ਬਲਰਾਜ ਧਾਰੀਵਾਲ
ਦੇਸ਼ ’ਚ ਕਰੋਨਾ ਵਾਇਰਸ ਦਾ ਸ਼ੁਰੂਆਤੀ ਦੌਰ ਸੀ, ਕਰਨਾਟਕ ’ਚ ਇਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। ਜਦੋਂ ਮੈਂ ਰੁਟੀਨ ’ਚ ਆਪਣੀ ਭਰਜਾਈ ਨੂੰ ਰਾਜ਼ੀ-ਖ਼ੁਸ਼ੀ ਪੁੱਛਣ ਲਈ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਝਾਈ ਜੀ (ਮੇਰੇ ਮੰਮੀ) ਦੁਪਹਿਰ ਦੇ ਕਾਫ਼ੀ ਢਿੱਲੇ ਜਾਪ ਰਹੇ ਹਨ। ਦਰਅਸਲ ਉਹ ਪਿਛਲੇ ਛੇ ਕੁ ਮਹੀਨਿਆਂ ਤੋਂ ਜੋੜਾਂ ਦੇ ਦਰਦਾਂ ਤੇ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਹਨ। ਉਸ ਦਿਨ ਮੇਰੀ ਬੇਟੀ ਉਨ੍ਹਾਂ ਨੂੰ ਦੇਖ ਕੇ ਆਪਣੇ ਪਤੀ (ਦੋਵੇਂ ਐੱਮ.ਡੀ. ਡਾਕਟਰ ਹਨ ਤੇ ਉਸੇ ਸ਼ਹਿਰ ਹੀ ਰਹਿੰਦੇ ਹਨ) ਤੇ ਇਕ ਹੋਰ ਮਾਹਿਰ ਡਾਕਟਰ ਦੀ ਸਲਾਹ ਪੁੱਛ ਕੇ ਦਵਾਈਆਂ ਲਿਖ ਕੇ ਦੇ ਆਈ ਤੇ ਕੁਝ ਟੈਸਟ ਕਰਾਉਣ ਨੂੰ ਕਹਿ ਗਈ। ਮੇਰੀ ਭੈਣ ਤੇ ਮੈਂ ਅਗਲੇ ਦਿਨ ਸੁਵਖਤੇ ਹੀ ਉੱਥੇ ਪਹੁੰਚ ਗਈਆਂ। ਝਾਈ ਜੀ ਬਹੁਤ ਕਮਜ਼ੋਰ ਜਾਪ ਰਹੇ ਸਨ। ਅਸੀਂ ਉਨ੍ਹਾਂ ਨੂੰ ਜੱਫ਼ੀ ਪਾਈ ਤੇ ਉਨ੍ਹਾਂ ਹੌਲੀ ਜਿਹੀ ਕਿਹਾ, ‘‘ਚੰਗਾ ਕੀਤਾ ਆ ਗਈਆਂ ਹੋ, ਪਤਾ ਨਹੀਂ ਕੱਲ੍ਹ ਦਾ ਕੀ ਹੋ ਗਿਆ ਹੈ।’’ ਮੈਂ ਆਪਣੇ ਮੂੰਹ ਨੂੰ ਪਰ੍ਹੇ ਕਰਕੇ ਅੱਥਰੂ ਪੂੰਝਦਿਆਂ ਕਿਹਾ, ‘‘ਬੱਸ ਹੁਣੇ ਠੀਕ ਹੋ ਜਾਣਾ ਹੈ।’’ ਭਰਜਾਈਆਂ ਨੇ ਦੱਸਿਆ ਕਿ ਰਾਤ ਪਿਸ਼ਾਬ ਕਰਨ ਬਹੁਤ ਵਾਰੀ ਲਿਜਾਣਾ ਪਿਆ ਕਿਉਂਕਿ ਬੈੱਡ ’ਚ ਉਨ੍ਹਾਂ ਨੂੰ ਕਰਨਾ ਮੁਸ਼ਕਲ ਲੱਗਦਾ ਸੀ। ਛੋਟਾ ਭਰਾ ਪੈਨ ਟੈਸਟਾਂ ਦੀਆਂ ਰਿਪੋਰਟਾਂ ਲੈ ਆਇਆ ਸੀ ਤੇ ਕੁਝ ਦੇਰ ਬਾਅਦ ਮੇਰੇ ਧੀ ਜਵਾਈ ਵੀ ਆ ਗਏ। ਰਿਪੋਰਟਾਂ ਦੇਖ ਕੇ ਉਨ੍ਹਾਂ ਦੱਸਿਆ ਕਿ ਸਰੀਰ ’ਚ ਕੁਝ ਤੱਤਾਂ ਦੀ ਕਮੀ ਹੋ ਗਈ ਹੈ। ਵੱਡੇ ਭਰਾ ਨੇ ਫ਼ਿਕਰਮੰਦ ਹੁੰਦਿਆਂ ਪੁੱਛਿਆ ਕਿ ਕਿਵੇਂ ਕਰੀਏ, ਕਿਉਂਕਿ ਜਿਹੜੇ ਡਾਕਟਰ ਦਾ ਇਲਾਜ ਚੱਲ ਰਿਹਾ ਸੀ, ਉਸ ਨੇ ਬਿਨਾਂ ਸਮਾਂ ਲਿਆਂ ਮਿਲਣਾ ਨਹੀਂ ਸੀ। ਮੇਰਾ ਜਵਾਈ ਕਹਿਣ ਲੱਗਾ, ‘‘ਮੈਂ ਸਿਵਲ ਹਸਪਤਾਲੋਂ ਮੈਡੀਸਨ ਦੇ ਮਾਹਿਰ ਡਾਕਟਰ ਕੋਲ ਸਾਰਾ ਰਿਕਾਰਡ ਲਿਜਾ ਕੇ ਸਾਰੀ ਹਾਲਤ ਬਾਰੇ ਦੱਸਦਾ ਹਾਂ। ਫੇਰ ਦੇਖਦੇ ਹਾਂ। ਡੇਢ ਦੋ ਘੰਟਿਆਂ ਬਾਅਦ ਮੇਰੀ ਬੇਟੀ, ਜਵਾਈ ਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਸ਼ੁਰੂ ਹੋ ਗਿਆ। ਝਾਈ ਜੀ ਦੀ ਹਾਲਤ ’ਚ ਹੌਲੀ ਹੌਲੀ ਸੁਧਾਰ ਹੁੰਦਾ ਗਿਆ ਤੇ ਚੌਥੇ ਦਿਨ ਦੀ ਰਿਪੋਰਟ ਬਿਲਕੁਲ ਨਾਰਮਲ ਸੀ। ਉਨ੍ਹਾਂ ਦੇ ਚਿਹਰੇ ਦੀ ਰੰਗਤ ਮੁੜ ਆਈ ਸੀ। ਹਫ਼ਤੇ ਬਾਅਦ ਉਹ ਪਹਿਲਾਂ ਵਰਗੀ ਹਾਲਤ ’ਚ ਸਨ। ਅਸੀਂ ਸਾਰਿਆਂ ਨੇ ਸੁਖ ਦਾ ਸਾਹ ਲਿਆ ਤੇ ਧੀ ਜਵਾਈ ਨੂੰ ਢੇਰਾਂ ਅਸੀਸਾਂ ਦਿੱਤੀਆਂ। ਛੋਟੀ ਭੈਣ ਜ਼ਰੂਰੀ ਕੰਮ ਹੋਣ ਕਰਕੇ ਵਾਪਸ ਚਲੀ ਗਈ ਸੀ। ਮੇਰੇ ਪਤੀ ਰੋਜ਼ ਝਾਈ ਜੀ ਦਾ ਹਾਲ ਪੁੱਛਦੇ ਸਨ। ਠੀਕ ਹੋਣ ਤੋਂ ਬਾਅਦ ਵੀ ਮੈਂ ਕੁਝ ਦਿਨ ਉੱਥੇ ਰਹਿਣਾ ਚਾਹੁੰਦੀ ਸੀ, ਪਰ ਪਤੀ ਦੀ ਰੋਟੀ ਬਾਰੇ ਫ਼ਿਕਰਮੰਦ ਸਾਂ। ਮੈਂ ਆਪਣੇ ਪਤੀ ਨਾਲ ਦਿਲ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਜ਼ਰੂਰ ਕੁਝ ਦਿਨ ਹੋਰ ਉਨ੍ਹਾਂ ਕੋਲ ਰਹਾਂ, ਉਨ੍ਹਾਂ ਨੂੰ ਵੀ ਚੰਗਾ ਲੱਗੇਗਾ। ਅਸੀਂ ਦੋਵੇਂ ਮਾਵਾਂ ਧੀਆਂ ਬੈਠ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ। ਭਰਜਾਈਆਂ ਵੀ ਘਰ ਦਾ ਕੰਮ ਮੁਕਾ ਕੇ ਸਾਡੇ ਕੋਲ ਬੈਠ ਜਾਂਦੀਆਂ। ਜਦੋਂ ਟੈਲੀਵਿਜ਼ਨ ਲਾਉਣਾ ਤਾਂ ਕਰੋਨਾ ਵਾਇਰਸ ਦੀਆਂ ਖ਼ਬਰਾਂ ਸੁਣ ਕੇ ਦਹਿਸ਼ਤ ਜਿਹੀ ਹੋ ਜਾਣੀ। ਝਾਈ ਜੀ ਨੇ ਕਹਿਣਾ, ‘‘ਦੁਨੀਆ ’ਚ ਬੜੀਆਂ ਨਵੀਆਂ ਨਵੀਆਂ ਬਿਮਾਰੀਆਂ ਆਈਆਂ ਪਰ ਕਿਸੇ ਨੇ ਵੀ ਏਨਾ ਨਹੀਂ ਡਰਾਇਆ। ਇਹ ਵੀ ਹੁਣ ਛੇਤੀ ਮੁੱਕੇ ਤੇ ਲੋਕ ਆਪੋ ਆਪਣੇ ਕੰਮਾਂ ’ਤੇ ਲੱਗਣ ਤੇ ਵੱਸਣ ਰੱਸਣ।’’
ਮੈਂ ਇਕ ਦੋ ਦਿਨਾਂ ਤੱਕ ਜਾਣ ਬਾਰੇ ਸੋਚ ਰਹੀ ਸਾਂ ਕਿ ਪ੍ਰਧਾਨ ਮੰਤਰੀ ਵੱਲੋਂ ਜਨਤਾ ਕਰਫਿਊ ਦਾ ਐਲਾਨ ਹੋ ਗਿਆ। ਫਿਰ ਇਕ ਦਿਨ ਬਾਅਦ ਇੱਕੀ ਦਿਨਾਂ ਦਾ ਲੌਕਡਾਊਨ ਐਲਾਨ ਦਿੱਤਾ ਗਿਆ। ਮੇਰੇ ਭਤੀਜੇ ਭਤੀਜੀ ਮੇਰੇ ਵੱਲ ਦੇਖ ਕੇ ਕਹਿਣ ਲੱਗੇ, ‘‘ਭੂਈ ਜੀ, ਤੁਸੀਂ ਕਿਹੜਾ ਕਦੀ ਏਨਾ ਚਿਰ ਰਹੇ ਹੋ, ਹੁਣ ਤਾਂ ਰਹਿਣਾ ਹੀ ਪੈਣਾ।’’ ਮੈਂ ਤੇ ਉਹ ਵੀ ਮੁਸਕਰਾ ਪਏ। ਮੇਰੇ ਪਤੀ ਨੇ ਵੀ ਕਿਹਾ ਕਿ ਕਾਹਲੀ ਨਹੀਂ ਕਰਨੀ। ਅਗਲੇ ਦਿਨ ਤੋਂ ਸਭ ਨੇ ਘਰ ਹੀ ਰਹਿਣਾ ਸੀ। ਸਾਨੂੰ ਤਾਂ ਘਰ ਰਹਿਣ ਦਾ ਕੋਈ ਫ਼ਰਕ ਨਹੀਂ ਸੀ, ਪਰ ਮੇਰੇ ਭਤੀਜੇ, ਭਤੀਜੀ ਤੇ ਭਰਾਵਾਂ ਨੂੰ ਤਾਂ ਫ਼ਰਕ ਪੈਣਾ ਹੀ ਸੀ ਕਿਉਂਕਿ ਉਹ ਕੰਮਾਂ ’ਤੇ ਜਾਂਦੇ ਸਨ, ਛੋਟਾ ਭਤੀਜਾ ਤੇ ਭਤੀਜੀ ਦੀ ਬੇਟੀ ਸਕੂਲ ਜਾਂਦੇ ਸਨ। ਭਰਾਵਾਂ ਲਈ ਵਿਹਲਿਆਂ ਸਮਾਂ ਬਿਤਾਉਣਾ ਮੁਸ਼ਕਲ ਹੋ ਗਿਆ। ਸੋ ਹੁਣ ਅਸੀਂ ਸਾਰੇ ਜਣੇ ਬਹੁਤਾ ਸਮਾਂ ਝਾਈ ਜੀ ਲਾਗੇ ਬੈਠ ਕੇ ਬਿਤਾਉਣ ਲੱਗੇ। ਅਤੀਤ ਦੀਆਂ ਯਾਦਾਂ ਦੀ ਚੰਗੇਰ ਵਿੱਚੋਂ ਪੜ੍ਹਾਈ ਦੀਆਂ ਗੱਲਾਂ, ਬਚਪਨ ਦੀਆਂ ਖੇਡਾਂ ਤੇ ਨਾਲ ਖੇਡਣ ਵਾਲੇ ਸਾਰੇ ਸਾਥੀਆਂ ਨੂੰ ਯਾਦ ਕਰਦੇ। ਛੋਟਿਆਂ ਹੁੰਦਿਆਂ ਦੀਆਂ ਫੋਟੋਆਂ ਦੇਖ ਕੇ ਕਈ ਯਾਦਾਂ ਤਾਜ਼ਾ ਹੋਈਆਂ। ਅਸੀਂ ਯਾਦ ਕੀਤਾ ਕਿ ਸਾਡੇ ਘਰ ਉਦੋਂ ਅਫ਼ਰੀਕਾ, ਆਸਾਮ ਤੇ ਟਾਟਾਨਗਰ ਆਦਿ ਰਹਿੰਦੇ ਰਿਸ਼ਤੇਦਾਰਾਂ ਨੇ ਆਉਣਾ ਤੇ ਕਿਸੇ ਵੀ ਅਜੋਕੀ ਸਹੂਲਤ ਤੋਂ ਬਿਨਾਂ ਕਈ ਚਿਰ ਰਹਿਣਾ। ਬੜੇ ਸਹਿਜ ਸੁਭਾਅ ਦਿਨ ਲੰਘਦੇ ਸਨ। ਅੱਜ ਵਾਂਗ ਨਹੀਂ ਕਿ ਇਕ ਪ੍ਰਾਹੁਣੇ ਨੇ ਇਕ ਦਿਨ ਲਈ ਆਉਣਾ ਹੋਵੇ ਤਾਂ ਵੀਹ ਚੀਜ਼ਾਂ ਬਾਜ਼ਾਰੋਂ ਮੰਗਾਉਣ ਦਾ ਫ਼ਿਕਰ ਪਿਆ ਹੋਵੇ। ਘੁੰਮਣਾ ਫਿਰਨਾ ਵੀ, ਪਰ ਕੋਈ ਕਾਹਲ ਨਹੀਂ ਸੀ ਹੁੰਦੀ। ਬੜੀ ਸ਼ਾਂਤਮਈ ਤੇ ਇਕਸਾਰ ਚਾਲ ਸੀ ਜ਼ਿੰਦਗੀ ਦੀ। ਵੱਡਿਆਂ ਨੇ ਇਕੱਠਿਆਂ ਬੈਠ ਕੇ ਅਪਣੱਤ ਭਰੀਆਂ ਗੱਲਾਂ ਕਰਨੀਆਂ। ਅਸੀਂ ਵੀ ਛੁੱਟੀਆਂ ’ਚ ਨਾਨਕੇ ਤੇ ਮਾਸੀਆਂ ਕੋਲ ਰਹਿ ਆਉਣਾ, ਕਦੇ ਕੋਈ ਲੜਾਈ ਝਗੜਾ ਨਹੀਂ। ਸਭ ਤੋਂ ਜ਼ਿਆਦਾ ਅਸੀਂ ਆਪਣੇ ਦਾਰਜੀ ਨੂੰ ਯਾਦ ਕੀਤਾ ਜਿਹੜੇ ਪਿਛਲੇ ਸਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸਾਰੀ ਜ਼ਿੰਦਗੀ ਜ਼ਿੰਦਾਦਿਲੀ ਤੇ ਤੰਦਰੁਸਤੀ ਨਾਲ ਬਤੀਤ ਕਰਨ ਤੋਂ ਬਾਅਦ ਉਨ੍ਹਾਂ ਪਿਛਲੇ ਛੇ ਮਹੀਨੇ ਬਹੁਤ ਕਸ਼ਟ ਸਹਿਆ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ! ਸਾਡਾ ਸਾਰਿਆਂ ਦਾ ਦਿਲ ਉਨ੍ਹਾਂ ਦੀਆਂ ਯਾਦਾਂ ਨਾਲ ਭਰ ਆਇਆ। ਝਾਈ ਜੀ ਕੋਲ ਬੈਠ ਕੇ ਪਿਛਲਝਾਤ ਪਾਉਂਦਿਆਂ ਇਹ ਦਿਨ ਮੇਰੀ ਜ਼ਿੰਦਗੀ ਦਾ ਕੀਮਤੀ ਸਰਮਾਇਆ ਬਣ ਗਏ ਹਨ। ਜਦੋਂ ਕੈਨੇਡਾ ਰਹਿੰਦੀ ਬੇਟੀ ਤੇ ਜਵਾਈ ਦਾ ਫੋਨ ਆਉਣਾ ਤਾਂ ਇੰਜ ਜਾਪਣਾ ਜਿਵੇਂ ਉਹ ਸਾਡੇ ਕੋਲ ਹੀ ਹੋਣ। ਫਿਰ ਇਕ ਦਿਨ ਸਵੇਰੇ ਕੁਝ ਦੇਰ ਵਾਸਤੇ ਕਰਫਿਊ ਖੁੱਲ੍ਹਣ ’ਤੇ ਮੇਰਾ ਕਰਫਿਊ ਪਾਸ ਬਣ ਗਿਆ। ਮੈਂ ਝਾਈ ਜੀ ਨੂੰ ਦੱਸਿਆ ਤਾਂ ਉਹ ਕਹਿਣ ਲੱਗੇ, ‘‘ਜੇ ਪ੍ਰਬੰਧ ਹੋ ਗਿਆ ਹੈ ਤਾਂ ਆਪਣਾ ਘਰ ਜਾ ਕੇ ਦੇਖ। ਮੈਂ ਹੁਣ ਠੀਕ ਹਾਂ।’’ ਆਉਣ ਲੱਗਿਆਂ ਮੈਂ ਝਾਈ ਜੀ ਦੇ ਗਲ ਲੱਗ ਕੇ ਜਜ਼ਬਾਤੀ ਹੋ ਗਈ। ਸਭ ਦੀਆਂ ਅੱਖਾਂ ਨਮ ਸਨ, ਪਰ ਮੈਂ ਆਪਣੇ ਨਾਲ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਲੈ ਆਈ ਸਾਂ। ਮੈਨੂੰ ਅਹਿਸਾਸ ਹੋਇਆ ਕਿ ਸਾਰੇ ਭੈਣ-ਭਰਾਵਾਂ ’ਚ ਪਹਿਲਾਂ ਵਰਗਾ ਹੀ ਪਿਆਰ ਹੁੰਦਾ ਹੈ, ਪਰ ਆਪੋ ਆਪਣੇ ਕੰਮਾਂ ’ਚ ਰੁੱਝਿਆਂ ਹੋਣ ਕਰਕੇ ਕਈ ਵਾਰੀ ਨਜ਼ਰ ਨਹੀਂ ਆਉਂਦਾ। ਪਤਾ ਨਹੀਂ ਲੱਗਾ, ਸਫ਼ਰ ਦਾ ਇਕ ਘੰਟਾ ਕਦੋਂ ਬੀਤ ਗਿਆ।
ਘਰ ਆਈ। ਪਤੀ ਦੇ ਹੱਥਾਂ ਦੀ ਬਣਾਈ ਚਾਹ ਪੀਤੀ। ਕੰਮ ਵਾਲੀ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਬਾਰੇ ਸਮਝਾਇਆ ਤੇ ਉਸ ਨੂੰ ਸਾਵਧਾਨੀਆਂ ਰੱਖਣ ਬਾਰੇ ਵੀ ਕਿਹਾ। ਅਗਲੇ ਮਹੀਨੇ ਦੇ ਐਡਵਾਂਸ ਪੈਸੇ ਦਿੱਤੇ ਤੇ ਕਿਹਾ ਕਿ ਜੇ ਕਿਸੇ ਚੀਜ਼ ਦੀ ਜ਼ਰੂਰਤ ਪਏ ਤਾਂ ਦੱਸ ਦਿਆ ਕਰੇ। ਸੋਚਦੀ ਹਾਂ ਕਿ ਸ਼ਾਇਦ ਕੁਦਰਤ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਭਵਿੱਖ ਵਿਚ ਮਨੁੱਖ ਇਸ ਨਾਲ ਬੇਲੋੜੀ ਛੇੜ-ਛਾੜ ਨਾ ਕਰੇ। ਕੁਝ ਦੇਰ ਬਾਅਦ ਮੇਰੇ ਪਤੀ ਤੇ ਮੈਂ ਪੜ੍ਹਨ ਵਾਲੀਆਂ ਕਿਤਾਬਾਂ ਨੂੰ ਵੱਖਰੀਆਂ ਕਰਕੇ ਰੱਖਣ ਲੱਗ ਪਏ ਤਾਂ ਕਿ ਲੱਭਣ ’ਚ ਮੁਸ਼ਕਲ ਨਾ ਆਵੇ ਕਿਉਂਕਿ ਲੌਕਡਾਊਨ ’ਚ ਇਨ੍ਹਾਂ ਹੀ ਸਾਡਾ ਸਾਥ ਦੇਣਾ ਸੀ।
ਸੰਪਰਕ: 98783-17796