ਵਿਜੈ ਬੰਬੇਲੀ
ਲੋਕ ਪੱਖੀ ਵਿਗਿਆਨੀਆਂ ਅਤੇ ਸੰਸਥਾਵਾਂ ਦੀਆਂ ਚਿਤਾਵਨੀਆਂ ਅਨੁਸਾਰ, “ਵਾਤਾਵਰਨ ਵਿਚ ਤਬਦੀਲੀਆਂ ਜਿਸ ਦਾ ਇੱਕ ਵੱਡਾ ਕਾਰਨ ਬੇਲਗਾਮ, ਮੁਨਾਫਾ ਵਟੋਰੂ ਵਿਕਾਸ ਯੋਜਨਾਵਾਂ ਹਨ, ਕੁਦਰਤ ਅਤੇ ਵਿਕਾਸ ਨਾਲ ਜੁੜੇ ਹਰ ਮੁੱਦੇ ’ਤੇ ਅਸਰ ਪਾ ਰਹੀਆਂ ਹਨ। ਜਲਵਾਯੂ ਤਬਦੀਲੀ ਕਾਰਨ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕੀ ਮੁਲਕਾਂ ਵਿਚ ਗਰੀਬ ਹੋਰ ਗਰੀਬ ਹੋ ਰਹੇ ਹਨ। ਵਾਤਾਵਰਨ ਵਿਚ ਹੋ ਰਹੀਆਂ ਤਬਦੀਲੀਆਂ ਕਾਰਨ ਅਜਿਹੀ ਭੁੱਖਮਰੀ ਫੈਲ ਸਕਦੀ ਹੈ ਜੋ ਇਸ ਸਦੀ ਦੀ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਸਾਬਤ ਹੋਵੇਗੀ।” ਨਾਮਵਰ ਸੰਸਥਾ ਔਕਸਫੈਮ ਨੇ ਵਿਕਸਤ ਅਤੇ ਅਮੀਰ ਮੁਲਕਾਂ ਨੂੰ ਸਪੱਸ਼ਟ ਕਿਹਾ ਹੈ, “ਮੌਸਮੀ ਤਬਦੀਲੀ ਨੂੰ ਰੋਕਣ ਲਈ ਉਹ ਆਪ ਸਹੇੜਿਆ ਸੰਕਟ ਓਟਣ ਅਤੇ ਨਿਰਪੱਖ ਤਰੀਕੇ ਨਾਲ ਕੰਮ ਕਰਨ ਤਾਂ ਜੋ ਮਨੁੱਖੀ ਤ੍ਰਾਸਦੀ ਨੂੰ ਰੋਕਿਆ ਜਾ ਸਕੇ। ਸਾਨੂੰ ਅਜਿਹੇ ਵਿਕਾਸ ਦੀ ਲੋੜ ਹੈ ਜਿਹੜਾ ਮਨੁੱਖੀ ਲੋੜਾਂ ਦੀ ਪੂਰਤੀ ਕਰਦਾ ਹੋਇਆ ਪ੍ਰਿਥਵੀ ਦੇ ਪੇਚੀਦਾ ਪਰ ਮਲੂਕ ਜਿਹੇ ਜੀਵੀ ਮੰਡਲ ਨੂੰ ਹੋਰ ਅਮੀਰ ਕਰੇ।”
ਇਨ੍ਹਾਂ ਮੁਲਕਾਂ ਦੇ ਕਿਸਾਨਾਂ ਮੁਤਾਬਿਕ, “ਬਰਸਾਤ ਦੇ ਬਦਲ ਰਹੇ ਮਿਜ਼ਾਜ ਕਾਰਨ ਉਨ੍ਹਾਂ ਨੂੰ ਖੇਤੀ ਵਿਚ ਗੰਭੀਰ ਮੁਸ਼ਕਿਲਾਂ ਆ ਰਹੀਆਂ ਹਨ। ਇਹ ਕਿਸਾਨ ਕਈ ਪੀੜ੍ਹੀਆਂ ਤੋਂ ਖੇਤੀ ਲਈ ਮੌਸਮੀ ਮੀਂਹਾਂ ’ਤੇ ਨਿਰਭਰ ਹਨ ਪਰ ਹੁਣ ਬਦਲਦੇ ਮੌਸਮ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ।” ਕੁਝ ਰਿਪੋਰਟਾਂ ਅਨੁਸਾਰ ਭਾਰਤ ਅਤੇ ਅਫਰੀਕੀ ਮੁਲਕਾਂ ਵਿਚ ਮੀਂਹ ਅਤੇ ਮੌਸਮ ਵਿਚ ਤਬਦੀਲੀ ਅਗਲੇ ਸਾਲਾਂ ਵਿਚ ਫਸਲਾਂ ਦੇ ਉਤਪਾਦਨ ਵਿਚ ਤਿੱਖੀ ਗਿਰਾਵਟ ਲਿਆ ਸਕਦੀ ਹੈ। ਵਧਦੀ ਤਪਸ਼ ਕਾਰਨ ਨਾ ਸਿਰਫ ਝਾੜ ਵਿਚ ਤਿੱਖੀ ਗਿਰਾਵਟ ਆਵੇਗੀ ਸਗੋਂ ਫਸਲਾਂ ਦਾ ਗੇੜ ਵੀ ਬਦਲਣਾ ਪੈ ਜਾਵੇਗਾ ਜਿਹੜਾ। ਮੌਸਮ ਬਾਰੇ ਅਜੇ ਕੋਈ ਸਹੀ ਅਨੁਮਾਨ ਨਹੀਂ ਲੱਗ ਰਿਹਾ ਪਰ ਇਹ ਪੱਕਾ ਹੈ ਕਿ ਦੁਨੀਆ ਦੇ ਕਈ ਇਲਾਕਿਆਂ ਵਿਚ ਅਸਾਵੇਂ ਵਿਕਾਸ, ਵਧਦੀ ਆਬਾਦੀ ਦੀਆਂ ਲੋੜਾਂ, ਮੁਨਾਫੇ ਦੀ ਹੋੜ ਅਤੇ ਕਈ ਕੁਦਰਤੀ ਕਾਰਨਾਂ ਕਰਕੇ ਹੜ੍ਹ, ਸੋਕਾ, ਤੂਫਾਨ ਅਤੇ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਆਦਿ ਵਧਣਗੀਆਂ।
ਅੱਜ ਦਾ ਅਖੌਤੀ ਵਿਕਾਸ ਕੁਦਰਤ, ਮਨੁੱਖੀ ਕਦਰਾਂ-ਕੀਮਤਾਂ ਅਤੇ ਸੰਸਾਰ ਭਾਈਚਾਰੇ ਨੂੰ ਟਿੱਚ ਜਾਣਦਾ ਹੈ। ਇਸ ਨੇ ਮਾਇਆ ਅਤੇ ਪਦਾਰਥੀ ਸਹੂਲਤਾਂ ਦੀ ਪੈਂਖੜ ਨਾਲ ਨੂੜੇ ਬੰਦੇ ਨੂੰ ਢਾਹੂ ਰੁਚੀਆਂ ਵੱਲ ਤੋਰ ਦਿੱਤਾ ਹੈ। ਵਸੋਂ ਅਤੇ ਬਦਲਦੀਆਂ ਲੋੜਾਂ ਕਾਰਨ ਵਿਕਾਸ ਵੀ ਜ਼ਰੂਰੀ ਹੈ ਪਰ ਕੁਦਰਤੀ ਵਿਕਾਸ ਦੇ ਸਹਿਜ ਨਿਯਮਾਂ ਨੂੰ ਉਲੰਘ ਕੇ, ਭੌਤਿਕ ਸਹੂਲਤਾਂ ਦੀ ਦੌੜ ਦੇ ਸਿੱਟੇ ਸਦਾ ਹੀ ਕਾਇਨਾਤ ਅਤੇ ਮਨੁੱਖ ਵਿਰੋਧੀ ਨਿਕਲਣਗੇ।
