ ਹੀ ਮੰਚ ਉੱਤੇ ਚੜ੍ਹਦੇ ਹਨ। ਰੰਗਕਰਮੀਆਂ ਨੂੰ ਆਪਣੀ ਤਾਕਤ ਅਤੇ ਜਨੂੰਨ ਉੱਤੇ ਮਾਣ ਹੈ, ਪਰ ਰੰਗਕਰਮੀ ਸਵਾਲ ਵੀ ਕਰਦਾ ਹੈ। ਆਓ, ਇਕ ਵਾਰ ਫਿਰ ਸ਼ੀਤਲ ਸਾਠੇ ਦੇ ਬੋਲਾਂ ਵੱਲ ਗੌਰ ਕਰੀਏ। ਉਹ ਕਹਿੰਦੀ ਹੈ,‘ਜਨਤਾ ਦੇ ਦੁੱਖਾਂ ਤਕਲੀਫਾਂ ਨੂੰ ਅਸੀਂ ਆਵਾਜ਼ ਦਿੱਤੀ। ਅੱਜ ਕਲਾਕਾਰ ਤਕਲੀਫ਼ ’ਚ ਹੈ। ਬਾਹਰ ਆਵਾਜ਼ ਸੁਣਾਈ ਕਿਉਂ ਨਹੀਂ ਦੇ ਰਹੀ?’ ਕੀ ਰੰਗਕਰਮੀ ਜਨਤਾ ਦੇ ਗਲਿਆਰਿਆਂ ’ਚ ਇਸ ਧੱਕੇ ਖਿਲਾਫ਼ ਸ਼ੋਰ ਦੀ ਆਸ ਰੱਖ ਸਕਦਾ ਹੈ? ਉਮੀਦ ਹੈ ਕਿ ਤੁਸੀਂ ਇਸਦਾ ਜਵਾਬ ਜ਼ਰੂਰ ਦਿਓਗੇ, ਪਰ ਸਾਡਾ ਵਿਸ਼ਵਾਸ ਹੈ ਕਿ ਜਵਾਬ ਕੁਝ ਵੀ ਆਵੇ, ਰੰਗਕਰਮੀਆਂ ਦੇ ਦਿਲਾਂ ’ਚੋਂ ਕੋਈ ਇਸ ਮਾਣਮੱਤੇ ਤਰਾਨੇ ਨੂੰ ਹੂੰਝ ਨਹੀਂ ਸਕਦਾ:
ਸੱਚ ਦੇ ਸੰਗਰਾਮ ਨੇ ਹਰਨਾ ਨਹੀਂ
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ!
ਸੰਪਰਕ: 98880-11096