ਅਮਰਜੀਤ ਚੰਦਨ
ਜਾਗੋ ਸ਼ਬਦ ਦੀ ਜੜ੍ਹ ਸੰਸਕ੍ਰਿਤ ਦੇ ਧਾਤੂ ‘ਜਾ’ ਵਿਚ ਹੈ, ਜਿਹਦਾ ਅਰਥ ਹੈ: ਪੈਦਾ ਹੋਇਆ-ਹੋਇਆ। ਅਗਾਂਹ ਹੋਰ ਸ਼ਬਦਮਾਲ਼ਾ ਤੁਰਦੀ ਹੈ: ਜਾਗ। ਜਾਗਰ। ਜਾਗ੍ਰ। ਜਾਗਰਸਥਨਾ। ਜਾਗਰਣਮ੍ਰ। ਜਾਗਰਿਤ। ਜਾਗ੍ਰਤ੍ਰ। ਜਾਗ੍ਰਵਿ। ਜਾਗਰੂਕ। ਜਾਗ੍ਰਿਯਾ। ਜਾਗ੍ਰਿਸ਼ਣੂ।
ਮੁੰਡੇ ਦੇ ਵਿਆਹ ਵੇਲੇ ਮੇਲਣਾਂ ਦੀ ਪਿੰਡ ਵਿਚ ਅੱਧੀ ਰਾਤ ਨੂੰ ਕੱਢੀ ਜਾਗੋ ਤੇ ਪਾਏ ਗਿੱਧੇ ਦੀ ਰੀਤ ਚਾਰ-ਪੰਜ ਸਦੀਆਂ ਪਹਿਲਾਂ ਕਿਤੇ ਮੱਧਕਾਲ ਵਿਚ ਸ਼ੁਰੂ ਹੋਈ ਹੋਣੀ ਹੈ। ਮਾਮੀ ਦੇ ਸਿਰ ’ਤੇ ਰੱਖੀ ਗਾਗਰ ਉੱਤੇ ਟਿਕਾਏ ਆਟੇ ਦੇ ਦੀਵਿਆਂ ਵਿਚ ਸਰ੍ਹੋਂ ਦੇ ਤੇਲ ਨਾਲ਼ ਬਲ਼ਦੀਆਂ ਰੂੰ ਦੀਆਂ ਬੱਤੀਆਂ ਵਿਚ ਰਿਜ਼ਕ ਤੇ ਚਾਨਣ ਦਾ ਸੁਮੇਲ ਧਧਕ ਰਿਹਾ ਹੈ। ਇਸ ਚਾਨਣ ਵਿਚ ਮਨੁੱਖ ਤੇ ਜਨੌਰ – ਠਠਿਆਰ, ਕਿਰਸਾਨ, ਬੌਲ਼ਦ, ਤੇਲੀ, ਤੇ ਪੇਂਜੇ – ਦੀ ਕਿਰਤ ਤੇ ਘਾਲ ਰੂਪਮਾਨ ਹੈ। ਪਿੱਛੇ-ਪਿੱਛੇ ਕੁੜੀਆਂ ਸੁੰਢ-ਜਵੈਣ, ਸੂਈ-ਗਧੂਈ ਵੇਚਣ ਵਾਲ਼ੀਆਂ, ਬੱਠਲ਼ਾਂ ਦੇ ਥੱਲੇ ਲਾਉਣ ਵਾਲ਼ੀਆਂ ਲੋਹਾਰਨਾਂ ਦੀਆਂ ਸਾਂਗਾਂ ਲਾਉਂਦੀਆਂ ਅਪਣੇ ਆਪ ਨੂੰ ਲੰਬੜਦਾਰਨੀਆਂ ਸੂਬੇਦਾਰਨੀਆਂ ਖੜਪੈਂਚਣੀਆਂ ਕਹਾਉਣ ਵਾਲ਼ੀਆਂ ਨੂੰ ਗਾ-ਗਾ ਕੇ ਠਿੱਠ ਕਰਦੀਆਂ ਹਨ। ਪਰਨਾਲ਼ੇ ਭੰਨਦੀਆਂ, ਗੱਡੇ ਉਲ਼ਟਾਉਂਦੀਆਂ, ਖੁਰਲੀਆਂ ਚੁੱਲ੍ਹੇ ਢਾਹੁੰਦੀਆਂ, ਖੂਹ ਦੀ ਮਾਹਲ਼ ਬੈੜ ਤੋਂ ਲਾਹੁੰਦੀਆਂ। ‘ਹਾਕਮਾਂ ਦੀ ਚੌਂਕੀ’ ਬਣਨ ਦੀ ਇਹ ਰੀਤ ਰਾਤ-ਦੀ-ਰਾਤ ਦੀ ਖੇਡ ਹੈ। ਕੋਈ ਬੁਰਾ ਨਹੀਂ ਮੰਨਦਾ। ਮੂੰਹ-ਆਈ ਨਸੰਙ ਨੰਗੀ ਬੋਲੀ ਇਕ ਕੁੜੀ ਛੱਡਦੀ, ਦੂਈ ਚੁੱਕਦੀ ਹੈ। (ਜਾਗੋ ਦੀ ਰੀਤ ਦਾ ਪੂਰਾ ਵੇਰਵਾ ਨਾਹਰ ਸਿੰਘ ਦੀ ਕਿਤਾਬ ਮਾਂ ਸੁਹਾਗਣ ਸ਼ਗਨ ਕਰੇ -ਪੰਜਾਬੀ ਯੂਨੀਵਰਸਟੀ, 2001- ਵਿਚ ਹੈ।)
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦਾ ਪਾਵਾ
ਨੀ ਛਾਤੀ ਤੇਰੀ ਪੁੱਤ ਮੰਗਦੀ
ਤੇਰੇ ਪੱਟ ਮੰਗਦੇ ਮੁਕਲਾਵਾ
ਤੀਵੀਂ ਦੀ ਛਾਂ ਸਾਰਖੀ ਨੂੰ ਵੀ ਤਰਸਦੇ ਚੋਬਰਾਂ ਦਾ ਗਿੱਧਾ ਗੌਣ ਦੇਖ-ਸੁਣ ਕੇ ਜੀਅ ਟਿਕਾਣੇ ਆਉਂਦਾ ਹੈ। ਪਟੋਲਾ ਬਣੀ ਕੁੜੀ ਵੀ ਅਪਣਾ ਆਪਾ ਹੁੱਬ ਕੇ ਦਿਖਾਉਂਦੀ ਹੈ।
ਜਾਗੋ ਜਨਮ ਜੀਵਨ ਦਾ ਜਸ਼ਨ ਹੈ। ਲੋਅ ਚਾਨਣ ਦਾ ਜਤਨ। ਜਾਗਦੇ ਵਡਭਾਗੇ ਹਨ: ਸੁੱਤੀ ਰਹੀ ਕੁਲੱਖਣੀ, ਜਾਗੀ ਵਡਭਾਗੀ – ਸ਼ਾਹ ਹੁਸੈਨ।
ਮੇਲਣਾਂ ਘਰ-ਘਰ ਜਾ ਕੇ ਗਿੱਧਾ ਤੇ ਗਾਵਣ ਵੰਡਦੀਆਂ ਹਨ; ਪਿਆਰ ਤੇ ਖੇੜੇ ਦਾ ਪ੍ਰਸ਼ਾਦ। ਜਦ ਜਾਗੋ ਵਿੱਚੋਂ ਤੇਲ ਮੁੱਕਦਾ ਹੈ, ਤਾਂ ਕਰਮਾਂ ਵਾਲ਼ੀ ਦੀਵੇ ਫੇਰ ਭਰਦੀ ਹੈ; ਅਪਣਾ, ਸਭਨਾਂ ਦਾ ਤੇ ਦੀਵਿਆਂ ਦਾ ਮਾਣ ਰੱਖਦੀ ਹੈ। ਕੁੜੀਆਂ ਗਾਉਂਦੀਆਂ-ਗਾਉਂਦੀਆਂ ਗੀਤ ਹੋਰ ਜੋੜਦੀਆਂ ਇਹਨੂੰ ਅੱਗੇ ਵਧਾਉਂਦੀਆਂ ਜਾਂਦੀਆਂ ਹਨ। ਵਿਹੜੇ ਵਿਚ ਦੂਜਾ ਚੰਨ ਆ ਚੜ੍ਹਦਾ ਹੈ; ਇਹ ਸ਼ਾਹ ਹੁਸੈਨੀ ਵਿਹੜਾ ਚਾਨਣ ਨਾਲ਼ ਭਰਿਆ ਪਿਆ ਹੈ:
ਝੂਮੇ ਝੂਮ ਖੇਲ ਲੈ ਮੰਝ ਵਿਹੜੇ…
ਵਿਹੜੇ ਦੇ ਵਿਚ ਨਦੀਆਂ ਵੱਗਣ
ਬੇੜੇ ਲੱਖ ਹਜ਼ਾਰ
ਕੇਤੀ ਇਸ ਵਿਚ ਡੁੱਬਦੀ ਡਿੱਠੀ
ਕੇਤੀ ਲੰਘੀ ਪਾਰ
ਇਸ ਵਿਹੜੇ ਵਿਚ ਕੁਲ ਧਰਤੀਆਂ, ਕੁਲ ਕਾਇਨਾਤਾਂ ਹਨ। ਇਹ ਬ੍ਰਹਮ-ਆਂਗਨ ਹੈ। ਇਸ ਵਿਚ ਬਹੁਤ ਸਾਰੇ ਸੂਰਜ ਹਨ।
ਧਰੇਜੇ ਦਾ ਕੁਝ ਗਵਾਚ ਗਿਆ
ਕੋਈ ਨਾ ਜਾਣੇ ਅੱਖਾਂ ਕਿਸ ਨੂੰ ਭਾਲ਼ਦੀਆਂ
ਸੋਚਾਂ ਵਰਗੇ ਸੁਪਨੇ ਆਉਂਦੇ
ਅੱਭੜਵਾਹੇ ਉਠ ਕੇ ਲੱਭਣ ਲਗ ਜਾਂਦਾ
ਉੜਦੇ ਜੁਗਨੂੰ ਵੀ ਉਹਨੂੰ ਲੱਗਦੇ ਆਪ ਜੇਹੇ
ਗਾਉਂਦੀਆਂ ਕੁੜੀਆਂ ਜਾਗੋ ਕੱਢਣ
ਉਹਨੂੰ ਸਾਧ ਜੋਗੜਾ ਛੇੜਦੀਆਂ
ਉਹ ਅੱਲ੍ਹੜਾਂ ‘ਤੇ ਮੁਸਕਾਂਦਾ
ਭੋਲ਼ੀਆਂ ਬੇਸੁਰਤੀ ਵਿਚ ਗੱਲਾਂ ਕੇਰਦੀਆਂ
ਜਦੋਂ ਪਿਆ ਵਿਛੋੜਾ ਪਤਾ ਲਗਜੂਗਾ
ਜਦ ਕੱਟਣੇ ਨਿਤ ਜਗਰਾਤੇ ਪਏ
ਲੱਗੀ ਜਦ ਅਸੀਸ ਲੰਮੀਆਂ ਉਮਰਾਂ ਦੀ
ਯਾਦਾਂ ਨੂੰ ਗਲ਼ ਲਾ ਕੇ ਹਉਕੇ ਭਰਨਗੀਆਂ
ਸੱਜਣ ਦਿਲ ਦੇ ਰੰਗਲੇ ਸੁੱਤੇ ਜਗਦੇ ਨਹੀਂ
ਮੰਨਣ ਵਿਚ ਨਾ ਆਉਂਦੇ ਰੁੱਸੇ ਜਨਮਾਂ ਦੇ
ਸਿਰ ’ਤੇ ਜਗਦੀਆਂ ਜੋਤਾਂ ਆਖ਼ਿਰ ਬੁੱਝਣਗੀਆਂ
ਗਾਉਂਦੀਆਂ ਕੁੜੀਆਂ ਜਾਗੋ ਕੱਢਣ
ਧਰੇਜੇ ਦਾ ਕੁਝ ਗਵਾਚ ਗਿਆ
– ਬੀਜਕ (ਨਵਯੁਗ 1996)
ਇਹ ਨੱਚਣਾ, ਇਹ ਗਾਉਣਾ ਜੀਉਣ ਦਾ, ਮਿਲ਼ੇ ਨੂੰ ਸਾਂਭਣ ਦਾ, ਗੁਆਚੇ ਨੂੰ ਲੱਭਣ ਦਾ ਤਰਲਾ ਹੈ। ਚਾਰ ਸਦੀਆਂ ਪਹਿਲਾਂ ਮੇਰੀਆਂ ਵਡੇਰੀਆਂ ਅੱਧੀ ਰਾਤ ਨੂੰ ਨੱਚ-ਨੱਚ ਵਿਹੜੇ ਪੋਲੇ ਕਰਦੀਆਂ ਜਿਹਨੂੰ ਝੇਡਾਂ ਕਰ ਰਹੀਆਂ ਹਨ, ਉਹ ਧਰੇਜਾ ਮੈਂ ਹੀ ਹਾਂ। ਕਰਮਾਂ ਵਾਲ਼ੀਆਂ ਗਾ ਰਹੀਆਂ ਹਨ। ਜਵਾਨੀਆਂ ਮਾਨਣ। ਧਰੇਜਾ ਸੋਚਦਾ ਮੁਸਕਾਉਂਦਾ ਹੈ; ਕਹਿੰਦਾ ਕੁਝ ਨਹੀਂ। ਉਹਦੀਆਂ ਸੋਚਾਂ ਕਿਸੇ ਨੇ ਜਾਣ-ਬੁਝ ਨਹੀਂ ਸਕਣੀਆਂ। ‘ਤੂੰ ਵੀ ਸਾਡੇ ਵਾਂਙੂੰ ਮਰਨਾ ਹੌਲ਼ੀ-ਹੌਲ਼ੀ ਸਿਖ ਜਾਵੇਂਗੀ’… – ਸੁਰਜੀਤ ਹਾਂਸ।
ਧਰੇਜਾ ਸਾਡਾ ਸੁੱਤਾ ਰਹਿ ਗਿਆ
ਭਾਗੀ ਨੂੰ ਲੈ ਗਏ ਕੁੱਤੇ
ਗਵਾਂਢੀਓ ਜਾਗਦੇ ਕਿ ਸੁੱਤੇ?
ਸੁੱਤੀ ਨੂੰ ਜਗਾ ਲੈ, ਰੁੱਸੀ ਨੂੰ ਮਨਾ ਲੈ
ਸੋਨ ਚਿੜੀ ਗਲ਼ ਨਾਲ਼ ਲਾ ਲੈ
ਜਾਗੋ ਆਈ ਆ…
ਗਵਾਂਢੀ ਸੁੱਤਾ ਨਹੀਂ। ਭੋਲ਼ੀਆਂ ਕਿਤੋਂ ਦੀਆਂ; ਜਾਗੇ ਹੋਏ ਨੂੰ ਕੀ ਜਗਾਉਣਗੀਆਂ? ਨਾਲ਼ ਦੀ ਸੁੱਤੀ ਨੇ ਹੁਣ ਨਹੀਂ ਜਾਗਣਾ; ਨਾ ਓਸ ਰੁੱਸੀ ਨੇ ਮੰਨਣਾ ਹੈ ਤੇ ਨਾ ਕੋਈ ਸੋਨ ਚਿੜੀ ਹੈ, ਜਿਹਨੂੰ ਧਰੇਜਾ ਗਲ਼ ਨਾਲ਼ ਲਾ ਲਵੇ। ਉਹ ਤੇ ਬੜਾ ਚਿਰ ਹੋਇਆ ਉਡਾਰੀ ਮਾਰ ਗਈ ਸੀ।
ਉਨ੍ਹਾਂ ਮੇਲਣਾਂ ਦੀ ਡਾਰ ਨਾਲ਼ੋਂ ਵਿਛੜੀ ਤਾਵਲੀ-ਤਾਵਲੀ ਤੁਰੀ ਜਾਂਦੀ ਓਸੇ ਸੋਨ ਚਿੜੀ ਦੀ ਤਸਵੀਰ ਮਲਕੀਤ ਸਿੰਘ (1943-2018) ਨੇ ਚਾਰ ਸਦੀਆਂ ਮਗਰੋਂ ਬਣਾਉਣੀ ਹੈ। ਸਿਰ ’ਤੇ ਬਲ਼ਦੀਆਂ ਜੋਤਾਂ ਵਿਛੋੜੇ ਦੀ ਵਗਦੀ ’ਨੇਰ੍ਹੀ ਵਿਚ ਵੀ ਨਹੀਂ ਬੁਝਦੀਆਂ। ਧਰੇਜਾ ਹੱਥ ਵਿਚ ਬਲ਼ਦੀ ਲਾਲਟੈਣ ਫੜੀ ਗਈ-ਰਾਤ ਦੇ ਵੇਲੇ ਕਿਹਨੂੰ ਕਿਸ ਸ਼ੈਅ ਨੂੰ ਭਾਲਣ ਟੁਰਿਆ ਹੈ? ਇਹ ਭਾਲ਼ ਸਦੀਆਂ ਲੰਮੀ ਹੈ।