ਅਸਲ ਵਿਚ ਸਾਵਾਂ ਵਾਤਾਵਰਨ ਹੀ ਮਨੁੱਖੀ ਜ਼ਿੰਦਗੀ, ਬਨਸਪਤੀ ਅਤੇ ਹੋਰ ਪ੍ਰਾਣੀਆਂ ਦੀ ਹੋਂਦ ਦੀ ਜ਼ਾਮਨੀ ਹੈ। ਜਲਵਾਯੂ ਵਿਗਾੜ ਕਾਰਨ ਕੁਦਰਤੀ ਆਫਤਾਂ ਵਾਪਰਦੀਆਂ ਹਨ। ਭਾਰਤ ਵਰਗੇ ਵਿਕਾਸਸ਼ੀਲ ਮੁਲਕ ਪਹਿਲਾਂ ਹੀ ਵਧੇਰੇ ਵਸੋਂ, ਸ਼ਹਿਰੀਕਰਨ, ਉਦਯੋਗੀਕਰਨ ਅਤੇ ਕੁਦਰਤ ਨਾਲ ਟਕਰਾਵੀਆਂ ਆਰਥਿਕ ਵਿਕਾਸੀ ਗਤੀਵਿਧੀਆਂ ਸਦਕਾ ਰੁੱਤ ਦਬਾਅ ਦਾ ਸਾਹਮਣਾ ਕਰ ਰਹੇ ਹਨ। ਰੁੱਤ ਵਿਗਾੜ ਕੁਦਰਤੀ ਸਹਿਹੋਂਦ ਅਤੇ ਸਮਾਜਿਕ ਆਰਥਿਕ ਵਿਵਸਥਾ ਲਈ ਤਣਾਓ ਦਾ ਕਾਰਨ ਬਣ ਗਿਆ ਹੈ। ਮਨੁੱਖ ਵਲੋਂ ਅਚੇਤ-ਸੁਚੇਤ ਕੁਦਰਤੀ ਸਾਵੇਂਪਣ ਤੋਂ ਮੂੰਹ ਮੋੜਨ ਕਾਰਨ ਅਤੇ ਉਸ ਦੇ ਲਾਲਚ ਕਾਰਨ ਹੀ ਇਹ ਸਾਰਾ ਕੁਝ ਵਾਪਰ ਰਿਹਾ ਹੈ।
ਬਹੁਤੇ ਮੁਲਕਾਂ ਦੀ ਆਰਥਿਕ ਹਾਲਤ ਕੁਦਰਤੀ ਸੋਮਿਆਂ ਅਤੇ ਵਰਖਾ ’ਤੇ ਨਿਰਭਰ ਹੈ। ਮੌਸਮੀ ਤਬਦੀਲੀ ਸਾਡੀ ਜਲ ਵਿਵਸਥਾ, ਖੇਤੀ ਪੈਦਾਵਰ, ਜੈਵਿਕ ਵੰਨ-ਸਵੰਨਤਾ, ਵਰਖੇਈ ਅਤੇ ਹੋਰ ਸਹਿਜ ਪ੍ਰਕਿਰਿਆਵਾਂ ਵਿਚ ਖ਼ਤਰਨਾਕ ਮੋੜ ਲਿਆ ਸਕਦਾ ਹੈ। ਇਸੇ ਕਾਰਨ ਪੌਦਿਆਂ ਅਤੇ ਜੀਵਾਂ ਦੀਆਂ ਬਹੁਤ ਸਾਰੀਆਂ ਹੋਰ ਮਿੱਤਰ ਕਿਸਮਾਂ ਸਦਾ ਲਈ ਲੋਪ ਹੋ ਸਕਦੀਆਂ ਹਨ। ਰੁੱਤ ਤਬਦੀਲੀ ਦੀ ਗਤੀ ਘੱਟ ਕਰਨ ਲਈ ਮਾਰੂ ਗੈਸਾਂ ਦਾ ਪ੍ਰਭਾਵ ਰੋਕਣਾ ਪਵੇਗਾ। ਰੁੱਖ ਇਸ ਦਾ ਬਿਹਤਰੀਨ ਅਤੇ ਸਸਤਾ ਤੋੜ ਹਨ।
ਪੰਜਾਬ ਵੱਡੇ ਜਲ ਸੰਕਟ ਵੱਲ ਜਾ ਰਿਹਾ ਹੈ। ਜਲ ਸੰਕਟ ਦੇ ਬਹੁ-ਪਰਤੀ ਕਾਰਨ ਹਨ। ਇੱਕ ਵੱਡਾ ਕਾਰਨ ਪੰਜਾਬ ਦਾ ਰੁੱਖਾਂ ਦੀ ਛਤਰੀ ਤੋਂ ਵਿਹੂਣਾ ਹੋਣਾ ਹੈ। ਸਾਵੇਂ ਕੁਦਰਤੀ ਮਾਪਦੰਡਾਂ ਮੁਤਾਬਿਕ ਇਹ ਧਰਤੀ ਦਾ ਤੀਜਾ ਹਿੱਸਾ (33%) ਹੋਣੇ ਚਾਹੀਦੇ ਹਨ ਪਰ ਇਹ ਮਹਿਜ਼ 7% ਹਨ। ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਹ ਸੰਭਵ ਨਹੀਂ ਪਰ ਇਹ ਨਿਰਾ ਝੂਠ ਹੈ। ਇਸ ਵਿਚ ਬਹੁਤਾ ਉੱਦਮ ਸਰਕਾਰ ਨੂੰ ਕਰਨਾ ਪਵੇਗਾ। ਸਾਡੇ ਕੋਲ ਖੇਤਾਂ ਤੋਂ ਬਿਨਾਂ ਅਜਿਹੀਆਂ ਬਥੇਰੀਆਂ ਥਾਵਾਂ ਹਨ ਜਿਥੇ ਰਵਾਇਤੀ ਦਰੱਖਤ ਲਾਏ ਜਾ ਸਕਦੇ ਹਨ। ਰਵਾਇਤੀ ਰੁੱਖ ਲਾਉਣ ਲਈ ਸਹੀ ਥਾਂ ਪੰਜਾਬ ਦਾ ਨੀਮ-ਪਹਾੜੀ ਇਲਾਕਾ ਹੈ ਜਿਹੜਾ ਕੁੱਲ ਪੰਜਾਬ ਦਾ 10% ਹੈ।
‘ਹਿੰਗ ਲੱਗੇ ਨਾ ਫਟਕਰੀ ਤੇ ਰੰਗ ਵੀ ਚੋਖਾ’ ਦੀ ਕਹਾਵਤ ਅਨੁਸਾਰ ਚੀਨ ਦੀ ਉਦਾਹਰਨ ਪੇਸ਼ ਹੈ। ਚੀਨ ਨਾਲੋਂ ਪਹਿਲਾਂ ‘ਆਜ਼ਾਦ’ ਹੋ ਕੇ ਵੀ ਅਸੀਂ ਕਈ ਮਾਮਲਿਆਂ ਵਿਚ ਉਸ ਨਾਲੋਂ ਪਛੜ ਗਏ ਹਾਂ ਜਦਕਿ ਚੀਨ ਦੇ ਮੁਕਾਬਲੇ ਕੁਦਰਤੀ ਬਰਕਤਾਂ ਵਿਚ ਅਸੀਂ ਕਿਤੇ ਵੱਧ ਮਾਲਾਮਾਲ ਸਾਂ। ਅਸੀਂ 1947 ਵਿਚ ਆਜ਼ਾਦ ਹੋਏ ਅਤੇ ਚੀਨ ਵਿਚ ਇਨਕਲਾਬ 1949 ਵਿਚ ਆਇਆ। ਉਸ ਵਕਤ ਅਸੀਂ ਕਈ ਮਾਮਲਿਆਂ ਵਿਚ ਚੀਨ ਤੋਂ ਅੱਗੇ ਸਾਂ। ਜੇ ਮਨੁੱਖੀ ਸਿਰਜਣਾ, ਤਕਨੀਕ, ਕਲ-ਪੁਰਜ਼ੇ, ਡਾਕ, ਰੇਲਾਂ, ਕਾਰਖਾਨਿਆਂ, ਸਿੰਜਾਈ ਪ੍ਰਬੰਧ, ਖੇਤੀ, ਸਾਖਰਤਾ ਆਦਿ ਦੀ ਗੱਲ ਨਾ ਵੀ ਕਰੀਏ, ਤਦ ਵੀ ਚੀਨ ਨਾਲੋਂ ਕੁਦਰਤ ਸਾਡੇ ਉਤੇ ਜਿ਼ਆਦਾ ਮਿਹਰਬਾਨ ਸੀ। ਉਸ ਨਾਲੋਂ ਜ਼ਰਖੇਜ਼ ਭੋਇੰ, ਖਣਿਜ ਪਦਾਰਥ, ਸਮੁੰਦਰੀ ਸਾਹਿਲ, ਜਲ ਸੋਮੇ, ਦਰਿਆ, ਜੰਗਲ ਆਦਿ ਸਾਡੇ ਪਾਸ ਜ਼ਿਆਦਾ ਵੀ ਸਨ ਅਤੇ ਭਰਪੂਰ ਵੀ ਪਰ ਅਸੀਂ ਪਛੜ ਗਏ। ਇਸ ਦਾ ਵੱਡਾ ਕਾਰਨ ਸਾਡਾ ਨਿੱਜ ਅਤੇ ਸਿਆਸੀ ਪ੍ਰਬੰਧ ਸੀ। ਸਾਡਾ ਮੌਜੂਦਾ ਸਿਸਟਮ ਕੁਦਰਤ ਨੂੰ ਵੀ ਲੈ ਬੈਠਾ। ਉਸ ਵੇਲੇ ਚੀਨ ਕੋਲ ਭਰਪੂਰ ਜੰਗਲ ਘੱਟ ਸਨ ਪਰ ਉਸ ਨੇ ਵਿਕਸਤ ਕਰ ਲਏ ਅਤੇ ਅਸੀਂ…?
