ਪਾਰਲੀਮਾਨੀ ਜਮਹੂਰੀਅਤ ਦੇ ਨਿਆਰੇ ਰੰਗ ਸ਼ਨਿੱਚਰਵਾਰ ਨੂੰ ਪਾਕਿਸਤਾਨੀ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਆਪਣੇ ਮੰਦੇ-ਚੰਗੇ ਰੂਪਾਂ ਵਿਚ ਭਰਪੂਰ ਦੇਖਣ ਨੂੰ ਮਿਲੇ। ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ (ਐਨ.ਏ.) ਵਿਚ ਭਰੋਸੇ ਦਾ ਵੋਟ ਮੁੱਖ ਵਿਰੋਧੀ ਧਿਰ ਪੀ.ਡੀ.ਐਮ. ਦੇ ਬਾਈਕਾਟ ਦੌਰਾਨ ਹਾਸਲ ਕੀਤਾ। ਸਪੀਕਰ ਨੇ ਐਲਾਨ ਕੀਤਾ ਕਿ 342 ਮੈਂਬਰੀ ਸਦਨ ਦੇ 178 ਮੈਂਬਰਾਂ ਨੇ ਵਜ਼ੀਰੇ ਆਜ਼ਮ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ ਹੈ। ਇਸ ਤਰ੍ਹਾਂ ਹੁਕਮਰਾਨ ਪੀ.ਟੀ.ਆਈ. (ਪਾਕਿਸਤਾਨ ਤਹਿਰੀਕ-ਇ-ਇਨਸਾਫ਼) ਤੇ ਇਸ ਦੇ ਇਤਿਹਾਦੀਆਂ ਦੀਆਂ ਸਫ਼ਾਂ ਵਿਚ ਕੋਈ ਖੋ਼ਰਾ ਨਹੀਂ ਲੱਗਿਆ। ਜਦੋਂ ਸਦਨ ਦੇ ਅੰਦਰ ਇਮਰਾਨ ਖ਼ਾਨ ਦੀ ਰਹਿਨੁਮਾਈ ਨੂੰ ‘ਅਕੀਦਤ’ ਪੇਸ਼ ਕਰਨ ਵਾਲੀਆਂ ਤਕਰੀਰਾਂ ਚੱਲ ਰਹੀਆਂ ਸਨ ਤਾਂ ਸਦਨ ਦੇ ਬਾਹਰ ਪੀ.ਟੀ.ਆਈ. ਤੇ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ (ਪੀ.ਐਮ.ਐੱਲ.-ਐੱਨ.) ਦੇ ਆਗੂ ਤੇ ਕਾਰਕੁਨ ਹੂਰੋਂ-ਮੁੱਕੀਂ ਹੋ ਰਹੇ ਸਨ। ਪੀ.ਐਮ.ਐੱਲ.-ਐੱਨ ਦੇ ਆਗੂਆਂ- ਅਹਿਸਨ ਇਕਬਾਲ, ਸ਼ਾਹਿਦ ਖ਼ਾਕਨ ਅੱਬਾਨੀ, ਖ਼ੁਰਮ ਦਸਤਗ਼ੀਰ ਤੇ ਮੁਸੱਦਿਕ ਮਲਿਕ ਨੇ ਮੀਡੀਆ ਨੂੰ ਸੰਬੋਧਨ ਕਰਨ ਲਈ ਅਸੈਂਬਲੀ ਦੇ ਬੂਹੇ ਦੇ ਨੇੜੇ ਸਟੇਜ ਲਾਈ ਹੋਈ ਸੀ। ਜਦੋਂ ਉਨ੍ਹਾਂ ਨੇ ਵਜ਼ੀਰੇ ਆਜ਼ਮ ਖ਼ਿਲਾਫ਼ ਬੋਲਣਾ ਸ਼ੁਰੂ ਕੀਤਾ ਤਾਂ ਪੀ.ਟੀ.