ਅਮੋਲਕ ਸਿੰਘ
ਅੱਧੀ ਸਦੀ ਪਹਿਲਾਂ ਪਾਸ਼ ਨੂੰ ਨਾਮਵਰ ਵਿਦਵਾਨਾਂ ਤੋਂ ਲੈ ਕੇ ਪੁੰਗਰਦੀਆਂ ਕਲਮਾਂ ਵੱਲੋਂ ਲਿਖੀਆਂ ਚਿੱਠੀਆਂ ਦਾ ਇੱਕ-ਇੱਕ ਅੱਖਰ ਜੋੜ ਕੇ ਪਹਿਲੀ ਵਾਰ ਅਜੋਕੀ ਪੀੜ੍ਹੀ ਦੇ ਨਜ਼ਰ ਕਰਨ ਦਾ ਯਤਨ ਹੈ ਤਾਂ ਜੋ ਚਿੱਠੀਆਂ ’ਚ ਵਸਦਾ ਪਾਸ਼ ਪਛਾਣਿਆ ਅਤੇ ਨੇੜਿਓਂ ਜਾਣਿਆ ਜਾ ਸਕੇ। ਜਦੋਂ ਮੈਂ ਪਾਸ਼ ਨੂੰ ਲਿਖੀਆਂ ਚਿੱਠੀਆਂ ਇਕੱਠੀਆਂ, ਤਰਤੀਬਬੱਧ ਅਤੇ ਸੰਪਾਦਤ ਕਰ ਰਿਹਾ ਸੀ ਤਾਂ ਅਮਰੀਕਾ ਰਹਿੰਦੇ ਪਾਸ਼ ਦੇ ਜਿਗਰੀ ਬੇਲੀ ਅਤੇ ਭਣੋਈਏ ਹਰਸ਼ਰਨ ਗਿੱਲ ‘ਧੀਦੋ’ ਨੇ ਵਿਚਾਰ ਚਰਚਾ ਦੌਰਾਨ ਦੱਸਿਆ ਕਿ ਚਿੱਠੀਆਂ ਲਿਖਣ ਤੇ ਉਸ ਨੂੰ ਚਿੱਠੀਆਂ ਆਉਣ ਦਾ ਮਾਮਲਾ ਤਾਂ ਇਉਂ ਸੀ ਜਿਵੇਂ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਜਹਾਜ਼ਾਂ ਦੀਆਂ ਡਾਰਾਂ ਉਤਰਦੀਆਂ ਅਤੇ ਉਡਾਰੀ ਭਰਦੀਆਂ ਰਹਿੰਦੀਆਂ ਹਨ। ਇਉਂ ਜਾਪਿਆ, ਜਿਵੇਂ ਧੀਦੋ ਕਹਿ ਰਿਹਾ ਹੋਵੇ ਕਿ ‘ਪਾਸ਼ ਦੇ ਅੰਬਰ ’ਤੇ, ਚਿੱਠੀ ਇੱਕ ਆਵੇ, ਇੱਕ ਜਾਵੇ’।
ਉਹ ਵੀ ਦਿਨ ਸਨ ਜਦੋਂ ਪਾਸ਼ ਡਾਇਰੀ ਅਤੇ ਚਿੱਠੀਆਂ ਲਿਖਿਆ ਕਰਦਾ ਸੀ। ਇਹ ਚਿੱਠੀਆਂ ਸਾਹਿਤਕ ਰਸਾਲਿਆਂ, ਸੰਸਥਾਵਾਂ ਅਤੇ ਵਿਅਕਤੀਆਂ ਦੇ ਨਾਂ ਲਿਖੀਆਂ ਹੁੰਦੀਆਂ ਪਰ ਇਨ੍ਹਾਂ ਚਿੱਠੀਆਂ ’ਚ ਸਮਾਜਿਕ ਸਰੋਕਾਰਾਂ ਦੀ ਸਾਂਝੀ ਤੰਦ ਪਰੋਈ ਹੁੰਦੀ। ਜਾਤੀ ਮੁਫ਼ਾਦਾਂ, ਮੁੱਦਿਆਂ, ਆਪਾ-ਲਿਸ਼ਕਾਊ ਦੀ ਬਜਾਏ ਇਹ ਚਿੱਠੀਆਂ ਸਮਾਜੀ ਫ਼ਿਕਰਾਂ ਨੂੰ ਪਰਣਾਏ ਸਰੋਕਾਰਾਂ ਦੀ ਸਾਰ ਲੈਣ ਵਾਲੇ ਵਡੇਰੇ ਪਰਿਵਾਰ ਦੀ ਸਿਰਜਣਾ ਨੂੰ ਪਰਣਾਈਆਂ ਹੁੰਦੀਆਂ।
ਉਨ੍ਹਾਂ ਸਮਿਆਂ ’ਚ ਅਕਸਰ ਹੀ ਲੋਕਾਂ ਦੇ ਘਰ ਚਿੱਠੀਆਂ ਆਉਂਦੀਆਂ ਅਤੇ ਉਨ੍ਹਾਂ ਵੱਲੋਂ ਲਿਖੀਆਂ ਲਿਖਾਈਆਂ ਜਾਂਦੀਆਂ ਸਨ। ‘ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ, ਵੇ ਕਬੂਤਰਾ!’ ਦੇ ਯੁੱਗ ਨਾਲੋਂ ਡਾਕ-ਤਾਰ ਦੇ ਸਮਿਆਂ ’ਚ ਚਿੱਠੀਆਂ ਲਿਖਣ, ਡਾਕੀਏ ਦੀ ਉਡੀਕ ਕਰਨ ਅਤੇ ਡਾਕੀਏ ਦੇ ਸਾਈਕਲ ਦੀ ਘਰ ਦੇ ਬਾਰ ਮੂਹਰੇ ਘੰਟੀ ਵੱਜਣ ’ਤੇ ਚਿੱਠੀ ਫੜਨ, ਪੜ੍ਹਨ ਲਈ ਧੜਕਣ ਤੇਜ਼ ਹੋਣ ਦਾ ਵੀ ਬੱਸ ਆਪਣਾ ਹੀ ਸਰੂਰ ਹੁੰਦਾ ਸੀ।
ਪਾਸ਼ ਨੂੰ ਲਿਖੀਆਂ ਚਿੱਠੀਆਂ ਦੀ ਸਮੀਖਿਆ ਕਰਦਿਆਂ ਸਮਾਜ ਦੀ ਨਬਜ਼ ਦੀ ਟੋਹ ਪੈਂਦੀ ਹੈ। ਸਾਡਾ ਪਾਸ਼ ਉਸ ਵੇਲੇ ਕੀ ਲਿਖਦਾ ਹੈ ਅਤੇ ਪਾਸ਼ ਦੇ ਸੱਜਣ-ਬੇਲੀ ਉਸ ਨੂੰ ਕੀ ਲਿਖਦੇ ਹਨ। ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਪਾਸ਼ ਦੇ ਘਰ ਪਰਿਵਾਰ ਅੰਦਰ, ਪਾਸ਼ ਨੂੰ ਖ਼ਤ ਲਿਖਣ ਵਾਲਿਆਂ ਦੇ ਘਰਾਂ ਅੰਦਰ ਆਮ ਲੋਕ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਸਨ। ਵਿਲੱਖਣ ਅਤੇ ਅਮੁੱਲੀ ਗੱਲ ਹੈ ਕਿ ਜਾਗਦੀ ਅੱਖ ਵਾਲਿਆਂ ਦੇ ਖ਼ਤਾਂ ਦੇ ਨੈਣਾਂ ਵਿੱਚ ਪੈਂਦੀ ਸਮਾਜੀ ਸਰੋਕਾਰਾਂ ਦੀ ਰੜਕ ਤਿੱਖੀ ਤਰ੍ਹਾਂ ਮਹਿਸੂਸ ਹੁੰਦੀ ਹੈ।
ਡਾਇਰੀ ਅਤੇ ਖ਼ਤ ਲਿਖਣਾ ਆਪਣੇ ਆਪ ਨੂੰ ਮੁਖ਼ਾਤਬ ਹੋਣਾ ਹੈ। ਆਪਣੇ ਮਨ ਦੀਆਂ ਗੱਲਾਂ ਆਪਣੇ ਆਪ ਨਾਲ ਕਰਨਾ ਹੈ। ਉਨ੍ਹਾਂ ਗੱਲਾਂ ਦੀ ਪੁਣ-ਛਾਣ ਕਰਦਿਆਂ ਕਿਸ ਮਸਲੇ ਨੂੰ ਦਰ-ਕਿਨਾਰ ਕਰਨਾ, ਕਿਸ ਨਾਲ ਹੱਥ ਮਿਲਾਉਣਾ ਹੈ, ਇਸ ਦਾ ਫ਼ੈਸਲਾ ਆਪਣੀ ਜ਼ਿੰਮੇਵਾਰਾਨਾ, ਸਮਾਜਿਕ, ਵਿਗਿਆਨਕ ਅਤੇ ਲੋਕ-ਪੱਖੀ ਦ੍ਰਿਸ਼ਟੀ ’ਤੇ ਨਿਰਭਰ ਕਰਦਾ ਹੈ।
ਪਾਸ਼ ਨੂੰ ਲਿਖੀਆਂ ਚਿੱਠੀਆਂ ਇੱਕ ਬੰਨੇ ਉਸ ਦੇ ਕਿਸੇ ਹੱਦ ਤੱਕ ਕੁਝ ਮਾਮਲਿਆਂ ’ਚ ਘੌਲੀ ਅਤੇ ਬੇਪਰਵਾਹ ਸੁਭਾਅ ਦੀ ਬਾਤ ਪਾਉਂਦੀਆਂ ਹਨ, ਦੂਜੇ ਬੰਨੇ ਉਸ ਦੇ ਨਿੱਕੀ ਤੋਂ ਨਿੱਕੀ ਘਟਨਾ, ਵਰਤਾਰੇ ਅਤੇ ਰੁਝਾਨ ਬਾਰੇ ਅਣ-ਲਿਖੀਆਂ ਅਣ-ਕਹੀਆਂ ਬਾਤਾਂ ਵੀ ਬੁੱਝਣ ਬਾਰੇ ਤਤਪਰ, ਸੂਖ਼ਮ, ਸੁਹਿਰਦ ਅਤੇ ਪ੍ਰਤੀਬੱਧਤ ਇਨਕਲਾਬੀ ਕਲਮਕਾਰ ਹੋਣ ਦੀ ਗਵਾਹੀ ਦਿੰਦੀਆਂ ਹਨ। ਪਾਸ਼ ਨੂੰ ਲਿਖੀਆਂ ਚਿੱਠੀਆਂ ਵਿੱਚੋਂ ਉਸ ਪ੍ਰਤੀ ਲੋਕਾਂ ਦੀ ਅਪਾਰ ਮੁਹੱਬਤ, ਗਹਿਰੇ ਰਿਸ਼ਤੇ ਅਤੇ ਵੱਡੀਆਂ ਉਮੀਦਾਂ ਦੀ ਖ਼ੂਬਸੂਰਤ ਫੁਲਕਾਰੀ ਨਜ਼ਰੀਂ ਪੈਂਦੀ ਹੈ। ਉਸ ਨੂੰ ਚਿੱਠੀਆਂ ਲਿਖਣ ਵਾਲਿਆਂ ਵਿੱਚ ਸਾਹਿਤ ਦੀਆਂ ਵੰਨ-ਸੁਵੰਨੀਆਂ ਵਿਧਾਵਾਂ ਵਿੱਚ ਮੀਲ ਪੱਥਰ ਗੱਡਣ ਵਾਲੇ ਕਲਮਕਾਰਾਂ ਦਾ ਸ਼ੁਮਾਰ ਹੋਣਾ, ਪਾਸ਼ ਨਾਲ ਉਨ੍ਹਾਂ ਦੇ ਮਾਣਮੱਤੇ ਨਾਤੇ ਦੀ ਜ਼ਾਹਰਾ ਗਵਾਹੀ ਹੈ। ਚਿੱਠੀਆਂ ਲਿਖਣ ਵਾਲਿਆਂ ’ਚ ਆਮ ਨੌਜਵਾਨ ਵੀ ਸ਼ਾਮਲ ਹਨ।
ਚਿੱਠੀਆਂ ਨੂੰ ਬੀਤੇ ਸਮਿਆਂ ਦੀ ਗੱਲ ਸਮਝ ਬੈਠਣਾ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਕਿਨਾਰਾ ਕਰਨਾ ਹੈ। ਚਿੱਠੀ ਪੋਸਟ ਕਾਰਡ, ਲਿਫ਼ਾਫ਼ੇ ’ਤੇ ਲਿਖਣਾ, ਡਾਕ ’ਚ ਪਾਉਣਾ ਤਾਂ ਲਿਖਣ ਅਤੇ ਸੰਚਾਰ ਦਾ ਇੱਕ ਮਾਧਿਅਮ ਹੈ। ਅਸਲ ਨੁਕਤਾ ਉਨ੍ਹਾਂ ਸਰੋਕਾਰਾਂ ਦੀ ਧੜਕਣ ਮਹਿਸੂਸ ਕਰਨ ਦਾ ਹੈ ਜਿਹੜੇ ਸਰੋਕਾਰ, ਜਿਹੜੀ ਚਿੰਤਾ, ਜਿਹੜਾ ਚਿੰਤਨ ਆਪਣੇ ਮਿਹਨਤਕਸ਼ ਲੋਕਾਂ ਨੂੰ ਆਪਣਾ ਪਰਿਵਾਰ ਸਮਝਦਾ ਹੈ।
‘ਅੱਜ ਚਿੱਠੀਆਂ ਦਾ ਜ਼ਮਾਨਾ ਨਹੀਂ ਰਿਹਾ’ ਕਹਿ ਕੇ ਆਪਣੇ ਫ਼ਰਜ਼ਾਂ ਤੋਂ ਬੇਮੁੱਖ ਨਹੀਂ ਹੋਇਆ ਜਾ ਸਕਦਾ। ਇਹ ਤਾਂ ਇੱਕ ਵਿਧਾ ਸੀ ਜੋ ਸਮਿਆਂ ਦੀ ਤੋਰ ਨਾਲ ਬਦਲਦੀ ਰਹਿੰਦੀ ਹੈ। ਅੱਜ ਚਿੱਠੀਆਂ ਨਹੀਂ ਤਾਂ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਬਹੁਤ ਕੁਝ ਹੈ। ਮੰਨਿਆ ਇਹ ਕੁਝ ਸਮਾਜ ਦੀ ਇੱਕ ਖ਼ਾਸ ਹੱਦ ਤੱਕ ਪਰਤ ਦੇ ਵਰਤੋਂ ਘੇਰੇ ਵਿੱਚ ਹੈ। ਖ਼ਤਾਂ ਦੇ ਜ਼ਮਾਨੇ ’ਚ ਵੀ ਕਈ ਵਾਰੀ ਸਾਰੇ ਪਿੰਡ ’ਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਹੀ ਚਿੱਠੀ ਲਿਖਣ ਦੇ ਸਮਰੱਥ ਹੁੰਦੇ ਸਨ। ਆਮ ਲੋਕ ਉਨ੍ਹਾਂ ਕੋਲੋਂ ਹੀ ਲਿਖਵਾਉਂਦੇ ਸਨ। ਅੱਜ ਵੀ ਆਮ ਲੋਕਾਂ ਦੇ ਨੇੜੇ ਤਾਂ ਹੋਵੋ, ਉਨ੍ਹਾਂ ਦੇ ਮਨਾਂ ਵਿੱਚ ਡੂੰਘੇ ਤਾਂ ਉਤਰੋ, ਉਹ ਤੁਹਾਨੂੰ ਕਿੰਨੇ ਹੀ ਖ਼ਤ ਕਵਿਤਾਵਾਂ, ਗੀਤ, ਕਹਾਣੀਆਂ, ਨਾਟਕ ਲਿਖਾਉਣਗੇ। ਚਿੱਤਰਕਲਾ ਅਤੇ ਅਨੇਕਾਂ ਲੋਪ ਹੋ ਰਹੀਆਂ ਕਲਾਵਾਂ ਦੇ ਦੀਦਾਰ ਕਰਾਉਣਗੇ। ਮੰਨ ਲਿਆ ਲੋਕ, ਚਿੱਠੀਆਂ ਹੁਣ ਨਹੀਂ ਲਿਖਦੇ ਪਰ ਹੁਣ ਹੋਰ ਬਹੁਤ ਕੁਝ ਲਿਖਦੇ ਨੇ। ਸੁਆਲਾਂ ਦਾ ਸੁਆਲ ਤਾਂ ਇਹ ਹੈ ਕਿ ਉਹ ਲਿਖਦੇ ਕੀ ਨੇ?
ਪਾਸ਼ ਨੂੰ ਲਿਖੀਆਂ ਚਿੱਠੀਆਂ ਸਾਡੇ ਮਨ ਦੀ ਖਿੜਕੀ ਖੋਲ੍ਹਣ ਦਾ ਕੰਮ ਕਰਦੀਆਂ ਹਨ। ਸਾਨੂੰ ਆਪਣੀ ਵਲਗਣ ’ਚ ਕੈਦ ਦੁਨੀਆਂ ਦੀਆਂ ਸਲਾਖ਼ਾਂ ਵਗਾਹ ਮਾਰਨ ਲਈ ਪ੍ਰੇਰਦੀਆਂ ਹਨ। ਨਵੇਂ ਰਿਸ਼ਤੇ, ਨਵੇਂ ਪਰਿਵਾਰ, ਨਵੇਂ ਵਿਚਾਰ ਅਤੇ ਸਾਂਝੇ ਸਰੋਕਾਰਾਂ ਦੀ ਬਾਤ ਪਾਉਣ ਦਾ ਵੱਲ ਸਿਖਾਉਂਦੀਆਂ ਹਨ। ਵਿਸ਼ਾਲ ਅਤੇ ਦੂਰ ਦ੍ਰਿਸ਼ਟੀ ਦੀ ਪਰਵਾਜ਼ ਭਰਨ ਦੀ ਜਾਚ ਸਿਖਾਉਂਦੀਆਂ ਹਨ। ਦੁੱਖਾਂ ਦੀ ਦਾਰੂ ਮਿਲ ਕੇ ਭਾਲਣ ਲਈ ਸਿਰ ਜੋੜਨ ਨੂੰ ਕਹਿੰਦੀਆਂ ਹਨ। ਰਿਸ਼ਤਿਆਂ ਦੇ ਨਿੱਘ ਦੀ ਬੁੱਕਲ ਖੋਲ੍ਹਦੀਆਂ ਹਨ। ਆਲੋਚਨਾ ਅਤੇ ਸਵੈ-ਆਲੋਚਨਾ ਦਾ ਮੰਤਰ ਸਿਖਾਉਂਦੀਆਂ ਹਨ। ਇਉਂ ਕਰਦਿਆਂ ਆਪਸੀ ਸਾਂਝ ਅਤੇ ਗਲਵੱਕੜੀ ਨੂੰ ਹੋਰ ਵੀ ਮਜ਼ਬੂਤ ਕਰਦੀਆਂ ਹਨ।
ਪਾਸ਼ ਨੂੰ ਲਿਖੀਆਂ ਚਿੱਠੀਆਂ ਕਈ ਰਹੱਸ ਬਣੀਆਂ ਬਾਤਾਂ ’ਤੇ ਵੀ ਰੌਸ਼ਨੀ ਪਾਉਂਦੀਆਂ ਹਨ :
* ਖ਼ਾਲਿਸਤਾਨ ਕਮਾਂਡੋ ਫੋਰਸ ਵੱਲੋਂ ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੇ ਉਨ੍ਹਾਂ ਸਮਿਆਂ ਦੇ ਸਰਪੰਚ ਨੂੰ ਆਇਆ ਧਮਕੀ ਪੱਤਰ ਮੂੰਹ ਬੋਲਦਾ ਪ੍ਰਮਾਣ ਹੈ।
* ਉੱਡਣਾ ਸਿੱਖ, ਮਿਲਖਾ ਸਿੰਘ ਦੀ ਸਵੈ-ਜੀਵਨੀ ਦਾ ਹਕੀਕੀ ਕਲਮਕਾਰ ਪਾਸ਼ ਸੀ। ਇਹ ਜ਼ਾਹਰ ਹੋਣ ’ਤੇ ਖ਼ੁਸ਼ੀ ਖ਼ੁਸ਼ੀ ਇਹ ਹਕੀਕਤ ਪ੍ਰਵਾਨ ਕਰਨ ਦੀ ਬਜਾਏ ਉਲਟਾ ਇਸ ਸੱਚਾਈ ਤੋਂ ਮੁਨਕਰ ਹੋਇਆ ਗਿਆ। ਹਥਲੀ ਕਿਤਾਬ ’ਚ ਦਰਜ਼ ਤਰਸੇਮ ਪੁਰੇਵਾਲ ਦੀ ਸ਼ੁਰੂ ’ਚ ਹੀ ਛਪੀ ਚਿੱਠੀ ਗਵਾਹੀ ਦਿੰਦੀ ਹੈ ਕਿ ਮਿਲਖਾ ਸਿੰਘ ਦੀ ਸਵੈ-ਜੀਵਨੀ ਦਾ ਹਕੀਕੀ ਰਚਨਾਕਾਰ, ਪਾਸ਼ ਹੀ ਹੈ।
* ਪਾਸ਼ ਦੇ ਨਾਲ ਹੀ ਸ਼ਹੀਦੀ ਪਾਉਣ ਵਾਲੇ ਸਾਥੀ ਹੰਸ ਰਾਜ ਤਲਵੰਡੀ ਸਲੇਮ ਬਾਰੇ ਭਰਮ-ਭੁਲੇਖੇ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਤਾਂ ਸਾਧਾਰਨ ਵਿਅਕਤੀ ਸੀ। ਪਾਸ਼ ਦੇ ਨਾਲ ਐਵੇਂ ਮਾਰਿਆ ਗਿਆ। ਟੁਕੜੇ-ਟੁਕੜੇ ਮਿਲੀਆਂ ਚਿੱਠੀਆਂ ’ਚ ਸ਼ਾਮਲ ਹੰਸ ਰਾਜ ਦੀ ਸਾਊਦੀ ਅਰਬ ਤੋਂ ਲਿਖੀ ਚਿੱਠੀ ਦਰਸਾਉਂਦੀ ਹੈ ਕਿ ਉਹ ਕਿੰਨੇ ਲੰਮੇ ਅਰਸੇ ਤੋਂ ਇਨਕਲਾਬੀ ਸਾਹਿਤ ਅਤੇ ਵਿਚਾਰਾਂ ਨਾਲ ਜੁੜਿਆ ਹੋਇਆ ਸੀ।
* ਉਦਾਸੀ ਅਤੇ ਪਾਸ਼ ਨੂੰ ਦੋ ਵੱਖੋ ਵੱਖਰੇ ਥੜ੍ਹਿਆਂ ’ਤੇ ਖੜ੍ਹੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਸੀ। ਇਸ ਪੁਸਤਕ ’ਚ ਸ਼ਾਮਲ ਚੋਟੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਵੱਲੋਂ ਪਾਸ਼ ਨੂੰ ਲਿਖੀਆਂ ਚਿੱਠੀਆਂ ਅਜਿਹੇ ਕੂੜ ਪ੍ਰਚਾਰ ਨੂੰ ਨਾਕਾਮ ਕਰਦੀਆਂ ਹਨ। ਉਦਾਸੀ, ਪਾਸ਼ ਦਾ ਕੀ ਰੁਤਬਾ ਸਮਝਦਾ ਹੈ ਉਹਦੀ ਪ੍ਰਾਪਤ ਹੋਈ ਹੱਥ ਲਿਖਤ ਵਿੱਚ ਦਰਜ਼ ਹੈ।