ਚੀਨ ਵਾਲੇ ਸਾਡੇ ਜੰਗਲਾਤੀਆਂ ਵਾਂਗ ਹੱਥੀਂ ਦਰੱਖਤ ਘੱਟ ਲਾਉਂਦੇ ਹਨ। ਉਹ ਸਮੇਂ ਸਮੇਂ ਖਾਸ ਢੁੱਕਵਾਂ ਖਿੱਤਾ ਕੁਝ ਸਮੇਂ ਲਈ ਮਨੁੱਖਾਂ ਅਤੇ ਪਾਲਤੂ ਜਾਨਵਰਾਂ ਦੇ ਦਾਖਲੇ ਤੋਂ ਬਿਲਕੁਲ ਬੰਦ ਕਰ ਦਿੰਦੇ ਹਨ। ਸਰਕਾਰੀ ਰਾਖੇ ਵੀ ਉਸ ਦੁਆਲੇ ਘੁੰਮਦੇ ਹਨ, ਵਿਚ ਨਹੀਂ ਜਾ ਸਕਦੇ। ਫਿਰ ਹੁੰਦਾ ਕੀ ਹੈ? ਉਸ ਬੰਦ ਰਕਬੇ ਵਿਚ ਕੁਦਰਤ ਆਪਣਾ ਰੰਗ ਬਿਖੇਰਦੀ ਹੈ। ਬਹੁ-ਪਰਤੀ ਬਨਸਪਤੀ ਅਤੇ ਉਸ ਇਲਾਕੇ ਦੇ ਰਵਾਇਤੀ ਦਰੱਖਤਾਂ ਦੀ ਕੁਦਰਤੀ ਉਪਜ ਵਿਚ ਬੇਸ਼ੁਮਾਰ ਵਾਧਾ ਹੁੰਦਾ ਹੈ। ਚੀਨ ਉਸ ਖਿੱਤੇ ਉੱਤੇ ਸਬੰਧਿਤ ਵਸੋਂ ਅਤੇ ਪਾਲਤੂ ਜਾਨਵਰਾਂ ਹਿੱਤ ਮੋੜਵੇਂ ਰੂਪ ਵਿਚ ਰੁਜ਼ਗਾਰ, ਲੱਕੜ, ਚਾਰਾ ਆਦਿ ਦਾ ਪ੍ਰਬੰਧ ਵੀ ਕਰਦਾ ਹੈ। ਖਾਸ ਗੱਲ ਇਹ ਕਿ ਉਸ ਨੂੰ ਓਨੀ ਕੁ ਰਕਮ ਤੋਂ ਵੀ ਕਿਤੇ ਘੱਟ ਦੇਣਾ ਪੈਂਦਾ ਹੈ ਜਿੰਨੀ ਕੁ ਰਕਮ ਉਸ ਖਿੱਤੇ ਵਿਚ ਨਵੇਂ ਜਾਂ ਲਾਏ ਜਾਣ ਵਾਲੇ ਦਰੱਖਤਾਂ ਨੂੰ ਸਿਰੇ ਚੜਾ੍ਹਉਣ ਲਈ ਚਾਹੀਦੀ ਹੈ। ਸਖ਼ਤ ਰੂਪ ਵਿਚ ਬੰਦ ਉਸ ਰਕਬੇ ਵਿਚ ਦਰੱਖਤਾਂ ਦਾ ਕੁਦਰਤੀ ਹੀ ਐਨਾ ਵਾਧਾ ਹੁੰਦਾ ਹੈ ਕਿ ਬੰਦਾ ਹੈਰਾਨ ਰਹਿ ਜਾਂਦਾ ਹੈ। ਤੈਅ ਸਮੇਂ ਬਾਅਦ ਖਾਸ ਸ਼ਰਤਾਂ ਅਧੀਨ ਉਹ ਰਕਬਾ ਖੋਲ੍ਹ ਦਿੱਤਾ ਜਾਂਦਾ ਹੈ ਅਤੇ ਇਵਜ਼ ਵਜੋਂ ਕਿਸੇ ਹੋਰ ਪਾਸੇ ਓਨਾ ਹੀ ਬੰਦ। ਇਕ ਕੰਮ ਉਹ ਹੋਰ ਕਰਦੇ ਹਨ।
