ਨਿਹਚਲ ਸੰਧੂ
ਸਕਾਟਿਸ਼ ਵੈਸਟਰਨ ਹਾਈਲੈਂਡਜ਼ ਦੇ ਪਿੰਡ ਸਪੀਨ ਬ੍ਰਿਜ ਵਿਚ ਸਾਡੀ ਇਕ ਰਾਤ ਦੀ ਠਾਹਰ ਦੌਰਾਨ ਸਾਡੇ ਮੇਜ਼ਬਾਨ ਨੇ ਸਾਨੂੰ ਇਕ ਹੋਰ ਦਿਨ ਧੁੱਪ ਵਿਚ ਮਟਰਗਸ਼ਤੀ ਲਈ ਰਿਝਾਉਣ ਦੀ ਕੋਸ਼ਿਸ਼ ਕੀਤੀ। ਸ੍ਰੀ ਮਕਲੱਸਕੀ ਨੇ ਗ੍ਰੇਅ ਕੌਰੀਜ਼ ਵਿਚ ਚਹਿਲਕਦਮੀ ਕਰਦਿਆਂ ਇਹ ਕਿੱਸਾ ਬਿਆਨ ਕੀਤਾ ਸੀ ਤੇ ਇਸ ਦੌਰਾਨ ਬਿਨ ਨੇਵੀਜ਼ ਅਤੇ ਲੋਅਰ ਮੁਨਰੋ ਪਹਾੜੀ ਖੇਤਰ ਦੇ ਬੇਮਿਸਾਲ ਮੰਜ਼ਰ ਵੀ ਨਜ਼ਰ ਆ ਰਹੇ ਸਨ। ਇਸ ਦੇ ਨੇੜੇ ਹੀ ਦੂਜੀ ਆਲਮੀ ਜੰਗ ਵੇਲੇ ਇਲੀਟ ਕਮਾਂਡੋਜ਼ ਵੱਲੋਂ ਸਿਖਲਾਈ ਲਈ ਵਰਤੇ ਗਏ ਮੈਦਾਨ ਵੀ ਪੈਂਦੇ ਹਨ ਜਿੱਥੇ ਹੁਣ ਇਕ ਬਹੁਤ ਹੀ ਖ਼ਾਸ ਯਾਦਗਾਰ ਬਣੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਕਟੋਰੀਅਨ ਰੇਲਵੇ ਸਟੇਸ਼ਨ ਜੋ ਇਕ ਕਲਾਸਿਕ ਰੈਸਤਰਾਂ ਵਿਚ ਬਦਲ ਦਿੱਤਾ ਗਿਆ ਹੈ, ਵਿਚਲੇ ‘ਡਾਈਨਿੰਗ ਆਨ ਦਿ ਲਾਈਨ’ ਦਾ ਲੁਤਫ਼ ਉਠਾਉਣ ਦਾ ਮੌਕਾ ਵੀ ਦਿੱਤਾ। ਉਨ੍ਹਾਂ ਦੇ ਪੁਰਜ਼ੋਰ ਯਤਨਾਂ ਦੇ ਬਾਵਜੂਦ ਸੋਚ ਵਿਚਾਰ ਕੇ ਨਿਰਣਾ ਲੈਣਾ ਹੀ ਬਿਹਤਰ ਬਦਲ ਸੀ ਤੇ ਆਖ਼ਰਕਾਰ ਮੈਂ ਕਾਰ ਦਾ ਮੂੰਹ ਦੱਖਣ-ਪੱਛਮ ਦਿਸ਼ਾ ਵੱਲ ਮੋੜ ਦਿੱਤਾ ਤਾਂ ਕਿ ਕਲੈਕਹੀਟਨ ਜੋ ਉੱਥੋਂ ਕਰੀਬ 350 ਮੀਲ ਦੂਰ ਪੈਂਦਾ ਸੀ, ਪਰਤਣ ਦੇ ਮੇਰੀ ਪਤਨੀ ਦੇ ਫ਼ਰਮਾਨ ਤੋਂ ਬਚਿਆ ਜਾ ਸਕੇ।