* ਪਾਸ਼ ਦੇ ਪਿਤਾ, ਕੈਪਟਨ ਸੋਹਣ ਸਿੰਘ ਸੰਧੂ ਦੇ ਲਿਖੇ ਖ਼ਤ ਦਰਸਾਉਂਦੇ ਹਨ ਕਿ ਪਿਓ-ਪੁੱਤ ਦੇ ਰਿਸ਼ਤੇ ’ਚ ਦੋਸਤੀ ਦਾ ਰੰਗ ਵੀ ਦਿਖਾਈ ਦਿੰਦਾ ਹੈ। ਘਰ ਦੇ ਹਾਲਾਤ, ਪਾਸ਼ ਦੇ ਵਿਆਹ, ਜੀਵਨ-ਸ਼ੈਲੀ ਆਦਿ ਮਸਲੇ ਸਾਂਝੇ ਕਰਦਿਆਂ ਪਿਓ ਦੇ ਪੁੱਤਰ ਨੂੰ ਹੁਕਮ ਨਹੀਂ ਸਗੋਂ ਸੰਵਾਦ ਪੜ੍ਹਨ ਨੂੰ ਮਿਲਦਾ ਹੈ।
* ਗੁਰਸ਼ਰਨ ਸਿੰਘ ਵੱਲੋਂ ਲਿਖੇ ਖ਼ਤਾਂ ’ਚ ਪਾਸ਼ ਲਈ ਪਿਆਰ ਵੀ ਹੈ ਅਤੇ ਆਪਣਾ ਹੱਥ ਤੰਗ ਹੋਣ ਕਾਰਨ ਕਿਤਾਬਾਂ ਦੇ ਪੈਸੇ ਭੇਜਣ ਦੀ ਅਪੀਲ ਵੀ। ਗੁਰਸ਼ਰਨ ਭਾ’ਜੀ ਆਪਣੀ ਆਰਥਿਕ ਤੰਗੀ ਪਾਸ਼ ਕੋਲੋਂ ਛੁਪਾਉਣ ਦੀ ਬਜਾਏ ਉਸ ਨੂੰ ਇਸ ਕਾਬਲ ਸਮਝਦੇ ਸਨ ਕਿ ਸਾਥੀਆਂ ਨਾਲ ਮਨ ਦੀ ਘੁੰਡੀ ਖੋਲ੍ਹ ਕੇ ਹੋਰ ਵੀ ਬਿਹਤਰ ਰਿਸ਼ਤੇ ਨਿਭਿਆ ਕਰਦੇ ਹਨ।
* ਪ੍ਰੋ. ਅਜਮੇਰ ਔਲਖ ਆਪਣੇ ਪਰਚੇ ‘ਨਾਗ਼-ਨਿਵਾਸ’ ਲਈ ਰਚਨਾਵਾਂ ਭੇਜਣ ਲਈ ਖ਼ਤ ਲਿਖ ਰਹੇ ਹਨ।
* ਪ੍ਰੋ. ਮੋਹਨ ਸਿੰਘ ਖ਼ਤ ਲਿਖ ਕੇ ਪਾਸ਼ ਤੋਂ ਕਵਿਤਾਵਾਂ ਮੰਗਦਾ ਹੈ ਤਾਂ ਜੋ ਨੈਸ਼ਨਲ ਬੁੱਕ ਟ੍ਰਸਟ ਵੱਲੋਂ ਛਾਪੀ ਜਾ ਰਹੀ ਪੁਸਤਕ ਵਿੱਚ ਸ਼ਾਮਲ ਕੀਤੀਆਂ ਜਾ ਸਕਣ।
* ਗੁਰਦਾਸ ਰਾਮ ਆਲਮ ਦੀ ਧੀ ਦਾ ਖ਼ਤ ਜਾਤ-ਪਾਤੀ ਵੱਟਾਂ-ਬੰਨ੍ਹਿਆਂ ਤੋਂ ਉਪਰ ਕਲਮਾਂ ਦੇ ਗਹਿਰੇ ਰਿਸ਼ਤੇ ਦਾ ਗਵਾਹ ਹੈ।