ਪਹਾੜੀ ਇਲਾਕਿਆਂ ਵਿਚ ਉਹ ਖੱਡਾਂ, ਚੋਈਆਂ ਦੇ ਮੁਹਾਣਿਆਂ ਨੂੰ ਕੱਚੇ-ਪੱਕੇ ਬੰਨ੍ਹ ਉਸਾਰ ਕੇ ਬੰਦ ਕਰ ਦਿੰਦੇ ਹਨ ਜਿਹੜੇ ਨਾ ਸਿਰਫ ਮੀਂਹ ਦਾ ਪਾਣੀ ਰੋਕਦੇ ਹਨ ਸਗੋਂ ਉਹ ਬੈਰੀਅਰ (ਜੰਗਲ ਰਾਖੇ) ਦਾ ਕਾਰਜ ਵੀ ਨਿਭਾਉਂਦੇ ਹਨ। ਇਹ ਬੰਨ੍ਹ ਭੋਇੰ ਖੋਰ ਅਤੇ ਹੜ੍ਹ ਰੋਕਦੇ, ਧਰਤੀ ਵਿਚ ਜਲ ਸੰਚਾਰ ਸਮੇਤ ਨਾਲ ਲੱਗਵੇਂ ਖਿੱਤੇ ਅਤੇ ਪਹਾੜੀਆਂ ਵਿਚ ਨਮੀ ਸੰਚਾਰ ਕਰਦੇ ਹਨ। ਉਨ੍ਹਾਂ ਬੰਨ੍ਹਾਂ ਅਤੇ ਜਲ ਭੰਡਾਰਾਂ ਦੇ ਕੈਚਮੈਂਟ (ਮਗਰਲੇ ਰਕਬੇ) ਵਿਚ ਹੈਰਾਨੀਜਨਕ ਰੂਪ ਵਿਚ ਬਹੁ-ਪਰਤੀ ਬਨਸਪਤੀ/ਰੁੱਖਾਂ ਦਾ ਕੁਦਰਤੀ ਵਾਧਾ ਹੁੰਦਾ ਹੈ ਜਿਹੜੀ ਜੰਗਲ ਦਾ ਰੂਪ ਧਾਰ ਕੇ ਸਿੱਧੇ-ਅਸਿੱਧੇ ਬਹੁ-ਪੱਖੀ ਲਾਭ ਪਹੁੰਚਾਉਂਦੀ ਹੈ।
ਲੋਅਰ ਸ਼ਿਵਾਲਕ ਅਤੇ ਕੰਢੀ ਖਿੱਤੇ ਵਿਚ ਰੁੱਖਾਂ, ਜੰਗਲਾਂ ਲਈ ਸਾਜ਼ਗਾਰ ਹਾਲਾਤ ਹੋਣ ਦੇ ਬਾਵਜੂਦ ਉਥੋਂ ਦੇ ਬਾਸ਼ਿੰਦਿਆਂ ਅਤੇ ਕੁਦਰਤੀ ਸੋਮਿਆਂ ਨਾਲ ਸਬੰਧਿਤ ਭਰਾਤਰੀ ਮਹਿਕਮਿਆਂ ਨੂੰ ਨਾਲ ਲੈ ਕੇ ਚੱਲਣ ਦੀ ਜੰਗਲਾਤ ਵਿਭਾਗ ਦੀ ਅਚੇਤ-ਸੁਚੇਤ ਨੀਤੀ ਕਾਰਨ ਵੀ ਸਾਡੀ ਦੁਰਦਸ਼ਾ ਹੋਈ ਹੈ। ਜੰਗਲਾਤ ਨਿਯਮ ‘ਥਾਣੇਦਾਰੀ ਤਰਜ਼’ ਨਾਲ ਨਹੀਂ ਸਗੋਂ ਉਸ ਦੀ ਮੂਲ ਭਾਵਨਾ ਅਨੁਸਾਰ ਲਾਗੂ ਕਰਨ ਦੀ ਲੋੜ ਹੈ। ਸਿਰ ਜੋੜ ਕੇ ਬੈਠਣ ਅਤੇ ਸਭ ਦੀਆਂ ਭਾਈਵਾਲ ਕੋਸ਼ਿਸਾਂ ਨਾਲ ਹੀ ਹੱਲ ਸੰਭਵ ਹੈ। ਸਾਵੀਆਂ ਵਿਕਾਸ ਤਕਨੀਕਾਂ ਸਮੇਤ ਰੁੱਖਾਂ ਦੀ ਪੈਦਾਵਾਰ ਅਪਣਾਉਣ ਵਾਲਾ ਛੋਟਾ ਜਿਹਾ ਵਿਅਕਤੀਗਤ ਉੱਦਮ ਜਲਵਾਯੂ ਤਬਦੀਲੀ ਦੇ ਮਾਰੂ ਪ੍ਰਭਾਵਾਂ ਵਿਚ ਵੱਡੀ ਕਮੀ ਲਿਆ ਸਕਦਾ ਹੈ। ਬੂੰਦ ਬੂੰਦ ਨਾਲ ਘੜਾ ਭਰ ਜਾਣ ਵਾਲੀ ਕਹਾਵਤ ਵਾਂਗ ਕੁਦਰਤ ਵਿਰੋਧੀ ਨਿਜ਼ਾਮ ਬਦਲਣ ਲਈ ਪੁੱਟਿਆ ਇੱਕ ਕਦਮ ਅਤੇ ਤੁਹਾਡੇ ਸਾਰਿਆਂ ਵਲੋਂ ਲਾਇਆ ਇਕ ਇਕ ਬੂਟਾ ਸਮੁੱਚੀ ਕਾਇਨਾਤ ਨੂੰ ਬੇਅੰਤ ਬਰਕਤਾਂ ਦੇਵੇਗਾ।
ਰੁੱਖ ਲਾਉਣ ਲਈ ਢੁਕਵਾਂ ਸਮਾਂ ਭਾਵੇਂ ਬਰਸਾਤ ਦੌਰਾਨ ਅਤੇ ਪਤਝੜ ਤੋਂ ਬਾਅਦ ਹੈ ਪਰ ਇਹ ਕਦੇ ਵੀ ਅਤੇ ਕਿਤੇ ਵੀ ਲਾਏ ਜਾ ਸਕਦੇ ਹਨ। ਜ਼ਰੂਰੀ ਨਹੀਂ ਕਿ ਆਪਣੀ ਹੀ ਥਾਂ ਹੋਵੇ, ਖਾਲੀ ਪਈਆਂ ਸਾਂਝੀਆਂ ਥਾਵਾਂ ਤੁਹਾਨੂੰ ਉਡੀਕ ਰਹੀਆਂ ਹਨ। ਨਹਿਰਾਂ ਟੋਭੇ ਅਤੇ ਪਹੀਆਂ/ਸੜਕਾਂ ਦੇ ਕਿਨਾਰੇ ਵੀ; ਸਕੂਲ, ਧਾਰਮਿਕ ਸਥਾਨ ਤੇ ਕਬਰਾਂ/ਸਿਵੇ ਵੀ। ਕਿਸੇ ਵੀ ਕਿਸਮ ਦਾ ਹੱਥੀਂ ਲਾ ਕੇ ਸਿਰੇ ਚੜ੍ਹਾਇਆ ਬੂਟਾ ਕਿੰਨੀ ਅੰਤਰੀਵੀ ਖੁਸ਼ੀ ਦਿੰਦਾ ਹੈ, ਲਾਓਗੇ ਤਦ ਹੀ ਪਤਾ ਚੱਲੇਗਾ। ਬੂਟੇ ਸਿਰਫ ਲਾਓ ਹੀ ਨਹੀਂ, ਇਨ੍ਹਾਂ ਨੂੰ ਸਾਂਭੋ ਵੀ। ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਗਵਾਰ ਭਵਿਖ ਲਈ ਰੁੱਖ ਲਾਓ, ਲਾਓ ਭਾਵੇਂ ਇਕ ਬੂਟਾ ਹੀ ਪਰ ਲਾਓ ਰਵਾਇਤੀ। ਇਸ ਵਿਚ ਵੀ ਸਾਡਾ ਸਾਰਿਆਂ ਦਾ ਭਲਾ ਹੈ।
ਸੰਪਰਕ: 94634-39075