ਬਿਨ ਨੇਵੀਜ਼ ਡਿਸਟਿਲਰੀ ਕੋਲੋਂ ਗੁਜ਼ਰਦਿਆਂ, ਜਲਦੀ ਹੀ ਅਸੀਂ ਫੋਰਟ ਵਿਲੀਅਮ ਪਹੁੰਚਣ ਵਾਲੇ ਸਾਂ ਜੋ ਹਾਈਲੈਂਡਜ਼ ਵਿਚ ਪ੍ਰਿੰਸ ਵਿਲੀਅਮ ਦੇ ਨਾਂ ਵੱਸਿਆ ਦੂਜਾ ਸਭ ਤੋਂ ਵੱਡਾ ਕਸਬਾ ਹੈ। ਪ੍ਰਿੰਸ ਵਿਲੀਅਮ ਨੂੰ ਸਕੌਟ ਲੋਕ ‘ਕੁੰਬਰਲੈਂਡ ਦਾ ਬੁੱਚੜ’ ਕਹਿੰਦੇ ਹਨ ਜਿਸ ਨੇ ਅਠਾਰਵੀਂ ਸਦੀ ਦੇ ਮੱਧ ਵਿਚ ਜੈਕੋਬਾਈਟ ਵਿਦਰੋਹ (Jacobite Uprising) ਨੂੰ ਬੜੀ ਬੇਰਹਿਮੀ ਨਾਲ ਕੁਚਲ ਦਿੱਤਾ ਸੀ। ਇਹ ਕਸਬਾ ਪਰਬਤਾਰੋਹੀਆਂ, ਸਕੀਇੰਗ ਦੇ ਸ਼ੌਕੀਨ ਘੁਮੰਤਰੂਆਂ ਲਈ ਮਹਿਜ਼ ਇਕ ਬੇਸ ਦਾ ਕੰਮ ਦਿੰਦਾ ਹੈ ਤੇ ਇੱਥੇ ਦੇਖਣਯੋਗ ਕੁਝ ਖ਼ਾਸ ਨਹੀਂ ਹੈ। ਇਸ ਤੋਂ ਅੱਗੇ ਰਾਹ ਵਿਚ ਰਨੌਚ ਮੂਰ ਆਉਂਦਾ ਹੈ ਜੋ ਬੌਗੀ ਮੂਰਲੈਂਡ ਅਖਵਾਉਂਦਾ ਹੈ ਅਤੇ 40-50 ਵਰਗ ਮੀਲ ਵਿਚ ਫੈਲਿਆ ਹੋਇਆ ਦਲਦਲੀ ਇਲਾਕਾ ਹੈ ਜਿੱਥੇ ਨਰਮ ਕੋਲੇ ਦੇ ਕਾਫ਼ੀ ਭੰਡਾਰ ਹਨ ਅਤੇ ਕੁਝ ਹੱਦ ਤੱਕ ਜੰਗਲੀ ਪ੍ਰਜਾਤੀਆਂ ਵੀ ਮਿਲਦੀਆਂ ਹਨ। ਇੱਥੇ ਘੁਮਾਓਦਾਰ ਪਹਾੜੀ ਇਲਾਕਾ ਸੜਕ ਤੇ ਰੇਲ ਮਾਰਗ ਦੇ ਨਿਰਮਾਣ ਲਈ ਕਾਫ਼ੀ ਚੁਣੌਤੀਪੂਰਨ ਸਾਬਿਤ ਹੁੰਦਾ ਹੈ। ਅਸੀਂ ਕ੍ਰਾਇਨਲੈਰਿਚ ਪਹੁੰਚ ਕੇ ਹਾਈਲੈਂਡਜ਼ ਨੂੰ ਅਲਵਿਦਾ ਆਖੀ ਜੋ ਬਹੁਤ ਹੀ ਨੀਵੇਂ ਮੁਕਾਮ ’ਤੇ ਰੇਲਵੇ ਪੁਲ ਕਰਕੇ ਪਛਾਣਿਆ ਜਾਂਦਾ ਹੈ। ਉੱਥੋਂ ਪਹਿਲਾ ਪੜਾਅ ਸਟ੍ਰਲਿੰਗ ਕੈਸਲ ’ਚ ਹੋਇਆ ਜੋ ਸਕਾਟਲੈਂਡ ਦੇ ਸਭ ਤੋਂ ਵੱਡੇ ਕਿਲਿਆਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ ਅਤੇ ਇਹ ਹਾਈਲੈਂਡਜ਼ ਅਤੇ ਲੋਅਲੈਂਡਜ਼ ਖੇਤਰਾਂ ਨੂੰ ਵੱਖ ਕਰਨ ਵਾਲੀ ਰੇਖਾ ’ਤੇ ਫੈਲੀ ਹੋਈ ਦੋ-ਧਾਰੀ ਚਟਾਨ ’ਤੇ ਬਣਿਆ ਹੋਇਆ ਹੈ। ਇਸ ਕਿਲੇ ਅੰਦਰ ਇਸ ਇਲਾਕੇ ਵਿਚ ਸ਼ਿਕਾਰ ਕਰਨ ਆਉਣ ਵਾਲੇ ਸਕਾਟਿਸ਼ ਸ਼ਾਹੀ ਖ਼ਾਨਦਾਨ ਦੇ ਫ਼ਰੀਕਾਂ ਦੀ ਰਿਹਾਇਸ਼ ਹੋਇਆ ਕਰਦੀ ਸੀ। ਇੱਥੇ ਬਹੁਤ ਹੀ ਕਰੀਨੇ ਨਾਲ ਸੰਭਾਲ ਕੇ ਰੱਖੇ ਪਰਦੇ ਤੇ ਗਲੀਚੇ ਸਕਾਟਲੈਂਡ ਦੇ ਸ਼ਾਹੀ ਦਰਬਾਰ ਦਾ ਮਾਹੌਲ ਸਿਰਜਦੇ ਹਨ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ। ਦੂਜੀਆਂ ਯੂਨਿਟਾਂ ਵਿਚ ਜਜ਼ਬ ਹੋਣ ਦਾ ਇੰਤਜ਼ਾਰ ਕਰ ਰਹੇ ਹਾਈਲੈਂਡਜ਼ ਰੈਜੀਮੈਂਟ ਦੇ ਘੁਮੰਤਰੂ ਕਿਲੇ ਅੰਦਰਲੇ ਕੁਆਰਟਰ ਖਾਲੀ ਕਰਨ ਲੱਗੇ ਹੋਏ ਸਨ। ਸਟ੍ਰਲਿੰਗ ਤੋਂ ਕਰੀਬ 90 ਮੀਲ ਦੂਰ ਅਸੀਂ ਲੌਕਰਬੀ ’ਚੋਂ ਲੰਘੇ ਜਿੱਥੇ ਦੂਜੀ ਆਲਮੀ ਜੰਗ ਦੌਰਾਨ ‘ਜਰਮਨ ਐੱਸਐੱਸ’ (ਨਾਜ਼ੀ ਪੁਲੀਸ ਦਾ ਵਿਸ਼ੇਸ਼ ਗਰੋਹ) ਦੇ ਯੂਕਰੇਨੀ ਮੈਂਬਰਾਂ ਨੂੰ ਕੈਂਪ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਤਕਰੀਬਨ ਛੇ ਹਫ਼ਤੇ ਬਾਅਦ ਇਹ ਬੇਮਿਸਾਲ ਕਸਬਾ ਦੁਨੀਆ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣਨ ਗਿਆ ਜਦੋਂ ਇੱਥੇ ਬੰਬ ਧਮਾਕੇ ਕਾਰਨ ਪੈਨ ਐਮ ਦੀ ਉਡਾਣ ਨੰਬਰ 103 ਦਾ ਮਲਬਾ ਖਿੰਡਿਆ ਮਿਲਿਆ। ਇਸ ਉਡਾਣ ਵਿਚ ਸਵਾਰ ਸਾਰੇ 270 ਮੁਸਾਫ਼ਰਾਂ ਤੇ ਚਾਲਕ ਦਸਤੇ ਦੇ ਮੈਂਬਰਾਂ ’ਚੋਂ ਕੋਈ ਵੀ ਜਿਉਂਦਾ ਨਹੀਂ ਬਚਿਆ ਅਤੇ ਜ਼ਮੀਨ ’ਤੇ ਮੌਜੂਦ ਦਸ ਹੋਰ ਅਭਾਗੇ ਵੀ ਇਸ ਹਾਦਸੇ ਦਾ ਸ਼ਿਕਾਰ ਬਣ ਗਏ।