* ਓਮ ਪ੍ਰਕਾਸ਼ ਕੁੱਸਾ ਆਪਣੇ ਵੱਲੋਂ ਪਾਸ਼ ਨੂੰ ਲਿਖੇ ਖ਼ਤਾਂ ਵਿੱਚ ਸਾਹਿਤਕ ਪਰਚਾ ਲੋਕਾਂ ਵਿੱਚ ਲਿਜਾਣ ਦੀ ਵਾਰ ਵਾਰ ਫ਼ਿਕਰਮੰਦੀ ਅਤੇ ਸਰੋਕਾਰ ਦਿਖਾਉਂਦਾ ਹੈ।
* ਪ੍ਰੋ. ਮੋਹਨ ਸਿੰਘ, ਓਮ ਪ੍ਰਕਾਸ਼ ਕੁੱਸਾ, ਸੁਰੇਂਦਰ ਹੇਮ ਜਯੋਤੀ, ਅਮਿਤੋਜ, ਪ੍ਰੋ. ਲੋਕ ਨਾਥ, ਪ੍ਰੋ. ਗੁਰਭਜਨ ਗਿੱਲ, ਭਗਵਾਨ ਸਿੰਘ, ਦਰਸ਼ਨ ਖਟਕੜ, ਪ੍ਰੋ. ਜਗਤਾਰ, ਅਤਰਜੀਤ, ਜਸਵੰਤ ਖਟਕੜ, ਹਰਭਜਨ ਹਲਵਾਰਵੀ, ਸਮਸ਼ੇਰ ਸਿੰਘ ਸੰਧੂ, ਗੁਰਭਜਨ ਗਿੱਲ, ਡਾ. ਚਮਨ ਲਾਲ, ਗੁਰਮੀਤ ਖ਼ਾਨ ਅਤੇ ਪੀ.ਐਸ.ਯੂ. ਦੇ ਬਲਦੇਵ ਰਹਿਪਾ, ਧਰਮਪਾਲ ਉਪਾਸ਼ਕ, ਸ਼ਹਰਯਾਰ, ਆਲੋਕ ਨਾਥ ਧਨਵਾ, ਮ੍ਰਿਤਯੂਬੋਧ, ਡਾ. ਨਾਹਰ ਸਿੰਘ ਆਦਿ ਦੀਆਂ ਚਿੱਠੀਆਂ ਪੜ੍ਹਿਆਂ ਹੀ ਜਾਣਿਆ ਜਾ ਸਕਦਾ ਹੈ ਕਿ ਪਾਸ਼ ਕਿਵੇਂ ਸਾਹਿਤਕਾਰਾਂ, ਲੇਖਕਾਂ, ਕਵੀਆਂ ਦੇ ਸਾਹਾਂ ’ਚ ਸਮੋਇਆ ਸੀ। ਪ੍ਰੋ. ਵਰਿਆਮ ਸਿੰਘ ਸੰਧੂ ਅਤੇ ਜਸਪਾਲ ਜੱਸੀ ਵੱਲੋਂ ਆਪਣੇ ਵਿਆਹ ਵਿੱਚ ਭੇਜੇ ਮਿੱਠੜੇ ਬੁਲਾਵੇ, ਰਿਸ਼ਤਿਆਂ ਦੀ ਇੱਕ ਹੋਰ ਗਹਿਰਾਈ ਉਪਰ ਝਾਤ ਪੁਆਉਂਦੇ ਹਨ ਕਿ ਕਲਮਾਂ ਦਾ ਰਿਸ਼ਤਾ, ਮਹਿਜ਼, ਰਚਨਾਵਾਂ ਤੱਕ ਹੀ ਮਹਿਦੂਦ ਨਹੀਂ ਹੁੰਦਾ ਸਗੋਂ ਇਸ ਤੋਂ ਵਧ ਕੇ ਸਾਡੀ ਜ਼ਿੰਦਗੀ ਦੇ ਰਿਸ਼ਤੇ ’ਚ ਵਿਲੱਖਣ ਸਥਾਨ ਹੁੰਦਾ ਹੈ।
ਸੰਪਰਕ: 98778-68710