ਆਈ. ਦੇ ਕਾਰਕੁਨਾਂ ਦਾ ਇਕ ਹਜੂਮ ਉੱਥੇ ਆ ਪਹੁੰਚਿਆ ਅਤੇ ਇਮਰਾਨ ਖ਼ਾਨ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਪੀ.ਐਮ.ਐੱਲ.-ਐੱਨ ਨੇਤਾਵਾਂ ਨੇ ਇਸ ਨਾਅਰੇਬਾਜ਼ੀ ਦਾ ਵਿਰੋਧ ਕੀਤਾ। ਜਦੋਂ ਤਲਖ਼ਕਲਾਮੀ ਚੱਲ ਰਹੀ ਸੀ ਤਾਂ ਪੀ.ਟੀ.ਆਈ. ਦੇ ਇਕ ਕਾਰਕੁਨ ਨੇ ਮੁਸੱਦਿਕ ਮਲਿਕ ਦੀ ਪਿੱਠ ’ਤੇ ਮੁੱਕਾ ਮਾਰਿਆ। ਟੀ.ਵੀ. ਫੁਟੇਜ ਅਨੁਸਾਰ ਸ਼ਾਹਿਦ ਖ਼ਾਕਨ ਅੱਬਾਸੀ (ਜੋ ਮੁਲਕ ਦੇ ਆਰਜ਼ੀ ਵਜ਼ੀਰੇ-ਆਜ਼ਮ ਰਹਿ ਚੁੱਕੇ ਹਨ) ਨੇ ਇਸ ਹਮਲਾਵਰ ਨੂੰ ਕਾਬੂ ਕਰਕੇ ਕੁਝ ਥੱਪੜ ਜੜ੍ਹ ਦਿੱਤੇ। ਏਨੇ ਨੂੰ ਅਹਿਸਨ ਅਕਬਾਲ ਨੂੰ ਇਕ ਪਿਸ਼ਾਵਰੀ ਚੱਪਲ ਆ ਵੱਜੀ। ਫਿਰ, ਹਰ ਪਾਸੇ ਕੋਹਰਾਮ ਮਚ ਗਿਆ। ਸੁਰੱਖਿਆ ਕਰਮੀਆਂ ਦੇ ਦਖ਼ਲ ਨਾਲ ਹੱਥੋਪਾਈ ਤਾਂ ਰੁਕ ਗਈ, ਪਰ ਦੋਵਾਂ ਧਿਰਾਂ ਦਰਮਿਆਨ ਤਲਖ਼ਕਲਾਮੀ ਦੇਰ ਤਕ ਚਲਦੀ ਰਹੀ। ਕੁਝ ਠੰਢ-ਠੰਢਾਰਾ ਹੋਣ ’ਤੇ ਪੀ.ਐਮ.ਐੱਲ.-ਐੱਨ ਦੇ ਆਗੂ ਮੀਡੀਆ ਨੂੰ ਸੰਬੋਧਨ ਕਰਨ ਲਈ ਦੁਬਾਰਾ ਪਹੁੰਚੇ। ਉਨ੍ਹਾਂ ਨੇ ਭਰੋਸੇ ਦਾ ਵੋਟ ਲੈਣ ਦੀ ਇਮਰਾਨ ਖ਼ਾਨ ਦੀ ਕਾਰਵਾਈ ਨੂੰ ਬੇਲੋੜਾ ਦੱਸਿਆ ਅਤੇ ਕਿਹਾ ਕਿ ਹਾਲੀਆ ਸੈਨੇਟ ਚੋਣਾਂ ਵਿਚ ਇਮਰਾਨ ਖ਼ਾਨ ਸਰਕਾਰ ਦੀ ਇਖ਼ਲਾਕੀ ਹਾਰ ਹੋਈ ਹੈ, ਇਸ ਲਈ ਉਨ੍ਹਾਂ ਪਾਸੋਂ ਅਸਤੀਫ਼ਾ ਮੰਗਣਾ ਕਾਨੂੰਨੀ ਤੇ ਜਮਹੂਰੀ ਪੱਖੋਂ ਪੂਰੀ ਤਰ੍ਹਾਂ ਜਾਇਜ਼ ਹੈ।
ਜ਼ਿਕਰਯੋਗ ਹੈ ਕਿ ਸੈਨੇਟ ਚੋਣਾਂ ਵਿਚ ਹੁਕਮਰਾਨ ਧਿਰ ਦਾ ਉਮੀਦਵਾਰ ਤੇ ਮੌਜੂਦਾ ਖ਼ਜ਼ਾਨਾ ਮੰਤਰੀ ਹਾਫ਼ਿਜ਼ ਸ਼ੇਖ਼, ਪੀ.ਡੀ.ਐੱਮ. ਦੇ ਉਮੀਦਵਾਰ ਮਖ਼ਦੂਮ ਯੂਸੁਫ਼ ਰਜ਼ਾ ਕੁਰੈਸ਼ੀ ਪਾਸੋਂ ਹਾਰ ਗਿਆ ਸੀ। ਇਮਰਾਨ ਖ਼ਾਨ ਦਾ ਦਾਅਵਾ ਹੈ ਕਿ ਪੀ.ਡੀ.ਐਮ. ਨੇ ਇਹ ਚੋਣ ਪੈਸੇ ਦੇ ਜ਼ੋਰ ਨਾਲ ਜਿੱਤੀ। ਉਨ੍ਹਾਂ ਨੇ ਕੌਮੀ ਅਸੈਂਬਲੀ ਵਿਚ ਸ਼ਨਿੱਚਰਵਾਰ ਦੀ ਤਕਰੀਰ ਦੌਰਾਨ ਪੀ.ਡੀ.ਐਮ. ਉਪਰ 16 ਪੀ.ਟੀ.ਆਈ. ਸੰਸਦ ਮੈਂਬਰ ਖ਼ਰੀਦਣ ਦੇ ਦੋਸ਼ ਲਾਏ। ਪੀ.ਡੀ.ਐਮ. ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਵਜ਼ੀਰੇ ਆਜ਼ਮ ਨੂੰ ਚੁਣੌਤੀ ਦਿੱਤੀ ਕਿ ਉਹ ‘ਵਿਕਾਊ’ ਸੰਸਦ ਮੈਂਬਰਾਂ ਦੇ ਨਾਮ ਦੱਸਣ। ਅਜਿਹੀ ਸਿਆਸੀ ਖਿੱਚ-ਧੂਹ ਐਤਵਾਰ ਨੂੰ ਵੀ ਜਾਰੀ ਸੀ।
ਇਰਾਨ ਤੋਂ ਸਮਗਲਿੰਗ
ਪਾਕਿਸਤਾਨ-ਇਰਾਨ ਸਰਹੱਦ ਦੇ ਨੇੜੇ ਇਰਾਨੀ ਇਨਕਲਾਬੀ ਰਾਖਿਆਂ (ਰੈਵੋਲਿਊਸ਼ਨਰੀ ਗਾਰਡਜ਼) ਵੱਲੋਂ 23 ਕਥਿਤ ਤੇਲ ਸਮਗਲਰਾਂ ਨੂੰ ਗੋਲੀ ਮਾਰਨ ਵਾਲਾ ਘਟਨਾਕ੍ਰਮ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਯੂ.ਐੱਨ.ਐੱਚ.ਸੀ.) ਨੇ ਇਨ੍ਹਾਂ ਗੋਲੀ ਕਾਂਡਾਂ ਦੀ ਜਾਂਚ ਕਰਵਾਏ ਜਾਣ ਦਾ ਸੱਦਾ ਦਿੱਤਾ ਹੈ ਅਤੇ ਇਰਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਇਸ ਜਾਂਚ ਵਿਚ ਹਰ ਤਰ੍ਹਾਂ ਦਾ ਸਹਿਯੋਗ ਦਿੱਤੇ ਜਾਣ ਦੀ ਹਦਾਇਤ ਕੀਤੀ ਹੈ। ਹਾਲਾਂਕਿ 23 ਮੌਤਾਂ ਮੁੱਖ ਤੌਰ ’ਤੇ ਇਰਾਨ ਵਾਲੇ ਪਾਸੇ ਹੀ ਹੋਈਆਂ ਹਨ, ਫਿਰ ਵੀ ਸਮੁੱਚੀ ਘਟਨਾਵਲੀ ਨੇ ਇਰਾਨ ਤੋਂ ਪਾਕਿਸਤਾਨ ਵਿਚ ਪੈਟਰੋਲ ਤੇ ਡੀਜ਼ਲ ਦੀ ਸਮਗਲਿੰਗ ਵੱਲ ਦੁਨੀਆਂ, ਖ਼ਾਸ ਕਰਕੇ ਅਮਰੀਕਾ ਦਾ ਧਿਆਨ ਕੇਂਦਰਿਤ ਕਰ ਦਿੱਤਾ ਹੈ। ਇਮਰਾਨ ਖ਼ਾਨ ਸਰਕਾਰ ਨੇ ਪਿਛਲੇ ਮਹੀਨੇ ਕਸਟਮ ਅਧਿਕਾਰੀਆਂ ਵੱਲੋਂ ਜ਼ੋਰ ਪਾਏ ਜਾਣ ’ਤੇ ‘ਗ਼ੈਰ-ਕਾਨੂੰਨੀ’ ਪੈਟਰੋਲ ਪੰਪਾਂ ਖਿਲਾਫ਼ ਕਾਰਵਾਈ ਲਈ ਕਾਰਜ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਤਸਲੀਮ ਕੀਤਾ ਸੀ ਕਿ ਮੁਲਕ ਦੇ ਅੰਦਰ 2094 ਅਜਿਹੇ ਪੈਟਰੋਲ ਸਟੇਸ਼ਨ ਹਨ ਜੋ ਇਰਾਨ ਤੋਂ ਸਮਗਲ ਕੀਤਾ ਤੇਲ ਵੇਚਦੇ ਹਨ। ਅਜਿਹੀ ਸਮਗਲਿੰਗ ਕਾਰਨ ਪਾਕਿਸਤਾਨ ਸਰਕਾਰ ਨੂੰ 100 ਤੋਂ 150 ਅਰਬ ਰੁਪਏ ਦਾ ਸਾਲਾਨਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਰਾਨ ਤੋਂ ਤੇਲ ਦਰਾਮਦ ਕਰਨ ਉਪਰ ਸੰਯੁਕਤ ਰਾਸ਼ਟਰ ਨੇ ਪਾਬੰਦੀ ਲਾਈ ਹੋਈ ਹੈ। ਇਸ ਪਾਬੰਦੀ ਤੋਂ ਬਾਅਦ ਇਰਾਨ ਦੇ ਸੀਸਤਾਨ-ਬਲੂਚਿਸਤਾਨ ਸੂਬੇ ਤੇ ਬਲੋਚਿਸਤਾਨ ਦਰਮਿਆਨ ਪੈਂਦੀ ਸਰਹੱਦ ਰਾਹੀਂ ਪਾਕਿਸਤਾਨ ਅੰਦਰ ਇਰਾਨੀ ਤੇਲ ਦੀ ਤਸਕਰੀ ਨਿਰੰਤਰ ਜਾਰੀ ਹੈ। ਜਿਹੜੇ ਪੈਟਰੋਲ ਪੰਪ ਇਰਾਨੀ ਤੇਲ ਵੇਚਦੇ ਆ ਰਹੇ ਹਨ, ਉਹ ਮੁਲਕ ਦੇ ਸਾਰੇ ਸੂਬਿਆਂ ਤੋਂ ਇਲਾਵਾ ਇਸਲਾਮਾਬਾਦ-ਰਾਵਲਪਿੰਡੀ ਕੌਮੀ ਰਾਜਧਾਨੀ ਖੇਤਰ ਵਿਚ ਵੀ ਸਥਿਤ ਹਨ। ਇਰਾਨੀ ਇਨਕਲਾਬੀ ਰਾਖਿਆਂ ਤੇ ਤੇਲ ਸਮਗਲਰਾਂ ਦਰਮਿਆਨ ਝੜਪਾਂ ਅਕਸਰ ਹੁੰਦੀਆਂ ਆਈਆਂ ਹਨ। ਇਰਾਨ ਸਰਕਾਰ, ਪਾਕਿਸਤਾਨ ਉਪਰ ਸਮਗਲਰਾਂ ਦੀ ਪੁਸ਼ਤਪਨਾਹੀ ਦੇ ਦੋਸ਼ ਵੀ ਲਾਉਂਦੀ ਆ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਮਗਲਿੰਗ ਕਾਰਨ ਉਸ ਨੂੰ ਸਿੱਧੇ ਤੌਰ ’ਤੇ ਮਾਲੀ ਨੁਕਸਾਨ ਹੁੰਦਾ ਆ ਰਿਹਾ ਹੈ। ਇਹੋ ਜਿਹਾ ਦਾਅਵਾ ਪਾਕਿਸਤਾਨ ਸਰਕਾਰ ਵੀ ਕਰਦੀ ਆਈ ਹੈ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਕਸਟਮ ਅਧਿਕਾਰੀਆਂ ਵੱਲੋਂ ‘ਗ਼ੈਰਕਾਨੂੰਨੀ’ ਪੈਟਰੋਲ ਪੰਪਾਂ ਦੀ ਸ਼ਨਾਖ਼ਤ ਕੀਤੇ ਜਾਣ ਦੇ ਬਾਵਜੂਦ ਇਨ੍ਹਾਂ ਪੰਪਾਂ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਸਿਆਸਤਦਾਨਾਂ, ਮੌਜੂਦਾ ਤੇ ਸਾਬਕਾ ਅਫ਼ਸਰਾਂ ਅਤੇ ਸਾਬਕਾ ਜਰਨੈਲਾਂ ਦੀ ਮਲਕੀਅਤ ਹਨ। ਹੁਣ ਯੂ.ਐੱਨ.ਐੱਚ.ਸੀ. ਤੇ ਅਮਰੀਕਾ ਸਰਕਾਰ ਵੱਲੋਂ ਦਬਾਅ ਪਾਏ ਜਾਣ ਕਾਰਨ ਕੀ ਕਾਰਵਾਈ ਹੁੰਦੀ ਹੈ, ਇਸ ਬਾਰੇ ਤਸਵੀਰ ਵੀ ਅਜੇ ਧੁੰਦਲੀ ਹੀ ਹੈ।
ਚੀਨੀ ਟੀਕੇ ਪ੍ਰਤੀ ਝਿਜਕ
ਪਾਕਿਸਤਾਨ ਅੰਦਰ ‘ਕੋਵਿਡ-19’ ਕੇਸ ਮੁੜ ਤੇਜ਼ੀ ਨਾਲ ਵਧਣ ਕਾਰਨ ਆਮ ਲੋਕਾਂ ਤੇ ਸਰਕਾਰੀ ਹਲਕਿਆਂ ਵਿਚ ਚਿੰਤਾ ਜ਼ਰੂਰ ਵਧੀ ਹੈ, ਪਰ ਟੀਕਾਕਰਨ ਮੁਹਿੰਮ ਨੂੰ ਹੁੰਗਾਰਾ ਅਜੇ ਵੀ ਮੱਠਾ ਹੈ। ਰੋਜ਼ਾਨਾ ਅਖ਼ਬਾਰ ‘ਡਾਅਨ’ ਦੀ ਰਿਪੋਰਟ ਮੁਤਾਬਿਕ ਸਿਹਤ ਕਾਮਿਆਂ ਦੇ ਟੀਕਾਕਰਨ ਦੀ ਮੁਹਿੰਮ 10 ਫਰਵਰੀ ਤੋਂ ਜਾਰੀ ਹੈ, ਫਿਰ ਵੀ ਅਜੇ ਤਕ ਸਿਰਫ਼ 46 ਫ਼ੀਸਦੀ ਕਾਮਿਆਂ ਨੇ ਹੀ ਟੀਕਾ ਲਗਵਾਇਆ ਹੈ। ਸਰਵੇਖਣ ਏਜੰਸੀ ਗੈਲੁੱਪ ਪਾਕਿਸਤਾਨ ਵੱਲੋਂ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਨਾਲ ਮਿਲ ਕੇ ਕਰਵਾਏ ਸਰਵੇਖਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ 55 ਫ਼ੀਸਦ ਸਿਹਤ ਕਾਮੇ ਚੀਨ ਤੋਂ ਆਏ ਸਿਨੇਫਾਰਮ ਟੀਕੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਉਹ ਫਾਈਜ਼ਰ (ਅਮਰੀਕਾ) ਜਾਂ ਐਂਗਲੋ-ਸਵਿੱਸ ਕੰਪਨੀ ਅਸਤਰਾ-ਜ਼ੈਨੇਕਾ ਵੱਲੋਂ ਤਿਆਰ ਕੋਵੀਸ਼ੀਲਡ ਟੀਕੇ ਦੀ ਪਾਕਿਸਤਾਨ ਵਿਚ ਆਮਦ ਦਾ ਇੰਤਜ਼ਾਰ ਕਰ ਰਹੇ ਹਨ। ਪਾਕਿਸਤਾਨ ਵਿਚ ਅਜੇ ਸਿਨੇਫਾਰਮ ਟੀਕਾ ਹੀ ਉਪਲਬਧ ਹੈ। ਮਰਕਜ਼ੀ ਸਰਕਾਰ ਨੇ ਸੂਬਾ ਪੰਜਾਬ ਨੂੰ ਇਸ ਦੀਆਂ 5,04,400 ਖ਼ੁਰਾਕਾਂ ਉਪਲਬਧ ਕਰਵਾਈਆਂ ਸਨ। ਸ਼ਨਿਚਰਵਾਰ (6 ਮਾਰਚ) ਤਕ ਸੂਬੇ ਵਿਚ ਸਿਰਫ਼ 2,30,000 ਸਿਹਤ ਕਾਮਿਆਂ ਨੇ ਹੀ ਪਹਿਲਾ ਟੀਕਾ ਲਗਵਾਇਆ ਸੀ। ਸਰਕਾਰ ਨੇ ਮੰਨਿਆ ਹੈ ਕਿ ਸਿਹਤ ਕਾਮਿਆਂ ਦੀ ਝਿਜਕ ਕਾਰਨ ਟੀਕੇ ਜ਼ਾਇਆ ਜਾ ਰਹੇ ਹਨ। ਜ਼ਾਇਆ ਹੋ ਰਹੇ ਟੀਕਿਆਂ ਦੀ ਫ਼ੀਸਦ ਟੀਕਾਕਰਨ ਨਾਲੋਂ ਜ਼ਿਆਦਾ ਹੋਣ ਕਾਰਨ ਸਰਕਾਰ ਹੁਣ ਜਬਰੀ ਟੀਕਾਕਰਨ ਵਰਗੇ ਉਪਾਵਾਂ ਬਾਰੇ ਸੋਚਣ ਲੱਗੀ ਹੈ।
ਤਾਲਾਬੰਦੀ ਦੀ ਵਾਪਸੀ
ਸੂਬਾ ਪੰਜਾਬ ਦੀ ਸਰਕਾਰ ਨੇ ਵੀਰਵਾਰ ਤੋਂ ਲਾਹੌਰ ਦੇ 12 ਇਲਾਕਿਆਂ ਵਿਚ ਲਾਕ-ਡਾਊਨ ਲਾਗੂ ਕਰ ਦਿੱਤੀ ਹੈ ਜੋ ਦਸ ਦਿਨ ਚੱਲੇਗੀ। ‘ਦਿ ਨੇਸ਼ਨ’ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧੀ ਹੈ। ਲਾਹੌਰ ਤੋਂ ਇਲਾਵਾ ਸੂਬੇ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਸੀਮਤ ਤਾਲਾਬੰਦੀ ਲਾਗੂ ਕੀਤੀ ਜਾ ਰਹੀ ਹੈ। ਸੂਬੇ ਵਿਚ ਬੁੱਧਵਾਰ ਤੋਂ ਕੋਵਿਡ-19 ਕਾਰਨ ਨਿੱਤ ਹੋਣ ਵਾਲੀਆਂ ਮੌਤਾਂ ਦੀ ਗਿਣਤੀ 50 ਤੋਂ ਅੱਗੇ ਜਾਣ ਲੱਗੀ ਹੈ। ਸ਼ੁੱਕਰਵਾਰ ਨੂੰ ਇਹ ਗਿਣਤੀ 58 ਸੀ। ਇਸ ਤੋਂ ਪਹਿਲਾਂ 15 ਦਸੰਬਰ 2020 ਨੂੰ ਇਕੋ ਦਿਨ ਵਿਚ 57 ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਸੀ। ਹਫ਼ਤਾਵਾਰੀ ਔਸਤ ਮੁਤਾਬਿਕ 62 ਫ਼ੀਸਦੀ ਤੋਂ ਵੱਧ ਮੌਤਾਂ ਇਕੱਲੇ ਲਾਹੌਰ ਵਿਚ ਹੋ ਰਹੀਆਂ ਹਨ। ਇਸੇ ਕਾਰਨ ਇਸ ਮਹਾਂਨਗਰ ਵਿਚ ਜ਼ਿਆਦਾ ਸਖ਼ਤੀ ਵਰਤੀ ਜਾ ਰਹੀ ਹੈ।
– ਪੰਜਾਬੀ ਟ੍ਰਿਬਿਊਨ ਫੀਚਰ