ਦਸ ਮੀਲ ਹੋਰ ਜਾਣ ’ਤੇ ਅਸੀਂ ਇੰਗਲੈਂਡ ਵਿਚ ਦਾਖ਼ਲ ਹੋਣ ਲਈ ਸਕਾਟਲੈਂਡ ਦੀ ਸਰਹੱਦ ਪਾਰ ਕੀਤੀ ਅਤੇ ਇੱਥੋਂ ਦਸ ਮੀਲ ਹੋਰ ਅਗਾਂਹ ਅਸੀਂ ‘ਮਹਾਂ ਸਰਹੱਦੀ ਸ਼ਹਿਰ’ ਕਾਰਲਾਈਲ ਪਹੁੰਚੇ ਜੋ ਉੱਨੀਵੀਂ ਸਦੀ ਵਿਚ ਮਿੱਲਾਂ ਤੇ ਇੰਜਨੀਅਰਿੰਗ ਸਨਅਤਾਂ ਕਾਰਨ ਬਹੁਤ ਫੈਲ ਗਿਆ ਸੀ; ਕਿਸੇ ਸਮੇਂ ਇਹ ਹੈਡਰੀਅਨ’ਜ਼ ਵਾਲ ਦੇ ਨਾਲ ਸਟਵੇਂ ਕਿਲਿਆਂ ਲਈ ਇਕ ਅਹਿਮ ਸਪਲਾਈ ਮੁਕਾਮ ਹੋਇਆ ਕਰਦਾ ਸੀ। ਸ਼ਹਿਰ ਦੇ ਧੁਰ ਅੰਦਰ ਇਕ ਕਿਲਾ, ਗਿਰਜਾਘਰ ਅਤੇ ਪੁਰਾਣੇ ਸ਼ਹਿਰ ਦੀਆਂ ਢੱਠੀਆਂ ਦੀਵਾਰਾਂ ਹਨ ਜਿਨ੍ਹਾਂ ’ਤੇ ਸੈਲਾਨੀ ਤੁਰ ਕੇ ਖ਼ੁਸ਼ੀ ਲੈਂਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਰੋਮਨ ਕਾਲ ਦੌਰਾਨ ਸ਼ਹਿਰ ਦੇ ਇਤਿਹਾਸ ’ਤੇ ਝਾਤ ਮਾਰਨ ਦਾ ਮੌਕਾ ਵੀ ਮਿਲਦਾ ਹੈ। ਇਕ ਤੇਲ ਪੰਪ ਦੇ ਕਾਰਿੰਦੇ ਦੀ ਸਲਾਹ ’ਤੇ ਅਸੀਂ ਲੇਕ ਡਿਸਟ੍ਰਿਕਟ ਨੈਸ਼ਨਲ ਪਾਰਕ ਦੇ ਉੱਤਰ ਵਿਚ ਪੈਨਰਿਥ ’ਚ ਥੋੜ੍ਹੀ ਦੇਰ ਲਈ ਰੁਕ ਗਏ। ਇਸ ਦੀਆਂ ਰੰਗਾਈ ਤੇ ਸ਼ਰਾਬ ਦੀਆਂ ਫੈਕਟਰੀਆਂ ਦੇਖਣ ਲਈ ਨਹੀਂ ਸਗੋਂ ਇੱਥੋਂ ਦੇ ਖੂਹਾਂ ਦੀ ਸਜ ਧਜ ਦੀ ਰਵਾਇਤ ਦੇ ਦੀਦਾਰ ਕਰਨ ਵਾਸਤੇ। ਪੈਨਰਿਥ ਆਪਣੇ ਬਹੁਤ ਸਾਰੇ ਖੂਹਾਂ ਲਈ ਮਸ਼ਹੂਰ ਹੈ ਅਤੇ ਕਈ ਹੋਰਨਾਂ ਥਾਵਾਂ ਦੀ ਤਰ੍ਹਾਂ ਇੱਥੇ ਖੂਹਾਂ ਅਤੇ ਹੋਰਨਾਂ ਜਲ ਸਰੋਤਾਂ ਨੂੰ ਹਰ ਸਾਲ ਮਈ ਮਹੀਨੇ ਫੁੱਲਾਂ ਦੀ ਤਰਤੀਬ ਨਾਲ ਸਜਾਇਆ ਜਾਂਦਾ ਹੈ। ਲੱਕੜ ਦੀਆਂ ਚੁਗਾਠਾਂ ’ਤੇ ਮਿੱਟੀ ਦਾ ਪੋਚਾ ਫੇਰ ਕੇ ਫੁੱਲਾਂ, ਪੱਤੀਆਂ, ਫ਼ਲੀਆਂ, ਬੀਜਾਂ ਅਤੇ ਹੋਰ ਕੁਦਰਤੀ ਸਮੱਗਰੀ ਨਾਲ ਭਰ ਦਿੱਤੀਆਂ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਖੂਹਾਂ ਦੀ ਪੂਜਾ ਇਕ ਆਦਿ ਧਰਮ ਦੀ ਰਵਾਇਤ ਵਜੋਂ ਸ਼ੁਰੂ ਹੋਈ ਸੀ ਤਾਂ ਕਿ ਦੇਵਤਿਆਂ ਵੱਲੋਂ ਜਲ ਦੀ ਬਖਸ਼ਿਸ਼ ਸਦਾ ਜਾਰੀ ਰਹੇ।
ਦੁਪਹਿਰ ਢਲ ਰਹੀ ਸੀ ਤੇ ਅਸੀਂ ਲੇਕ ਡਿਸਟ੍ਰਿਕਟ ਨੈਸ਼ਨਲ ਪਾਰਕ ਪਹੁੰਚਣ ਹੀ ਵਾਲੇ ਸਾਂ ਜਿੱਥੇ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਸੈਲਾਨੀ ਆਉਂਦੇ ਹਨ। ਸਾਡਾ ਚੱਕਰ ਕੇਸਵਿਕ ਤੋਂ ਸ਼ੁਰੂ ਹੋਇਆ ਅਤੇ ਬੈਸੇਂਥਵੇਟ ਅਤੇ ਡਰਵੈਂਟਵਾਟਰ ਝੀਲਾਂ ’ਤੇ ਪਹੁੰਚ ਕੇ ਦੋ ਦਿਸ਼ਾਵਾਂ ’ਚ ਵੰਡਿਆ ਗਿਆ। ਇਹ ਝੀਲਾਂ ਉੱਨੀਵੀ ਸਦੀ ਵਿਚ ਸੈਮੁਅਲ ਟੇਅਲਰ ਕੌਲਰਿਜ ਦਾ ਘਰ ਬਣ ਗਈਆਂ ਸਨ। ਇੱਥੇ ਹੀ ਉਸ ਦਾ ਸਾਥੀ ਕਵੀ ਵਿਲੀਅਮ ਵਰਡਸਵਰਥ ਉਨ੍ਹਾਂ ਨੂੰ ਮਿਲਣ ਆਇਆ ਕਰਦਾ ਸੀ ਜੋ 12 ਮੀਲ ਦੂਰ ਗਰਾਸਮੇਅਰ ਪਿੰਡ ਵਿਚ ਵਸਦਾ ਸੀ ਜਿਸ ਨੂੰ ਉਹ ਇਨਸਾਨ ਵੱਲੋਂ ਲੱਭੀ ਗਈ ਹੁਣ ਤੱਕ ਦੀ ‘ਸਭ ਤੋਂ ਪਿਆਰੀ ਜਗ੍ਹਾ’ ਕਿਹਾ ਕਰਦਾ ਸੀ। ਕੌਲਰਿਜ ਦੇ ਗ੍ਰਹਿ ‘ਗਰੇਟਾ ਹਾਲ’ ਵਿਚ ਉਸ ਦੀ ਮੇਜ਼ਬਾਨੀ ਮਾਣਨ ਵਾਲੇ ਕਵੀ ਪਰਸੀ ਸ਼ੈਲੇ, ਇਤਿਹਾਸਕ ਨਾਵਲਕਾਰ ਸਰ ਵਾਲਟਰ ਸਕੌਟ, ਲੇਖਕ ਚਾਰਲਸ ਤੇ ਮੇਰੀ ਲੈਂਬ ਅਤੇ ਨਬਿੰਧਕਾਰ ਵਿਲੀਅਮ ਹੈਜ਼ਲਿਟ ਨੇ ਵੀ ਇਸ ਇਲਾਕੇ ਦੇ ਚੌਗਿਰਦੇ ਦੀ ਲਾਸਾਨੀ ਖ਼ੂਬਸੂਰਤੀ ਦਾ ਜ਼ਿਕਰ ਕੀਤਾ ਹੈ। ਥਰਲਮੇਅਰ ਝੀਲ ਨੂੰ ਛੱਡ ਕੇ ਅਸੀਂ ਵਿੰਡਰਮੇਅਰ ਝੀਲ ’ਤੇ ਬੋਅਨੈਸ ਦੇਖਣ ਚਲੇ ਗਏ ਜੋ ਨੈਸ਼ਨਲ ਪਾਰਕ ਵਿਚਲੀਆਂ 21 ਝੀਲਾਂ ’ਚੋਂ ਸਭ ਤੋਂ ਦਰਸ਼ਨੀ ਮੰਨੀ ਜਾਂਦੀ ਹੈ। ਅਫ਼ਸੋਸਨਾਕ ਗੱਲ ਇਹ ਰਹੀ ਕਿ ਅਸੀਂ ਸੈਲਾਨੀਆਂ ਦੀ ਭੀੜ ਵਿਚ ਗੁਆਚ ਕੇ ਰਹਿ ਗਏ ਜੋ ਕਿਸ਼ਤੀ ਦੀ ਸਵਾਰੀ, ਖਾਣ ਪੀਣ ਜਾਂ ਕਿਸੇ ਸੋਵੀਨਰ ਦੁਕਾਨ ਵਿਚ ਵੜਨ ਲਈ ਕਤਾਰਾਂ ਬੰਨ੍ਹੀ ਖੜ੍ਹੇ ਸਨ। ਅਸੀਂ ਮੁੜ ਕਾਇਨਾਤ ਦੀ ਗੋਦ ’ਚ ਪਹੁੰਚਣ ਲਈ ਕਾਹਲੀ ਨਾਲ ਮੁੜੇ। ਤੇ ਇਹ ਸੁੱਖ ਸਾਨੂੰ ਇਲਕਲੀ ਮੂਰ ਜਾ ਕੇ ਪ੍ਰਾਪਤ ਹੋਇਆ ਜੋ ‘ਗਾਂ ਤੇ ਵੱਛੇ’ ਲਈ ਮਸ਼ਹੂਰ ਹੈ। ਇੱਥੇ ਇਕ ਚਟਾਨ ਗਾਂ ਦੀ ਅਤੇ ਇਕ ਵੱਡਾ ਪੱਥਰ ਵੱਛੇ ਦੀ ਤਰਜ਼ਮਾਨੀ ਕਰਦਾ ਹੈ। ਇਹ ਉਸ ਜਗ੍ਹਾ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਜਿੱਥੇ ਇਕ ਸਾਲ ਪਹਿਲਾਂ ਇਕ ਸੇਵਾਮੁਕਤ ਪੁਲੀਸ ਕਰਮੀ ਨੇ ਇਕ ‘ਉਡਣ ਤਸ਼ਤਰੀ’ ਦੀ ਤਸਵੀਰ ਖਿੱਚੀ ਸੀ ਜਿਸ ਬਾਰੇ ਉਸ ਦਾ ਖਿਆਲ ਸੀ ਇਹ ਕਿਸੇ ਹੋਰ ਗ੍ਰਹਿ ਤੋਂ ਆਈ ਸੀ।
ਇਸ ਲੰਮੇ ਦਿਨ ਦੇ ਆਖਰੀ ਪਲਾਂ ਦਾ ਆਨੰਦ ਮੈਂ ਤੇ ਮੇਰੀ ਪਤਨੀ ਨੇ ਕਲੈੱਕਹੀਟਨ ਵਿਚ ਆਪਣੇ ਇਕ ਦੋਸਤ ਦੇ ਘਰ ’ਚ ਮਾਣਿਆ। ਦੋ ਦਿਨਾਂ ’ਚ ਅਸੀਂ 750 ਮੀਲ ਤੋਂ ਜ਼ਿਆਦਾ ਸਫ਼ਰ ਕੀਤਾ ਸੀ ਤੇ ਮੇਰੀ ਪਤਨੀ ਬਹੁਤ ਥੱਕ ਚੁੱਕੀ ਸੀ ਤੇ ਮੇਰੇ ਲਈ ਸੈਂਟਰਲ ਸਕੌਟਲੈਂਡ ਤੇ ਥੋੜ੍ਹੇ ਜਿਹੇ ਇੰਗਲੈਂਡ ਦੇ ਕੁਝ ਬਹੁਤ ਹੀ ਖ਼ੂਬਸੂਰਤ ਹਿੱਸਿਆਂ ਨੂੰ ਦੇਖਣ ਦਾ ਸੁਭਾਗ ਬਣ ਗਿਆ ਸੀ।
ਕੰਬਰਲੈਂਡ ਦਾ ਬੁੱਚੜ
ਬ੍ਰਿਟੇਨ ਤੇ ਆਇਰਲੈਂਡ ਦੇ ਟਾਪੂਆਂ ਵਿਚ 4 ਪ੍ਰਮੁੱਖ ਕੌਮਾਂ ਵਸਦੀਆਂ ਹਨ: ਅੰਗਰੇਜ਼ (ਇੰਗਲੈਂਡ ਦੇ ਨਿਵਾਸੀ), ਸਕਾਟ (ਸਕਾਟਲੈਂਡ ਦੇ ਨਿਵਾਸੀ), ਵੈਲਸ਼ (ਵੇਲਜ਼ ਦੇ ਨਿਵਾਸੀ) ਅਤੇ ਆਇਰਸ਼ (ਆਇਰਲੈਂਡ ਦੇ ਨਿਵਾਸੀ)। ਉੱਤਰੀ ਆਇਰਲੈਂਡ ਯੂਨਾਈਟਿਡ ਕਿੰਗਡਮ ਦਾ ਹਿੱਸਾ ਹੈ ਅਤੇ ਬਾਕੀ ਦਾ ਆਇਰਲੈਂਡ ਇਕ ਆਜ਼ਾਦ ਦੇਸ਼ ਹੈ। ਇਨ੍ਹਾਂ ਕੌਮਾਂ ਵਿਚ ਯੂਨਾਈਟਿਡ ਕਿੰਗਡਮ ਦੀ ਬਾਦਸ਼ਾਹਤ ਲਈ ਬਹੁਤ ਯੁੱਧ ਹੋਏ ਹਨ। ਸਕਾਟਲੈਂਡ ਅਤੇ ਆਇਰਲੈਂਡ ਵਿਚ ਜ਼ਿਆਦਾ ਲੋਕ ਕੈਥੋਲਿਕ ਇਸਾਈ ਹਨ ਜਦੋਂਕਿ ਇੰਗਲੈਂਡ ਅਤੇ ਵੇਲਜ਼ ਵਿਚ ਪ੍ਰੋਟੈਸਟੈਂਟ ਇਸਾਈ।
17ਵੀਂ ਸਦੀ ਵਿਚ ਬਾਦਸ਼ਾਹਤ ਸਕਾਟਲੈਂਡ ਦੇ ਸਟੂਅਰਟ ਰਾਜਿਆਂ ਕੋਲ ਸੀ ਜੋ ਕੈਥੋਲਿਕ ਸਨ। ਉਨ੍ਹਾਂ ਸਮਿਆਂ ਵਿਚ ਇੰਗਲੈਂਡ ਵਿਚ ਪ੍ਰੋਟੈਸਟੈਂਟ ਧਰਮ ਫੈਲਿਆ। 1685 ਵਿਚ ਇਸ ਘਰਾਣੇ ਦਾ ਸਟੂਅਰਟ ਜੇਮਜ਼ ਤਖ਼ਤ ’ਤੇ ਬੈਠਾ। ਉਸ ਦੇ ਵਿਰੁੱਧ ਹੋਏ ਵਿਦਰੋਹ, ਜਿਸ ਨੂੰ ਗਲੋਰੀਅਸ ਰੈਵੋਲਿਊਸ਼ਨ (Glorious Revolution) ਕਿਹਾ ਜਾਂਦਾ ਹੈ, ਵਿਚ ਉਸ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਉਸ ਦੀ ਧੀ ਮੇਰੀ ਜੋ ਪ੍ਰੋਟੈਸਟੈਂਟ ਸੀ, ਨੂੰ ਮਹਾਰਾਣੀ ਬਣਾਇਆ ਗਿਆ। 1689 ਵਿਚ ਅੰਗਰੇਜ਼ ਦੀ ਸੰਸਦ ਨੇ ਅਧਿਕਾਰਾਂ ਦਾ ਬਿਲ (Bill of Rights) ਪਾਸ ਕਰਕੇ ਸੰਸਦ ਨੂੰ ਬੁਨਿਆਦੀ ਮੰਨਿਆ ਅਤੇ ਬਾਦਸ਼ਾਹ ਦੇ ਅਧਿਕਾਰ ਖੋਹ ਲਏ। ਸਟੂਅਰਟ ਰਾਜਿਆਂ ਅਤੇ ਉਹਦੇ ਹਮਾਇਤੀਆਂ ਨੇ ਗੱਦੀ ਪ੍ਰਾਪਤ ਕਰਨ ਲਈ ਕਈ ਵਿਦਰੋਹ (1715, 1719) ਕੀਤੇ। ਇਕ ਵਿਦਰੋਹ 1745 ਵਿਚ ਹੋਇਆ। 