ਅਭਿਜੀਤ ਭੱਟਾਚਾਰੀਆ
ਪੰਜਾਬ ਅਤੇ ਪੰਜਾਬੀਅਤ ਨੂੰ ਨਵੀਂ ਨੁਹਾਰ ਦੇਣ ਵਾਲਾ ਮਹਾਰਾਜਾ ਰਣਜੀਤ ਸਿੰਘ ਮਹਾਨ ਸ਼ਾਸਕ ਸੀ। ਦੱਖਣ ਏਸ਼ਿਆਈ ਖਿੱਤੇ ਦੇ ਸ਼ਾਸਕਾਂ ਵਿਚ ਉਸ ਦਾ ਕੱਦ ਬਹੁਤ ਉੱਚਾ ਸੀ। ਉਸ ਦੀ ਸੂਰਬੀਰਤਾ ਅਤੇ ਦੂਰਅੰਦੇਸ਼ੀ ਬੇਮਿਸਾਲ ਸੀ। ਹਥਲਾ ਲੇਖ ਸ਼ੇਰ-ਏ-ਪੰਜਾਬ ਬਾਰੇ ਇਸੇ ਨੁਕਤੇ ਤੋਂ ਜਾਣਕਾਰੀ ਦਿੰਦਾ ਹੈ।
ਈਸਟ ਇੰਡੀਆ ਕੰਪਨੀ ਦਾ ਕਪਤਾਨ ਹਾਕਿਨਜ਼ ਸੰਨ 1609 ਵਿਚ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਹਾਜ਼ਰ ਹੋਇਆ ਸੀ, ਅੰਗਰੇਜ਼ਾਂ ਨੇ ਦੇਸ਼ ਨੂੰ ਗ਼ੁਲਾਮ ਬਣਾਇਆ ਅਤੇ ਫਿਰ 1947 ਵਿਚ ਹਿੰਦੋਸਤਾਨ ਆਜ਼ਾਦ ਹੋਇਆ। ਇਸ ਸਮੁੱਚੇ ਅਰਸੇ ਦੌਰਾਨ ਇਤਿਹਾਸ ਦੇ ਪੰਨਿਆਂ ’ਤੇ ਇਕੱਲੇ ਮਹਾਰਾਜਾ ਰਣਜੀਤ ਸਿੰਘ (ਜਿਨ੍ਹਾਂ 1799 ਤੋਂ ਲੈ ਕੇ 1839 ਤੱਕ ਰਾਜ ਕੀਤਾ) ਦਾ ਨਾਂ ਅਜਿਹਾ ਹੈ ਜੋ ਦੱਖਣੀ ਏਸ਼ੀਆ ਦੀ ਉੱਤਰ-ਮੱਧਕਾਲੀ ਇਤਿਹਾਸ ਦਾ ਇਕਲੌਤਾ ਸਵਦੇਸ਼ੀ ਸ਼ਾਸਕ ਬਣ ਕੇ ਉੱਭਰਦਾ ਹੈ।
ਇਸ ਲੇਖ ਦੀ ਇਬਾਰਤ ਸੂਰਬੀਰ ਰਣਜੀਤ ਸਿੰਘ ਦੁਆਲੇ ਘੁੰਮਦੀ ਹੈ (ਜਿਸ ਦੀ ਲੰਘੀ 27 ਜੂਨ ਨੂੰ ਬਰਸੀ ਸੀ) ਅਤੇ ਉਸ ਦੀ ਤੁਲਨਾ ਇਤਿਹਾਸ ਦੇ ਮਹਾਨ ਸੂਰਬੀਰਾਂ ਨਾਲ ਕੀਤੀ ਜਾਂਦੀ ਹੈ। ਰਣਜੀਤ ਸਿੰਘ ਦਾ ਜਨਮ ਮਾਤਾ ਰਾਜ ਕੌਰ ਤੇ ਪਿਤਾ ਮਹਾਂ ਸਿੰਘ ਦੇ ਘਰ 1780 ਵਿਚ ਹੋਇਆ ਸੀ। ਮਹਾਂ ਸਿੰਘ 12 ਸਿੱਖ ਮਿਸਲਾਂ ’ਚੋਂ ਇਕ ਮਿਸਲ (ਸ਼ੁੱਕਰਚੱਕੀਆ) ਦੇ ਸਰਦਾਰ ਸਨ। ਮੁਗ਼ਲ ਸਲਤਨਤ ਦਾ ਪਤਨ ਸ਼ੁਰੂ ਹੋ ਚੁੱਕਾ ਸੀ ਤੇ ਉਹ ਉਥਲ-ਪੁਥਲ, ਲਾਕਾਨੂੰਨੀ ਤੇ ਅਰਾਜਕਤਾ ਦਾ ਅਜਿਹਾ ਪੜਾਅ ਗਿਣਿਆ ਜਾਂਦਾ ਹੈ ਜਦੋਂ 12 ਸਿੱਖ ਮਿਸਲਾਂ ਜਿਹਲਮ ਦਰਿਆ ਤੋਂ ਲੈ ਕੇ ਸਤਲੁਜ ਦਰਿਆ ਤੱਕ ਪੈਂਦੇ ਖੇਤਰ ਵਿਚ ਆਪੋ ਆਪਣੇ ਇਲਾਕੇ ਵੰਡ ਕੇ ਆਪਣਾ ਦਬਦਬਾ ਕਾਇਮ ਕਰਨ ਵਿਚ ਜੁਟੀਆਂ ਹੋਈਆਂ ਸਨ। ਅੰਮ੍ਰਿਤਸਰ ਵਿਚ ‘ਦੇਗ਼ ਤੇਗ਼ ਫ਼ਤਹਿ’ ਦੀ ਓਟ ਲੈ ਕੇ ਸਿੱਖ ਮਿਸਲਾਂ ਨੇ ਸਹਾਰਨਪੁਰ, ਅਟਕ ਅਤੇ ਮੁਲਤਾਨ ਤੋਂ ਕਾਂਗੜੇ ਅਤੇ ਜੰਮੂ ਤੱਕ ਆਪਣਾ ਸਿੱਕਾ ਜੰਮਾ ਲਿਆ ਸੀ।
ਇਹ ਵਿਸ਼ਾਲ ਖੇਤਰ ਕਿਸੇ ਇਕ ਮਿਸਲ ਜਾਂ ਬੰਸ ਦੇ ਅਧੀਨ ਨਹੀਂ ਸੀ ਪਰ ਸਾਰੀਆਂ 12 ਮਿਸਲਾਂ ਨੇ ਆਪੋ ਆਪਣੀ ਸਹੂਲਤ ਤੇ ਮੌਕੇ ਮੁਤਾਬਿਕ ਇਸ ਨੂੰ ਸੰਜੋਅ ਲਿਆ ਸੀ। ਹਰੇਕ ਮਿਸਲ- ਭੰਗੀ, ਘਨੱਈਆ, ਰਾਮਗੜ੍ਹੀਆ, ਡੱਲੇਵਾਲੀਆ, ਕਰੋੜਸਿੰਘੀਏ, ਨਿਸ਼ਾਨਵਾਲੀਆ, ਸ਼ਹੀਦ, ਨਿਹੰਗ ਅਤੇ ਫੂਲਕੀਆ, ਦੀ ਆਪੋ ਆਪਣੀ ਪਛਾਣ ਸੀ। ਇਤਿਹਾਸਕਾਰਾਂ ਨੇ ਇਨ੍ਹਾਂ ਮਿਸਲਾਂ ਨੂੰ ‘ਧਾਰਮਿਕ ਸੰਘੀ ਸਾਮੰਤਵਾਦੀ’ ਵਿਵਸਥਾ ਕਰਾਰ ਦਿੱਤਾ ਹੈ। ਬਹਰਹਾਲ, ਜਿਵੇਂ ਕਿ ਦੱਖਣੀ ਏਸ਼ੀਆ ਵਿਚ ਅਕਸਰ ਵਾਪਰਦਾ ਰਿਹਾ ਹੈ, ਜਦੋਂ ਸਾਂਝਾ ਖ਼ਤਰਾ ਘਟ ਜਾਂਦਾ ਸੀ ਤਾਂ ਅੰਦਰੂਨੀ ਵਿਰੋਧਾਂ, ਮਤਭੇਦਾਂ, ਫੁੱਟਾਂ ਤੇ ਝਗੜਿਆਂ ਕਰਕੇ ਦੇਸ਼ੀ ਸ਼ਾਸਕਾਂ ਨੂੰ ਸਾਂਝੀ ਲੜੀ ਵਿਚ ਪ੍ਰੋਣ ਵਾਲੀ ਤੰਦ ਟੁੱਟ ਜਾਂਦੀ ਸੀ।
ਇਹ ਮਾਣ ਰਣਜੀਤ ਸਿੰਘ ਨੂੰ ਹੋਇਆ ਕਿ ਉਹ ਆਪਣੀ ਸਰਜ਼ਮੀਨ ’ਤੇ ਧੜਿਆਂ ਵਿਚ ਵੰਡੇ ਆਪਣੇ ਭਰਾਵਾਂ ਨੂੰ ਇਕਜੁੱਟ ਕਰ ਕੇ ਇਕ ‘ਮਾਣਮੱਤੇ ਕੌਮੀ ਸਿੱਖ ਰਾਜ’ ਦੀ ਸ਼ਕਲ ਸੂਰਤ ਦੇ ਸਕਿਆ।
ਕਾਬੁਲ ਦੇ ਸ਼ਾਹਜ਼ਮਾਨ (1793-98) ਦੇ ਹਮਲੇ ਤੋਂ ਪਹਿਲਾਂ ਅਕਸਰ ਇਹੋ ਜਿਹਾ ਤਜ਼ਰਬਾ ਨਾਕਾਮ ਹੋ ਜਾਂਦਾ ਰਿਹਾ ਸੀ ਪਰ ਇਸ ਨੇ ਅਣਕਿਆਸੇ ਢੰਗ ਨਾਲ ਇਕ ਨੌਜਵਾਨ ਸਿੱਖ ਯੋਧੇ ਦੀ ਤਕਦੀਰ ਬਣਾ ਦਿੱਤੀ ਜਿਸ ਨੇ ਦੱਖਣੀ ਏਸ਼ੀਆ ਦੇ ਉੱਤਰ-ਪੱਛਮ ਵਿਚ ਉਸ ਅਫ਼ਗਾਨ ਆਗੂ ਲਈ ਸੇਵਾਵਾਂ ਪੇਸ਼ ਕੀਤੀਆਂ ਸਨ। ਨੌਜਵਾਨ ਰਣਜੀਤ ਸਿੰਘ ਦੀ ਫ਼ੌਜੀ ਤੇ ਪ੍ਰਸ਼ਾਸਕੀ ਕੁਸ਼ਲਤਾ ਤੋਂ ਸ਼ਾਹਜ਼ਮਾਨ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਉਸ ਵਕਤ 19 ਸਾਲ ਦੇ ਇਸ ਨੌਜਵਾਨ ਸਿੱਖ ਲੜਾਕੇ ਨੂੰ ਪੰਜਾਬ ਦੀ ਰੂਹੇ-ਰਵਾਂ ਲਾਹੌਰ ਦੇ ਤਖ਼ਤ ਦਾ ਮੁਖੀ ਥਾਪ ਦਿੱਤਾ।
ਦੱਖਣੀ ਏਸ਼ੀਆ ਦੇ ਅੰਬਰ ’ਤੇ ਇਕ ਨਵੇਂ ਸੂਰਬੀਰ ਦਾ ਉਦੈ ਹੋ ਗਿਆ ਜਿਸ ਨੇ ਅੱਗੇ ਚੱਲ ਕੇ ਅਤੀਤ ਵਿਚ ਸੈਂਕੜੇ ਸਾਲਾਂ ਤੋਂ ਪੰਜਾਬ ਦੀ ਸਰਜ਼ਮੀਨ ਨੂੰ ਵਾਰ ਵਾਰ ਜਿੱਤਣ ਵਾਲੇ ਹਮਲਾਵਰਾਂ ਨਾਲ ਲੋਹਾ ਲੈਣਾ ਸੀ। ਅਗਲੇ ਚਾਰ ਦਹਾਕਿਆਂ ਤੱਕ ਪੰਜਾਬ ਦੇ ਇਸ ਬੇਮਿਸਾਲ ਯੋਧੇ ਨੇ ਦੱਖਣੀ ਏਸ਼ੀਆ ਦੇ ਧਾੜਵੀਆਂ ਦੇ ਛੱਕੇ ਛੁਡਾ ਦਿੱਤੇ। ਕੋਈ ਸਮਾਂ ਹੁੰਦਾ ਸੀ ਜਦੋਂ ਫ਼ਾਰਸ ਦੇ ਜਾਂ ਅਫ਼ਗਾਨ ਜਰਨੈਲ ਆਪੋ ਆਪਣੀਆਂ ਫ਼ੌਜਾਂ ਲੈ ਕੇ ਹਿੰਦੋਸਤਾਨ ’ਤੇ ਚੜ੍ਹੇ ਰਹਿੰਦੇ ਸਨ, ਕਿੱਥੇ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਦਸਤਿਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿਚ ਜਾ ਕੇ ਲਲਕਾਰਨਾ ਸ਼ੁਰੂ ਕਰ ਦਿੱਤਾ ਤੇ ਇੰਝ ਉੱਥੇ ਆਪਣਾ ਗੜ੍ਹ ਕਾਇਮ ਕਰ ਕੇ ਉਨ੍ਹਾਂ ਦੇ ਦਿਲਾਂ ’ਚ ਸਹਿਮ ਬਿਠਾ ਦਿੱਤਾ। ਇਤਿਹਾਸ ਦੀਆਂ ਇਨ੍ਹਾਂ ਸ਼ਕਤੀਆਂ ਨਾਲ ਲੋਹਾ ਲੈਣ ਵਾਲਾ ਰਣਜੀਤ ਸਿੰਘ ਇਕਲੌਤਾ ਯੋਧਾ ਸੀ। ਇਕ ਤੋਂ ਬਾਅਦ ਇਕ ਕਿਲ੍ਹਾ ਉਸ ਦੇ ਅਧੀਨ ਆਉਂਦਾ ਗਿਆ ਅਤੇ ਇਸ ਸਰਜ਼ਮੀਨ ’ਤੇ ਪੂਰਨ ਤੌਰ ’ਤੇ ਆਜ਼ਾਦ ਸਿੱਖ ਰਾਜ ਦਾ ਝੰਡਾ ਲਹਿਰਾ ਦਿੱਤਾ ਗਿਆ। ਉੱਤਰ ਪੱਛਮ ਦੇ ਅਫ਼ਗਾਨਾਂ ਤੋਂ ਇਲਾਵਾ, ਹਿੰਦੋਸਤਾਨ ਦੇ ਬਾਕੀ ਸਾਰੇ ਮੁੱਖ ਖਿੱਤਿਆਂ ’ਤੇ ਕਾਬਜ਼ ਹੋ ਚੁੱਕੇ ਅੰਗਰੇਜ਼ ਵੀ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਤੋਂ ਚੌਕੰਨੇ ਹੋ ਗਏ। ਉਨ੍ਹਾਂ ਫ਼ੌਰਨ ਅਨੁਮਾਨ ਲਾਇਆ ਕਿ ਰਣਜੀਤ ਸਿੰਘ ਨਾਲ ਪੰਗਾ ਨਾ ਲਿਆ ਜਾਵੇ ਕਿਉਂਕਿ ਉਹ ‘ਗੋਰਿਆਂ ਦੀ ਸ੍ਰੇਸ਼ਠਤਾ’ ਦੀ ਫਿਲਾਸਫ਼ੀ ਨੂੰ ਪ੍ਰਵਾਨ ਕਰਨ ਵਾਲਿਆਂ ’ਚੋਂ ਹਰਗਿਜ਼ ਨਹੀਂ। ਇਸ ਕਰਕੇ ਉਸ ਨੂੰ ਦਬਕਾਉਣ ਜਾਂ ਉਸ ਨਾਲ ਮੁਕਾਬਲਾ ਕਰਨ ਦੀ ਐਨੀ ਵੱਡੀ ਕੀਮਤ ਮਹਾਰਾਣੀ ਦੇ ਤਾਬੇਦਾਰ ਵਪਾਰੀ ਤਾਰਨ ਲਈ ਤਿਆਰ ਨਹੀਂ ਹੋਣਗੇ। ਇਸ ਦੇ ਨਾਲ ਹੀ ਲਾਹੌਰ (ਜਨਵਰੀ 1806) ਅਤੇ ਅੰਮ੍ਰਿਤਸਰ (ਅਪਰੈਲ 1809) ਦੀਆਂ ਦੋਵੇਂ ਐਗਲੋ-ਸਿੱਖ ਸੰਧੀਆਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ ਹਾਕਮਾਂ ਦੀ ਨਜ਼ਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਕਿੰਨੀ ਵੁੱਕਤ ਸੀ। ਹਾਲਾਂਕਿ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਸੰਧੀਆਂ ਕਰ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਹ ਡੱਕ ਦਿੱਤਾ ਗਿਆ ਸੀ ਪਰ ਹਕੀਕਤ ਇਹ ਹੈ ਕਿ ਅੰਗਰੇਜ਼ ਵਿਦੇਸ਼ੀ ਸਨ ਤੇ ਲਾਲਸੀ ਵੀ ਜਿਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਸੰਧੀਆਂ ਦੇ ਨੁਕਸਾਨ ਦਾ ਮਹਾਰਾਜਾ ਰਣਜੀਤ ਸਿੰਘ ਨਾਲੋਂ ਕਿਤੇ ਜ਼ਿਆਦਾ ਡਰ ਸੀ। ਅੰਗਰੇਜ਼ ਉੱਤਰ-ਪੱਛਮੀ ਖਿੱਤੇ ਤੋਂ ਹਮੇਸ਼ਾ ਤ੍ਰਹਿੰਦੇ ਸਨ ਅਤੇ ਉਨ੍ਹਾਂ ਦੇ ਰਿਕਾਰਡ ਤੋਂ ਹੀ ਇਸ ਦੇ ਸੰਗੀਨ ਹੋਣ ਦਾ ਪਤਾ ਲੱਗਦਾ ਸੀ ਜਿਸ ਕਰਕੇ ਉਹ ਇਨ੍ਹਾਂ ਡਾਢੇ ਕਬੀਲਿਆਂ ਨਾਲ ਸਿੱਧੀ ਟੱਕਰ ਲੈਣ ਤੋਂ ਗੁਰੇਜ਼ ਕਰਦੇ ਸਨ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਢਕਣ ਤੇ ਆਪਣੇ ਅਧੀਨ ਖਿੱਤਿਆਂ ਦੀ ਸਥਿਰਤਾ ਲਈ ਇਕ ਬਫ਼ਰ ਕਾਇਮ ਕਰਨ ਨੂੰ ਤਰਜੀਹ ਦਿੰਦੇ ਸਨ। ਬੇਸ਼ੱਕ, 29 ਸਾਲਾਂ ਦੇ ਰਣਜੀਤ ਸਿੰਘ ਲਈ ਵੀ ਇਹ ਔਖਾ ਪੈਂਡਾ ਸੀ ਪਰ ਇਸ ਦੇ ਬਾਵਜੂਦ ਇਸ ਸਿੱਖ ਯੋਧੇ ਨੇ ਬਹੁਤ ਸ਼ਾਨਦਾਰ ਢੰਗ ਨਾਲ ਆਪਣਾ ਉਦੇਸ਼ ਹਾਸਲ ਕੀਤਾ। ਉਸ ਦੇ ਸਾਹਮਣੇ ਭਾਵੇਂ ਕਿੱਡੀ ਵੱਡੀ ਔਕੜ ਆਈ, ਉਸ ਨੇ ਹੌਸਲਾ ਨਹੀਂ ਹਾਰਿਆ ਸਗੋਂ ਅੱਗੇ ਵਧਦਾ ਰਿਹਾ ਤੇ ਉਨ੍ਹਾਂ ਇਲਾਕਿਆਂ ਤੱਕ ਪਹੁੰਚ ਕੇ ਝੰਡੇ ਗੱਡੇ ਜਿੱਥੇ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਅੱਪੜਨ ਦਾ ਕੋਈ ਜੇਰਾ ਨਹੀਂ ਦਿਖਾ ਸਕਿਆ।
ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਜੋ ਵੀ ਅੜਿਆ, ਉਸ ਨੂੰ ਝਾੜ ਦਿੱਤਾ ਗਿਆ ਤੇ ਉਸ ਨੇ ਗੋਰਖਿਆਂ ਤੋਂ ਕਾਂਗੜਾ (1809-11), ਅਫ਼ਗਾਨਾਂ ਤੋਂ ਅਟਕ (1813), ਮੁਲਤਾਨ (1818), ਕਸ਼ਮੀਰ (1819), ਪਿਸ਼ਾਵਰ (1823) ਅਤੇ (1834 ਤੱਕ) ਸਮੁੱਚੀ ਸਿੰਧ ਘਾਟੀ ਦੇ ਇਲਾਕੇ ਫ਼ਤਹਿ ਕੀਤੇ। ਸਿੱਖ ਰਾਜ ਜਦੋਂ ਆਪਣੇ ਪੂਰੇ ਜੋਬਨ ’ਤੇ ਸੀ ਤਾਂ ਉਦੋਂ ਇਸ ਦਾ ਖੇਤਰਫ਼ਲ ਵਧ ਕੇ 5 ਲੱਖ 20 ਹਜ਼ਾਰ ਵਰਗ ਕਿਲੋਮੀਟਰ ਹੋ ਗਿਆ ਜਿੱਥੇ 1 ਕਰੋੜ 20 ਲੱਖ ਲੋਕ ਵਸਦੇ ਸਨ। ਇਨ੍ਹਾਂ ਵਿਚੋਂ 84 ਲੱਖ ਮੁਸਲਮਾਨ, 29 ਲੱਖ ਹਿੰਦੂ ਅਤੇ ਸਵਾ ਸੱਤ ਲੱਖ ਸਿੱਖ ਸਨ ਤੇ ਸਿੱਖ ਯੋਧਿਆਂ ਦੇ ਖ਼ੂਨ ਤੇ ਬਹਾਦਰੀ ਨਾਲ ਸਿੰਜੇ ਇਸ ਸੁਸ਼ਾਸਿਤ ਸਿੱਖ ਸਾਮਰਾਜ ਅੰਦਰ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸੀ ਤੇ ਸਭ ਲੋਕ ਰਲ-ਮਿਲ ਕੇ ਬਾਖ਼ੁਸ਼ੀ ਰਹਿੰਦੇ ਸਨ।
ਕੀ ਹੋਰ ਵੀ ਕੁਝ ਸੀ ਜੋ ਰਣਜੀਤ ਸਿੰਘ ਅਗਾਂਹ ਕਰ ਸਕਦਾ ਸੀ? ਮਸਲਨ, ਕੀ ਅੰਗਰੇਜ਼ੀ ਰਾਜ ਨੂੰ ਲਲਕਾਰਿਆ ਜਾ ਸਕਦਾ ਸੀ? ਇਸ ਦਾ ਕੋਈ ਸਿੱਧ ਪੱਧਰਾ ਜਵਾਬ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਤਿਹਾਸ ਦਾ ਸਬੰਧ ਇਸ ਗੱਲ ਨਹੀਂ ਕਿ ‘ਜੇ ਇੰਝ ਹੁੰਦਾ ਤਾਂ ਕੀ ਹੁੰਦਾ…?’ ਇਤਿਹਾਸ ‘ਕੀ, ਕਿਵੇਂ, ਕਿਉਂ, ਕਿਹੜਾ, ਕਦੋਂ, ਕੌਣ ਤੇ ਕਿੱਥੇ’ ਜਿਹੇ ਸਵਾਲਾਂ ਨਾਲ ਨਜਿੱਠਦਾ ਹੈ, ਜਿਵੇਂ ਕੋਈ ਵਕੀਲ ਜੱਜ ਸਾਹਮਣੇ ਕੇਸ ਪੇਸ਼ ਕਰਦਾ ਹੈ। ਕੋਈ ਕਿਆਸਰਾਈ ਨਹੀਂ, ਅਤੀਤ ’ਤੇ ਕੋਈ ਸੱਟਾ ਨਹੀਂ ਲੱਗਦਾ। ਇਤਿਹਾਸ, ਇਤਿਹਾਸ ਹੁੰਦਾ ਹੈ- ਜਿਵੇਂ ਤੇ ਜਿੱਥੇ ਵਾਪਰਦਾ ਹੈ। ਹੁਣ ਕੁਝ ਸ਼ਬਦ ਹੋਰਨਾਂ ਸਮਿਆਂ ਵਿਚ ਹੋਏ ਕੁਝ ਹੋਰ ਭਾਰਤੀ ਸੂਰਬੀਰਾਂ ਬਾਰੇ ਵੀ ਜਿਨ੍ਹਾਂ ਵਿਚੋਂ ਸਾਰੇ ਹੀ ਨਿਰਸੰਦੇਹ ਨਾਇਕ ਸਨ ਪਰ ਆਪੋ ਆਪਣੀ ‘ਸਮਾਪਤੀ ਰੇਖਾ’ ਪਾਰ ਨਹੀਂ ਕਰ ਸਕੇ ਸਨ। ਸੋਲ੍ਹਵੀਂ ਸਦੀ ਦੇ ਯੋਧੇ ਮਹਾਰਾਣਾ ਪ੍ਰਤਾਪ ਨੇ ਬਹੁਤ ਜੱਸ ਖੱਟਿਆ ਪਰ ਉਸ ਨੂੰ ਜਿੱਤ ਨਸੀਬ ਨਾ ਹੋ ਸਕੀ। ਸਤਾਰਵੀਂ ਸਦੀ ਵਿਚ ਮਹਾਨ ਸ਼ਾਸਕ ਸ਼ਿਵਾਜੀ ਸ਼ਾਨਦਾਰ ਆਗੂ ਤੇ ਸੂਰਬੀਰ ਸੀ। ਔਰੰਗਜ਼ੇਬ ਦੇ ਅੰਤਿਮ ਸਾਹ ਲੈਣ ਤੋਂ 27 ਸਾਲ ਪਹਿਲਾਂ 1680 ਵਿਚ ਸ਼ਿਵਾਜੀ ਦੀ ਮੌਤ ਹੋ ਗਈ – ਉਹ ਹੀ ਔਰੰਗਜ਼ੇਬ ਜਿਸ ਨਾਲ ਜ਼ਿੰਦਗੀ ਭਰ ਉਸ ਦੀ ਤਲਵਾਰ ਖੜਕਦੀ ਰਹੀ। ਫਿਰ ਵੀਹਵੀਂ ਸਦੀ ਵਿਚ ਉੱਚ ਖਿਆਲਾਂ, ਸ਼ਾਨਦਾਰ ਖ਼ੂਬੀਆਂ, ਅਕੱਟ ਦ੍ਰਿੜ੍ਹਤਾ ਅਤੇ ਸਾਫ਼ਗੋਈ ਨਾਲ ਭਰੀ ਹੋਈ ਬੋਸ ਦੀ ਗਾਥਾ ਸ਼ੁਰੂ ਹੁੰਦੀ ਹੈ। ਪਰ ਅੰਗਰੇਜ਼ਾਂ ਨਾਲ ਲੋਹਾ ਲੈਣ ਤੋਂ ਪਹਿਲਾਂ ਹੀ ਉਹ ਆਪਣੇ ਸਾਥੀਆਂ ਦੀ ਨਜ਼ਰ ਵਿਚ ਹੀ ਅਛੂਤ ਹੋ ਜਾਂਦਾ ਹੈ ਕਿਉਂਕਿ ਰਣਜੀਤ ਸਿੰਘ ਵਾਂਗ ਬੋਸ ਕਰਮਹੀਣਤਾ ਵਿਚ ਯਕੀਨ ਨਹੀਂ ਕਰਦਾ ਸੀ। ਇਸ ਕਰਕੇ ਉਸ ਦੇ ਆਪਣੇ ਪ੍ਰਾਂਗਣ ’ਚੋਂ ਉਡਾਣ ਭਰਨ ਤੋਂ ਪਹਿਲਾਂ ਹੀ ਉਸ ਦਾ ਪਤਨ ਨਿਸ਼ਚਿਤ ਸੀ। ਉਹ ਤੁਰਦਾ ਰਿਹਾ ਤੇ ਤੈਰਦਾ ਰਿਹਾ। ਅੰਗਰੇਜ਼ਾਂ ਦੇ ਦੰਦ ਖੱਟੇ ਕਰਨ ਲਈ ਉਸ ਨੇ ਵਿਦੇਸ਼ੀਂ ਵਸਦੇ ਸਿਰੇ ਦੇ ਦੇਸ਼ਭਗਤਾਂ ਨਾਲ ਹੱਥ ਮਿਲਾਏ। ਉਂਝ, ਆਪਣੇ ‘ਮਿਸ਼ਨ ਦਿੱਲੀ’ ਦੀ ਤ੍ਰਿਸ਼ਨਾ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਵੀ ਇਤਿਹਾਸ ਦੀਆਂ ਖੰਦਕਾਂ ਵਿਚ ਸਿਮਟ ਕੇ ਰਹਿ ਗਿਆ। ਇਸ ਤਰ੍ਹਾਂ ਕਈ ਹੋਰਨਾਂ ਸੂਰਬੀਰਾਂ ਦੇ ਉਲਟ, ਰਣਜੀਤ ਸਿੰਘ ਇਕਲੌਤਾ ਅਜਿਹਾ ਸੂਰਬੀਰ ਸੀ ਜੋ ਜਦੋਂ ਇਸ ਜਹਾਨ ਤੋਂ ਰੁਖ਼ਸਤ ਹੋਇਆ ਤਾਂ ਦੱਖਣੀ ਏਸ਼ੀਆ ਦੇ ਇਤਿਹਾਸ ਦਾ ਅਜਿਹਾ ਬਾਦਸ਼ਾਹ ਸੀ ਜਿਸ ਨੂੰ ਲਲਕਾਰਨ ਦਾ ਕੋਈ ਵੀ ਜੇਰਾ ਨਹੀਂ ਕਰ ਸਕਿਆ। ਹਿੰਦੋਸਤਾਨ ਦੀ ਧਰਤੀ ’ਤੇ ਬਹੁਤ ਸਾਰੇ ਵਿਦੇਸ਼ੀਆਂ ਨੇ ਰਾਜ ਕੀਤਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਦੇ ਜਿਊਂਦੇ ਜੀਅ ਕੋਈ ਵਿਦੇਸ਼ੀ ਹਮਲਾਵਰ ਉਸ ਦੀ ਸਰਜ਼ਮੀਨ ਵੱਲ ਅੱਖ ਨਹੀਂ ਚੁੱਕ ਸਕਿਆ।