ਡਾ. ਅਮਰੀਕ ਸਿੰਘ*
ਚਾਲੂ ਸਾਉਣੀ ਦੌਰਾਨ ਪੰਜਾਬ ਵਿੱਚ ਤਕਰੀਬਨ 29 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਕੀਤੀ ਜਾਵੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਨ ਹਿੱਤ ਮਿਸ਼ਨ ਤੰਦਰੁਸਤ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਲੈਣ ਉਪਰੰਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬਾਸਮਤੀ ਦੀ ਕਾਸ਼ਤ ਵਿੱਚ 9 ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ’ਤੇ ਰੋਕ ਲਗਾਉਣ ਕਾਰਨ ਇਸ ਵਾਰ ਬਾਸਮਤੀ ਦਾ ਭਾਅ ਚੰਗਾ ਮਿਲਣ ਦੀ ਸੰਭਾਵਨਾ ਵਧ ਗਈ ਹੈ। ਚਾਲੂ ਸਾਉਣੀ ਦੌਰਾਨ ਕੁਝ ਕਿਸਾਨ ਝੋਨੇ ਦੀ ਪਨੀਰੀ ਦਾ ਵਾਧਾ ਜਲਦੀ ਕਰਨ ਲਈ ਦੁਕਾਨਦਾਰਾਂ ਜਾਂ ਆਂਢੀਆਂ-ਗੁਆਂਢੀਆਂ ਦੇ ਕਹਿਣ ’ਤੇ ਟਰਾਈਕੋਂਟਰਜ਼ੋਲ, ਜ਼ਿੰਕ, ਫੈਰਿਸਸਲਫੇਟ, ਰਿਡੋਮਿਲ, ਛੋਟੇ ਤੱਤਾਂ ਦੇ ਮਿਸ਼ਰਨ, ਜ਼ਿਰਮ-80, ਫੋਰੇਟ, ਯੂਰੀਆ+ਫੋਰੇਟ, ਪਦਾਨ, ਜ਼ਬਿਰੈਲਿਕਐਸਿਡ, ਫਿਪਰੋਨਿਲ, ਸਲਫਰ, ਗਰੋਥ ਇੰਨਹਾਂਸਰ, ਗਰੋਥ ਪਰੋਮੋਟਰ ਆਦਿ ਪਤਾ ਨਹੀਂ ਕੀ ਕੁਝ ਵਰਤ ਰਹੇ ਹਨ, ਕਾਰਨ ਇੱਕੋ ਕਿ ਝੋਨੇ ਦੀ ਪਨੀਰੀ/ਫ਼ਸਲ ਜਲਦੀ ਤੋਂ ਜਲਦੀ ਵੱਡੀ ਹੋ ਜਾਵੇ। ਅਜਿਹਾ ਕਰਨ ਨਾਲ ਖੇਤੀ ਲਾਗਤ ਖ਼ਰਚੇ ਹੀ ਵਧਣਗੇ ਅਤੇ ਫ਼ਾਇਦਾ ਕੋਈ ਨਹੀਂ ਹੋਣਾ।
ਖੇਤੀਬਾੜੀ ਵਿੱਚ ਫ਼ਸਲਾਂ ਦੀ ਕਾਸ਼ਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਜੇ ਕਿਸੇ ਦੀ ਗ਼ਲਤ ਸਲਾਹ ਨਾਲ ਕਿਸੇ ਗ਼ਲਤ ਕੀਟਨਾਸ਼ਕ ਦਾ ਛਿੜਕਾਅ ਫ਼ਸਲ ’ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ। ਆਂਢੀ-ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ’ਤੇ ਦਵਾਈਆਂ ਵਰਤਣ ਦੀ ਬਜਾਇ, ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰ ਕੇ ਹੀ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਬਿਹਤਰ ਰਹੇਗਾ। ਅੱਜ ਹਰ ਕਿਸਾਨ ਕੋਲ ਕਿਸੇ ਨਾਂ ਕਿਸੇ ਖੇਤੀ ਮਾਹਿਰ ਦਾ ਮੋਬਾਈਲ ਨੰਬਰ ਹੋਵੇਗਾ, ਜੇ ਨਹੀਂ ਹੈ ਤਾਂ ਟੌਲ ਫਰੀ ਨੰਬਰ-1800-180-1551 ’ਤੇ ਕਾਲ ਕਰ ਕੇ ਸਲਾਹ ਲਈ ਜਾ ਸਕਦੀ ਹੈ।
ਇਸ ਵਾਰ ਝੋਨੇ ਦੀ ਲਵਾਈ ਪੰਜਾਬੀ ਮਜ਼ਦੂਰ ਤਬਕੇ ਵੱਲੋਂ ਲਗਾਏ ਜਾਣ ਕਾਰਨ ਪ੍ਰਤੀ ਵਰਗ ਮੀਟਰ ਰਕਬੇ ਵਿੱਚ ਬੂਟਿਆਂ ਦੀ ਗਿਣਤੀ ਔਸਤਨ 20-25 ਆ ਰਹੀ ਹੈ ਜੋ ਤਸੱਲੀਬਖਸ਼ ਹੈ, ਜਦੋਂਕਿ ਪਰਵਾਸੀ ਮਜ਼ਦੂਰਾਂ ਵੱਲੋਂ ਲਗਾਏ ਝੋਨੇ ਵਿੱਚ ਪ੍ਰਤੀ ਵਰਗ ਮੀਟਰ 12-15 ਬੂਟੇ ਹੀ ਆ ਰਹੇ ਹਨ। ਜੇ ਮਜ਼ਦੂਰਾਂ ਨੇ ਝੋਨੇ ਦੀ ਲਵਾਈ ਵਿਰਲੀ ਕੀਤੀ ਹੈ ਤਾਂ ਲਵਾਈ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਪਨੀਰੀ ਦੀਆਂ ਕੁਝ ਮੂਈਆਂ ਆਪ ਖੇਤ ਵਿੱਚ ਵਿਰਲੀ ਜਗ੍ਹਾ ’ਤੇ ਲਾ ਦਿਓ।
ਕਈ ਹਾਲਾਤ ਵਿੱਚ ਜਿੱਥੇ ਪਾਣੀ ਦੀ ਘਾਟ ਹੋਵੇ ਜਾਂ ਪਾਣੀ ਦੇਰ ਨਾਲ ਲੱਗੇ ਤਾਂ ਲੋਹੇ ਦੀ ਘਾਟ ਆ ਸਕਦੀ ਹੈ ਜਿਸ ਕਾਰਨ ਫ਼ਸਲ ਦਾ ਵਾਧਾ ਰੁਕ ਜਾਂਦਾ ਹੈ ਅਤੇ ਪਨੀਰੀ ਧੌੜੀਆਂ ਵਿੱਚ ਪੀਲੀ ਪੈ ਜਾਂਦੀ ਹੈ। ਕਿਸਾਨ ਪੀਲੀ ਪਈ ਪਨੀਰੀ/ਫ਼ਸਲ ਦਾ ਆਂਢੀ-ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ’ਤੇ ਕਈ ਤਰ੍ਹਾਂ ਨਾਲ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਫ਼ਾਇਦੇ ਦੀ ਜਗ੍ਹਾ ਨੁਕਸਾਨ ਹੋ ਜਾਂਦਾ ਹੈ। ਜੇ ਪਨੀਰੀ ਵਿੱਚ ਲੋਹੇ ਦੀ ਘਾਟ ਆਵੇ ਤਾਂ ਇੱਕ ਕਿਲੋ ਫੈਰਿਸ ਸਲਫੇਟ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਹਫ਼ਤੇ-ਹਫ਼ਤੇ ਬਾਅਦ ਦੋ ਛਿੜਕਾਅ ਕਰੋ। ਕਈ ਵਾਰ ਦੇਖਿਆ ਹੈ ਕਿ ਕਿਸਾਨ ਦੁਕਾਨਦਾਰ ਦੇ ਕਹੇ ’ਤੇ ਲੋਹੇ ਅਤੇ ਜ਼ਿੰਕ ਦੇ ਮਿਸ਼ਰਨ ਦਾ ਛਿੜਕਾਅ ਕਰਦੇ ਹਨ, ਜਿਸ ਨਾਲ ਫ਼ਸਲ ਨੂੰ ਕੋਈ ਰਾਹਤ ਨਹੀਂ ਮਿਲਦੀ। ਕਈ ਵਾਰ ਕਿਸਾਨ 10-10 ਕਿਲੋ ਪ੍ਰਤੀ ਏਕੜ ਫੈਰਿਸ ਸਲਫੇਟ ਖੇਤ ਵਿੱਚ ਪਾ ਦਿੰਦੇ ਹਨ ਜਿਸ ਦਾ ਵੀ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਫੈਰਿਸ ਸਲਫੇਟ ਦੀ ਵਰਤੋਂ ਦਾ ਫ਼ਾਇਦਾ ਤਾਂ ਹੀ ਹੋਵੇਗਾ ਜੇ ਛਿੜਕਾਅ ਕੀਤਾ ਜਾਵੇ।
ਆਮ ਕਰ ਕੇ ਕਣਕ ਦੀ ਫ਼ਸਲ ਨੂੰ 55 ਡੀਏਪੀ ਖਾਦ ਬਿਜਾਈ ਸਮੇਂ ਪਾਈ ਜਾਂਦੀ ਹੈ, ਜਿਸ ਦਾ 20-25 ਫ਼ੀਸਦੀ ਹਿੱਸਾ ਕਣਕ ਦੀ ਫ਼ਸਲ ਲੈਂਦੀ ਹੈ ਜਦੋਂਕਿ ਬਾਕੀ ਹਿੱਸਾ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕਰਨ ਨਾਲ ਵਰਤੋਂ ਯੋਗ ਹਾਲਤ ਵਿੱਚ ਆ ਜਾਂਦਾ ਹੈ, ਜੋ ਝੋਨੇ ਦੀ ਫ਼ਸਲ ਲੈ ਲੈਂਦੀ ਹੈ।
ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦੀ ਵਰਤੋਂ ਕਦੇ ਵੀ ਖਾਦ ਵਿੱਚ ਰਲਾ ਕੇ ਨਾ ਕਰੋ। ਪਨੀਰੀ ਦੀ ਲਵਾਈ ਤੋਂ 2-3 ਦਿਨਾਂ ਦੇ ਵਿਚ-ਵਿਚ ਸਿਫ਼ਾਰਸ਼ਸ਼ੁਦਾ ਨਦੀਨਨਾਸ਼ਕਾਂ ਦੀ ਸਿਫ਼ਾਰਸ਼ ਮਾਤਰਾ ਨੂੰ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਨਾਲ ਰਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਦੇ ਕੇ ਕੀਤੀ ਜਾ ਸਕਦੀ ਹੈ। ਨਦੀਨ ਉੱਗਣ ਤੋਂ ਬਾਅਦ ਝੋਨੇ ਦੀ ਲਵਾਈ ਤੋਂ 20-25 ਦਿਨਾਂ ਬਾਅਦ 100 ਮਿਲੀਲਿਟਰ ਬਿਸਪਾਈਰੀਬੈਕ10 ਈਸੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਝੋਨੇ ਦੀ ਲਵਾਈ ਤੋਂ ਬਾਅਦ ਅਕਸਰ ਦੇਖਿਆ ਗਿਆ ਹੈ ਕਿ ਨਿੱਜੀ ਕੀਟਨਾਸ਼ਕ ਜ਼ਹਿਰਾਂ ਵੇਚਣ ਵਾਲੇ ਅਦਾਰਿਆਂ ਦੇ ਨੁਮਾਇੰਦੇ ਪਿੰਡਾਂ ਵਿੱਚ ਕਿਸਾਨਾਂ ਕੋਲ ਪਹੁੰਚ ਕਰ ਕੇ ਦਾਣੇਦਾਰ ਕੀਟਨਾਸ਼ਕ ਦਵਾਈਆ ਜਾਂ ਜੈਵਿਕ ਖਾਦਾਂ ਵੇਚਣ ਲਈ ਸੰਪਰਕ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਕਿਸਾਨ ਨੂੰ ਸਬਜ਼ਬਾਗ਼ ਦਿਖਾਉਂਦੇ ਹਨ ਕਿ ਦਾਣੇਦਾਰ ਕੀਟਨਾਸ਼ਕ ਰਸਾਇਣ ਨਾਲ ਪੱਤਾ ਲਪੇਟ ਸੁੰਡੀ ਅਤੇ ਤਣਾ ਛੇਦਕ ਸੁੰਡੀ ਫ਼ਸਲ ਨੂੰ ਨਹੀਂ ਲੱਗੇਗੀ ਅਤੇ ਪੌਦਾ ਵਧੇਰੇ ਫੁਟਾਰਾ ਕਰੇਗਾ। ਜਿਥੋਂ ਤੱਕ ਵਧੇਰੇ ਫੁਟਾਰੇ ਦਾ ਸੁਆਲ ਹੈ ਇਹ ਤਾਂ ਕਿਸਮ, ਲਵਾਈ ਸਮੇਂ ਪਨੀਰੀ ਦੀ ਉਮਰ, ਜ਼ਮੀਨ ਦੀ ਸਿਹਤ ਅਤੇ ਖਾਦਾਂ ਪਾਉਣ ਦੇ ਸਮੇਂ ’ਤੇ ਨਿਰਭਰ ਕਰਦਾ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀਆ ਕਿਸਮਾਂ ਜਿਵੇਂ ਪੀ ਆਰ 126 ਜਾਂ ਪੂਸਾ ਪੰਜਾਬ ਬਾਸਮਤੀ 1509, ਘੱਟ ਫੁਟਾਰਾ ਕਰਦੀਆਂ ਹਨ ਜਦੋਂਕਿ ਵਧੇਰੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 121, ਪੀ ਆਰ 118 ਜਾਂ ਪੂਸਾ 44 ਵਧੇਰੇ ਫੁਟਾਰਾ ਕਰਦੀਆਂ ਹਨ। ਜੇ 20 ਤੋਂ 30 ਦਿਨ ਦੀ ਉਮਰ ਪਨੀਰੀ ਖੇਤ ਵਿੱਚ ਲਾਈ ਜਾਵੇ ਤਾਂ ਵਧੇਰੇ ਫੁਟਾਰਾ ਹੁੰਦਾ ਹੈ ਅਤੇ ਜੇ ਵਧੇਰੇ ਉਮਰ ਦੀ ਪਨੀਰੀ ਖੇਤ ਵਿੱਚ ਲਾਈ ਜਾਵੇ ਤਾਂ ਫੁਟਾਰਾ ਘੱਟ ਹੁੰਦਾ ਹੈ। ਜੇ ਜ਼ਮੀਨ ਵਿੱਚ ਜੈਵਿਕ ਮਾਦਾ ਵਧੇਰੇ ਹੈ ਪੌਦਾ ਫੁਟਾਰਾ ਜ਼ਿਆਦਾ ਕਰੇਗਾ। ਪੰਜਾਬ ਵਿੱਚ ਝੋਨਾ 10 ਜੂਨ ਤੋਂ ਬਾਅਦ ਲੱਗਣਾ ਸ਼ੁਰੂ ਹੋਣ ਕਾਰਨ, ਗੋਭ ਦੀ ਸੁੰਡੀ ਪੰਜਾਬ ਵਿੱਚੋਂ ਆਪਣੇ-ਆਪ ਖ਼ਤਮ ਹੋ ਗਈ ਹੈ। ਜੇ ਤਣਾ ਛੇਦਕ ਸੁੰਡੀ ਕੁਝ ਗਿਣਤੀ ਵਿੱਚ ਖੇਤਾਂ ਵਿੱਚ ਹੁੰਦੀ ਹੈ ਤਾਂ ਉਹ ਖੇਤ ਵਿੱਚ ਮੌਜੂਦ ਮਿੱਤਰ ਕੀੜਿਆਂ ਦੀ ਖ਼ੁਰਾਕ ਲਈ ਜ਼ਰੂਰੀ ਹੈ, ਜੋ ਖੇਤ ਵਿੱਚ 80-85 ਫ਼ੀਸਦੀ ਹੁੰਦੇ ਹਨ, ਸੋ ਦਾਣੇਦਾਰ ਕੀਟਨਾਸ਼ਕਾਂ ਦਾ ਗੋਭ ਦੀ ਸੁੰਡੀ ਮਾਰਨ ਨਾਲ ਕੋਈ ਸਬੰਧ ਨਹੀਂ ਹੈ, ਵੈਸੇ ਵੀ ਜੇ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਝੋਨੇ/ਬਾਸਮਤੀ ਦੀਆਂ ਗੋਭਾਂ ਨਿਕਲਣ ਸਮੇਂ ਹੀ ਹੁੰਦਾ ਹੈ। ਦਾਣੇਦਾਰ ਕੀਟਨਾਸ਼ਕ ਦਾ ਅਸਰ ਸਿਰਫ਼ 15 ਦਿਨ ਹੀ ਰਹਿੰਦਾ ਹੈ। ਝੋਨੇ ਦੀ ਫ਼ਸਲ ਦਾ ਰੰਗ ਕਾਲਾ ਕਰਨ ਲਈ ਵੀ ਇਨ੍ਹਾਂ ਜ਼ਹਿਰਾਂ ਜਾਂ ਖਾਦਾਂ ਦੀ ਵਰਤੋਂ ਨਾ ਕਰੋ ਕਿਉਂਕਿ ਵਧੇਰੇ ਗੂੜੇ ਹਰੇ ਰੰਗ ਵਾਲੀ ਫ਼ਸਲ ਉੱਪਰ ਕੀੜੇ ਅਤੇ ਬਿਮਾਰੀਆਂ ਵਧੇਰੇ ਹਮਲਾ ਕਰਦੇ ਹਨ ਅਤੇ ਫ਼ਸਲ ਡਿੱਗਦੀ ਵੀ ਜਲਦੀ ਹੈ। ਸੋ ਜੇ ਬਾਸਮਤੀ ਦੀ ਫ਼ਸਲ ਵਿੱਚ ਖੇਤੀਬਾੜੀ ਮਾਹਿਰ ਦੀ ਸਲਾਹ ’ਤੇ ਹੀ ਇਸ ਦੀ ਵਰਤੋਂ ਕਰੋ।
ਝੋਨੇ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ, ਸੋ ਝੋਨੇ ਨੂੰ ਦੂਜਾ ਜਾਂ ਅਗਲਾ ਪਾਣੀ ਉਦੋਂ ਦਿਓ ਜਦੋਂ ਪਹਿਲੇ ਪਾਣੀ ਨੂੰ ਜ਼ਮੀਨ ਵਿਚ ਜੀਰੇ ਨੂੰ 2-3 ਦਿਨ ਹੋ ਗਏ ਹੋਣ, ਇੱਕ ਗੱਲ ਦਾ ਖ਼ਿਆਲ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪਾਟਣ ਦਿਓ।
ਸ਼ੁੱਧ ਬਾਸਮਤੀ ਪੈਦਾ ਕਰਨ ਲਈ ਬਾਸਮਤੀ ਦੀ ਫ਼ਸਲ ਉੱਪਰ ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਥਾਈਮੈਥੋਕਸਮ, ਐਸੀਫੇਟ, ਬੂਫਰੋਜਿਨ, ਕਾਰਬੋਫਿਊਰਾਨ, ਪ੍ਰੋਪੀਕੋਨਾਜ਼ੋਲ, ਥਾਇਉਫੀਨੇਟ ਮਿਥਾਇਲ ਅਤੇ ਟਰਾਈਜੋਫਾਸ ਦਾ ਛਿੜਕਾਅ ਨਾ ਕਰੋ। ਜੇ ਜ਼ਰੂਰਤ ਪਵੇ ਤਾਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਬਦਲਵੇਂ ਰਸਾਇਣਾਂ ਦਾ ਛਿੜਕਾਅ ਕਰੋ। ਇਸੇ ਤਰ੍ਹਾਂ ਟਰਾਈਕੋਂਟਰਾਜ਼ੋਲ ਜਾਂ ਜ਼ਬਿਰੈਲਿਕ ਐਸਿਡ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਸਮੱਗਰੀ ਖ਼ਰੀਦਣ ਸਮੇਂ ਬਿੱਲ ਜ਼ਰੂਰ ਲੈਣ। ਜੇ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਸਬੰਧਿਤ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਦਿਉ।
*ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ
ਸੰਪਰਕ: 94630-71919