1746 ਵਿਚ ਰਾਜਕੁਮਾਰ ਵਿਲੀਅਮ ਅਗਸਤਸ, ਜਿਹੜਾ ਕੰਬਰਲੈਂਡ ਦਾ ਡਿਊਕ ਵੀ ਸੀ, ਨੇ ਸਕਾਟਲੈਂਡ ਦੀਆਂ ਫ਼ੌਜਾਂ ਨੂੰ ਕਲੋਡਨ (Culloden) ਦੀ ਲੜਾਈ ਵਿਚ ਹਰਾਇਆ ਤੇ ਸਕਾਟ ਲੋਕਾਂ ਦਾ ਭਿਆਨਕ ਕਤਲੇਆਮ ਕੀਤਾ ਜਿਸ ਲਈ ਵਿਲੀਅਮ ਅਗਸਤਸ ਨੂੰ ‘ਕੰਬਰਲੈਂਡ ਦਾ ਬੁੱਚੜ’ ਕਿਹਾ ਜਾਂਦਾ ਹੈ। ਇਸ ਲੜਾਈ ਵਿਚ ਫਰਾਂਸੀਸੀਆਂ ਨੇ ਸਕਾਟਲੈਂਡ ਦੀਆਂ ਫ਼ੌਜਾਂ ਦੀ ਸਹਾਇਤਾ ਕੀਤੀ ਸੀ।
ਲੇਕ ਪੋਇਟਸ
19ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਲੇਕ ਪੋਇਟਸ ਅੰਗਰੇਜ਼ੀ ਦੇ ਉਨ੍ਹਾਂ ਸ਼ਾਇਰਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਇੰਗਲੈਂਡ ਦੇ ਉੱਤਰ ਪੱਛਮੀ ਹਿੱਸੇ ਵਿਚ ਲੇਕ (Lake) ਜ਼ਿਲ੍ਹੇ ਵਿਚ ਰਹਿੰਦੇ ਸਨ। ਇਨ੍ਹਾਂ ਵਿਚ ਪ੍ਰਮੁੱਖ ਸਨ ਸੈਮੁਅਲ ਟੇਲਰ ਕਾਲਰਿਜ, ਵਿਲੀਅਮ ਵਰਡਜ਼ਵਰਥ ਅਤੇ ਰਾਬਰਟ ਸਦੇ। ਵਰਡਜ਼ਵਰਥ ਦੀ ਭੈਣ ਡੋਰਥੀ ਵਰਡਜ਼ਵਰਥ ਤੇ ਕਈ ਹੋਰ ਕਵੀ ਤੇ ਲੇਖਕ ਵੀ ਇਸ ਇਲਾਕੇ ਵਿਚ ਰਹੇ। ਵਰਡਜ਼ਵਰਥ ਨੇ ਕੁਦਰਤ ਦੇ ਵੱਖ ਵੱਖ ਰੰਗਾਂ ਬਾਰੇ ਕਵਿਤਾਵਾਂ ਲਿਖ ਕੇ ਕੁਦਰਤ ਨੂੰ ਕਰਾਮਾਤੀ ਰੂਪ ਵਿਚ ਚਿਤਰਿਆ ਜਦੋਂਕਿ ਕਾਲਰਿਜ ਨੇ ਪਰਾਭੌਤਿਕ (Supernatural) ਸੰਸਾਰ ਨੂੰ ਕੁਦਰਤੀ ਰੂਪ ਦੇਣ ਦੀ ਕੋਸ਼ਿਸ਼ ਕੀਤੀ।