ਲਿਖਤ ਦੀ ਵਰਣਮਾਲ਼ਾ ਪੈਂਤੀ ਹੈ। ਚਿਤ੍ਰ ਦੀ ਵਰਣਮਾਲ਼ਾ ਰੰਗ ਤੇ ਰੇਖਾਵਾਂ ਹਨ। ਲਿਪੀ ਦੇ ਪੈਂਤੀ ਅੱਖਰ ਹਨ; ਪਰ ਚਿਤ੍ਰ ਤੇ ਧ੍ਵਨੀ ਦੀ ਮਾਲ਼ਾ ਦੇ ਵਰਣਾਂ ਦੀ ਕੋਈ ਗਿਣਤੀ ਨਹੀਂ। ਇਹ ਅਨੰਤ ਲਿਖਤ ਬੋਲੀਂਦੀ ਪੈਂਤੀ ਅੱਖਰਾਂ ਵਿਚ ਹੀ ਹੈ। ਮੈਂ ਸੰਗੀਤ ਪੰਜਾਬੀ ਵਿਚ ਸੁਣਦਾ ਹਾਂ। ਇਹ ਕਹਿਣਾ ਜਚਦਾ ਨਹੀਂ ਕਿ ਸੰਗੀਤ ਦੀ ਭਾਸ਼ਾ ਸਰਵਲੌਕਿਕ ਵਿਸ਼ਵਵਿਆਪੀ ਹੈ। ਮੈਨੂੰ ਬੀਟਹੋਫ਼ਨ ਦੀ ਸੁਰਮੇਲ (ਸਿੰਫ਼ਨੀ) ਤੇ ਇਹਦੇ ਠਹਿਰਾਉ ਪੰਜਾਬੀ ਵਿਚ ਸੁਣਦੇ ਹਨ; ਜਿਵੇਂ ਕੋਈ ਜਰਮਨ ਸਰੋਤਾ ਡੌਇਚ ਬੋਲੀ ਵਿਚ ਸੁਣਦਾ ਹੈ। ਤੁਫ਼ੈਲ ਨਿਆਜ਼ੀ ਦੀ ਆਵਾਜ਼ ਵਿਚ ਕੂਕਦੇ ਮੋਰ ਦੀ ਕੰਬਦੀ ਜੀਭ ਪੰਜਾਬੀ ਵਿਚ ਕੁਰਲਾਉਂਦੀ ਹੈ।
ਮਲਕੀਤ ਸਿੰਘ ਦਾ ਚਿਤ੍ਰ ਜਾਗੋ ਠੇਠ ਪੰਜਾਬੀ ਚਿਤ੍ਰ ਹੈ। ਇਹਨੂੰ ਪੰਜਾਬੀ ਬੋਲਾਂ ਤੇ ਸੁਰਾਂ ਵਿਚ ਹੀ ਮਾਣਿਆ ਜਾ ਸਕਦਾ ਹੈ। ਇਹਦਾ ਅਨੁਵਾਦ ਤਾਂ ਕਿਸੇ ਪਰਭਾਸ਼ਾ ਵਿਚ ਹੋ ਸਕਦਾ ਹੈ, ਪਰ ਇਹਦੇ ਅਰਥ ਵੀ ਪਰਅਰਥੀ ਹੀ ਹੋਣਗੇ। ਇਨ੍ਹਾਂ ਪਰਅਰਥਾਂ ਦੀ ਥਾਹ ਮੂਲ਼ ਭਾਸ਼ਾ ਵਾਲ਼ਾ ਨਹੀਂ ਪਾ ਸਕਦਾ। ਅਨੁਵਾਦ ਦਾ ਲਾਹਾ-ਟੋਟਾ ਇਕ ਬਰਾਬਰ ਹੁੰਦਾ ਹੈ। ਚਿਤ੍ਰ ਵੀ ਅਪਣੀ ਮਾਂ-ਬੋਲੀ ਵਿਚ ਹੀ ਦਿਸੀਂਦਾ ਹੈ। ਤ੍ਰਿਨੇਤ੍ਰ ਦਾ ਦੱਸਿਆ ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਭਾਖਾ ਦੇ ਸ਼ਬਦ ਗਿਣੇ-ਚੁਣੇ ਹਨ ਤੇ ਕਲਪਨਾ ਕਿਸੇ ਗਿਣਤੀ ਵਿਚ ਨਹੀਂ ਬੱਝੀ ਹੋਈ; ਅਸੀਮ ਹੈ।